ਖ਼ਸਤਾ ਹੋਈ ਅੰਮ੍ਰਿਤਸਰ ਵਿਖੇ ਸਥਿਤ ਲਗਜ਼ਰੀ ਸਾਰਾਗੜ੍ਹੀ ਸਰਾਂ ਦੀ ਹਾਲਤ   

ਖ਼ਸਤਾ ਹੋਈ ਅੰਮ੍ਰਿਤਸਰ ਵਿਖੇ ਸਥਿਤ ਲਗਜ਼ਰੀ ਸਾਰਾਗੜ੍ਹੀ ਸਰਾਂ ਦੀ ਹਾਲਤ   

ਅੰਮ੍ਰਿਤਸਰ ਟਾਈਮਜ਼

ਅੰਮ੍ਰਿਤਸਰ: ਦਰਬਾਰ ਸਾਹਿਬ ਵਿਖੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਲਈ ਸ਼੍ਰੋਮਣੀ ਕਮੇਟੀ ਵੱਲੋਂ ਚਲਾਈ ਜਾ ਰਹੀ ਵੀਆਈਪੀ ਲਗਜ਼ਰੀ ਸਾਰਾਗੜ੍ਹੀ ਸਰਾਂ ਦੀ ਹਾਲਤ ਦਿਨੋ-ਦਿਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਇਸ ਸਬੰਧੀ ਹੁਣ ਯਾਤਰੂਆਂ ਵੱਲੋਂ ਖ਼ਸਤਾ ਹਾਲਤ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀਆਂ ਜਾ ਰਹੀਆਂ ਹਨ। ਸ੍ਰੀ ਦਰਬਾਰ  ਸਾਹਿਬ ਦੇ ਵਿਰਾਸਤੀ ਮਾਰਗ ਤੇ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਦੇ ਨਾਲ ਸਥਿਤ ਇਸ ਬਹੁ ਕਰੋੜੀ ਸਰਾਂ ਦਾ ਨਿਰਮਾਣ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ’ਵਿਚ ਕਰਵਾਇਆ ਗਿਆ ਸੀ। ਜਿਸ ਦੇ ਫੇਜ਼ ਦੋ ਦੇ ਨਿਰਮਾਣ ਤੋਂ ਪਹਿਲਾਂ ਹੀ ਫੇਜ਼ ਇਕ ਦੀ ਹਾਲਤ ਤਰਸਯੋਗ ਹੁੰਦੀ ਜਾ ਰਹੀ ਹੈ। ਪੰਜ ਤਾਰਾਂ ਹੋਟਲ ਦਾ ਅਹਿਸਾਸ ਕਰਵਾਉਂਦੀ 9 ਮੰਜਿਲਾ ਇਹ ਸਰਾਂ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ ਅਵਤਾਰ ਸਿੰਘ ਮੱਕੜ ਦਾ ਸੁਪਨਾ ਸੀ ਕਿ ਸ੍ਰੀ ਦਰਬਾਰ ਸਾਹਿਬ ਆਉਣ ਵਾਲੇ ਯਾਤਰੀਆਂ ਨੂੰ ਪੰਜ ਤਾਰਾ ਹੋਟਲ ਦੀ ਤਰਜ ਤੇ ਕਮਰੇ ਦਿੱਤੇ ਜਾਣ। ਉਸ ਆਸ਼ੇ ਨੂੰ ਲੈ ਕੇ ਇਸ ਸਰਾਂ ਦਾ ਨਿਰਮਾਣ ਕਰਵਾਇਆ ਗਿਆ ਤੇ ਇਹ ਸਰਾਂ ਆਪਣੇ ਨਿਰਮਾਣ ਤੋਂ ਬਾਅਦ ਇਕ ਦਹਾਕਾ ਵੀ ਸਹੀ ਢੰਗ ਨਾਲ ਸੇਵਾਵਾਂ ਨਹੀਂ ਦੇ ਸਕੀ। ਸ਼੍ਰੋਮਣੀ ਕਮੇਟੀ ਵੱਲੋਂ ਤਿਆਰ ਸਰਾਵਾਂ ਵਿਚੋਂ ਸਭ ਤੋਂ ਵੱਧ ਮਹਿੰਗੇ ਕਿਰਾਏ ਵਾਲੀ ਇਸ ਸਰਾਂ ਦੇ ਨਿਰਮਾਣ ਤੇ ਤੈਅ ਬਜਟ ਤੋਂ ਵੀ ਵੱਧ ਪੈਸਾ ਖ਼ਰਚ ਕੀਤਾ ਗਿਆ ਸੀ। ਇਸ ਸਰਾਂ 'ਚ ਯਾਤਰੀਆਂ ਦੀ ਸਹੂਲਤ ਲਈ ਰੱਖੇ ਸਾਮਾਨ ਨੂੰ ਵਿਦੇਸ਼ ਤੋਂ ਮੰਗਵਾਇਆ ਗਿਆ ਸੀ। ਅੱਜ ਇਸ ਸਰਾਂ ਦੀ ਹਾਲਤ ਇਹ ਬਣ ਚੁੱਕੀ ਹੈ ਕਿ ਕਰੀਬ ਇਕ ਹਜ਼ਾਰ ਰੁਪਏ ਖ਼ਰਚ ਕੇ ਯਾਤਰੀ ਬੇਹਦ ਤਲਖ ਤਜਰਬਾ ਲੈ ਕੇ ਵਾਪਸ ਪਰਤਦਾ ਹੈ। ਸਰਾਂ '230 ਕਮਰੇ ਹਨ, ਜਿਨ੍ਹਾਂ ਚੋਂ ਜ਼ਿਆਦਾਤਰ ਦਰਵਾਜ਼ਿਆਂ ਤੇ ਲੱਗੇ ਵਿਦੇਸ਼ੀ ਕੰਪਿਊਟਰ ਨਾਲ ਚੱਲਣ ਵਾਲੇ ਤਾਲੇ ਖ਼ਰਾਬ ਹੋ ਚੁੱਕੇ ਹਨ। ਦਰਵਾਜ਼ਿਆਂ ਦੀਆਂ ਚੁਗਾਠਾਂ ਗਲ਼ ਚੁੱਕੀਆਂ ਹਨ। ਸਰਾਂ ਦੇ ਕੁਝ ਕਮਰਿਆਂ ਵਿਚ ਬਰਸਾਤ ਦਾ ਪਾਣੀ ਵੀ ਟਪਕਦਾ ਹਨ। ਇੱਥੇ ਹੀ ਬੱਸ ਨਹੀਂ, ਆਮ ਲੋਕਾਂ ਲਈ ਤਿਆਰ ਕੀਤੇ ਜਨਤਕ ਪਖ਼ਾਨੇ ਵੀ ਜ਼ਿਆਦਾਤਰ ਬੰਦ ਹਨ। ਇਨ੍ਹਾਂ ਤੇ ਲਗੇ ਵਿਦੇਸ਼ੀ ਸੈਂਸਰ ਖ਼ਰਾਬ ਹੋ ਚੁੱਕੇ ਹਨ। ਸਰਾਂ ਦੀ ਸਾਫ਼-ਸਫ਼ਾਈ ਦਾ ਕੰਮ ਵੀ ਇਕ ਨਿੱਜੀ ਕੰਪਨੀ ਨੂੰ ਦਿੱਤਾ ਹੋਇਆ ਹੈ। ਸਰਾਂ ਦੀ ਸਾਂਭ-ਸੰਭਾਲ ਕਰ ਰਹੀ ਕੰਪਨੀ ਦੇ ਇਕ ਮੁਲਾਜ਼ਮ ਨੇ ਦੱਸਿਆ ਕਿ ਜਨਤਕ ਪਖ਼ਾਨਿਆਂ ਤੇ ਲੱਗੇ ਵਿਦੇਸ਼ੀ ਸੈਂਸਰ ਹੁਣ ਕੰਪਨੀ ਨੇ ਬਣਾਉਣੇ ਬੰਦ ਕਰ ਦਿੱਤੇ ਹਨ ਜਿਸ ਕਾਰਨ ਮੁਸ਼ਕਿਲ ਪੇਸ਼ ਆ ਰਹੀ ਹੈ। ਸਫ਼ਾਈ ਤੇ ਸਾਂਭ ਸੰਭਾਲ ਵਿਚ ਊਣਤਾਈਆਂ ਕਾਰਨ ਯਾਤਰੀ ਇਸ ਸਰਾਂ ਵੱਲੋਂ ਮੂੰਹ ਮੋੜ ਰਹੇ ਹਨ।

ਜਲਦੀ ਹੀ ਸੁਧਾਰੀ ਜਾਵੇਗੀ ਹਾਲਤ : ਮਥਰੇਵਾਲ

ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਗੁਰਿੰਦਰ ਸਿੰਘ ਮਥਰੇਵਾਲ ਨੇ ਕਿਹਾ ਕਿ ਦਰਵਾਜ਼ਿਆਂ ਦੇ ਤਾਲੇ ਅਤੇ ਜਨਤਕ ਪਖ਼ਾਨਿਆਂ ਵਿਚ ਲੱਗਾ ਸਾਮਾਨ ਵਿਦੇਸ਼ੀ ਹੈ, ਜੋ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਜਲਦ ਹੀ ਹੋਰ ਬਦਲਵਾਂ ਸਾਮਾਨ ਲਾ ਕੇ ਸਰਾਂ ਦੀ ਹਾਲਤ ਸੁਧਾਰ ਦਿੱਤੀ ਜਾਵੇਗੀ।