ਭਾਰਤ ਨਿਰੰਕੁਸ਼ ਰਾਜ ਵਧਿਆ

ਭਾਰਤ ਨਿਰੰਕੁਸ਼ ਰਾਜ ਵਧਿਆ

*ਵਿਸ਼ਵ ਇੰਮੁਨਿਟੀ ਇੰਡੈਕਸ ਵਿੱਚ 46ਵੇਂ ਥਾਂ ਪੁੱਜਿਆ

ਭਾਰਤ ਨਿਰੰਕੁਸ਼ ਰਾਜ  ਵਜੋਂ ਵਿਸ਼ਵ ਇੰਮੁਨਿਟੀ ਇੰਡੈਕਸ ਵਿੱਚ 46ਵੇਂ ਥਾਂ ਪੁੱਜ ਚੁੱਕਾ ਹੈ । ਬੀਤੇ ਦਿਨੀਂ ਇੰਗਲੈਂਡ ਦੇ ਸਾਬਕਾ ਵਿਦੇਸ਼ ਮੰਤਰੀ ਡੇਵਿਡ ਮਿਲੀਬੰਦ ਅਤੇ ਯੂਨੀਵਰਸਿਟੀ ਆਫ ਬਿਊਨਿਸ ਆਇਰਸ ਦੀ ਪ੍ਰੋਫੈਸਰ ਮੋਨਿਕਾ ਪਿੰਟੋ ਨੇ ਯੂਰੇਸ਼ੀਆ ਗਰੁੱਪ ਤੇ ਸ਼ਿਕਾਗੋ ਕੌਂਸਲ ਆਫ ਗਲੋਬਲ ਅਫੇਅਰ ਨਾਲ ਮਿਲ ਕੇ ਦੁਨੀਆ ਦਾ ਪਹਿਲਾ ਨਿਰੰਕੁਸ਼ ਸੱਤਾ ਇੰਡੈਕਸ ਜਾਰੀ ਕੀਤਾ ਹੈ । ਇਸ ਵਿੱਚ 163 ਦੇਸ਼ਾਂ ਦੀ ਪੁਜ਼ੀਸ਼ਨ ਦੱਸੀ ਗਈ ਹੈ ।ਇਸ ਵਿੱਚ ਸਭ ਤੋਂ ਨਿਰੰਕੁਸ਼ ਦੇੇਸ਼ ਨੂੰ ਪਹਿਲਾ ਤੇ ਸਭ ਤੋਂ ਘੱਟ ਨੂੰ ਅੰਤਮ ਸਥਾਨ ਉੱਤੇ ਰੱਖਿਆ ਗਿਆ ਹੈ ।ਇਸ ਇੰਡੈਕਸ ਦਾ ਪੈਮਾਨਾ ਮਨੁੱਖੀ ਅਧਿਕਾਰਾਂ ਨੂੰ ਕੁਚਲਣ, ਬਿਨਾਂ ਜਵਾਬਦੇਹੀ ਵਾਲੀ ਸੱਤਾ, ਹਿੰਸਾ, ਸੱਤਾ ਦਾ ਦੁਰਉਪਯੋਗ, ਆਰਥਕ ਸ਼ੋਸ਼ਣ ਤੇ ਵਾਤਾਵਰਣ ਦੀ ਤਬਾਹੀ ਸਮੇਤ 69 ਪੈਰਾਮੀਟਰਾਂ ਨੂੰ ਬਣਾਇਆ ਗਿਆ ਹੈ । ਹਰੇਕ ਦੇਸ਼ ਨੂੰ 0 ਤੋਂ 5 ਅੰਕ ਦਿੱਤੇ ਗਏ ਹਨ । ਸਭ ਤੋਂ ਵੱਧ ਅੰਕ ਦਾ ਮਤਲਬ ਸਭ ਤੋਂ ਵੱਧ ਨਿਰੰਕੁਸ਼ ਸੱਤਾ, ਸਭ ਤੋਂ ਘੱਟ ਅੰਕ ਯਾਨੀ ਜ਼ਿੰਮੇਵਾਰ ਲੋਕਤੰਤਰੀ ਸੱਤਾ ਹੈ । ਇਸ ਸੂਚੀ ਵਿੱਚ ਪਹਿਲੇ ਸਥਾਨ ਉੱਤੇ ਅਫਗਾਨਿਸਤਾਨ ਹੈ, ਜਿਸ ਨੂੰ 4.25 ਅੰਕ ਦਿੱਤੇ ਗਏ ਹਨ ਤੇ ਸਭ ਤੋਂ ਘੱਟ ਅੰਕ ਫਿਨਲੈਂਡ ਦੇ 0.29 ਹਨ ।

ਅੰਮਿ੍ਤ ਕਾਲ ਦੌਰਾਨ ਜੀ-20 ਦੇਸ਼ਾਂ ਦੀ ਪ੍ਰਧਾਨਗੀ ਦਾ ਜਸ਼ਨ ਮਨਾ ਰਿਹਾ ਭਾਰਤ 2.89 ਅੰਕਾਂ ਨਾਲ 46ਵੇਂ ਸਥਾਨ ਉੱਤੇ ਬਿਰਾਜਮਾਨ ਹੈ । ਇਸ ਇੰਡੈਕਸ ਵਿੱਚ ਸਮਾਜਕ ਹਿੰਸਾ ਬਾਰੇ ਭਾਰਤ 7ਵੇਂ ਤੇ ਮਨੁੱਖੀ ਅਧਿਕਾਰਾਂ ਦੇ ਘਾਣ ਬਾਰੇ 37ਵੇਂ ਤੇ ਵਾਤਾਵਰਣ ਦੀ ਤਬਾਹੀ ਬਾਰੇ 20ਵੇਂ ਸਥਾਨ ਉੱਤੇ ਹੈ ।

ਭਾਰਤ ਨਾਲੋਂ ਘੱਟ ਨਿਰੰਕੁਸ਼ ਦੇਸ਼ਾਂ ਵਿੱਚ ਫਿਨਲੈਂਡ ਤੋਂ ਇਲਾਵਾ ਡੈਨਮਾਰਕ, ਸਵੀਡਨ, ਨਾਰਵੇ, ਜਰਮਨੀ, ਆਇਰਲੈਂਡ, ਆਸਟਰੀਆ, ਸਵਿਜ਼ਰਲੈਂਡ ਤੇ ਨਿਊਜ਼ੀਲੈਂਡ ਆਦਿ ਹਨ ।ਜਿਹੜੇ ਦੇਸ਼ ਭਾਰਤ ਤੋਂ ਵੀ ਵੱਧ ਨਿਰੰਕੁਸ਼ ਹਨ, ਉਹਨਾਂ ਵਿੱਚ ਅਫਗਾਨਿਸਤਾਨ ਤੋਂ ਇਲਾਵਾ ਸੀਰੀਆ, ਯਮਨ, ਮਿਆਂਮਾਰ, ਸੈਂਟਰਲ ਅਫਰੀਕਨ ਰਿਪਬਲਿਕ, ਸੁਡਾਨ, ਇਰਾਕ, ਬਰੂੰਡੀ, ਕਾਂਗੋ ਤੇ ਚਾਡ ਸ਼ਾਮਲ ਹਨ। ਭਾਰਤ ਦੇ ਗੁਆਂਢੀ ਦੇਸ਼ਾਂ ਵਿੱਚੋਂ ਪਾਕਿਸਤਾਨ 16ਵੇਂ ਤੇ ਬੰਗਲਾਦੇਸ਼ 20ਵੇਂ ਸਥਾਨ ਉੱਤੇ ਰਹਿੰਦਿਆਂ ਭਾਰਤ ਤੋਂ ਵੀ ਬਦਤਰ ਹਨ ।ਸ੍ਰੀਲੰਕਾ, ਨੇਪਾਲ ਤੇ ਭੁਟਾਨ ਦੀ ਸਥਿਤੀ ਭਾਰਤ ਤੋਂ ਬੇਹਤਰ ਹੈ ।

ਸਪੱਸ਼ਟ ਹੈ ਕਿ ਮਨੁੱਖੀ ਅਧਿਕਾਰਾਂ ਬਾਰੇ ਹਰ ਇੰਡਕੈਸ ਵਿੱਚ ਭਾਰਤ ਦੀ ਹਾਲਤ ਵਿਗੜਦੀ ਜਾ ਰਹੀ ਹੈ। ਇਹ ਇਸ ਗੱਲ ਤੋਂ ਵੀ ਸਪੱਸ਼ਟ ਹੈ ਕਿ ਅਜਿਹੀਆਂ ਖਬਰਾਂ ਨੂੰ ਗੋਦੀ ਮੀਡੀਆ ਗਾਇਬ ਕਰ ਦਿੰਦਾ ਹੈ । ਇਹ ਤੱਥ ਜਦੋਂ ਵਿਦੇਸ਼ੀ ਮੀਡੀਆ ਵਿੱਚ ਸਾਹਮਣੇ ਆਉਂਦੇ ਹਨ ਤਾਂ ਇਸ ਨੂੰ ਸੱਤਾਧਾਰੀਆਂ ਵੱਲੋਂ ਭਾਰਤ ਵਿਰੁੱਧ ਵਿਦੇਸ਼ੀ ਸਾਜਿਸ਼ ਕਰਾਰ ਦੇ ਦਿੱਤਾ ਜਾਂਦਾ ਹੈ। ਇਥੇ ਜਿਕਰਯੋਗ ਹੈ ਕਿ ਵਿਰੋਧੀ ਪਾਰਟੀਆਂ ਤੇ ਬੁਧੀਜੀਵੀ ਭਾਜਪਾ ਸਰਕਾਰ ਦੀਆਂ ਕੇਂਦਰਵਾਦੀ,  ਦਮਨਕਾਰੀ ਨੀਤੀਆਂ ਦੀ ਆਲੋਚਨਾ ਕਰਦੇ ਰਹੇ ਹਨ।ਅਡਾਨੀ ਉੱਤੇ ਲੱਗੇ ਦੋਸ਼ਾਂ ਦਾ ਮੋਦੀ ਸਰਕਾਰ ਬਚਾਅ ਕਰਦੀ ਹੈ, ਦੂਜੇ ਪਾਸੇ ਬੀ ਬੀ ਸੀ ਵੱਲੋਂ ਮੋਦੀ ਬਾਰੇ ਡਾਕੂਮੈਂਟਰੀ ਦਿਖਾਏ ਜਾਣ ਕਾਰਣ ਉਸ ਦੇ ਦਫਤਰਾਂ ਉੱਤੇ ਛਾਪੇ ਮਾਰੇ ਗਏ ਸਨ । ਭਾਜਪਾ ਸਮਰਥਕ  ਤੇ ਭਗਵੇਂ ਸਾਧ ਵਿਰੋਧੀਆਂ ਨੂੰ ਮਾਰਨ-ਕੱਟਣ ਦੀਆਂ ਧਮਕੀਆਂ ਦੇ ਰਹੇ ਹਨ , ਦੂਜੇ ਪਾਸੇ ਫਿਰਕੂ ਸਦਭਾਵਨਾ ਦੀ ਗੱਲ ਕਰਨ ਵਾਲਿਆਂ ਨੂੰ ਦੇਸ਼ ਧ੍ਰੋਹੀ ਕਰਾਰ ਦੇ ਦਿੱਤਾ ਜਾਂਦਾ ਹੈ ।

ਸਿਆਸੀ ਪਾਰਟੀਆਂ ਲਈ ਵੱਕਾਰ ਦਾ ਸਵਾਲ ਬਣ ਸਕਦੀ ਹੈ ਜਲੰਧਰ ਦੀ ਉਪ ਚੋਣ

ਸਿਆਸੀ ਮਾਹਿਰਾਂ ਦੀ ਰਾਇ ਇਹ ਹੈ ਕਿ ਜਲੰਧਰ ਲੋਕ ਸਭਾ ਦੀ ਉਪ ਚੋਣ ਦੇ ਨਤੀਜੇ 2024 ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦੇ ਸਮਰੱਥ ਹੋ ਸਕਦੇ ਹਨ। ਇਹ ਨਤੀਜਾ ਪੰਜਾਬ ਵਿਚ ਕਾਂਗਰਸ, ਆਪ, ਅਕਾਲੀ ਦਲ ਤੇ ਭਾਜਪਾ ਦੀ ਸਥਿਤੀ ਅਤੇ ਭਵਿੱਖ ਦੀ ਰਾਜਨੀਤੀ ਦੀ ਦਸ਼ਾ ਅਤੇ ਦਿਸ਼ਾ ਤੈਅ ਕਰੇਗਾ। ਹੁਣ ਤੱਕ ਇਹ ਸੀਟ ਕਾਂਗਰਸ ਕੋਲ ਸੀ। ਇਸ ਲਈ ਜੇਕਰ ਕਾਂਗਰਸ ਆਪਣੀ ਇਹ ਸੀਟ ਉਪ ਚੋਣ ਵਿਚ ਬਚਾਅ ਨਾ ਸਕੀ ਤਾਂ ਉਸ ਦਾ ਗਰਾਫ਼ ਹੋਰ ਹੇਠਾਂ ਨੂੰ ਜਾਵੇਗਾ। ਉਂਜ ਹਾਲ ਦੀ ਘੜੀ ਤਾਂ ਇਹੀ ਸਮਝਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਨੇ ਪੰਜਾਬ ਦੀਆਂ ਕਾਂਗਰਸੀ ਸਫਾਂ ਵਿਚ ਉਤਸ਼ਾਹ ਪੈਦਾ ਕੀਤਾ ਹੈ। ਪਰ ਪੰਜਾਬ ਕਾਂਗਰਸ ਕੋਲ ਪੰਜਾਬ ਦੀ ਕਮਾਂਡ ਸੰਭਾਲਣ ਵਾਲਾ ਧੜਲੇਦਾਰ ਲੀਡਰ ਨਹੀਂ ਹੈ।ਜਿਥੋਂ ਤੱਕ ਆਮ ਆਦਮੀ ਪਾਰਟੀ ਦਾ ਸੰਬੰਧ ਹੈ ਉਸ ਲਈ ਤਾਂ ਇਹ ਚੋਣ ਅਗਨੀ ਪ੍ਰੀਖਿਆ ਵਰਗੀ ਹੈ। ਕਿਉਂਕਿ ਸਰਕਾਰ ਬਣਦਿਆਂ ਹੀ ਉਹ ਆਪਣੇ ਗੜ੍ਹ ਸੰਗਰੂਰ ਦੀ ਲੋਕ ਸਭਾ ਦੀ ਉਪ ਚੋਣ ਹਾਰ ਚੁੱਕੀ ਹੈ।ਜੇਕਰ 'ਆਪ' ਜਲੰਧਰ ਉਪ ਚੋਣ ਵੀ ਹਾਰ ਜਾਂਦੀ ਹੈ ਤਾਂ ਨੈਤਿਕ ਤੌਰ 'ਤੇ ਤਾਂ ਆਪ ਲਈ ਵੱਡੀ ਮੁਸ਼ਕਿਲ ਖੜ੍ਹੀ ਹੋ ਸਕਦੀ ਹੈ। ਉਸ ਲਈ 2024 ਦੀਆਂ ਲੋਕ ਸਭਾ ਚੋਣਾਂ ਵਿਚ ਵੀ ਵਿਰੋਧੀ ਹਵਾ ਵਗਣ ਦੀ ਸੰਭਾਵਨਾ ਬਣ ਜਾਵੇਗੀ। ਹਾਲਾਂਕਿ 'ਆਪ' ਲਈ ਸੰਗਰੂਰ ਦੇ ਮੁਕਾਬਲੇ ਜਲੰਧਰ ਦੀ ਚੋਣ ਜ਼ਿਆਦਾ ਔਖੀ ਹੋਵੇਗੀ, ਕਿਉਂਕਿ ਸੰਗਰੂਰ ਜ਼ਿਲ੍ਹੇ ਵਿਚ ਸਾਰੇ ਵਿਧਾਇਕ 'ਆਪ' ਦੇ ਸਨ ਤੇ ਜਲੰਧਰ ਵਿਚ ਸਥਿਤੀ ਬਿਲਕੁਲ ਵੱਖਰੀ ਹੈ। ਜਿਥੋਂ ਤੱਕ ਅਕਾਲੀ ਦਲ ਦਾ ਸੰਬੰਧ ਹੈ, ਉਸ ਲਈ ਤੇ ਉਸ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਈ ਵੀ ਇਹ ਚੋਣ ਜਿਊਣ-ਮਰਨ ਦਾ ਸਵਾਲ ਹੈ। ਅਕਾਲੀ ਦਲ ਇਹ ਚੋਣ ਭਾਵੇਂ ਨਾ ਵੀ ਜਿੱਤੇ ਪਰ ਜੇਕਰ ਉਹ ਸਨਮਾਨਜਨਕ ਵੋਟਾਂ ਲੈ ਜਾਣ ਵਿਚ ਸਫਲ ਹੁੰਦਾ ਹੈ ਤਾਂ ਉਸ ਲਈ ਵਡੀ ਗਲ ਹੋਵੇਗੀ। ਪਰ ਜੇਕਰ ਇਥੇ ਅਕਾਲੀ ਦਲ ਸੰਗਰੂਰ ਵਾਂਗ ਭਾਜਪਾ ਤੋਂ ਵੀ ਪਿਛੇ ਚਲਾ ਗਿਆ ਤਾਂ ਫਿਰ ਉਸ ਦੇ ਘੱਟੋ-ਘੱਟ 2024 ਦੀਆਂ ਲੋਕ ਸਭਾ ਚੋਣਾਂ ਤੱਕ ਦੁਬਾਰਾ ਉੱਠਣ ਦੇ ਆਸਾਰ ਦਿਖਾਈ ਨਹੀਂ ਦੇਣਗੇ। ਜਦੋਂ ਕਿ ਭਾਜਪਾ ਦੀ 2024 ਦੀਆਂ ਚੋਣਾਂ ਲਈ ਸਾਰੀ ਰਣਨੀਤੀ ਹੀ ਇਸ ਚੋਣ ਦੇ ਨਤੀਜੇ 'ਤੇ ਨਿਰਭਰ ਕਰੇਗੀ। 

ਜਲੰਧਰ ਉਪ ਚੋਣ ਵਿਚ ਟਿਕਟਾਂ ਦੇ ਚਾਹਵਾਨਾਂ ਦੀ ਭਰਮਾਰ ਹੈ। ਜਿਥੋਂ ਤੱਕ ਕਾਂਗਰਸ ਦਾ ਸੰਬੰਧ ਹੈ, ਇਥੋਂ ਪਹਿਲੇ ਨੰਬਰ 'ਤੇ ਸਾਬਕਾ ਲੋਕ ਸਭਾ ਮੈਂਬਰ ਸਵਰਗੀ ਚੌਧਰੀ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਚੌਧਰੀ  ਸਾਬਕਾ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਂਅ ਚੱਲ ਰਿਹਾ ਹੈ। ਜਦੋਂਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਤੇ ਵਿਧਾਇਕ ਬਲਕਾਰ ਸਿੰਘ ਦੇ ਪਰਿਵਾਰਕ ਮੈਂਬਰਾਂ ਵਿਚੋਂ ਕਿਸੇ ਇਕ ਬਾਰੇ ਵਿਚਾਰ ਹੋਣ ਦੀ ਸੰਭਾਵਨਾ ਹੈ। ਪਰ ਪਤਾ ਲੱਗਾ ਹੈ ਕਿ ਆਪ ਕਾਂਗਰਸ ਦੇ ਸਾਬਕਾ ਐਮ.ਪੀ. ਮਹਿੰਦਰ ਸਿੰਘ ਕੇ.ਪੀ. ਨੂੰ ਵੀ ਪਾਰਟੀ ਵਿਚ ਸ਼ਾਮਿਲ ਕਰਕੇ ਉਮੀਦਵਾਰ ਬਣਾਉਣ ਸੰਬੰਧੀ ਸਰਵੇਖਣ ਕਰਵਾ ਰਹੀ ਹੈ। 

ਅਕਾਲੀ ਦਲ ਕੋਲ  ਪਹਿਲੇ ਨੰਬਰ 'ਤੇ ਪਵਨ ਟੀਨੂੰ ਨੂੰ ਹੀ ਮੰਨਿਆ ਜਾ ਰਿਹਾ ਹੈ। ਜਦੋਂ ਕਿ ਅਕਾਲੀ ਦਲ ਵਲੋਂ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਸਿਰਫ਼ 18-19 ਹਜ਼ਾਰ ਵੋਟਾਂ 'ਤੇ ਹਾਰਨ ਵਾਲੇ ਲੋਕ ਸਭਾ ਦੇ ਸਾਬਕਾ ਉਪ ਸਪੀਕਰ ਚਰਨਜੀਤ ਸਿੰਘ ਅਟਵਾਲ ਜਾਂ ਉਨ੍ਹਾਂ ਦੇ ਸਾਬਕਾ ਵਿਧਾਇਕ ਪੁੱਤਰ ਇੰਦਰ ਇਕਬਾਲ ਸਿੰਘ ਅਟਵਾਲ 'ਤੇ ਵੀ ਦਾਅ ਖੇਡਿਆ ਜਾ ਸਕਦਾ ਹੈ। 

ਭਾਜਪਾ ਇਸ ਸੀਟ 'ਤੇ ਸਾਬਕਾ ਕੇਂਦਰੀ ਮੰਤਰੀ ਅਤੇ ਭਾਰਤੀ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਜਾਂ ਰਾਜੇਸ਼ ਬਾਘਾ ਵਿਚੋਂ ਕਿਸੇ ਇਕ ਨੂੰ ਮੈਦਾਨ ਵਿਚ ਉਤਾਰ ਸਕਦੀ ਹੈ। ਪਰ ਤਾਜ਼ਾ ਸੂਚਨਾ ਅਨੁਸਾਰ ਕਾਂਗਰਸ ਵਿਚੋਂ ਭਾਜਪਾ ਵਿਚ ਆਏ ਸਾਬਕਾ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੂੰ ਵੀ ਇਥੋਂ ਉਮੀਦਵਾਰ ਬਣਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।