ਸਾਬਕਾ ਡੀਆਈਜੀ ਜਾਖੜ ਤੇ ਸੱਗੂ ਖ਼ਿਲਾਫ਼ ਦਰਜ ਹੋਇਆ ਕੇਸ

ਸਾਬਕਾ ਡੀਆਈਜੀ ਜਾਖੜ ਤੇ ਸੱਗੂ ਖ਼ਿਲਾਫ਼ ਦਰਜ ਹੋਇਆ ਕੇਸ
ਲਖਮਿੰਦਰ ਸਿੰਘ ਜਾਖੜ ਤੇ ਸੁਖਦੇਵ ਸਿੰਘ ਸੱਗੂ

ਮਾਮਲਾ ਡਰੱਗ ਰਿਕਵਰੀ ਦਾ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ: ਫਿਰੋਜ਼ਪੁਰ ਪੁਲੀਸ ਨੇ ਸਾਬਕਾ ਡਿਪਟੀ ਇੰਸਪੈਕਟਰ ਜਨਰਲਾਂ (ਜੇਲ੍ਹਾਂ) ਲਖਮਿੰਦਰ ਸਿੰਘ ਜਾਖੜ ਤੇ ਸੁਖਦੇਵ ਸਿੰਘ ਸੱਗੂ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਡਰੱਗ ਰਿਕਵਰੀ ਘੁਟਾਲੇ ਵਿਚ ਚਾਰ ਦਿਨ ਪਹਿਲਾਂ ਪੰਜਾਬ ਦੇ ਡੀਜੀਪੀ ਨੇ ਸੋਧ ਕੇ ਹੁਕਮ ਜਾਰੀ ਕੀਤਾ ਸੀ। ਦੋਵਾਂ ਅਧਿਕਾਰੀਆਂ ਤੇ ਦੋਸ਼ ਹੈ ਕਿ ਇਨ੍ਹਾਂ ਜੇਲ੍ਹ ਵਿਚੋਂ ਬਰਾਮਦ ਨਸ਼ੀਲੇ ਪਦਾਰਥਾਂ ਦੇ ਮਾਮਲਿਆਂ ਨੂੰ ਆਪਣੇ ਪੱਧਰ ਤੇ ਹੀ ਨਿਬੇੜ ਦਿੱਤਾ ਤੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਨਹੀਂ ਦਿੱਤੀ। ਸਾਬਕਾ ਉੱਚ ਅਧਿਕਾਰੀਆਂ ਖ਼ਿਲਾਫ਼ ਐਕਸਾਈਜ਼  ਅਤੇ ਭ੍ਰਿਸ਼ਟਾਚਾਰ ਐਕਟ  ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਇਸ ਮਾਮਲੇ ਦੀ ਜਾਂਚ ਕੀਤੀ ਸੀ। ਐਫਆਈਆਰ ਵਿਚ ਦਰਜ ਹੈ ਕਿ ਜੇਲ੍ਹ ਵਿਚਲੇ ਨਸ਼ੀਲੇ ਪਦਾਰਥਾਂ ਦੇ 241 ਮਾਮਲਿਆਂ ਤੇ ਮੋਬਾਈਲ ਫੋਨ ਬਰਾਮਦ ਹੋਣ ਦੇ ਮਾਮਲਿਆਂ ਬਾਰੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਨਹੀਂ ਦਿੱਤੀ ਗਈ। ਜਾਖੜ ਤੇ ਸੱਗੂ ਨੇ ਸਿਰਫ਼ ਇਕ ਮਾਮਲੇ ਬਾਰੇ ਹੀ ਜਾਣਕਾਰੀ ਦਿੱਤੀ। ਇਹ ਮਾਮਲੇ 2005-11 ਦੇ ਹਨ ਜਦ ਇਹ ਦੋਵੇਂ ਫਿਰੋਜ਼ਪੁਰ ਜੇਲ੍ਹ ਦੇ ਸੁਪਰਡੈਂਟ ਵਜੋਂ ਤਾਇਨਾਤ ਸਨ। ਡੀਜੀਪੀ ਵੀ.ਕੇ. ਭਾਵੜਾ ਨੇ 6 ਅਪਰੈਲ ਨੂੰ ਦੋਵਾਂ ਵਿਰੁੱਧ ਐਫਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਸਨ। ਪਰ ਮੁਲਜ਼ਮਾਂ ਨੇ ਕਿਹਾ ਸੀ ਕਿ ਫ਼ੈਸਲਾ ਲੈਣ ਤੋਂ ਪਹਿਲਾਂ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ ਗਈ। ਇਸ ਤੇ ਡੀਜੀਪੀ ਨੇ ਫਾਈਲ ਵਾਪਸ ਮੰਗਵਾ ਲਈ ਸੀ ਤੇ ਹੁਣ ਸੋਧੇ ਹੋਏ ਹੁਕਮ 29 ਅਪਰੈਲ ਨੂੰ ਜਾਰੀ ਹੋਏ ਹਨ। ਫਿਰੋਜ਼ਪੁਰ ਪੁਲੀਸ ਨੂੰ 6 ਅਪਰੈਲ ਦੇ ਹੁਕਮਾਂ ਮੁਤਾਬਕ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਫਿਰਜ਼ੋਪੁਰ ਦੇ ਐੱਸਐੱਸਪੀ ਚਰਨਜੀਤ ਸਿੰਘ ਨੇ ਕਿਹਾ ਕਿ ਪਹਿਲਾਂ ਕੇਸ ਦਰਜ ਨਹੀਂ ਕੀਤਾ ਗਿਆ ਸੀ ਕਿਉਂਕਿ ਮੁਲਜ਼ਮ ਜੇਲ੍ਹ ਅਧਿਕਾਰੀਆਂ ਨੇ ਸੀਨੀਅਰ ਅਧਿਕਾਰੀਆਂ ਅੱਗੇ ਆਪਣਾ ਪੱਖ ਰੱਖਣਾ ਸੀ। ਹੁਣ ਨਵੇਂ ਹੁਕਮਾਂ ਮੁਤਾਬਕ ਐਫਆਈਆਰ ਦਰਜ ਕਰ ਲਈ ਗਈ ਹੈ। ਇਸ ਤੋਂ ਪਹਿਲਾਂ ਸ਼ਿਕਾਇਤਕਰਤਾ ਕਰਮਜੀਤ ਸਿੰਘ ਭੁੱਲਰ, ਜੋ ਕਿ ਲੁਧਿਆਣਾ ਦੀ ਜੇਲ੍ਹ ਵਿਚ ਸਹਾਇਕ ਸੁਪਰਡੈਂਟ ਵਜੋਂ ਤਾਇਨਾਤ ਹੈ, ਨੇ ਹਾਈ ਕੋਰਟ ਪਹੁੰਚ ਕਰ ਕੇ ਐਫਆਈਆਰ ਵਿਚ ਦੇਰੀ ਦਾ ਮੁੱਦਾ ਚੁੱਕਿਆ ਸੀ ਤੇ ਦਖ਼ਲ ਦੀ ਮੰਗ ਕੀਤੀ ਸੀ। ਹਾਈ ਕੋਰਟ ਨੇ 28 ਅਪਰੈਲ ਨੂੰ ਪੰਜਾਬ ਪੁਲੀਸ ਤੋਂ ਜਵਾਬ ਮੰਗ ਲਿਆ ਸੀ। ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰ ਕੇ ਕਿਹਾ ਸੀ ਕਿ ਸਾਬਕਾ ਡੀਆਈਜੀ ਜਾਖੜ ਆਪਦੇ ਇਕ ਵਿਧਾਇਕ ਦੇ ਨੇੜੇ ਹੈ। ਇਸ ਲਈ ਪੁਲੀਸ ਬਣਦੀ ਕਾਰਵਾਈ ਨਹੀਂ ਕਰ ਰਹੀ। ਮੁਲਜ਼ਮਾਂ ਨੇ ਆਪਣਾ ਬਚਾਅ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਜੇਲ੍ਹ ਮੈਨੂਅਲ ਤਹਿਤ ਮਿਲੀਆਂ ਤਾਕਤਾਂ ਮੁਤਾਬਕ ਹੀ ਕਾਰਵਾਈ ਕੀਤੀ ਸੀ