ਜੇ ਮੋਦੀ ਫਿਰ ਆਇਆ ਤਾਂ ਭਾਰਤ ਇਕ ਪਾਰਟੀ ਦੀ ਜਾਗੀਰ ਬਣ ਜਾਵੇਗਾ,  ਵੰਨ-ਸੁਵੰਨਤਾ ਨਸ਼ਟ ਹੋ ਜਾਵੇਗੀ

ਜੇ ਮੋਦੀ ਫਿਰ ਆਇਆ ਤਾਂ ਭਾਰਤ ਇਕ ਪਾਰਟੀ ਦੀ ਜਾਗੀਰ ਬਣ ਜਾਵੇਗਾ,  ਵੰਨ-ਸੁਵੰਨਤਾ ਨਸ਼ਟ ਹੋ ਜਾਵੇਗੀ

ਇਕ ਨੌਜਵਾਨ ਪੇਸ਼ੇਵਰ ਦੇ ਰੂਪ ਵਿਚ ਮੈਂ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਮੈਂ ਅਜਿਹਾ ਭਾਰਤ ਦੇਖਾਂਗਾ ਜਿਹੋ ਜਿਹਾ ਅੱਜ ਬਣ ਗਿਆ ਹੈ।

ਰਾਜਨੀਤੀ ਵਿਚ ਆਉਣ ’ਤੇ ਮੈਨੂੰ ਜਾਤ-ਪਾਤ ਦੀ ਅਹਿਮੀਅਤ ਸਮਝ ਆਈ। ਰਾਜਨੀਤੀ ਦਾ ਮੰਡਲੀਕਰਨ ਉਨ੍ਹਾਂ ਪੱਛੜੇ ਵਰਗਾਂ ਲਈ ਪ੍ਰੇਰਕ ਸੀ ਜੋ ਖ਼ੁਦ ਨੂੰ ਰਾਸ਼ਟਰੀ ਮੁੱਖਧਾਰਾ ਤੋਂ ਅਲੱਗ-ਥਲੱਗ ਮੰਨਦੇ ਸਨ।ਮੰਡਲ ਨੇ ਪੱਛੜੇ ਭਾਈਚਾਰਿਆਂ ਦਾ ਸਸ਼ਕਤੀਕਰਨ ਕੀਤਾ। ਮਾਇਆਵਤੀ ਦਾ ਮੁੱਖ ਮੰਤਰੀ ਬਣਨਾ ਭਾਰਤੀ ਰਾਜਨੀਤਕ ਮੁਹਾਂਦਰੇ ਦਾ ਇਕ ਇਤਿਹਾਸਕ ਪੜਾਅ ਸੀ। ਸੱਚਰ ਕਮੇਟੀ ਨੇ ਘੱਟ-ਗਿਣਤੀਆਂ ਦੀ ਦਸ਼ਾ-ਦਿਸ਼ਾ ਦਲਿਤਾਂ ਤੋਂ ਵੀ ਗਈ-ਗੁਜ਼ਰੀ ਦੱਸੀ ਪਰ ਉਨ੍ਹਾਂ ਦੀ ਹਾਲਤ ਸੁਧਾਰਨ ਲਈ ਬਣਾਈਆਂ ਗਈਆਂ ਸਰਕਾਰੀ ਯੋਜਨਾਵਾਂ ਨੂੰ ਕਿਸੇ ਖ਼ਾਸ ਫ਼ਿਰਕੇ ਨੂੰ ਖ਼ੁਸ਼ ਕਰਨ ਦੀ ਕਵਾਇਦ ਦੇ ਰੂਪ ਵਿਚ ਦੇਖਿਆ ਜਾਣ ਲੱਗਾ। ਜਦਕਿ ਹੋਰ ਵਰਗਾਂ ਲਈ ਨੀਤੀਗਤ ਲਾਭਾਂ ’ਤੇ ਵਾਜਿਬਤਾ ਦੀ ਮੋਹਰ ਲੱਗੀ। ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ ਅਤੇ ਪੱਛੜੇ ਵਰਗਾਂ ਨੂੰ ਸੰਵਿਧਾਨਕ ਆਧਾਰ ’ਤੇ ਮਜ਼ਬੂਤ ਬਣਾਇਆ ਗਿਆ।ਆਰਥਿਕ ਤੌਰ ’ਤੇ ਪੱਛੜੇ ਭਾਈਚਾਰਿਆਂ ਤੱਕ ਵੀ ਰਾਖਵਾਂਕਰਨ ਦਾ ਵਿਸਥਾਰ ਕਰ ਕੇ ਹਿੰਦੂ ਬਹੁ-ਗਿਣਤੀਆਂ ਦੀਆਂ ਸ਼ਿਕਾਇਤਾਂ ਦੇ ਹੱਲ ਦਾ ਯਤਨ ਹੋਇਆ। ਸਮੇਂ ਦੇ ਨਾਲ ਰਾਸ਼ਟਰੀ ਜਨਤਕ ਵਿਚਾਰ-ਵਟਾਂਦਰੇ ਦਾ ਸਰੂਪ ਵੀ ਬਦਲਦਾ ਗਿਆ। ਭਾਜਪਾ ਦੇ ਨਿਰਾਸ਼ਾਜਨਕ ਚੋਣ ਪ੍ਰਦਰਸ਼ਨ ਵਿਚਾਲੇ ਅਕਤੂਬਰ 1990 ਵਿਚ ਲਾਲ ਕ੍ਰਿਸ਼ਨ ਅਡਵਾਨੀ ਦੀ ਰੱਥ ਯਾਤਰਾ ਇਕ ਰਾਜਨੀਤਕ ਮਾਸਟਰ ਸਟਰੋਕ ਰਹੀ।ਇਸ ਨੇ ਹਿੰਦੂਆਂ ਵਿਚ ਭਾਵਨਾਤਮਕ ਉਬਾਲ ਭਰਿਆ। ਉਸ ਨੇ ਜਾਤ-ਪਾਤ ਅਤੇ ਪੰਥ ਤੋਂ ਪਰੇ ਜਾ ਕੇ ਹਿੰਦੂਆਂ ਨੂੰ ਵੱਡੇ ਪੱਧਰ ’ਤੇ ਸੰਗਠਿਤ ਅਤੇ ਏਕੀਕ੍ਰਿਤ ਕੀਤਾ। ਭਾਜਪਾ ਨੇ ਆਪਣੇ ਰਾਜਨੀਤਕ ਚਰਚਾ ਦੇ ਕੇਂਦਰ ਵਿਚ ਧਰਮ ਅਸਥਾਨ ਲਿਆਂਦਾ ਜਿਸ ਨੇ ਉਸ ਦੇ ਸਿਤਾਰੇ ਚਮਕਾ ਦਿੱਤੇ। ਇਹ ਤਜਰਬਾ ਤਾਂ ਕਾਮਯਾਬ ਰਿਹਾ ਪਰ ਇਸ ਨੇ ਰਾਜਨੀਤਕ ਤਾਣੇ-ਬਾਣੇ ਨੂੰ ਤਹਿਸ-ਨਹਿਸ ਕਰ ਦਿੱਤਾ।

ਭਾਜਪਾ ਨੇ ਆਪਣੇ ਮੈਨੀਫੈਸਟੋ ਵਿਚ ਰਾਮ ਮੰਦਰ ਦੇ ਨਿਰਮਾਣ ਦਾ ਵਾਅਦਾ ਕੀਤਾ ਪਰ ਉਹ ਵਿਵਾਦਤ ਢਾਂਚੇ ਨੂੰ ਢਾਹੁਣ ਤੋਂ ਬਾਅਦ ਹੀ ਬਣਾਇਆ ਜਾ ਸਕਦਾ ਸੀ। ਛੇ ਦਸੰਬਰ 1992 ਨੂੰ ਅਜਿਹਾ ਹੋ ਗਿਆ। ਭਾਰਤ ਦੀ ਰਾਜਨੀਤੀ ਸੱਚ ਵਿਚ ਬਦਲ ਗਈ। ਫਿਰ ਵੀ, ਉਦੋਂ ਤੱਕ ਹਿੰਦੂਆਂ ਦੀਆਂ ਵੋਟਾਂ ਦੀ ਲਾਮਬੰਦੀ ਮਾੜੀ-ਮੋਟੀ ਹੀ ਹੋ ਸਕੀ ਸੀ। ਵਿਵਾਦਤ ਢਾਂਚੇ ਨੂੰ ਢਾਹੇ ਜਾਣ ਤੋਂ ਬਾਅਦ ਵੀ ਭਾਜਪਾ ਨੂੰ ਸੱਤਾ ਨਹੀਂ ਮਿਲ ਸਕੀ।

ਨਰਸਿਮਹਾ ਰਾਓ ਦੀ ਅਗਵਾਈ ਵਿਚ ਕਾਂਗਰਸ ਨੇ ਘੱਟ-ਗਿਣਤੀ ਦੀ ਸਰਕਾਰ ਚਲਾਈ। ਉਸ ਤੋਂ ਬਾਅਦ ਦੋ ਘੱਟ-ਗਿਣਤੀ ਸਰਕਾਰਾਂ ਸੱਤਾ ਵਿਚ ਰਹੀਆਂ। ਫਿਰ 1998 ਵਿਚ ਵਾਜਪਾਈ ਸਰਕਾਰ ਬਣੀ। ਭਾਜਪਾ ਫਿਰ 2004 ਵਿਚ ਹਾਰ ਗਈ ਅਤੇ ਉਸ ਤੋਂ ਬਾਅਦ 2014 ਤੱਕ ਯੂਪੀਏ ਦੀ ਸੱਤਾ ਰਹੀ। ਵਾਜਪਾਈ ਦੇ ਦੌਰ ਵਿਚ ਵੀ ਲੋਕਤੰਤਰੀ ਭਾਵਨਾਵਾਂ ਦਾ ਖ਼ਿਆਲ ਰੱਖਿਆ ਜਾਂਦਾ ਰਿਹਾ। ਸੰਨ 2014 ਵਿਚ ਆਪਣੀ ਤਾਜਪੋਸ਼ੀ ਦੇ ਨਾਲ ਮੋਦੀ ਹਿੰਦੂਆਂ ਦੀ ਉਸ ਧਾਰਾ ਦੇ ਪ੍ਰਤੀਕ ਦੇ ਰੂਪ ਵਿਚ ਉੱਭਰੇ ਜੋ ਭਗਵਾਨ ਰਾਮ ਦੇ ਆਦਰਸ਼ਾਂ ਨਾਲ ਭਰਪੂਰ ਨਹੀਂ। ਗੁਜਰਾਤ ਵਿਚ 2002 ਦੇ ਦੰਗਿਆਂ ਨੇ ਮੋਦੀ ਨੂੰ ਇਕ ਹਮਲਾਵਰ ਸ਼ਖ਼ਸੀਅਤ ਦੇ ਰੂਪ ਵਿਚ ਸਥਾਪਤ ਕੀਤਾ। ਗੁਜਰਾਤ ਵਿਚ ਉਨ੍ਹਾਂ ਦੇ ਸ਼ਾਸਨਕਾਲ ਵਿਚ ਹੀ ਗੋਧਰਾ ਵਿਚ ਸਾੜੇ ਗਏ ਹਿੰਦੂਆਂ ਵਰਗੀ ਰਾਸ਼ਟਰੀ ਆਫ਼ਤ ਦਾ ਬਦਲਾ ਲਿਆ ਗਿਆ।

ਨਵੇਂ ਉੱਭਰਦੇ ਭਾਰਤ ਦੇ ਕਥਿਤ ਸ਼ਿਲਪਕਾਰ ਮੋਦੀ ਉਸ ਨਵੀਂ ਕਿਸਮ ਦੀ ਰਾਜਨੀਤੀ ਦੇ ਮੂਲ ਵਿਚ ਹਨ ਜੋ ਅਡਵਾਨੀ ਤੇ ਵਾਜਪਾਈ ਤੋਂ ਵੀ ਜ਼ਿਆਦਾ ਖ਼ਤਰਨਾਕ ਹੈ। ਹੁਣ ਤਾਂ ਧਰਮ ਹੀ ਅਕਾਦਮਿਕ ਖੇਤਰ ਦੇ ਕੇਂਦਰ ਵਿਚ ਹੈ। ਹਿੰਦੂਤਵ ਦੀ ਰਾਜਨੀਤੀ ਵਿਚ ਭਾਰਤ ਦੀ ਵੰਨ-ਸੁਵੰਨਤਾ ਤਾਰ-ਤਾਰ ਹੋ ਰਹੀ ਹੈ। ਹਿੰਦੂਤਵ ਦਾ ਉਭਾਰ ਸਾਰੀਆਂ ਜਾਤੀਆਂ ਅਤੇ ਨਸਲਾਂ ’ਤੇ ਭਾਰੂ ਹੋਣਾ ਚਾਹੁੰਦਾ ਹੈ।

ਸਾਡੇ ਵੰਨ-ਸੁਵੰਨਤਾ ਨਾਲ ਭਰੇ ਤਾਣੇ-ਬਾਣੇ ਨੂੰ ਸਹੇਜਣ ਅਤੇ ਕਮਜ਼ੋਰ ਤੇ ਲਤਾੜੇ ਵਰਗਾਂ ਦੀ ਸਾਂਭ-ਸੰਭਾਲ ਦੀ ਮੁਹਿੰਮ ਚਲਾਉਣ ਵਾਲੀਆਂ ਆਵਾਜ਼ਾਂ ਨੂੰ ਦੱਬਣ ਵਿਚ ਵੀ ਇਸ ਸਰਕਾਰ ਦਾ ਕੋਈ ਸਾਨੀ ਨਹੀਂ। ਇਸ ਦੌਰ ਵਿਚ ਜਿਸ ਤਰ੍ਹਾਂ ਦਾ ਹਿੰਦੂਤਵ ਪੇਸ਼ ਕੀਤਾ ਜਾ ਰਿਹਾ ਹੈ, ਉਹ ਹਿੰਦੂ ਧਰਮ ਵਿਚ ਵਰਣਿਤ ਕਦਰਾਂ-ਕੀਮਤਾਂ ਤੋਂ ਕੋਹਾਂ ਦੂਰ ਹੈ। ਇਸ ਹਿੰਦੂਤਵ ਦਾ ਉਸ ਰਾਮ ਰਾਜ ਨਾਲ ਸਰੋਕਾਰ ਨਹੀਂ ਜਿਸ ਦਾ ਆਧਾਰ ਹੀ ਨੈਤਿਕਤਾ, ਨਿਰਪੱਖਤਾ, ਸਹਿਣਸ਼ੀਲਤਾ ਅਤੇ ਨਿਆਂ ਹੈ। ਹਿੰਦੂ ਧਰਮ ਨੂੰ ਇਕ ਨਵਾਂ ਨਾਂ ਦਿੱਤਾ ਜਾ ਰਿਹਾ ਹੈ। ਇਹ ਹਮਲਾਵਰ ਤੇ ਅਸਹਿਣਸ਼ੀਲ ਹੈ। ਇਹ ਅਲੱਗ ਸੋਚ ਰੱਖਣ ਵਾਲਿਆਂ ਦਾ ਮਖੌਲ ਉਡਾਉਂਦਾ ਹੈ ਅਤੇ ਦੁਸ਼ਮਣਾਂ ਦਾ ਐਲਾਨ ਕਰਨ ਨੂੰ ਤਤਪਰ ਰਹਿੰਦਾ ਹੈ।ਦੇਸ਼ ਭਗਤੀ ਦੇ ਅਰਥ ਬਦਲ ਗਏ ਜਾਪਦੇ ਹਨ। ਉੱਗਰ ਰਾਸ਼ਟਰਵਾਦ ਨੇ ਦੇਸ਼ ਭਗਤੀ ਦੀ ਜਗ੍ਹਾ ਲੈ ਲਈ ਹੈ ਜੋ ਬੇਹੱਦ ਮੰਦਭਾਗਾ ਵਰਤਾਰਾ ਕਿਹਾ ਜਾ ਸਕਦਾ ਹੈ। ਕਾਬਿਲੇਗ਼ੌਰ ਹੈ ਕਿ ਦੇਸ਼ ਦੀ ਆਜ਼ਾਦੀ ਲਈ ਲੜੇ ਗਏ ਅੰਦੋਲਨ ਵੇਲੇ ਆਜ਼ਾਦੀ ਸੰਗਰਾਮੀਏ ਜਾਤ-ਪਾਤ ਅਤੇ ਫ਼ਿਰਕਿਆਂ ਤੋਂ ਉੱਪਰ ਸਨ।

ਆਜ਼ਾਦੀ ਲਈ ਹਰ ਫ਼ਿਰਕੇ ਅਤੇ ਜਾਤ-ਪਾਤ ਦੇ ਲੋਕਾਂ ਨੇ ਆਪਣਾ ਖ਼ੂਨ ਵਹਾਇਆ ਸੀ। ਅਜਿਹੇ ਵਿਚ ਹੁਣ ਕਿਸੇ ਖ਼ਾਸ ਫ਼ਿਰਕੇ ਨਾਲ ਸਬੰਧਤ ਲੋਕਾਂ ਨੂੰ ਨਿਸ਼ਾਨੇ ’ਤੇ ਲੈਣਾ ਵਾਜਿਬ ਨਹੀਂ ਹੈ। ਮੋਦੀ ਰਾਸ਼ਟਰ ਦੇ ਪ੍ਰਤੀਕ ਬਣ ਗਏ ਹਨ ਅਤੇ ਦੇਸ਼ ਭਗਤੀ ਦਾ ਕੋਈ ਵੀ ਕੰਮ ਮੋਦੀ ਦੇ ਸਮਰਥਨ ਵਿਚ ਹੋਣਾ ਚਾਹੀਦਾ ਹੈ ਨਹੀਂ ਤਾਂ ਤੁਸੀਂ ਦੇਸ਼ ਧ੍ਰੋਹੀ ਕਰਾਰ ਦੇ ਦਿੱਤੇ ਜਾਓਗੇ। ਤੁਸੀਂ ਨਾ ਤਾਂ ਵਿਦੇਸ਼ ਨੀਤੀ ਦੀ ਆਲੋਚਨਾ ਕਰ ਸਕਦੇ ਹੋ ਅਤੇ ਨਾ ਹੀ ਕਿਸੇ ਹਿੱਸੇ ’ਤੇ ਚੀਨ ਦੇ ਕਬਜ਼ੇ ਬਾਰੇ ਗੱਲ ਕਰ ਸਕਦੇ ਹੋ। ਅਸੀਂ ਸਰਕਾਰ ਤੋਂ ਸਵਾਲ ਨਹੀਂ ਪੁੱਛ ਸਕਦੇ। ਅਸੀਂ ਮੋਦੀ ਸਰਕਾਰ ਦੀਆਂ ਯੋਜਨਾਵਾਂ ਦੀ ਆਲੋਚਨਾ ਨਹੀਂ ਕਰ ਸਕਦੇ। ਜੇ ਤੁਸੀਂ ਅਜਿਹਾ ਕੀਤਾ ਤਾਂ ‘ਭਗਤ’ ਤੁਹਾਡੇ ਪਿੱਛੇ ਪੈ ਜਾਣਗੇ ਅਤੇ ਤੁਹਾਡੇ ਬਾਰੇ ਫ਼ਰਜ਼ੀ ਖ਼ਬਰਾਂ ਪ੍ਰਚਾਰਿਤ ਕਰ ਕੇ ਤੁਹਾਨੂੰ ਖਲਨਾਇਕ ਵਜੋਂ ਪੇਸ਼ ਕਰਨਗੇ। ਅਸੀਂ ਸੰਸਦ ਵਿਚ ਸਵਾਲ ਨਹੀਂ ਪੁੱਛ ਸਕਦੇ ਅਤੇ ਜੇ ਕੁਝ ਪੁੱਛਿਆ ਤਾਂ ਲੋਕ-ਨੁਮਾਇੰਦਿਆਂ ਨੂੰ ਮੁਅੱਤਲ ਕੀਤਾ ਜਾਂਦਾ ਹੈ। ਦੇਸ਼ ਦਾ ਮੱਧ ਵਰਗ ਇਸੇ ਲਈ ਖਾਮੋਸ਼ ਹੈ ਕਿਉਂਕਿ ਉਸ ਨੂੰ ਆਪਣੀਆਂ ਸੁੱਖ-ਸਹੂਲਤਾਂ ਖੋਹ ਲਏ ਜਾਣ ਦਾ ਖ਼ਤਰਾ ਹੈ।ਵਿਚਾਰੇ ਗ਼ਰੀਬਾਂ ਕੋਲ ਤਾਂ ਕੋਈ ਬਦਲ ਵੀ ਨਹੀਂ ਹੈ। ਮੁੱਖਧਾਰਾ ਦਾ ਮੀਡੀਆ ਉਨ੍ਹਾਂ ਨੂੰ ਸੇਧਣ ਦਾ ਕੰਮ ਕਰਦਾ ਹੈ ਜਿਸ ਦਾ ਇਕ ਹੀ ਏਜੰਡਾ ਹੈ-ਮੋਦੀ ਦੇ ਪੱਖ ਵਿਚ ਮਾਹੌਲ ਬਣਾਉਣਾ। ਇਹ ਦਿਖਾਇਆ ਜਾਂਦਾ ਹੈ ਕਿ ਮੋਦੀ ਹੀ ਇਕਮਾਤਰ ਵਿਅਕਤੀ ਹਨ ਜੋ ਦੇਸ਼ ਅਤੇ ਉਸ ਦੇ ਦੁਸ਼ਮਣਾਂ ਵਿਚਾਲੇ ਖੜ੍ਹੇ ਰਹਿੰਦੇ ਹਨ ਅਤੇ ਜੋ ਉਨ੍ਹਾਂ ਦੇ ਨਾਲ ਨਹੀਂ, ਉਨ੍ਹਾਂ ਦੀ ਦੇਸ਼ ਭਗਤੀ ਸ਼ੱਕੀ ਹੈ।ਅੱਜ ਧਰਮ ਅਤੇ ਰਾਜਨੀਤੀ ਦਾ ਇਸ ਤਰ੍ਹਾਂ ਘਾਲ-ਮੇਲ ਹੋ ਗਿਆ ਹੈ ਕਿ ਜੋ ਮੋਦੀ ਦੀ ਮਨਸ਼ਾ ਵਾਲੇ ਹਿੰਦੂਤਵ ਵਿਚ ਵਿਸ਼ਵਾਸ ਨਹੀਂ ਰੱਖਦੇ, ਉਹ ਹਿੰਦੂ ਹੀ ਨਹੀਂ ਹਨ। ਰਾਮ ਮੰਦਰ ਹਿੰਦੂ ਪੁਨਰ-ਉੱਥਾਨ ਦਾ ਪ੍ਰਤੀਕ ਬਣ ਗਿਆ ਹੈ। ਸ਼ੰਕਰਾਚਾਰੀਆਂ ਦੇ ਇਤਰਾਜ਼ ਦੇ ਬਾਵਜੂਦ ਮੋਦੀ ਮੰਦਰ ਦੀ ਪ੍ਰਾਣ-ਪ੍ਰਤਿਸ਼ਠਾ ਕਰਨ ਜਾ ਰਹੇ ਹਨ।

ਆਗਾਮੀ ਚੋਣਾਂ ਸਿਰ ’ਤੇ ਹਨ ਅਤੇ ਮੋਦੀ ਨੂੰ ਕੋਈ ਫ਼ਿਕਰ ਨਹੀਂ। ਉਨ੍ਹਾਂ ਮੁਤਾਬਕ ਹਿੰਦੂ ਲਹਿਰ ਉਨ੍ਹਾਂ ਦੀ ਚੁਣਾਵੀ ਬੇੜੀ ਪਾਰ ਲਾ ਦੇਵੇਗੀ। ਜਿਨ੍ਹਾਂ ਸੂਬਿਆਂ ਵਿਚ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਹਨ, ਉੱਥੇ ਡਬਲ-ਇੰਜਣ ਸਰਕਾਰ ਦੇ ਜੁਮਲੇ ਨਾਲ ਲੁਭਾਇਆ ਜਾਵੇਗਾ। ਕੇਂਦਰ ਅਤੇ ਰਾਜਾਂ ਵਿਚ ਭਾਜਪਾ ਰਾਜ ਕਰੇ, ਇਹੀ ਮੋਦੀ ਦਾ ਸੁਪਨਾ ਹੈ। ਇਹ ਸੁਪਨਾ ਕਿਸੇ ਵੀ ਸੂਰਤ ਵਿਚ ਹਕੀਕਤ ’ਚ ਨਹੀਂ ਬਦਲਣਾ ਚਾਹੀਦਾ।ਜੇ ਇਹ ਖ਼ਾਬ ਪੂਰਾ ਹੋਇਆ ਤਾਂ ਭਾਰਤ ਇਕ ਪਾਰਟੀ ਦੀ ਜਾਗੀਰ ਬਣ ਜਾਵੇਗਾ, ਉਸ ਦੀ ਵੰਨ-ਸੁਵੰਨਤਾ ਨਸ਼ਟ ਹੋ ਜਾਵੇਗੀ। ਅਜਿਹਾ ਭਾਰਤ ਕਿਹੋ ਜਿਹਾ ਹੋਵੇਗਾ? ਇਹ ਤਾਂ ਸਮਾਂ ਹੀ ਦੱਸੇਗਾ। ਇਤਿਹਾਸ ਸਾਨੂੰ ਸੱਤਾ ਜਾਂ ਸ਼ਕਤੀ ਦੇ ਥੋੜ੍ਹ-ਚਿਰੇ ਸਰੂਪ ਦਾ ਸਬਕ ਸਿਖਾਉਂਦਾ ਹੈ। ਇਹ ਸਥਾਈ ਨਹੀਂ ਹੋ ਸਕਦਾ।

 

ਕਪਿਲ ਸਿੱਬਲ

-(ਲੇਖਕ ਰਾਜ ਸਭਾ ਦਾ ਮੈਂਬਰ ਹੈ)