ਪਟਿਆਲਾ ਹਿੰਸਾ ਕਾਰਣ ਪਰਵਾਨਾ ਅਤੇ ਸ਼ਿਵ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਸਣੇ ਛੇ ਹੋਰ ਗ੍ਰਿਫ਼ਤਾਰ

ਪਟਿਆਲਾ ਹਿੰਸਾ ਕਾਰਣ ਪਰਵਾਨਾ ਅਤੇ ਸ਼ਿਵ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਸਣੇ ਛੇ ਹੋਰ ਗ੍ਰਿਫ਼ਤਾਰ

     *ਪੁਲੀਸ ਵਲੋਂ ਬਲਜਿੰਦਰ ਸਿੰਘ ਪਰਵਾਨਾ ਸਾਜ਼ਿਸ਼ ਘਾੜਾ ਕਰਾਰ 

                           *ਮੰਦਰ ਦੀ ਛੱਤ ਤੋਂ ਸਿੰਘ ਨੂੰ ਗੋਲੀ ਮਾਰਨ ਵਾਲੇ ਸ਼ਿਵ ਸੈਨਾਨੀ ਗਿ੍ਫਤਾਰ ਨਾ ਕੀਤੇ   

       *ਆਲਾ ਘਟਨਾਵਾਂ ਪ੍ਰਸ਼ਾਸਨਿਕ ਅਵੇਸਲੇਪਣ ਦਾ ਨਤੀਜਾ: ਸੁਖਬੀਰ

        *ਸ਼੍ਰੋਮਣੀ ਕਮੇਟੀ ਵੱਲੋਂ ਪਰਵਾਨਾ ਖਿਲਾਫ਼ ਕੇਸ ਦਰਜ ਕਰਨ ਦਾ ਵਿਰੋਧ

ਅੰਮ੍ਰਿਤਸਰ ਟਾਈਮਜ਼

ਪਟਿਆਲਾ: ਖ਼ਾਲਿਸਤਾਨ ਦੇ ਮੁੱਦੇ ਤੇ ਮਾਰਚ ਕੱਢਣ ਦੌਰਾਨ 29 ਅਪਰੈਲ ਨੂੰ ਪਟਿਆਲਾ ਵਿਚ ਸਿੱਖਾਂ ਅਤੇ ਭਗਵੇਂ ਵਾਦੀ ਕਾਰਕੁਨਾਂ ਦਰਮਿਆਨ ਹੋਏ ਟਕਰਾਅ ਸਬੰਧੀ ਮੁੱਖ ਸਾਜ਼ਿਸ਼ਘਾੜੇ ਕਰਾਰ ਦਿੱਤੇ ਗਏ ਸਿੱਖ ਨੌਜਵਾਨ ਬਲਜਿੰਦਰ ਸਿੰਘ ਪਰਵਾਨਾ (38) ਅਤੇ ਸ਼ਿਵ ਸੈਨਾ (ਬਾਲ ਠਾਕਰੇ) ਦੇ ਜ਼ਿਲ੍ਹਾ ਪ੍ਰਧਾਨ ਸ਼ੰਕਰ ਭਾਰਦਵਾਜ ਸਮੇਤ ਛੇ ਜਣਿਆਂ ਨੂੰ ਬੀਤੇ ਦਿਨੀ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲੀਸ ਨੇ ਭੜਕਾਊ ਪ੍ਰਚਾਰ ਦੇ ਦੋਸ਼ ਹੇਠ ਪੰਡਤ ਅਸ਼ਵਨੀ ਗੱਗੀ, ਰਾਜਿੰਦਰ ਸਿੰਘ ਸਮਾਣਾ, ਦਵਿੰਦਰ ਸਿੰਘ ਜੀਂਦ ਅਤੇ ਵਾਸਦੇਵ ਵਾਸੀ ਫਤਿਹਗੜ੍ਹ ਸਾਹਿਬ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।ਇਸ ਕੇਸ ਵਿਚ 40 ਤੋਂ 50 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਜਿਨ੍ਹਾਂ ਵਿਚੋਂ ਅਜੇ ਸਿਰਫ਼ 10 ਕੁ ਦੀ ਹੀ ਸ਼ਨਾਖ਼ਤ ਹੋਈ ਹੈ। ਇਸ ਵਿਚ ਬਹੁਗਿਣਤੀ ਸਿਖ ਹਨ। ਪੁਲੀਸ ਅਫਸਰਸ਼ਾਹੀ ਤੇ ਆਪ ਸਰਕਾਰ ਦਾ ਝੁਕਾਅ ਭਗਵਿਆਂ ਵਲ ਸਾਫ ਦਿਖਾਈ ਦੇ ਰਿਹਾ ਹੈ। ਗੁੱਟਾਂ ਵਿਚ ਹੋਏ ਟਕਰਾਅ ਦੇ ਸਬੰਧ ਵਿਚ ਹੁਣ ਤੱਕ 9 ਵਿਅਕਤੀਆਂ ਨੂੰ ਗ੍ਰਿਫ਼ਤਾਰ  ਹੋ ਚੁਕੇ ਹਨ। ਹੈਰਾਨੀ ਦੀ ਗਲ ਹੈ ਕਿ ਭਗਵਿਆਂ ਦੇ ਖਾਲਿਸਤਾਨੀ ਮਾਰਚ ਉਪਰ ਪਾਬੰਦੀ ਲਗਾਏ ਜਾਣ ਦੀ  ਪੁਲੀਸ ਕੋਲੋਂ ਮੰਗ ਕਰਨ ਵਾਲੇ ਦਮਦਮੀ ਟਕਸਾਲ ਰਾਜਪੁਰਾ ਦੇ ਮੁਖੀ ਬਲਜਿੰਦਰ ਸਿੰਘ ਪਰਵਾਨਾ ਨੂੰ ਪੁਲਿਸ ਵਲੋਂ ਇਸ ਘਟਨਾ ਦਾ ਸਾਜ਼ਿਸ਼ਘਾੜਾ ਕਰਾਰ ਦਿੱਤਾ ਹੈ। ਯਾਦ ਰਹੇ ਕਿ ਇਸ ਟਕਰਾਅ ਵਿਚ ਤੇਜ਼ਧਾਰ ਹਥਿਆਰਾਂ ਅਤੇ ਮੰਦਰ ਤੋਂ  ਇੱਟਾਂ-ਰੋੜ੍ਹੇ ਚੱਲਣ ਨਾਲ ਜਿਥੇ ਕੁਝ ਸਿਖ ਜ਼ਖ਼ਮੀ ਹੋਏ ਸਨ ਉੱਥੇ ਹੀ ਮੰਦਰ ਦੀ ਛਤ ਤੋਂ ਇਕ ਸਿੱਖ ਕਾਰਕੁੰਨ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ ਸੀ।ਪਰ ਪੁਲੀਸ ਨੇ ਇਸ ਬਾਰੇ ਨਾ ਮੰਦਰ ਦੀ ਤਲਾਸ਼ੀ ਲਈ ਨਾ ਕਿਸੇ ਨੂੰ ਗਿ੍ਫਤਾਰ ਕੀਤਾ। ਇਸ ਮੌਕੇ ਟਕਰਾਅ ਏਨਾ ਵਧ ਗਿਆ ਸੀ  ਕਿ ਇਸ ਨੂੰ ਰੋਕਣ ਲਈ ਐਸ.ਐਸ.ਪੀ. ਨਾਨਕ ਸਿੰਘ ਅਤੇ ਪੁਲਿਸ ਮੁਲਾਜ਼ਮਾਂ ਵਲੋਂ ਹਵਾਈ ਫਾਇਰ ਕਰ ਕੇ ਸਥਿਤੀ 'ਤੇ ਕਾਬੂ ਪਾਇਆ ਗਿਆ । ਇਸ ਟਕਰਾਅ ਦੌਰਾਨ ਇਕ ਹਿੰਦੂ ਜਥੇਬੰਦੀ ਦੇ ਆਗੂ ਦੇ ਪੱਟ 'ਤੇ ਤੇਜ਼ਧਾਰ ਹਥਿਆਰ ਨਾਲ ਹੋਏ ਵਾਰ ਅਤੇ ਪੁਲਿਸ ਮੁਲਾਜ਼ਮ ਦੇ ਹੱਥ 'ਤੇ ਵੀ ਸੱਟ ਲੱਗੀ । ਜਦੋਂ ਸ਼ਾਮ ਤੱਕ ਮਸਲਾ ਸ਼ਾਂਤ ਹੁੰਦਾ ਦਿਖਾਈ ਨਾ ਦਿੱਤਾ ਤਾਂ ਡਿਪਟੀ ਕਮਿਸ਼ਨਰ ਵਲੋਂ ਸਥਿਤੀ 'ਤੇ ਕਾਬੂ ਪਾਉਣ ਲਈ ਕਰਫ਼ਿਊ ਲਗਾ ਦਿੱਤਾ ਸੀ ।  ਰਾਤ ਪੁਲਿਸ ਵਲੋਂ ਹਰੀਸ਼ ਸਿੰਗਲਾ ਨੂੰ ਬਿਨ੍ਹਾਂ ਆਗਿਆ ਜਲੂਸ ਕੱਢਣ ਅਤੇ ਹਿੰਸਾ ਭੜਕਾਉਣ ਦੇ ਦੋਸ਼ਾਂ ਤਹਿਤ ਗਿ੍ਫ਼ਤਾਰ ਕੀਤਾ ਸੀ ।  ਇਸ ਦੌਰਾਨ ਹਿੰਦੂ ਸੰਗਠਨ ਸ਼ਿਵ ਸੈਨਾ ਬਾਲ ਠਾਕਰੇ ਵਲੋਂ ਇਕ ਪੱਤਰ ਜਾਰੀ ਕਰਕੇ ਕਿਹਾ ਸੀ ਕਿ ਹਰੀਸ਼ ਸਿੰਗਲਾ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਹੈ ,ਕਿਉਂਕਿ ਉਸ ਨੇ ਪਾਰਟੀ ਦੀ ਨੀਤੀ ਖਿਲਾਫ ਖ਼ਾਲਿਸਤਾਨ ਮੁਰਦਾਬਾਦ ਮਾਰਚ ਕਢਕੇ ਪੰਜਾਬ ਦਾ ਮਾਹੌਲ ਖਰਾਬ ਕੀਤਾ।  ਹਰੀਸ਼ ਸਿੰਗਲਾ ਨੂੰ ਹਿੰਦੂ ਜਥੇਬੰਦੀਆਂ ਦੇ ਕਾਰਕੁੰਨਾਂ ਨੇ ਇਸ ਘਟਨਾ ਦਾ ਜ਼ਿੰਮੇਵਾਰ ਸਮਝਦਿਆਂ ਕੁਟਾਪਾ ਚਾੜ੍ਹਿਆ ਸੀ । ਹਿੰਸਕ ਘਟਨਾ ਬਾਅਦ  ਕਾਲੀ ਮਾਤਾ ਮੰਦਰ ਵਿਖੇ ਹੋ ਰਹੀ ਬੈਠਕ ਦੌਰਾਨ ਪਹੁੰਚੇ ਸਿੰਗਲਾ ਦੀ ਕਾਰ ਤੱਕ ਦੀ ਵੀ ਭੰਨਤੋੜ ਕੀਤੀ ਗਈ ਸੀ। ਜਾਣਕਾਰੀ ਅਨੁਸਾਰ ਸ਼ਿਵ ਸੈਨਾ ਬਾਲ ਠਾਕਰੇ ਦੇ ਸੀਨੀਅਰ ਆਗੂ ਹਰੀਸ਼ ਸਿੰਗਲਾ ਵਲੋਂ  'ਖ਼ਾਲਿਸਤਾਨ ਮੁਰਦਾਬਾਦ ਮਾਰਚ' ਕੱਢਣ ਦਾ ਐਲਾਨ ਕੀਤਾ ਗਿਆ ਸੀ | ਇਸ ਐਲਾਨ ਤੋਂ ਬਾਅਦ ਦੂਰੋਂ-ਨੇੜਿਓਂ ਸਿੱਖ ਜਥੇਬੰਦੀਆਂ ਦੇ ਆਗੂ ਤੇ ਕਾਰਕੁੰਨ ਇਸ ਮਾਰਚ ਦਾ ਵਿਰੋਧ ਕਰਨ ਪਟਿਆਲਾ ਪਹੁੰਚੇ ਹੋਏ ਸਨ । ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਤੋਂ ਇਕੱਠੀਆਂ ਹੋਈਆਂ ਸਨ। ਪੁਲਿਸ ਮੁਲਾਜ਼ਮਾਂ ਨੇ ਪੰਥਕ ਜਥੇਬੰਦੀਆਂ ਨੂੰ ਲੀਲਾ ਭਵਨ ਕੋਲ ਰੋਕ ਦਿੱਤਾ ਸੀ । ਇਨ੍ਹਾਂ ਵਿਚੋਂ ਜਥੇਬੰਦੀਆਂ ਦੇ 15-20 ਕਾਰਕੁੰਨ ਮਾਲ ਰੋਡ ਤੋਂ ਸਥਿਤ ਕਾਲੀ ਮਾਤਾ ਮੰਦਰ ਦੇ ਸਾਹਮਣੇ ਤੋਂ ਲੰਘ ਰਹੇ ਸਨ । ਜਿਸ ਨੂੰ ਦੇਖਦਿਆਂ ਅੰਦਰੋਂ ਕੁਝ ਭਗਵੇਂ ਅਨਸਰਾਂ ਵਲੋਂ ਇੱਟਾਂ, ਪੱਥਰ ਮਾਰਨੇ ਸ਼ੁਰੂ ਕਰ ਦਿੱਤੇ ।  ਹਿੰਦੂ ਜਥੇਬੰਦੀਆਂ ਵਲੋਂ ਮੰਦਰ ਦੀਆਂ ਛੱਤਾਂ 'ਤੇ ਪਹਿਲਾਂ ਤੋਂ ਇਕੱਠੇ ਕੀਤੇ ਰੋੜ੍ਹੇ ਅਤੇ ਇੱਟਾਂ ਪੁਲੀਸ ਨੂੰ ਵੀ ਮਾਰੇ। ਜਦੋਂਕਿ ਦੂਜੇ ਪਾਸੇ ਸਿੱਖ ਜਥੇਬੰਦੀਆਂ ਨੇ ਆਪਣਾ ਰੋਸ ਜ਼ਾਹਿਰ ਕਰਦਿਆਂ ਫੁਹਾਰਾ ਚੌਕ ਵਿਖੇ ਧਰਨਾ ਲਗਾ ਦਿੱਤਾ ਪਰ ਸ਼ਾਮ ਦੌਰਾਨ ਕਰਫ਼ਿਊ ਲੱਗਣ ਤੋਂ ਬਾਅਦ ਪੁਲਿਸ ਵਲੋਂ ਸਿੱਖ ਜਥੇਬੰਦੀਆਂ ਨੂੰ ਹਮਲਾਵਰ ਧਿਰਾਂ 'ਤੇ ਪਰਚੇ ਦਰਜ ਕਰਨ ਦਾ ਭਰੋਸਾ ਦੇ ਕੇ ਇਹ ਧਰਨਾ ਚੁਕਵਾ ਦਿੱਤਾ। ਇਸ ਤੋਂ ਬਾਅਦ ਆਪ ਸਰਕਾਰ ਨੇ ਇਸ ਤੋਂ ਬਾਅਦ ਇਥੇ  ਨਵੇਂ ਆਈਜੀ ਮੁਖਵਿੰਦਰ ਸਿੰਘ ਛੀਨਾ ਅਤੇ ਨਵੇਂ ਐੱਸਐੱਸਪੀ ਦੀਪਕ ਪਾਰਿਖ਼ ਨਿਯੁਕਤ ਕਰ ਦਿਤੇ ਸਨ। ਇਨ੍ਹਾਂ ਨੂੰ ਤਰਤੀਬਵਾਰ ਰਾਕੇਸ਼ ਅਗਰਵਾਲ ਅਤੇ ਡਾ.ਨਾਨਕ ਸਿੰਘ ਦੀ ਥਾਂ ਲਾਇਆ ਗਿਆ ਸੀ। ਐੱਸਪੀ ਸਿਟੀ ਹਰਪਾਲ ਸਿੰਘ ਅਤੇ ਡੀਐਸਪੀ ਅਸ਼ੋਕ ਸ਼ਰਮਾ ਦੇ ਵੀ ਤਬਾਦਲੇ ਕੀਤੇ ਗਏ ਹਨ ਜਦਕਿ ਥਾਣਾ ਕੋਤਵਾਲੀ ਦੇ ਮੁਖੀ ਬਿਕਰਮ ਸਿੰਘ ਅਤੇ ਥਾਣਾ ਲਾਹੌਰੀ ਗੇਟ ਦੇ ਮੁਖੀ ਗੁਰਪ੍ਰੀਤ ਸਿੰਘ ਨੂੰ ਲਾਈਨ ਹਾਜ਼ਰ ਕੀਤਾ ਗਿਆ ਸੀ। 

ਪੰਥਕ ਜਥੇਬੰਦੀਆਂ ਨੇ ਕਿਹਾ ਕਿ ਪੁਲੀਸ ਨੇ ਭਗਵੇਂਵਾਦੀਆਂ ਦੇ ਮਾਰਚ ਤੇ ਭੜਕਾਊ ਭਾਸ਼ਣਾਂ ਉਪਰ ਕਾਰਵਾਈ ਕੀਤੀ ਹੁੰਦੀ ਤਾਂ ਸਿਖ ਨੌਜਵਾਨਾਂ ਨੂੰ ਇਕਠੇ ਹੋਣ ਦੀ ਲੋੜ ਨਹੀਂ ਸੀ। ਪੁਲੀਸ ਨੇ ਦੋ ਤਿੰਨ ਭਗਵੇਂਵਾਦੀਆਂ  ਨੂੰ ਗਿ੍ਫਤਾਰ ਕਰਕੇ ਵੀਹ ਦੇ ਕਰੀਬ ਸਿਖਾਂ ਨੂੰ ਇਸ ਕੇਸ ਵਿਚ ਉਲਝਾ ਲਿਆ ਹੈ।

         ਪੰਥਕ ਜਥੇਬੰਦੀਆਂ ਨੇ ਭਗਵਿਆਂ ਤੇ ਸਰਕਾਰ ਨੂੰ ਦੋਸ਼ੀ ਠਹਿਰਾਇਆ

 ਸ਼੍ਰੋਮਣੀ ਗੁਰਦੁਆਰਾ ਪ੍ਰ੍ਰਬੰਧਕ ਕਮੇਟੀ ਸਿੱਖ ਨੌਜਵਾਨ ਆਗੂ ਬਲਜਿੰਦਰ ਸਿੰਘ ਪਰਵਾਨਾ ਦੀ ਪਿੱਠ ਤੇ ਆ ਗਈ ਹੈ। ਕਮੇਟੀ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਤੇ ਜਰਨੈਲ ਸਿੰਘ ਕਰਤਾਰਪੁਰ ਨੇ ਕਿਹਾ ਕਿ ਬਲਜਿੰਦਰ ਸਿੰਘ ਪਰਵਾਨਾ ਖਿਲਾਫ਼ ਕੇਸ ਦਰਜ ਕਰਨਾ ਗਲਤ ਹੈ, ਕਿਉਂਕਿ ਘਟਨਾ ਮੌਕੇ ਉਹ ਤਾਂ ਉਥੇ ਮੌਜੂਦ ਹੀ ਨਹੀਂ ਸੀ। ਉਨ੍ਹਾਂ ਟਕਰਾਓ ਦੀ ਘਟਨਾ ਲਈ ਸਿੱੱਧੇ ਤੌਰ ਤੇ ਪੰਜਾਬ ਸਰਕਾਰ ਅਤੇ ਪੁਲੀਸ ਨੂੰ ਜ਼ਿੰਮੇਵਾਰ ਦੱਸਿਆ, ਜੋ ਹਾਲਾਤ ਤੇ ਕਾਬੂ ਪਾਉਣ ਚ ਨਾਕਾਮ ਰਹੀ। ਉਨ੍ਹਾਂ ਕਿਹਾ ਕਿ ਇਸ ਪੂਰੀ ਘਟਨਾ ਪਿੱਛੇ ਹਰੀਸ਼ ਸਿੰਗਲਾ ਦਾ ਹੱਥ ਹੈ, ਜਿਸ ਨੇ ਖਾਲਿਸਤਾਨ ਦੇ ਵਿਰੋਧ ਚ ਮਾਰਚ ਕੱਢਣ ਦਾ ਸੁਨੇਹਾ ਦੇ ਕੇ ਉਕਸਾਉਣ ਦੀ ਕੋਸ਼ਿਸ਼ ਕੀਤੀ, ਜਿਸ ਮਗਰੋਂ ਹੀ ਸਾਰੀ ਘਟਨਾ ਵਾਪਰੀ।ਆਪ ਸਰਕਾਰ ਇਕ ਪਾਸੜ ਕਾਰਵਾਈ ਕਰ ਰਹੀ ਹੈ।ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ  ਹਰਨਾਮ ਸਿੰਘ ਖ਼ਾਲਸਾ ਨੇ ਪਟਿਆਲਾ ਵਿਖੇ ਸਿੱਖ ਜਥੇਬੰਦੀਆਂ ਨਾਲ ਹੋਏ ਟਕਰਾਅ ਨੂੰ ਗੰਭੀਰਤਾ ਨਾਲ ਲੈਂਦਿਆਂ ਸਖਤ ਨਿਖੇਧੀ ਕੀਤੀ । ਉਨ੍ਹਾਂ ਸਰਕਾਰ ਤੇ ਪੁਲਿਸ ਨੂੰ ਸਮਾਜ ਵਿਚ ਫਿਰਕੂ ਤਣਾਅ ਪੈਦਾ ਕਰਨ ਵਾਲੀ ਸ਼ਿਵ ਸੈਨਾ   'ਤੇ ਸਖਤੀ ਨਾਲ ਕਾਬੂ ਪਾਉਣ ਲਈ ਕਿਹਾ   

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਟਿਆਲਾ ਵਿਖੇ ਵਾਪਰੀ ਘਟਨਾ ਨੂੰ ਪੰਜਾਬ ਸਰਕਾਰ ਦੀ ਨਕਾਮੀ ਕਰਾਰ ਦਿੰਦਿਆਂ ਕਿਹਾ ਕਿ ਇਸ ਘਟਨਾ ਦੇ ਮੁੱਖ ਕਾਰਨ ਨੂੰ ਅੱਖੋਂ ਓਹਲੇ ਕਰਕੇ ਪੁਲਿਸ ਪ੍ਰਸ਼ਾਸਨ ਨੇ ਬਣਦੀ ਭੂਮਿਕਾ ਨਹੀਂ ਨਿਭਾਈ, ਜਿਸ ਕਾਰਨ ਸਿੱਖ ਸੰਗਤਾਂ ਵਿਚ ਭਾਰੀ ਰੋਸ ਪੈਦਾ ਹੋਇਆ । ਉਨ੍ਹਾਂ ਆਖਿਆ ਕਿ ਕੁਝ ਫਿਰਕੂ ਲੋਕ ਪੰਜਾਬ ਦੇ ਮਾਹੌਲ ਨੂੰ ਤਣਾਅਪੂਰਨ ਬਣਾਉਣ ਦਾ ਲਗਾਤਾਰ ਯਤਨ ਕਰ ਰਹੇ ਹਨ, ਪਰ ਸਰਕਾਰ ਉਨ੍ਹਾਂ ਨੂੰ ਰੋਕਣ ਲਈ ਸੰਜੀਦਾ ਨਹੀਂ ਹੈ |

ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪਟਿਆਲਾ ਵਿੱਚ ਹੋਏ ਟਕਰਾਅ ਨੂੰ ਸੁਰੱਖਿਆ ਏਜੰਸੀਆਂ ਦੀ ਨਾਕਾਮੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦਾ ਸ਼ਿਵ ਸੈਨਾ ਨਾਲ ਨਹੀਂ ਸਗੋਂ ਕੇਂਦਰ ਨਾਲ ਟਕਰਾਅ ਹੈ, ਜਿਹੜਾ ਪੰਥਕ ਮਸਲੇ ਹੱਲ ਨਹੀਂ ਕਰ ਰਿਹਾ।  ਮਾਨ ਨੇ ਕਿਹਾ ਕਿ ਦੇਸ਼ ਦੀਆਂ ਸੂਹੀਆ ਏਜੰਸੀਆਂ ਆਈਬੀਤੇ ਰਾਅਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀਆਂ ਹਨ। ਇਨ੍ਹਾਂ ਕੋਲ ਕਿਸੇ ਮਾਮਲੇ ਵਿੱਚ ਅਗਾਊਂ ਸੂਚਨਾ ਨਹੀਂ ਹੁੰਦੀ, ਭਾਵੇਂ ਉਹ ਘਰੇਲੂ ਮਸਲੇ ਹੋਣ ਜਾਂ ਕੌਮਾਂਤਰੀ ਪੱਧਰ ਦੇ। ਬਾਦਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ  ਪਟਿਆਲਾ ਵਿੱਚ ਵਾਪਰੀਆਂ ਹਿੰਸਕ ਘਟਨਾਵਾਂ ਬਾਰੇ ਕਿਹਾ ਕਿ ਇਹ ਘਟਨਾਵਾਂ ਸਿੱਧੇ ਤੌਰ ਤੇ ਪ੍ਰਸ਼ਾਸਨਿਕ ਅਵੇਸਲਾਪਣ ਅਤੇ ਗ਼ੈਰ-ਜ਼ਿੰਮੇਵਾਰਾਨਾ ਸਿਆਸਤ ਦਾ ਨਤੀਜਾ ਹਨ, ਜੋ ਆਪਸਰਕਾਰ ਦੀ ਕਾਰਜ ਸ਼ੈੱਲੀ ਦੀ ਪਛਾਣ ਬਣ ਚੁੱਕੇ ਹਨ।                                                                                 

        ਭਾਜਪਾ ਭਗਵੇਂ ਵਾਦੀਆਂ ਦੀ ਪਿਠ ਉਪਰ

 ਪੰਜਾਬ ਦੀਆਂ ਭਗਵੀਆਂ ਜਥੇਬੰਦੀਆਂ ਨੇ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਨੂੰ ਪਟਿਆਲਾ ਹਿੰਸਾ ਦਾ ਮੁੱਖ ਕਾਰਨ ਦੱਸਿਆ ਹੈ। ਹਿੰਦੂ ਆਗੂ ਨੇਤਾ ਨਿਸ਼ਾਂਤ ਸ਼ਰਮਾ, ਸੰਜੀਵ ਘਨੌਲੀ, ਵਿਜੈ ਭਾਰਦਵਾਜ, ਸਤੀਸ਼ ਕੁਮਾਰ, ਮਹਿੰਦਰ ਭੱਟੀ ਅਤੇ ਕੀਰਤ ਸਿੰਘ ਨੇ ਕਿਹਾ ਕਿ ਸ਼ਿਵ ਸੈਨਾ ਆਗੂ ਹਰੀਸ਼ ਸਿੰਗਲਾ ਨੇ ਪਹਿਲਾਂ ਹੀ ਪੁਲੀਸ ਨੂੰ ਆਰੀਆ ਸਮਾਜ ਚੌਕ ਵਿੱਚ ਮਾਰਚ ਕੱਢਣ ਦੀ ਜਾਣਕਾਰੀ ਦੇ ਦਿੱਤੀ ਸੀ। ਹਿੰਸਕ ਘਟਨਾ ਕਾਲੀ ਦੇਵੀ ਮੰਦਰ ਅੱਗੇ ਵਾਪਰੀ ਹੈ, ਜੋ ਆਰੀਆ ਸਮਾਜ ਚੌਕ ਤੋਂ ਕਾਫੀ ਦੂਰ ਹੈ। ਉਨ੍ਹਾਂ ਕਿਹਾ ਕਿ ਬਲਜਿੰਦਰ ਸਿੰਘ ਪਰਵਾਨਾ ਇਕ ਸਾਜ਼ਿਸ਼ ਤਹਿਤ ਕਾਲੀ ਦੇਵੀ ਮੰਦਰ ਕੋਲ ਪਹੁੰਚੇ ਅਤੇ ਪਥਰਾਅ  ਕਰਵਾਇਆ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਦੇ ਖੁਫੀਆ ਵਿੰਗ ਕੋਲ ਦੋਵਾਂ ਧਿਰਾਂ ਦੇ ਪ੍ਰੋਗਰਾਮਾਂ ਦੀ ਜਾਣਕਾਰੀ ਸੀ। ਇਸ ਦੇ ਬਾਵਜੂਦ ਪੁਲੀਸ ਨੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਨਹੀਂ ਕੀਤੇ। ਉਨ੍ਹਾਂ ਪੰਜਾਬ ਵਿੱਚ ਅਮਨ-ਸ਼ਾਂਤੀ ਭੰਗ ਕਰਨ ਵਾਲੇ ਖਾਲਿਸਤਾਨੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ 'ਚ ਸਖ਼ਤ ਮਿਹਨਤ ਨਾਲ ਕਾਇਮ ਕੀਤੀ ਗਈ ਸ਼ਾਂਤੀ ਨੂੰ ਕਿਸੇ ਵੀ ਸੂਰਤ ਵਿਚ ਭੰਗ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਦੇਸ਼ ਵਿਰੋਧੀ ਤਾਕਤਾਂ ਨੂੰ ਪੰਜਾਬੀਅਤ ਨਾਲ ਹਰਾਇਆ ਜਾਵੇਗਾ ।ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਏਨੀ ਵੱਡੀ ਘਟਨਾ ਨੂੰ ਵਾਪਰਨ ਦਿੱਤਾ ਗਿਆ ।