ਬਰਗਾੜੀ ਅਤੇ ਬਹਿਬਲ ਕਲਾਂ ਵਿਖੇ ਫ਼ਰਾਂਸ ਅਤੇ ਇਟਲੀ ਤੋਂ ਦਰਦ ਲੈਕੇ ਪਹੁੰਚੇ ਸਿੱਖਾਂ ਦੀਆਂ ਭਾਵਨਾਵਾ ਨੂੰ ਹੁਕਮਰਾਨ ਨਜ਼ਰ ਅੰਦਾਜ ਕਰਨ ਦੀ ਗੁਸਤਾਖੀ ਨਾ ਕਰਨ : ਮਾਨ

ਬਰਗਾੜੀ ਅਤੇ ਬਹਿਬਲ ਕਲਾਂ ਵਿਖੇ ਫ਼ਰਾਂਸ ਅਤੇ ਇਟਲੀ ਤੋਂ ਦਰਦ ਲੈਕੇ ਪਹੁੰਚੇ ਸਿੱਖਾਂ ਦੀਆਂ ਭਾਵਨਾਵਾ ਨੂੰ ਹੁਕਮਰਾਨ ਨਜ਼ਰ ਅੰਦਾਜ ਕਰਨ ਦੀ ਗੁਸਤਾਖੀ ਨਾ ਕਰਨ : ਮਾਨ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 15 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- “ਜੋ ਬੀਤੇ ਸਮੇ ਤੋ ਬਰਗਾੜੀ ਅਤੇ ਬਹਿਬਲ ਕਲਾਂ ਵਿਖੇ ਸਿੱਖਾਂ ਦੇ ਹੋਏ ਕਤਲੇਆਮ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸਾਜ਼ਸੀ ਢੰਗ ਨਾਲ ਹੋਈਆ ਬੇਅਦਬੀਆ, 328 ਪਾਵਨ ਸਰੂਪਾਂ ਨੂੰ ਲਾਪਤਾ ਕਰਨ ਦੇ ਦੋਸ਼ੀਆਂ ਨੂੰ ਕਾਨੂੰਨੀ ਸਜਾਵਾਂ ਦਿਵਾਉਣ ਦੇ ਮਕਸਦ ਨੂੰ ਲੈਕੇ ਬਹੁਤ ਹੀ ਦਰਦ ਤੇ ਪੀੜ੍ਹਾ ਨਾਲ ਨਿਰੰਤਰ ਮੋਰਚੇ ਚੱਲਦੇ ਆ ਰਹੇ ਹਨ, ਉਸ ਵਿਚ ਕੇਵਲ ਪੰਜਾਬ ਸੂਬੇ ਅਤੇ ਇੰਡੀਆ ਦੇ ਦੂਸਰੇ ਸੂਬਿਆ ਦੇ ਸਿੱਖ ਹੀ ਸਮੂਲੀਅਤ ਨਹੀ ਕਰ ਰਹੇ ਬਲਕਿ ਫ਼ਰਾਂਸ ਅਤੇ ਇਟਲੀ ਤੋ ਕ੍ਰਮਵਾਰ ਉਥੋ ਦੇ ਸਿੱਖਾਂ ਦੀਆਂ ਭਾਵਨਾਵਾ ਨੂੰ ਲੈਕੇ ਪਹੁੰਚੇ ਸ. ਪਰਮਜੀਤ ਸਿੰਘ ਸੋਹਲ ਅਤੇ ਸ. ਬਘੇਲ ਸਿੰਘ ਵੱਲੋਂ ਉਠਾਈ ਆਵਾਜ ਵਿਚ ਇੰਡੀਆ ਦੇ ਅਤੇ ਪੰਜਾਬ ਸੂਬੇ ਦੇ ਹੁਕਮਰਾਨਾਂ ਦੀਆਂ ਕੀਤੀਆ ਜਾ ਰਹੀਆ ਵਧੀਕੀਆ ਵਿਰੁੱਧ ਵੀ ਜੋਰਦਾਰ ਢੰਗ ਨਾਲ ਆਵਾਜ ਬੁਲੰਦ ਕੀਤੀ ਹੈ । ਜਿਸ ਨੂੰ ਇਥੋ ਦੇ ਹੁਕਮਰਾਨ ਨਜਰ ਅੰਦਾਜ ਕਰਨ ਦੀ ਗੁਸਤਾਖੀ ਕਤਈ ਨਾ ਕਰਨ ਤਾਂ ਬਿਹਤਰ ਹੋਵੇਗਾ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਫ਼ਰਾਂਸ ਅਤੇ ਇਟਲੀ ਤੋ ਬਰਗਾੜੀ ਅਤੇ ਬਹਿਬਲ ਕਲਾਂ ਵਿਖੇ ਉਚੇਚੇ ਤੌਰ ਤੇ ਪਹੁੰਚੇ ਸਿੱਖ ਆਗੂਆ ਤੇ ਇਨ੍ਹਾਂ ਦੋਵਾਂ ਮੁਲਕਾਂ ਦੇ ਸਿੱਖਾਂ ਦਾ ਧੰਨਵਾਦ ਕਰਦੇ ਹੋਏ ਅਤੇ ਇਥੋ ਦੇ ਹੁਕਮਰਾਨਾਂ ਵੱਲੋ ਸਿੱਖ ਕੌਮ ਨੂੰ ਲੰਮੇ ਸਮੇ ਤੋ ਇਨਸਾਫ਼ ਨਾ ਦੇਣ ਦੇ ਦੁੱਖਦਾਇਕ ਅਮਲਾਂ ਦੇ ਨਿਕਲਣ ਵਾਲੇ ਖ਼ਤਰਨਾਕ ਨਤੀਜਿਆ ਤੋ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੀਤੇ 7 ਸਾਲਾਂ ਤੋ ਸਿੱਖ ਕੌਮ ਇਨਸਾਫ਼ ਪ੍ਰਾਪਤ ਕਰਨ ਲਈ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਜੂਝਦੀ ਆ ਰਹੀ ਹੈ । ਲੇਕਿਨ ਨਾ ਤਾਂ ਹੁਕਮਰਾਨਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨਿਤ ਦੋਸ਼ੀਆਂ, ਸ਼ਹੀਦ ਭਾਈ ਗੁਰਜੀਤ ਸਿੰਘ, ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਕਾਤਲ ਪੁਲਿਸ ਅਫਸਰਾਂ, ਅਧਿਕਾਰੀਆ ਅਤੇ ਨਾ ਹੀ ਸਾਜਸੀ ਢੰਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਲਾਪਤਾ ਕਰਨ ਵਾਲੇ ਦੋਸ਼ੀਆ ਨੂੰ ਕਾਨੂੰਨ ਅਨੁਸਾਰ ਸਜਾਵਾਂ ਦੇਣ ਦੇ ਅਮਲ ਕੀਤੇ ਹਨ । ਜਿਸ ਲਈ ਦਿਨੋ ਦਿਨ ਪੰਜਾਬੀਆ ਤੇ ਸਿੱਖ ਕੌਮ ਵਿਚ ਹੁਕਮਰਾਨਾਂ ਪ੍ਰਤੀ ਰੋਹ ਪ੍ਰਚੰਡ ਹੁੰਦਾ ਜਾ ਰਿਹਾ ਹੈ । ਫਿਰ ਜਿਸ ਸਿਰਸੇਵਾਲੇ ਬਲਾਤਕਾਰੀ ਤੇ ਕਾਤਲ ਸਾਧ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਵਾਈਆ ਹਨ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਕੇ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚਾਈ ਹੈ, ਉਸਨੂੰ ਹਰ 2-3 ਮਹੀਨਿਆ ਬਾਅਦ ਹੁਕਮਰਾਨਾਂ ਵੱਲੋ ਪੈਰੋਲ ਤੇ ਰਿਹਾਅ ਕਰਨਾ ਕਾਨੂੰਨ ਤੇ ਇਨਸਾਫ਼ ਦਾ ਜਨਾਜ਼ਾਂ ਕੱਢਣ ਦੇ ਅਮਲ ਹਨ । ਇਸ ਸਿਰਸੇਵਾਲੇ ਸਾਧ ਨੂੰ ਵਾਰ-ਵਾਰ ਪੈਰੋਲ ਦੇਣ ਦੇ ਵਿਰੁੱਧ ਬਾਦਲ ਪਰਿਵਾਰ ਵੱਲੋ ਕੁਝ ਨਹੀ ਬੋਲਿਆ ਜਾ ਰਿਹਾ । ਇਥੋ ਤੱਕ ਉਪਰੋਕਤ ਸਾਜਿਸਾਂ ਦੇ ਦੋਸ਼ੀ ਸ. ਪ੍ਰਕਾਸ਼ ਸਿੰਘ ਬਾਦਲ, ਸ. ਸੁਖਬੀਰ ਸਿੰਘ ਬਾਦਲ, ਸੁਮੇਧ ਸੈਣੀ, ਪਰਮਰਾਜ ਸਿੰਘ ਉਮਰਾਨੰਗਲ ਤੇ ਹੋਰ ਪੁਲਿਸ ਅਧਿਕਾਰੀ ਖੁੱਲ੍ਹੇਆਮ ਘੁੰਮ-ਫਿਰ ਰਹੇ ਹਨ । ਇਨ੍ਹਾਂ ਬਾਦਲ ਪਰਿਵਾਰ ਨੇ ਸਿੱਖ ਕੌਮ ਦੇ ਵੱਡੇ ਦੋਸ਼ੀ ਸਿਰਸੇਵਾਲੇ ਸਾਧ ਨੂੰ ਕੇਵਲ ਮਰਿਯਾਦਾ ਨੂੰ ਭੰਗ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਮੁਆਫ਼ ਹੀ ਨਹੀ ਕਰਵਾਇਆ, ਬਲਕਿ ਇਸ ਦਿੱਤੀ ਜਾਣ ਵਾਲੀ ਮੁਆਫ਼ੀ ਨੂੰ ਸਹੀ ਸਾਬਤ ਕਰਨ ਲਈ ਕੌਮੀ ਖਜਾਨੇ ਵਿਚੋ 92 ਲੱਖ ਰੁਪਏ ਖਰਚ ਕਰਕੇ ਉਸ ਸਿਰਸੇਵਾਲੇ ਸਾਧ ਦੇ ਹੱਕ ਵਿਚ ਪ੍ਰਚਾਰ ਕਰਨ ਦੇ ਵੀ ਸਿੱਖ ਕੌਮ ਦੇ ਦੋਸ਼ੀ ਹਨ ।

 

ਉਨ੍ਹਾਂ ਕਿਹਾ ਕਿ ਜੋ ਸਾਡੀ ਸਿੱਖ ਨੌਜ਼ਵਾਨੀ 25-25, 30-30 ਸਾਲਾਂ ਤੋ ਜੇਲ੍ਹ ਵਿਚ ਬੰਦੀ ਬਣਾਈ ਗਈ ਹੈ, ਜੋ ਕਾਨੂੰਨੀ ਸਜਾਵਾਂ ਪੂਰੀਆ ਕਰ ਚੁੱਕੇ ਹਨ, ਉਨ੍ਹਾਂ ਨੂੰ ਤਾਂ ਮੰਦਭਾਵਨਾ ਅਧੀਨ ਅਜੇ ਵੀ ਰਿਹਾਅ ਨਹੀ ਕੀਤਾ ਜਾ ਰਿਹਾ, ਜਦੋਕਿ 2002 ਵਿਚ ਜਦੋਂ ਸ੍ਰੀ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ਅਤੇ ਉਸ ਸਮੇ ਇਕ ਮੁਸਲਿਮ ਬੀਬੀ ਬਿਲਕਿਸ ਬਾਨੋ ਜਿਸ ਨਾਲ ਸਮੂਹਿਕ ਤੌਰ ਤੇ ਬਹੁਗਿਣਤੀ ਫਿਰਕੂ ਸੋਚ ਵਾਲੇ ਲੋਕਾਂ ਨੇ ਅਤਿ ਸ਼ਰਮਨਾਕ ਢੰਗ ਨਾਲ ਜ਼ਬਰ-ਜ਼ਨਾਹ ਕੀਤਾ, ਜਿਸਦੇ ਪਰਿਵਾਰ ਦੇ 13 ਬੇਕਸੂਰ ਮੈਬਰਾਂ ਨੂੰ ਮਾਰ ਦਿੱਤਾ ਗਿਆ ਸੀ, ਉਸਦੇ ਦੋਸ਼ੀ ਬਲਾਤਕਾਰੀਆ ਨੂੰ ਮੋਦੀ ਹਕੂਮਤ ਅਤੇ ਅਦਾਲਤਾਂ ਨੇ 15 ਅਗਸਤ 2022 ਨੂੰ ਰਿਹਾਅ ਕਰਕੇ ਇਨਸਾਫ਼ ਦਾ ਪ੍ਰਤੱਖ ਰੂਪ ਵਿਚ ਗਲਾ ਘੁੱਟ ਦਿੱਤਾ ਹੈ । ਜਿਸ ਤੋ ਸਾਬਤ ਹੋ ਜਾਂਦਾ ਹੈ ਕਿ ਇਥੇ ਬਲਾਤਕਾਰੀ ਤੇ ਕਾਤਲ ਤਾਂ ਆਜਾਦ ਹਨ, ਲੇਕਿਨ ਸਿੱਖ ਕੌਮ ਤੇ ਘੱਟ ਗਿਣਤੀ ਕੌਮਾਂ ਨਾਲ ਗੁਲਾਮਾਂ ਦੀ ਤਰ੍ਹਾਂ ਹੁਕਮਰਾਨ ਤੇ ਕਾਨੂੰਨ ਵੱਲੋ ਪੇਸ਼ ਆਇਆ ਜਾਂਦਾ ਹੈ। ਜੋ ਵਿਧਾਨਿਕ ਲੀਹਾਂ ਦੀ ਘੋਰ ਉਲੰਘਣਾ ਹੈ । ਉਨ੍ਹਾਂ ਕਿਹਾ ਕਿ ਇਥੇ ਘੱਟ ਗਿਣਤੀ ਮੁਸਲਿਮ, ਸਿੱਖ, ਰੰਘਰੇਟਿਆ, ਕਬੀਲਿਆ ਆਦਿ ਨਾਲ ਹਰ ਖੇਤਰ ਵਿਚ ਵਿਤਕਰੇ ਜਾਰੀ ਹਨ । ਇਥੋ ਤੱਕ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਦੀਆਂ ਬੀਤੇ 11 ਸਾਲਾਂ ਤੋ ਚੋਣਾਂ ਨਹੀ ਕਰਵਾਈਆ ਜਾ ਰਹੀਆ । ਜੋ ਜਮਹੂਰੀਅਤ ਕਦਰਾਂ-ਕੀਮਤਾਂ ਦਾ ਹੁਕਮਰਾਨਾਂ ਵੱਲੋ ਖੁਦ ਹੀ ਘਾਣ ਕੀਤਾ ਜਾਂਦਾ ਆ ਰਿਹਾ ਹੈ । ਜਦੋਕਿ ਦੂਸਰੀਆ ਕਾਨੂੰਨੀ ਸੰਸਥਾਵਾ ਪਾਰਲੀਮੈਟ, ਅਸੈਬਲੀਆ ਆਦਿ ਦੀਆਂ ਚੋਣਾਂ ਹਰ 5 ਸਾਲ ਬਾਅਦ ਸਮਾਂ ਖਤਮ ਹੋਣ ਤੋ ਪਹਿਲੇ ਕਰਵਾਈਆ ਜਾਂਦੀਆ ਹਨ । ਸਿੱਖ ਕੌਮ ਨਾਲ ਅਜਿਹਾ ਵਿਵਹਾਰ ਤੇ ਵਿਤਕਰਾ ਕਿਉਂ ?