ਸ਼ਾਹੀ ਵਿਆਹ ਕਰਨ ਵਾਲੇ ਅਮੀਰ ਗੈਂਗਸਟਰਾਂ ਦੇ ਨਿਸ਼ਾਨੇ ’ਤੇ
ਫਿਰੌਤੀ ਮੰਗਣ ਦੇ ਮਾਮਲੇ ਸਭ ਤੋਂ ਵੱਧ ਫਿਰੋਜ਼ਪੁਰ ਰੇਂਜ ਵਿੱਚ ਸਾਹਮਣੇ ਆਏ
ਅੰਮ੍ਰਿਤਸਰ ਟਾਈਮਜ਼ ਬਿਊਰੋ
ਚੰਡੀਗੜ੍ਹ-ਪੰਜਾਬ ਵਿੱਚ ਵਿਆਹਾਂ ਸਮਾਗਮਾਂ ਜਾਂ ਖੁਸ਼ੀ ਦੇ ਹੋਰਨਾਂ ਮੌਕਿਆਂ ’ਤੇ ਪ੍ਰਭਾਵਸ਼ਾਲੀ ਅਤੇ ਮਹਿੰਗੇ ਸਮਾਗਮ ਕਰਨ ਵਾਲੇ ਵਿਅਕਤੀਆਂ ਨੂੰ ਗੈਂਗਸਟਰਾਂ ਵੱਲੋਂ ਫਿਰੌਤੀ ਮੰਗਣ ਲਈ ਫੋਨ ਕਾਲਾਂ ਅਤੇ ਵਟਸਐਪ ਸੁਨੇਹੇ ਭੇਜੇ ਜਾਣ ਦੀਆਂ ਘਟਨਾਵਾਂ ਸਾਹਮਣੇ ਆਉਣ ਲੱਗੀਆਂ ਹਨ। ਪੁਲੀਸ ਸੂਤਰਾਂ ਮੁਤਾਬਕ ਪਿਛਲੇ ਇੱਕ ਸਾਲ ਦੌਰਾਨ ਗੈਂਗਸਟਰਾਂ ਵੱਲੋਂ ਪੰਜਾਬ ਭਰ ’ਚ 525 ਦੇ ਕਰੀਬ ਫੋਨ ਕਾਲਾਂ ਕੀਤੀਆਂ ਗਈਆਂ ਅਤੇ ਸੁਨੇਹੇ ਭੇਜੇ ਗਏ। ਗੈਂਗਸਟਰਾਂ ਵੱਲੋਂ ਜਿਨ੍ਹਾਂ ਵਿਅਕਤੀਆਂ ਕੋਲੋਂ ਫਿਰੌਤੀ ਮੰਗੀ ਗਈ ਹੈ ਉਨ੍ਹਾਂ ਵਿੱਚ ਜ਼ਿਆਦਾਤਰ ਅਜਿਹੇ ਵਿਅਕਤੀ ਸ਼ਾਮਲ ਹਨ ਜਿਨ੍ਹਾਂ ਨੇ ਆਪਣੇ ਪੁੱਤ ਜਾਂ ਧੀ ਦੇ ਵਿਆਹ ਮੌਕੇ ਵੱਡਾ ਸਮਾਗਮ ਕੀਤਾ ਹੋਵੇ ਜਾਂ ਹੋਰ ਕਿਸੇ ਤਰ੍ਹਾਂ ਦੇ ਮਹਿੰਗੇ ਖਰਚ ਕਾਰਨ ਉਹ ਅਪਰਾਧੀ ਤੱਤਾਂ ਦੀ ਨਜ਼ਰ ਵਿੱਚ ਆ ਗਏ। ਪੰਜਾਬ ਵਿੱਚ ਸਰਦੀਆਂ ਦੀ ਰੁੱਤ ਦੌਰਾਨ ਸਭ ਤੋਂ ਜ਼ਿਆਦਾ ਵਿਆਹ ਸਮਾਗਮ ਹੁੰਦੇ ਹਨ। ਗੈਂਗਸਟਰਾਂ ਵੱਲੋਂ ਇਨ੍ਹਾਂ ਸਮਾਗਮਾਂ ਦੀ ‘ਰੇਕੀ’ ਕੀਤੀ ਜਾਂਦੀ ਹੈ ਅਤੇ ਫਿਰ ਵਿਆਹ ਸਮਾਗਮ ਕਰਨ ਵਾਲੇ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਅਜਿਹਾ ਹੀ ਇਕ ਤਾਜ਼ਾ ਮਾਮਲਾ ਪੰਜਾਬ ਦੇ ਇੱਕ ਸੇਵਾਮੁਕਤ ਆਈਏਐੱਸ ਅਧਿਕਾਰੀ ਦੀ ਧੀ ਨਾਲ ਵੀ ਵਾਪਰਿਆ ਹੈ। ਇਸ ਪਰਿਵਾਰ ਵੱਲੋਂ ਲੋਹੜੀ ਮੌਕੇ ਵੱਡਾ ਸਮਾਗਮ ਕੀਤਾ ਗਿਆ ਤਾਂ ਗੈਂਗਸਟਰਾਂ ਨੇ ਉਸ ਕੋਲੋਂ 50 ਲੱਖ ਰੁਪਏ ਦੀ ਫਿਰੌਤੀ ਮੰਗ ਲਈ। ਜਿਨ੍ਹਾਂ ਵਿਅਕਤੀਆਂ ਕੋਲੋਂ ਗੈਂਗਸਟਰਾਂ ਨੇ ਫਿਰੌਤੀ ਮੰਗੀ ਉਨ੍ਹਾਂ ਨੇ ਪੁਲੀਸ ਕੋਲ ਪਹੁੰਚ ਵੀ ਕੀਤੀ। ਪੁਲੀਸ ਨੇ ਇੱਕ ਸਾਲ ਵਿੱਚ 200 ਤੋਂ ਵੱਧ ਕੇੇਸ ਦਰਜ ਕੀਤੇ ਹਨ। ਪੁਲੀਸ ਨੇ ਅਗਲੇਰੀ ਕਾਰਵਾਈ ਕਰਦਿਆਂ 100 ਤੋਂ ਵੱਧ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਕੋਲੋਂ 11 ਹਥਿਆਰ ਵੀ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਕੋਲੋਂ 90 ਲੱਖ ਰੁਪਏ ਤੇ ਦੋ ਦਰਜਨ ਵਾਹਨ ਵੀ ਬਰਾਮਦ ਕੀਤੇ ਗਏ ਹਨ।
ਪੰਜਾਬ ਵਿੱਚ ਫਿਰੌਤੀ ਮੰਗਣ ਦੇ ਮਾਮਲੇ ਸਭ ਤੋਂ ਵੱਧ ਫਿਰੋਜ਼ਪੁਰ ਰੇਂਜ ਵਿੱਚ ਸਾਹਮਣੇ ਆਏ ਹਨ। ਇਸ ਰੇਂਜ ਵਿੱਚ 82 ਮਾਮਲੇ, ਫਰੀਦਕੋਟ ਵਿੱਚ 78, ਰੂਪਨਗਰ ਰੇਂਜ ਵਿੱਚ 69, ਸਰਹੱਦੀ ਰੇਂਜ ’ਚ 64, ਜਲੰਧਰ ਸ਼ਹਿਰ ’ਚ 46, ਜਲੰਧਰ ਰੇਂਜ ’ਚ 46, ਲੁਧਿਆਣਾ ਰੇਂਜ ’ਚ 38, ਬਠਿੰਡਾ ਰੇਂਜ ਵਿੱਚ 32, ਲੁਧਿਆਣਾ ਸ਼ਹਿਰ ਵਿੱਚ 29, ਪਟਿਆਲਾ ਰੇਂਜ ਵਿੱਚ 18 ਅਤੇ ਸਭ ਤੋਂ ਘੱਟ ਅੰਮ੍ਰਿਤਸਰ ਸ਼ਹਿਰ ਵਿੱਚ 10 ਮਾਮਲੇ ਸਾਹਮਣੇ ਆਏ ਸਨ। ਪੁਲੀਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਮਾਮਲੇ ਸਿਰਫ਼ ਉਹ ਹਨ ਜਿੱਥੇ ਲੋਕਾਂ ਨੇ ਪੁਲੀਸ ਕੋਲ ਪਹੁੰਚ ਕੀਤੀ ਹੈ ਪਰ ਬਹੁਤ ਸਾਰੇ ਮਾਮਲੇ ਅਜਿਹੇ ਵੀ ਹੁੰਦੇ ਹਨ ਜਿੱਥੇ ਗੈਂਗਸਟਰ ਫਿਰੌਤੀ ਲੈਣ ’ਚ ਕਾਮਯਾਬ ਹੋ ਜਾਂਦੇ ਹਨ ਅਤੇ ਅਜਿਹੇ ਮਾਮਲੇ ਪੁਲੀਸ ਰਿਕਾਰਡ ਦਾ ਹਿੱਸਾ ਨਹੀਂ ਬਣਦੇ। ਪੁਲੀਸ ਤਫ਼ਤੀਸ਼ ਦੌਰਾਨ ਇਹ ਤੱਥ ਵੀ ਸਾਹਮਣੇ ਆਏ ਹਨ ਕਿ ਫਿਰੌਤੀਆਂ ਮੰਗਣ ਵਾਲਿਆਂ ਵਿੱਚ ਜ਼ਿਆਦਾਤਰ ਗਰੋਹ ਸਥਾਨਕ ਪੱਧਰ ਦੇ ਹੁੰਦੇ ਹਨ ਤੇ ਛੋਟੇ ਗੈਂਗਸਟਰਾਂ ਵੱਲੋਂ ਪੈਸਾ ਇਕੱਠਾ ਕਰਨ ਲਈ ਫਿਰੌਤੀਆਂ ਦਾ ਰਾਹ ਅਪਣਾਇਆ ਗਿਆ ਹੈ। ਪੰਜਾਬ ਵਿੱਚ ਆਪ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਗੈਂਗਸਟਰ ਵਿਰੋਧੀ ਟਾਸਕ ਫੋਰਸ (ਏਜੀਟੀਐੱਫ) ਦਾ ਗਠਨ ਕੀਤਾ ਗਿਆ ਸੀ। ਏਜੀਟੀਐੱਫ ਦੀਆਂ ਕਾਰਵਾਈਆਂ ਕਾਰਨ ਪੁਲੀਸ ਮੁਕਾਲਿਆਂ ਦੌਰਾਨ ਗੈਂਗਸਟਰ ਮਾਰੇ ਵੀ ਗਏ ਅਤੇ ਵੱਡੀ ਪੱਧਰ ’ਤੇ ਗ੍ਰਿਫਤਾਰ ਵੀ ਕੀਤੇ ਗਏ। ਏਜੀਟੀਐੱਫ ਵਿੱਚ ਤਾਇਨਾਤ ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ‘ਏ’ ਕੈਟਾਗਰੀ ਦੇ ਗੈਂਗਸਟਰ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਹਨ ਜਾਂ ਫਿਰ ਵਿਦੇਸ਼ਾਂ ਤੋਂ ਗੋਲਡੀ ਬਰਾੜ ਵਰਗੇ ਵੱਡੇ ਗੈਂਗਸਟਰ ਗਤੀਵਿਧੀਆਂ ਚਲਾ ਰਹੇ ਹਨ ਤੇ ਉਨ੍ਹਾਂ ਦੀਆਂ ਗਤੀਵਿਧੀਆਂ ਨੂੰ ਅੰਜਾਮ ਸਥਾਨਕ ਪੱਧਰ ਦੇ ਛੋਟੇ ਗੈਂਗਸਟਰ ਦਿੰਦੇ ਹਨ।
ਪੰਜਾਬੀ ਪਿਛੋਕੜ ਵਾਲੇ ਗੈਂਗਸਟਰਾਂ ਵੱਲੋਂ ਕੈਨੇਡਾ ਵਿੱਚ ਵੀ ਫਿਰੌਤੀ ਮੰਗਣ ਦੀਆਂ ਘਟਨਾਵਾਂ ਸਾਹਮਣੇ ਆਉਣ ਲੱਗੀਆਂ ਹਨ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੈਂਗਸਟਰਾਂ ਦੀਆਂ ਗਤੀਵਿਧੀਆਂ ਰੋਕਣ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਇਸ ਲਈ ਜੇਕਰ ਫੋਨ ਕਾਲ ਜਾਂ ਵਟਸਐਪ ਮੈਸੇਜ ਆਉਂਦਾ ਹੈ ਤਾਂ ਪੁਲੀਸ ਨੂੰ ਇਤਲਾਹ ਦਿੱਤੀ ਜਾਵੇ ਤਾਂ ਜੋ ਢੁਕਵੀਂ ਕਾਰਵਾਈ ਕਰਦਿਆਂ ਅਪਰਾਧੀ ਨੂੰ ਕਾਬੂ ਕਰ ਕੇ ਅਜਿਹੇ ਸੰਗੀਨ ਮਾਮਲਿਆਂ ਨੂੰ ਨੱਥ ਪਾਈ ਜਾਵੇ।
Comments (0)