ਪੰਜਾਬ ਦੀ ਸਿਆਸਤ  ਉਪਰ ਅਪਰਾਧਿਕ ਪਿਛੋਕੜ ਵਾਲੇ ਤੇ ਕਰੋੜਪਤੀ ਉਮੀਦਵਾਰ ਭਾਰੂ 

ਪੰਜਾਬ ਦੀ ਸਿਆਸਤ  ਉਪਰ ਅਪਰਾਧਿਕ ਪਿਛੋਕੜ ਵਾਲੇ ਤੇ ਕਰੋੜਪਤੀ ਉਮੀਦਵਾਰ ਭਾਰੂ 

* ਏਡੀਆਰ ਦੀ ਰਿਪੋਰਟ ਮੁਤਾਬਕ 25 ਫੀਸਦੀ ਉਮੀਦਵਾਰਾਂ ’ਤੇ ਅਪਰਾਧਕ ਕੇਸ ਦਰਜ

ਅੰਮ੍ਰਿਤਸਰ ਟਾਈਮਜ਼ 

ਚੰਡੀਗੜ੍ਹ : ਪੰਜਾਬ ਦੀ ਸਿਆਸਤ ਵਿਚ ਅਪਰਾਧਕ ਪਿਛੋਕੜ ਵਾਲੇ ਅਤੇ ਅਮੀਰ ਸਿਆਸਤਦਾਨਾਂ ਦੇ ਵਧਦੇ ਬੋਲਬਾਲੇ ਨੇ ਰਾਜਨੀਤੀ ਦਾ ਨਵਾਂ ਰੂਪ ਪੇਸ਼ ਕੀਤਾ ਹੈ। ਵਿਧਾਨ ਸਭਾ ਚੋਣਾਂ ਦੇ ਮੈਦਾਨ ਵਿਚ ਨਿੱਤਰੇ ਸਮੁੱਚੇ ਉਮੀਦਵਾਰਾਂ ਦੇ ਕਿਰਦਾਰ ਤੇ ਅਸਾਸਿਆਂ ਦੀ ਸਮੀਖਿਆ ਕਰਦਿਆਂ ਪੰਜਾਬ ਇਲੈਕਸ਼ਨ ਵਾਚ ਅਤੇ ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮਜ਼ ਨੇ ਖੁਲਾਸਾ ਕੀਤਾ ਹੈ ਕਿ ਕੁੱਲ ਉਮੀਦਵਾਰਾਂ ਵਿਚੋਂ 25 ਫੀਸਦੀ ਤੇ ਅਪਰਾਧਕ ਕੇਸ ਦਰਜ ਹਨ। 2017 ਦੀਆਂ ਚੋਣਾਂ ਦੌਰਾਨ ਇਹ ਗਿਣਤੀ 10 ਫੀਸਦੀ ਸੀ। ਇਨ੍ਹਾਂ ਵਿਚ ਕਤਲ, ਜਬਰ-ਜਨਾਹ ਤੇ ਇਰਾਦਾ ਕਤਲ ਵਰਗੇ ਸੰਗੀਨ ਮਾਮਲੇ ਵੀ ਸ਼ਾਮਲ ਹਨ। ਏਡੀਆਰ ਦੇ ਟਰੱਸਟੀ ਜਸਕੀਰਤ ਸਿੰਘ, ਪੰਜਾਬ ਇਲੈਕਸ਼ਨ ਵਾਚ ਦੇ ਪਰਵਿੰਦਰ ਸਿੰਘ ਕਿੱਤਣਾ ਅਤੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ 1276 ਉਮੀਦਵਾਰਾਂ ਚੋਂ 228 ਕੌਮੀ ਪਾਰਟੀਆਂ ਦੇ ਹਨ, 256 ਰਾਜ ਪਾਰਟੀਆਂ ਤੋਂ, 345 ਰਜਿਸਟਰਡ ਗੈਰ-ਮਾਨਤਾ ਪ੍ਰਾਪਤ ਪਾਰਟੀਆਂ ਤੋਂ ਹਨ ਅਤੇ 447 ਉਮੀਦਵਾਰ ਆਜ਼ਾਦ ਚੋਣ ਲੜ ਰਹੇ ਹਨ। ਅਕਾਲੀ ਦਲ ਦੇ 96 ਉਮੀਦਵਾਰਾਂ ਵਿਚੋਂ 65 (68 ਫੀਸਦੀ), ਆਮ ਆਦਮੀ ਪਾਰਟੀ ਦੇ 117 ਉਮੀਦਵਾਰਾਂ ਵਿਚੋਂ 58 (50 ਫੀਸਦੀ), ਭਾਜਪਾ ਦੇ 71 ਉਮੀਦਵਾਰਾਂ ਚੋਂ 27 (38 ਫੀਸਦੀ), ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ 14 ਉਮੀਦਵਾਰਾਂ ਵਿਚੋਂ 4 (29 ਫੀਸਦੀ), ਬਸਪਾ ਦੇ 20 ਉਮੀਦਵਾਰਾਂ ਵਿਚੋਂ 3 (15 ਫੀਸਦੀ), ਕਾਂਗਰਸ ਦੇ 117 ਵਿਚੋਂ 16 (14 ਫੀਸਦੀ) ਅਤੇ ਪੰਜਾਬ ਲੋਕ ਕਾਂਗਰਸ ਪਾਰਟੀ ਦੇ 27 ਵਿੱਚੋਂ 3 (11 ਫੀਸਦੀ) ਉਮੀਦਵਾਰਾਂ ਨੇ ਆਪਣੇ ਹਲਫ਼ਨਾਮਿਆਂ ਵਿੱਚ ਆਪਣੇ ਖ਼ਿਲਾਫ਼ ਅਪਰਾਧਿਕ ਮਾਮਲੇ ਦਰਜ ਹੋਣ ਦਾ ਖੁਲਾਸਾ ਕੀਤਾ ਹੈ। ਕੁੱਲ 1276 ਉਮੀਦਵਾਰਾਂ ਵਿਚੋਂ ਇਹ ਗਿਣਤੀ 315 (25 ਫੀਸਦੀ) ਬਣਦੀ ਹੈ।

ਜਨਤਕ ਨੁਮਾਇੰਦੇ ਚੁਣੇ ਜਾਣ ਲਈ ਲੋਕ ਕਚਿਹਰੇ ਵਿੱਚ ਉਤਰੇ ਇਨ੍ਹਾਂ ਸਿਆਸਤਦਾਨਾਂ ਖ਼ਿਲਾਫ਼ ਗੰਭੀਰ ਮਾਮਲਿਆਂ ਦੇ ਅੰਕੜੇ ਦੇਖੇ ਜਾਣ ਤਾਂ 15 ਉਮੀਦਵਾਰਾਂ ਨੇ ਔਰਤਾਂ ਵਿਰੁੱਧ ਅਪਰਾਧ ਨਾਲ ਸਬੰਧਤ ਕੇਸ ਹੋਣ ਦੀ ਗੱਲ ਕਬੂਲੀ ਹੈ। ਇਨ੍ਹਾਂ 15 ਵਿਚੋਂ 2 ਉਮੀਦਵਾਰਾਂ ਨੇ ਜਬਰ-ਜਨਾਹ (ਧਾਰਾ-376) ਨਾਲ ਸਬੰਧਤ ਕੇਸਾਂ ਦਾ ਪ੍ਰਗਟਾਵਾ ਕੀਤਾ ਹੈ। ਇਸੇ ਤਰ੍ਹਾਂ ਚਾਰ ਉਮੀਦਵਾਰਾਂ ਨੇ ਆਪਣੇ ਖ਼ਿਲਾਫ਼ ਕਤਲ ਨਾਲ ਸਬੰਧਤ ਕੇਸ ਐਲਾਨੇ ਹਨ ਜਦੋਂ ਕਿ 33 ਉਮੀਦਵਾਰਾਂ ਨੇ ਆਪਣੇ ਵਿਰੁੱਧ ਇਰਾਦਾ ਕਤਲ ਦੇ ਕੇਸ ਕਬੂਲੇ ਹਨ।ਏਡੀਆਰ ਮੁਤਾਬਕ 117 ਹਲਕਿਆਂ ਵਿਚੋਂ 57 (49 ਫੀਸਦੀ) ਰੈੱਡ ਅਲਰਟ ਹਲਕੇ ਹਨ। ਰੈੱਡ ਅਲਰਟ ਹਲਕੇ ਉਹ ਹੁੰਦੇ ਹਨ, ਜਿੱਥੇ ਤਿੰਨ ਜਾਂ ਇਸ ਤੋਂ ਵੱਧ ਚੋਣ ਲੜ ਰਹੇ ਉਮੀਦਵਾਰਾਂ ਨੇ ਆਪਣੇ ਵਿਰੁੱਧ ਅਪਰਾਧਕ ਮਾਮਲਿਆਂ ਦਾ ਐਲਾਨ ਕੀਤਾ ਹੁੰਦਾ ਹੈ। ਪੰਜਾਬ ਭਾਵੇਂ ਗਰੀਬ ਹੁੰਦਾ ਜਾ ਰਿਹਾ ਹੈ ਪਰ ਅਮੀਰ ਸਿਆਸਤਦਾਨਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਚੋਣ ਮੈਦਾਨ ਵਿਚ ਨਿੱਤਰੇ 1276 ਉਮੀਦਵਾਰਾਂ ਚੋਂ 521 (41 ਫੀਸਦੀ) ਕਰੋੜਪਤੀ ਹਨ। 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ 1145 ਉਮੀਦਵਾਰਾਂ ਚੋਂ 428 (37 ਫੀਸਦੀ) ਕਰੋੜਪਤੀ ਸਨ। ਅਕਾਲੀ ਦਲ ਦੇ 96 ਉਮੀਦਵਾਰਾਂ ਚੋਂ 89 (93 ਫੀਸਦੀ), ਕਾਂਗਰਸ ਦੇ 117 ’ਚੋਂ 107 (92 ਫੀਸਦੀ), ਭਾਜਪਾ ਦੇ 71 ਵਿਚੋਂ 60 (85 ਫੀਸਦੀ), ਬਸਪਾ ਦੇ 20 ਵਿਚੋਂ 16 (80 ਫੀਸਦੀ), ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ 14 ਵਿਚੋਂ 11 (79 ਫੀਸਦੀ), ‘ਆਪਦੇ 117 ਵਿਚੋਂ 81 (69 ਫੀਸਦੀ) ਅਤੇ ਪੰਜਾਬ ਲੋਕ ਕਾਂਗਰਸ ਪਾਰਟੀ ਦੇ 27 ਉਮੀਦਵਾਰਾਂ ਵਿੱਚੋਂ 16 (59 ਫੀਸਦੀ) ਨੇ 1 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਦੇ ਮਾਲਕ ਹੋਣ ਦਾ ਐਲਾਨ ਕੀਤਾ ਹੈ। ਪ੍ਰਤੀ ਉਮੀਦਵਾਰ ਔਸਤ ਜਾਇਦਾਦ 4.31 ਕਰੋੜ ਰੁਪਏ ਹੈ।  ਸਭ ਤੋਂ ਵੱਧ ਜਾਇਦਾਦ ਵਾਲੇ ਉਮੀਦਵਾਰ ਮੁਹਾਲੀ ਤੋਂ ਆਪਦੇ ਕੁਲਵੰਤ ਸਿੰਘ 238 ਕਰੋੜ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 202 ਕਰੋੜ ਅਤੇ ਮੁਕਤਸਰ ਤੋਂ ਕਾਂਗਰਸ ਦੀ ਕਰਨ ਕੌਰ 155 ਕਰੋੜ ਦੇ ਮਾਲਕ ਹਨ। ਪੰਜ ਉਮੀਦਵਾਰਾਂ ਨੇ ਜ਼ੀਰੋ ਜਾਇਦਾਦ ਐਲਾਨੀ ਹੈ।  90 (7 ਫੀਸਦੀ) ਮਹਿਲਾ ਉਮੀਦਵਾਰ ਚੋਣ ਮੈਦਾਨ ਵਿਚ ਨਿੱਤਰੀਆਂ ਹਨ।

ਚੋਣਾਂ ਲੜ ਰਹੇ 49 ਉਮੀਦਵਾਰ ਅਨਪੜ੍ਹ

ਪੰਜਾਬ ਦੇ ਉਮੀਦਵਾਰਾਂ ਦੀ ਵਿੱਦਿਅਕ ਯੋਗਤਾ ਦੇਖੀ ਜਾਵੇ ਤਾਂ 695 (54 ਫੀਸਦੀ) ਉਮੀਦਵਾਰਾਂ ਨੇ ਆਪਣੀ ਵਿਦਿਅਕ ਯੋਗਤਾ 5ਵੀਂ ਅਤੇ 12ਵੀਂ ਜਮਾਤ ਦੇ ਵਿਚਕਾਰ ਐਲਾਨੀ ਹੈ, ਜਦੋਂਕਿ 483 (38 ਫੀਸਦੀ) ਉਮੀਦਵਾਰਾਂ ਨੇ ਗਰੈਜੂਏਟ ਜਾਂ ਇਸ ਤੋਂ ਵੱਧ ਦੀ ਵਿਦਿਅਕ ਯੋਗਤਾ ਹੋਣ ਦਾ ਐਲਾਨ ਕੀਤਾ ਹੈ। ਇਸੇ ਤਰ੍ਹਾਂ 24 ਉਮੀਦਵਾਰ ਡਿਪਲੋਮਾ ਹੋਲਡਰ ਹਨ। 21 ਉਮੀਦਵਾਰਾਂ ਨੇ ਆਪਣੇ ਆਪ ਨੂੰ ਸਿਰਫ਼ ਪੜ੍ਹਿਆ-ਲਿਖਿਆ ਦੱਸਿਆ ਹੈ ਅਤੇ 49 ਉਮੀਦਵਾਰ ਅਨਪੜ੍ਹ ਹਨ।