ਸ੍ਰੀਲੰਕਾ ਦੀ ਆਰਥਿਕ ਮੰਦਹਾਲੀ ਤੋਂ ਤੰਗ ਲੋਕਾਂ ਵੱਲੋਂ ਰਾਸ਼ਟਰਪਤੀ ਭਵਨ ’ਤੇ ਕਬਜ਼ਾ                   

ਸ੍ਰੀਲੰਕਾ ਦੀ ਆਰਥਿਕ ਮੰਦਹਾਲੀ ਤੋਂ ਤੰਗ ਲੋਕਾਂ ਵੱਲੋਂ ਰਾਸ਼ਟਰਪਤੀ ਭਵਨ ’ਤੇ ਕਬਜ਼ਾ                   

*ਪ੍ਰਧਾਨ ਮੰਤਰੀ ਵਿਕਰਮਸਿੰਘੇ ਦੀ ਨਿੱਜੀ ਰਿਹਾਇਸ਼ ਨੂੰ ਲਗਾਈਅੱਗ 

*ਰਾਸ਼ਟਰਪਤੀ ਗੋਟਾਬਾਯਾ 13 ਜੁਲਾਈ ਨੂੰ ਦੇਣਗੇ ਅਸਤੀਫਾ; ਆਰਜ਼ੀ

ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲੇਗਾ ਸਪੀਕਰ

ਅੰਮ੍ਰਿਤਸਰ ਟਾਈਮਜ਼

ਕੋਲੰਬੋ: ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸਾ 13 ਜੁਲਾਈ ਨੂੰ ਅਸਤੀਫ਼ਾ ਦੇਣਗੇ। ਸ੍ਰੀਲੰਕਾ ਦੀ ਸੰਸਦ ਸਪੀਕਰ ਮਹਿੰਦਾ ਯਪਾ ਅਭੈਵਰਧਨੇ ਨੇ  ਦੱਸਿਆ ਕਿ  ਰਾਸ਼ਟਰਪਤੀ ਰਾਜਪਕਸਾ ਨੇ ਇਸ ਫ਼ੈਸਲੇ ਬਾਰੇ ਸੰਸਦ ਦੇ ਸਪੀਕਰ ਨੂੰ ਸੂਚਿਤ ਕੀਤਾ। ਰਾਸ਼ਟਰਪਤੀ ਨੇ ਪੱਤਰ ਦੇ ਜਵਾਬ ਵਿੱਚ ਕਿਹਾ ਕਿ ਉਹ 13 ਜੁਲਾਈ ਨੂੰ ਅਹੁਦਾ ਛੱਡ ਦੇਣਗੇ। ਪ੍ਰਧਾਨ ਮੰਤਰੀ ਰਨਿਲ ਵਿਕਰਮਾਸਿੰਘੇ ਵੀ ਪਹਿਲਾਂ ਹੀ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਸ੍ਰੀਲੰਕਾ ’ਚ ਆਰਥਿਕ ਮੰਦਹਾਲੀ ਤੋਂ ਸਤਾਏ ਲੋਕ  ਪ੍ਰਦਰਸ਼ਨ ਕਰਦੇ ਹੋਏ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਦੇ ਘਰ ਦਾਖਲ ਹੋ ਗਏ। ਪ੍ਰਦਰਸ਼ਨਕਾਰੀ ਰਾਸ਼ਟਰਪਤੀ ਤੋਂ ਅਸਤੀਫੇ ਦੀ ਮੰਗ ਕਰ ਰਹੇ ਸਨ। ਇਨ੍ਹਾਂ ਨੂੰ ਖ਼ਿੰਡਾਉਣ ਲਈ ਪੁਲੀਸ ਨੇ ਸਖ਼ਤੀ ਵੀ ਵਰਤੀ। ਪ੍ਰਦਰਸ਼ਨਕਾਰੀਆਂ ’ਤੇ ਪੁਲੀਸ ਤੇ ਫੌਜ ਨੇ ਜਲ ਤੋਪਾਂ ਤੇ ਅੱਥਰੂ ਗੈਸ ਦੀ ਵਰਤੋਂ ਕੀਤੀ ਪਰ ਲੋਕ ਸਾਰੇ ਬੈਰੀਕੇਡ ਤੋੜ ਕੇ ਰਾਸ਼ਟਰਪਤੀ ਭਵਨ ’ਵਿਚ ਦਾਖਲ ਹੋ ਗਏ। ਇਸੇ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ ਵਿਕਰਮਸਿੰਘੇ ਦੀ ਨਿੱਜੀ ਰਿਹਾਇਸ਼ ਨੂੰ ਵੀ ਅੱਗ ਲਾ ਦਿੱਤੀ। ਪੁਲੀਸ ਤੇ ਲੋਕਾਂ  ਵਿਚਾਲੇ ਝੜਪਾਂ ’ਵਿਚ ਘੱਟੋ-ਘੱਟ 30 ਵਿਅਕਤੀਆਂ ਨੂੰ ਹਸਪਤਾਲ 'ਵਿਚ ਭਰਤੀ ਕਰਵਾਇਆ ਗਿਆ ਹੈ।ਫ਼ੌਜ ਅਤੇ ਪੁਲੀਸ ਦੇ ਤਾਇਨਾਤ ਕੀਤੇ ਦਸਤੇ ਬੇਵੱਸ ਹੋ ਕੇ ਰਹਿ ਗਏ। ਰਾਸ਼ਟਰਪਤੀ ਗੋਟਾਬਾਯਾ ਰਾਜਪਕਸਾ ਨੇ ਰਾਸ਼ਟਰਪਤੀ ਭਵਨ ਛੱਡ ਕੇ ਸ੍ਰੀਲੰਕਾ ਦੀ ਜਲ ਸੈਨਾ ਦੇ ਜਹਾਜ਼ ਵਿਚ ਸ਼ਰਨ ਲੈਣੀ ਪਈ। ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਨੂੰ ਵੀ ਸੁਰੱਖਿਅਤ ਥਾਂ ’ਤੇ ਰੱਖਿਆ ਗਿਆ ਹੈ।   ਇਸੇ ਦੌਰਾਨ ਸ੍ਰੀਲੰਕਾ ਦਾ ਸਿਆਸੀ ਸੰਕਟ ਸੁਲਝਾਉਣ ਲਈ ਵੱਖ ਵੱਖ ਪਾਰਟੀਆਂ ਨੇ ਸਪੀਕਰ ਮਹਿੰਦਾ ਯਪਾ ਅਬੇਯਵਰਦਨਾ ਨੂੰ ਆਰਜ਼ੀ ਤੌਰ ’ਤੇ ਰਾਸ਼ਟਰਪਤੀ ਨਿਯੁਕਤ ਕਰਨ ਦਾ ਫ਼ੈਸਲਾ ਲਿਆ ਗਿਆ। ਕਾਨੂੰਨਘਾੜੇ ਦੁਲਾਸ ਅਲਾਪੱਰੁਮਾ ਨੇ ਟਵੀਟ ਕਰਕੇ ਦੱਸਿਆ ਕਿ ਆਗੂਆਂ ਨੇ ਸੰਸਦ ਦਾ ਇਜਲਾਸ ਇਕ ਹਫ਼ਤੇ ਅੰਦਰ ਸੱਦਣ ’ਤੇ ਸਹਿਮਤੀ ਪ੍ਰਗਟਾਈ ਹੈ ਤਾਂ ਜੋ ਬਹੁਮਤ ਨਾਲ ਨਵੇਂ ਰਾਸ਼ਟਰਪਤੀ ਦੀ ਚੋਣ ਕੀਤੀ ਜਾ ਸਕੇ।

ਇਥੇ ਜਿਕਰਯੋਗ ਹੈ ਕਿ ਸ੍ਰੀਲੰਕਾ ਕਈ ਮਹੀਨਿਆਂ ਤੋਂ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਦੇਸ਼ ਵਿਚ ਭੋਜਨ, ਡੀਜ਼ਲ, ਪੈਟਰੋਲ, ਦਵਾਈਆਂ ਆਦਿ ਦੀ ਵੱਡੀ ਥੁੜ੍ਹ ਹੈ। ਮਹਿੰਗਾਈ ਸਿਖ਼ਰ ’ਤੇ ਹੈ। ਵਿਦੇਸ਼ੀ ਕਰੰਸੀ ਦੇ ਭੰਡਾਰ ਖਾਲੀ ਹੋ ਚੁੱਕੇ ਹਨ ਅਤੇ ਦੇਸ਼ ਦੀਵਾਲੀਆ ਹੋਣ ਦੇ ਕੰਢੇ ਹੈ। ਸ੍ਰੀਲੰਕਾ ’ਤੇ ਇਕੱਲੇ ਚੀਨ ਦਾ 3.5 ਬਿਲੀਅਨ ਡਾਲਰ ਦਾ ਕਰਜ਼ਾ ਹੈ ਜਦੋਂਕਿ ਵਿਸ਼ਵ ਪੱਧਰ ’ਤੇ ਪੈਸਾ ਲਾਉਣ ਵਾਲੇ ਫੰਡਾਂ ਦਾ ਕਰਜ਼ਾ ਕਈ ਗੁਣਾ ਵੱਧ ਹੈ; ਅਜਿਹੇ ਫੰਡਾਂ ਦੇ ਪ੍ਰਬੰਧਕਾਂ ਨੇ ਹੋਰ ਕਰਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸ੍ਰੀਲੰਕਾ ਦਾ ਅਰਥਚਾਰਾ ਚੀਨ ਨਾਲ ਡੂੰਘੀ ਤਰ੍ਹਾਂ ਜੁੜਿਆ ਹੋਇਆ ਹੈ। ਕਰਜ਼ਾ ਦੇਣ ਵਾਲੇ ਵੱਡੇ ਅਦਾਰਿਆਂ ਦਾ ਕਹਿਣਾ ਹੈ ਕਿ ਉਹ ਤਦ ਤਕ ਹੋਰ ਕਰਜ਼ਾ ਨਹੀਂ ਦੇਣਗੇ ਜਦੋਂ ਤਕ ਚੀਨ ਉਨ੍ਹਾਂ ਕਰਜ਼ਿਆਂ ਦੀ ਵਾਪਸੀ ਦੀ ਗਾਰੰਟੀ ਨਹੀਂ ਦਿੰਦਾ। ਵਿੱਤੀ ਮਾਹਿਰਾਂ ਅਨੁਸਾਰ ਸ੍ਰੀਲੰਕਾ ਕੋਲ ਕੌਮਾਂਤਰੀ ਮੁਦਰਾ ਕੋਸ਼ ਨਾਲ ਸਮਝੌਤਾ ਕਰਨ ਤੋਂ ਬਿਨਾ ਕੋਈ ਹੋਰ ਰਾਹ ਨਹੀਂ ਹੈ ਪਰ ਦੇਸ਼ ਦੀ ਸਿਆਸੀ ਅਸਥਿਰਤਾ ਕਾਰਨ ਅਜਿਹਾ ਸਮਝੌਤਾ ਕਰਨਾ ਵੀ ਮੁਸ਼ਕਿਲ ਹੋ ਸਕਦਾ ਹੈ।

 ਰਾਜਪਕਸਾ ਪਰਿਵਾਰ ਕਈ ਦਹਾਕਿਆਂ ਤੋਂ ਸੱਤਾ ’ਤੇ ਕਾਬਜ਼ ਰਿਹਾ ਅਤੇ ਪਰਿਵਾਰ ’ਤੇ ਰਿਸ਼ਵਤਖ਼ੋਰੀ, ਪਰਿਵਾਰਵਾਦ ਨੂੰ ਵਧਾਉਣ ਅਤੇ ਹਿੰਸਾ ਕਰਨ ਦੇ ਇਲਜ਼ਾਮ ਲੱਗਦੇ ਰਹੇ ਹਨ। ਮੌਜੂਦਾ ਸੰਕਟ ਦੇ ਤਿੰਨ ਮੁੱਖ ਕਾਰਨ ਹਨ: 2019 ਵਿਚ ਟੈਕਸਾਂ ਵਿਚ ਵੱਡੀ ਛੋਟ ਦੇਣਾ, ਕੋਵਿਡ-19 ਦੀ ਮਹਾਮਾਰੀ ਅਤੇ 2021 ਵਿਚ ਖੇਤੀਬਾੜੀ ਸਿਰਫ਼ ਜੈਵਿਕ ਢੰਗ ਨਾਲ ਕਰਨ ਦਾ ਫ਼ੈਸਲਾ। ਖੇਤੀਬਾੜੀ ਖੇਤਰ ਵਿਚ ਕੀਤੇ ਗਏ ਫ਼ੈਸਲੇ ਕਾਰਨ 2021 ਵਿਚ ਝੋਨੇ ਦਾ ਝਾੜ ਬਹੁਤ ਜ਼ਿਆਦਾ ਘਟਿਆ ਅਤੇ ਦੇਸ਼ ਨੂੰ ਕਰੋੜਾਂ ਰੁਪਏ ਦਾ ਅਨਾਜ ਦਰਾਮਦ ਕਰਨਾ ਪਿਆ। ਖੇਤੀਬਾੜੀ ਨੂੰ ਮੁੜ ਲੀਹ ’ਤੇ ਲਿਆਉਣ ਲਈ ਵਿਸ਼ਵ ਬੈਂਕ ਤੋਂ 700 ਮਿਲੀਅਨ ਡਾਲਰ ਦਾ ਕਰਜ਼ਾ ਲਿਆ ਗਿਆ ਹੈ। ਅਜਿਹੀ ਨਾਜ਼ੁਕ ਸਥਿਤੀ ਵਿਚ ਸਾਰੀਆਂ ਪਾਰਟੀਆਂ ਦੀ ਸਾਂਝੀ ਸਰਕਾਰ ਸਿਆਸੀ ਮਜਬੂਰੀ ਹੈ ਪਰ ਆਰਥਿਕ ਅਸਥਿਰਤਾ ਅਤੇ ਅਰਾਜਕਤਾ ਨਾਲ ਸਿੱਝਣਾ ਇੰਨਾ ਸੌਖਾ ਕੰਮ ਨਹੀਂ ਹੈ। ਸ੍ਰੀਲੰਕਾ ਦੀ ਸਿਆਸਤ ਕਈ ਦਹਾਕਿਆਂ ਤੋਂ ਧਾਰਮਿਕ ਕੱਟੜਤਾ ਦਾ ਸ਼ਿਕਾਰ ਰਹੀ ਹੈ। ਸਿਆਸੀ ਜਮਾਤ, ਜਿਸ ਵਿਚ ਰਾਜਪਕਸਾ ਅਤੇ ਕੁਝ ਹੋਰ ਪਰਿਵਾਰਾਂ ਦਾ ਦਬਦਬਾ ਹੈ, ਧਾਰਮਿਕ ਕੱਟੜਤਾ ਦੀ ਅੱਗ ’ਤੇ ਸਿਆਸੀ ਰੋਟੀਆਂ ਸੇਕਦੀ ਰਹੀ ਹੈ। ਹਾਲਾਤ ਸੁਧਾਰਨ ਲਈ ਕੌਮਾਂਤਰੀ ਭਾਈਚਾਰੇ ਦਾ ਦਖ਼ਲ ਜ਼ਰੂਰੀ ਹੈ। ਇਸ ਸਮੇਂ ਤਰਜੀਹ ਸਰਕਾਰ ਬਣਾਉਣ ਅਤੇ ਅਮਨ ਕਾਇਮ ਕਰਨ ਨੂੰ ਦੇਣੀ ਚਾਹੀਦੀ ਹੈ। ਸ੍ਰੀਲੰਕਾ ਦੀ ਸੈਨਾ ਦੇ ਮੁਖੀ ਨੇ ਵੀ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਸਰਕਾਰ ਬਣਾਉਣਾ ਇਸ ਲਈ ਜ਼ਰੂਰੀ ਹੈ ਕਿ ਸਰਕਾਰ ਦੀ ਅਣਹੋਂਦ ਵਿਚ ਆਮ ਨਾਗਰਿਕਾਂ ਕੋਲ ਕੋਈ ਹੱਕ ਨਹੀਂ ਬਚਦੇ; ਉਨ੍ਹਾਂ ਨੂੰ ਹੱਕ-ਵਿਹੂਣੀ ਅਲਪ ਜ਼ਿੰਦਗੀ ਵੱਲ ਧੱਕਿਆ ਜਾਂਦਾ ਹੈ ਅਤੇ ਲੁਟੇਰੇ ਹਾਵੀ ਹੋ ਜਾਂਦੇ ਹਨ। ਕੌਮਾਂਤਰੀ ਸਹਾਇਤਾ ਪਹੁੰਚਾਉਣ ਲਈ ਵੀ ਅੰਤਰਿਮ ਸਰਕਾਰ ਬਣਾਉਣਾ ਜ਼ਰੂਰੀ ਹੈ।