ਰਾਮ ਮੰਦਰ ਬਨਾਮ ਜੈ ਸ੍ਰੀ ਰਾਮ!

ਰਾਮ ਮੰਦਰ ਬਨਾਮ ਜੈ ਸ੍ਰੀ ਰਾਮ!

ਹਿੰਦੂ ਗਿਣਤੀਆਂ-ਮਿਣਤੀਆਂ ਅਨੁਸਾਰ ਚਾਰ ਯੁਗਾਂ ਦਾ ਚੱਕਰ 4,320,000 (ਤਿਰਤਾਲੀ ਲੱਖ ਵੀਹ ਹਜ਼ਾਰ - ਚਾਰ ਮਿਲੀਅਨ) ਸਾਲਾਂ ਵਿੱਚ ਪੂਰਾ ਹੁੰਦਾ ਹੈ… ਜਿਸ ਵਿੱਚ ਹਰੇਕ ਯੁੱਗ ਦੀ ਉਮਰ ਵੱਖ-ਵੱਖ ਹੁੰਦੀ ਹੈ।

ਅਸਲ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਬੋਨਸ ਵਿੱਚ ਦੱਸ ਦਿਆਂ ਕਿ ਕਲਯੁੱਗ ਦੀ ਅਰੰਭਤਾ ਹੋਈ ਨੂੰ ਹਾਲੇ ਸਿਰਫ਼ 5 ਹਜ਼ਾਰ ਸਾਲ ਹੋਏ ਹਨ, 36 ਹਜ਼ਾਰ ਸਾਲ ਤੱਕ ਕਲਯੁੱਗ ਵੱਧਦਾ ਜਾਵੇਗਾ, ਫਿਰ ਤਿੰਨ ਲੱਖ ਸੱਠ ਹਜ਼ਾਰ ਸਾਲ ਇਸਨੇ ਜੋਬਨ ਤੇ ਰਹਿਣਾ ਹੈ, ਮੁੜ 36 ਹਜ਼ਾਰ ਸਾਲ ਇਸ ਨੇ ਘਟਣ ਨੂੰ ਲਾਉਣੇ ਹਨ।

ਯੁਗਾਂ ਦੀ ਤਰਤੀਬ ਇਸ ਤਰ੍ਹਾਂ ਹੈ; 
ਸਤਯੁੱਗ, ਤ੍ਰੇਤਾ, ਦੁਆਪਰ, ਕਲਯੁੱਗ।

ਯੁਗਾਂ ਦੀ ਉਮਰ ਹੈ; 
ਸਤਯੁੱਗ - 1,728,000 ਸਾਲ
ਤ੍ਰੇਤਾ - 1,296,000 ਸਾਲ
ਦੁਆਪਰ - 864,000 ਸਾਲ
ਕਲਯੁੱਗ - 432,000 ਸਾਲ (ਪੰਜ ਹਜ਼ਾਰ ਸਾਲ ਲੰਘ ਗਏ ਹਨ ਕਲਯੁੱਗ ਨੂੰ ਅਰੰਭ ਹੋਏ)

ਸਤਯੁੱਗ ਵਿੱਚ ਪ੍ਰਹਿਲਾਦ ਭਗਤ ਹੋਇਆ, ਤ੍ਰੇਤੇ ਵਿੱਚ ਰਾਮ ਚੰਦਰ, ਦੁਆਪਰ ਵਿੱਚ ਕ੍ਰਿਸ਼ਨ… ਸੌਖੇ ਢੰਗ ਨਾਲ ਸਮਝਣ ਲਈ ਯੁਗਾਂ ਦੇ ਸਮੇਂ ਨੂੰ ਅਸੀਂ ਜੇਕਰ ਈਸਵੀ ਸੰਮਤ ਦੇ 2000 ਸਾਲਾਂ ਵਿੱਚ ਵੰਡਣਾ ਹੋਵੇ ਤਾਂ ਇਸ ਤਰ੍ਹਾਂ ਗਿਣਤੀ ਹੋਵੇਗੀ…
ਸੰਨ 888 ਤੱਕ ਸਤਯੁਗ
ਸੰਨ 1553 ਤੱਕ ਤ੍ਰੇਤਾ ਯੁੱਗ
ਸੰਨ 1999 ਤੱਕ ਦੁਆਪਰ ਯੁੱਗ
1999 ਤੋਂ 2220 ਤੱਕ ਕਲਯੁੱਗ ਹੋਵੇਗਾ…

ਮਤਲਬ 888 ਤੋ 1553 ਤੱਕ ਤ੍ਰੇਤਾ ਯੁੱਗ ਸੀ, ਹਿੰਦੂ ਮਿਥਿਹਾਸ ਮੁਤਾਬਕ ਰਾਮ ਚੰਦਰ ਤ੍ਰੇਤੇ ਯੁੱਗ ਦਾ ਅਵਤਾਰ ਸੀ ਜੋ ਸਤਾਰਾਂ ਲੱਖ ਵਰ੍ਹੇ ਲੰਬੇ ਸਤਿਯੁਗ ਦੇ ਗੁਜ਼ਰਨ ਮਗਰੋਂ ਅਰੰਭ ਹੋਇਆ… ਪਰ ਝੂਠ ਸਿਰਜਣ ਵਿੱਚ ਮਾਹਰ, ਮੌਜੂਦਾ ਸਮੇਂ ਦੇ ਹਿੰਦੂ ਵਿਦਵਾਨ, ਰਾਮ ਚੰਦਰ ਦਾ ਅਵਤਾਰ ਮਹਿਜ਼ ਪੰਜ ਹਜ਼ਾਰ ਸਾਲ ਪਹਿਲਾਂ ਦਾ ਦੱਸਦੇ ਹਨ (ਝੂਠ ਦੇ ਪੈਰ ਨਹੀਂ ਹੁੰਦੇ)… ਜੋ ਤ੍ਰੇਤੇ ਦੀ ਥਾਂ, ਕ੍ਰਿਸ਼ਨ ਵਾਲੇ ਦੁਆਪਰ ਦੇ ਐਨ ਅਖੀਰ ਤੇ ਬਣਦਾ ਹੈ ਤੇ ਸਾਡੇ 2000 ਵਾਲੇ ਢਾਂਚੇ ਮੁਤਾਬਕ 888-1553 ਦੀ ਥਾਂ 1998 ਦਾ ਆਵੇਗਾ।

ਸਵਾਲ ਹੈ ਕਿ ਸਾਡੇ ਘੜੇ ਫ਼ਾਰਮੂਲੇ ਮੁਤਾਬਕ ਜੇ ਇਹ ਰਾਮ 888-1553 ਜਾਂ 1998 ਵਿੱਚ ਪੈਦਾ ਹੋਇਆ ਤਾਂ ਇਹ ਭਗਵਾਨ ਕਿਵੇਂ ਹੋ ਗਿਆ? ਕਿਸੇ ਹਿੰਦੂ ਵਿਦਵਾਨ ਨੂੰ ਜੇ ਆਖੋਗੇ ਕਿ ਰਾਮ ਚੰਦਰ ਸਤਿਯੁੱਗ ਵਿੱਚ ਪੈਦਾ ਹੋਇਆ ਸੀ ਤਾਂ ਉਹ ਤੁਹਾਨੂੰ ਬੇਵਕੂਫ਼ ਆਖੇਗਾ ਪਰ ਬੇਵਕੂਫ਼ ਉਹ ਖੁਦ ਹਨ ਜਿਹੜੇ ਉਸ ਵਿਅਕਤੀ ਨੂੰ ਭਗਵਾਨ ਆਖਦੇ ਹਨ ਜੋ ਸਤਿਯੁੱਗ ਵਿੱਚ ਮੌਜੂਦ ਹੀ ਨਹੀਂ ਸੀ। ਇਸੇ ਲਈ ਬਾਬੇ ਨੇ ਪਹਿਲਾਂ ਇਹੀ ਭੁਲੇਖਾ ਕੱਢਿਆ ਕਿ ਉਹ ਰਾਮ “ਆਦਿ ਸਚੁ” ਹੈ ਤੇ ਭਗਤ ਪ੍ਰਹਿਲਾਦ ਤਾਂ ਅਯੁੱਧਿਆ ਵਾਲੇ ਰਾਮ ਚੰਦਰ ਤੋਂ ਲੱਖਾਂ ਸਾਲ ਪਹਿਲਾਂ ਪੈਦਾ ਹੋ ਕੇ “ਆਦਿ ਸਚੁ” ਵਾਲੇ ਰਾਮ ਦੇ ਸੰਬੰਧ ਵਿੱਚ ਡੰਕੇ ਦੀ ਚੋਟ ਨਾਲ ਆਖ ਰਿਹਾ, “ਨਹੀ ਛੋਡਉ ਰੇ ਬਾਬਾ ਰਾਮ ਨਾਮ॥”

ਅਯੁੱਧਿਆ ਵਾਲੇ ਰਾਮ ਚੰਦਰ ਨੂੰ ਲੱਖਾਂ ਸਾਲਾਂ ਤੋਂ ਅਕਾਲ ਪੁਰਖ ਲਈ ਪ੍ਰਚਲਿਤ ਨਾਮ “ਰਾਮ” ਰਾਹੀਂ ਭਗਵਾਨ ਬਣਾਕੇ ਪੇਸ਼ ਕਰਨਾ ਮਨੁੱਖਾ ਜਾਤੀ ਨਾਲ ਰੂਹਾਨੀ ਧੋਖਾ ਹੈ, ਫਰੇਬ ਹੈ, ਛਲਾਵਾ ਹੈ, ਮੱਕਾਰੀ ਹੈ! ਇਹ ਇੰਝ ਹੀ ਹੈ ਜਿਵੇਂ ਲੱਖਾਂ ਸਾਲਾਂ ਮਗਰੋਂ ਕੋਈ ਕਿਸੇ ਵਿਅਕਤੀ ਨੂੰ “ਕਰਤਾਰ” ਜਾਂ “ਵਾਹਿਗੁਰੂ” ਨਾਮ ਦੇ ਕੇ ਉਸਨੂੰ ਅਕਾਲ ਪੁਰਖ ਬਣਾਕੇ ਪੇਸ਼ ਕਰਨ ਲੱਗ ਜਾਵੇ ਤੇ ਸਿੱਖ ਉਸਨੂੰ ਸੱਚ ਮੰਨ ਲੈਣ ਤੇ ਹੋਰਾਂ ਨੂੰ ਅਜਿਹਾ ਕਰਨ ਲਈ ਧੌਂਸ ਦੇਣ ਲੱਗ ਜਾਣ।

ਹੱਦ ਤਾਂ ਇਸ ਗੱਲ ਦੀ ਹੈ ਕਿ ਸਾਡੇ ਚਾਪਲੂਸ ਆਗੂ, ਤੇ ਕੁਝ ਅਣਜਾਣ ਪ੍ਰਚਾਰਕ ਵੀ ਇਹ ਆਖ ਦਿੰਦੇ ਹਨ ਕਿ (ਅਯੁੱਧਿਆ ਵਾਲੇ) ਰਾਮ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇੰਨੀ ਵਾਰ ਆਇਆ ਹੈ।

ਬਿਨਾਂ ਸ਼ੱਕ ਅਸੀਂ ਰਾਮ ਜਪਣਾ ਹੈ ਪਰ ਕਿਸੇ ਮਿਥਿਹਾਸਕ ਰਾਮ ਨੂੰ ਨਹੀਂ, ਬਲਕਿ ਯੁੱਗੋ-ਯੁੱਗ ਅਟੱਲ ਰਾਮ ਜਿਸ ਨੂੰ ਧਰੂ ਤੇ ਪ੍ਰਹਿਲਾਦ ਨੇ ਅਯੁੱਧਿਆ ਵਾਲੇ ਰਾਮ ਦੇ ਪੈਦਾ ਹੋਣ ਤੋਂ ਲੱਖਾਂ ਸਾਲ ਪਹਿਲਾਂ ਜਪਿਆ ਤੇ ਉਸ ਜਾਪ ਸਦਕਾ, ਰਾਜ ਅਤੇ ਮੁਕਤੀ ਦੋਵੇਂ ਪ੍ਰਾਪਤ ਕੀਤੇ…
ਰਾਮ ਜਪਉ ਜੀਅ ਐਸੇ ਐਸੇ॥ 
ਧ੍ਰੂ ਪ੍ਰਹਿਲਾਦ ਜਪਿਓ ਹਰਿ ਜੈਸੇ॥

 

ਇਕਬਾਲ ਸਿੰਘ ਫਰੀਮਾਂਟ