ਲੰਬੀ ਹੇਕ ਵਾਲੀ ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ ਚਲ ਵਸੀ       

ਲੰਬੀ ਹੇਕ ਵਾਲੀ ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ ਚਲ ਵਸੀ       

 ਮੁਖ ਮੰਤਰੀ ਚੰਨੀ, ਰੰਧਾਵਾ ਤੇ ਪਰਗਟ ਸਿੰਘ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ : ਸੰਗੀਤ ਜਗਤ ਲਈ ਬੇਹੱਦ ਦੁਖਦਾਈ ਖਬਰ ਹੈ। ਲੰਬੀ ਹੇਕ ਵਾਲੀ ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਉਮਰ ਕਰੀਬ 77 ਸਾਲ ਸੀ ਤੇ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਆਪਣੀ ਇਸ ਲੋਕ ਕਲਾ ਲਈ ਉਨ੍ਹਾਂ ਨੂੰ ਭਾਰਤੀ ਸੰਗੀਤ ਨਾਟਕ ਅਕਾਦਮੀ ਵੱਲੋਂ 'ਰਾਸ਼ਟਰਪਤੀ ਪੁਰਸਕਾਰ' ਅਤੇ ਪੰਜਾਬ ਕਲਾ ਪਰਿਸ਼ਦ ਵੱਲੋਂ 'ਪੰਜਾਬ ਗੌਰਵ' ਪੁਰਸਕਾਰ ਤੇ ਹੋਰ ਸਨਮਾਨਾਂ ਨਾਲ ਸਨਮਾਨਿਤ ਹੋ ਚੁੱਕੇ ਹਨ। ਗੁਰਮੀਤ ਬਾਵਾ ਦੇ ਦੇਹਾਂਤ ਨਾਲ ਪੰਜਾਬੀ ਇੰਡਸਟਰੀ ਦੇ ਨਾਲ-ਨਾਲ-ਨਾਲ ਆਮ ਜਨਤਾ ਵਿਚ ਵੀ ਸੋਗ ਦੀ ਲਹਿਰ ਦੌੜ ਗਈ ਹੈ। ਪੰਜਾਬੀ ਲੋਕ ਗਾਇਕੀ ਵਿਚ 45 ਸੈਕੰਡ ਦੀ ਹੇਕ ਲਾਉਣ ਦਾ ਰਿਕਾਰਡ ਉਨ੍ਹਾਂ ਦੇ ਨਾਂ ਹੈ। ਉਨ੍ਹਾਂ ਦੀ ਸ਼ੈਲੀ ਵਿਚ ਸੁਹਾਗ,ਘੋੜੀਆਂ, ਸਿੱਠਣੀਆਂ ਵਰਗੇ ਲੋਕ ਰੰਗ ਸ਼ਾਮਿਲ ਹਨ। ਲੋਕ ਗੀਤਾਂ ਨੂੰ ਸਦੀਵੀਂ ਜਿਊਂਦਾ ਰੱਖਣ ਵਾਲ਼ੀ ਗਾਇਕਾ ਨੂੰ ਤਾਉਮਰ ਯਾਦ ਰੱਖਿਆ ਜਾਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਫਰਵਰੀ ਮਹੀਨੇ ਗੁਰਮੀਤ ਬਾਵਾ ਦੀ ਬੇਟੀ ਤੇ ਸੰਗੀਤ ਖੇਤਰ ਦੀ ਮਸ਼ਹੂਰ ਹਸਤੀ ਲਾਚੀ ਬਾਵਾ ਦਾ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਜੂਝਦੇ ਹੋਏ ਦੇਹਾਂਤ ਹੋ ਗਿਆ ਸੀ।

  ਛੋਟੀ ਉਮਰ ਵਿਚ ਹੀ ਛੁੱਟ ਗਿਆ ਮਾਂ ਦਾ ਸਾਥ

 ਬਾਵਾ ਅਜੇ ਬਹੁਤ ਛੋਟੇ ਸਨ ਜਦੋਂ ਉਨ੍ਹਾਂ ਦੇ ਮਾਤਾ ਜੀ ਦਾ ਦੇਹਾਂਤ ਹੋ ਗਿਆ। ਜਿਸ ਦੌਰ ਵਿੱਚ ਕੁੜੀਆਂ ਆਪਣੇ ਘਰਦਿਆਂ ਦੀ ਮਰਜ਼ੀ ਤੋਂ ਬਿਨਾਂ ਇੱਕ ਪੈਰ ਵੀ ਨਹੀਂ ਪੁੱਟ ਸਕਦੀਆਂ ਸਨ ਬਾਵਾ ਨੇ ਨਾ ਕੇਵਲ ਸਿੱਖਿਆ ਪ੍ਰਾਪਤ ਕੀਤੀ ਬਲਕਿ ਜੇਬੀਟੀ ਵੀ ਪਾਸ ਕੀਤੀ।ਉਨ੍ਹਾਂ ਦੱਸਿਆ ਸੀ ਕਿ ਉਹ ਤਿੰਨ ਪਿੰਡਾਂ ਵਿਚੋਂ ਇਕੱਲੇ ਕੁੜੀ ਸੀ ਜੋ ਪੜ੍ਹਨ ਲਈ ਜਾਂਦੀ ਸੀ।ਉਨ੍ਹਾਂ ਦੀ ਸਿੱਖਿਆ ਵਿੱਚ ਉਨ੍ਹਾਂ ਦੇ ਪਿਤਾ ਜੀ ਦੀ ਅਹਿਮ ਭੂਮਿਕਾ ਰਹੀ। ਉਨ੍ਹਾਂ ਨੇ ਸਮਾਜ ਦੇ ਖਿਲਾਫ ਜਾ ਕੇ ਆਪਣੀ ਧੀ ਗੁਰਮੀਤ ਨੂੰ ਪੜ੍ਹਾਈ ਲਈ ਪ੍ਰੇਰਿਤ ਕੀਤਾ ਤੇ ਉਨ੍ਹਾਂ ਦੇ ਅਧਿਆਪਕਾ ਬਣਨ ਦੇ ਸੁਫ਼ਨੇ ਨੂੰ ਪੂਰਾ ਕਰਨ ਵਿੱਚ ਮਦਦ ਕੀਤੀ।ਬਾਵਾ ਨੂੰ ਸੰਗੀਤ ਵਿੱਚ ਰੁਚੀ ਜ਼ਰੂਰ ਸੀ ਪਰ ਉਨ੍ਹਾਂ ਨੇ ਕਦੇ ਇਹ ਨਹੀਂ ਸੋਚਿਆ ਸੀ ਕਿ ਉਹ ਅੱਗੇ ਜਾ ਕੇ ਆਪ ਵੀ ਗਾਉਣਗੇ। ਬਾਵਾ ਅਤੇ ਉਨ੍ਹਾਂ ਦੇ ਬਾਕੀ ਭੈਣ-ਭਰਾ ਹਰ ਰੋਜ਼ ਸ਼ਾਮ ਵੇਲੇ ਮਿਲ ਕੇ ਸ਼ਬਦ ਗਾਉਂਦੇ ਸਨ।ਬਾਵਾ ਨੇ ਦਸਿਆ ਸੀ, ''ਉਸ ਪਿੰਡ ਦੇ ਖਾਸ-ਖਾਸ ਬੰਦਿਆਂ ਨੇ ਮੇਰੇ ਪਿਤਾ ਜੀ ਨੂੰ ਕਿਹਾ, 'ਸਰਦਾਰਾ ਤੇਰਾ ਦਿਮਾਗ ਖਰਾਬ ਹੈ, ਜਵਾਨ ਕੁੜੀ ਨੂੰ ਘਰੋਂ ਬਾਹਰ ਭੇਜਦਾ ਹੈਂ?' ਮੇਰੇ ਪਿਤਾ ਜੀ ਕਹਿੰਦੇ, 'ਜਦੋਂ ਤੁਹਾਡਾ ਦਿਮਾਗ ਖਰਾਬ ਹੋਵੇਗਾ ਨਾ ਤਾਂ ਮੈਂ ਤੁਹਾਨੂੰ ਦੱਸ ਦਿਆਂਗਾ'''                                                                                                     

ਨੌਕਰੀ ਛੱਡਣ 'ਤੇ ਬਹੁਤ ਰੋਏ

ਵਿਆਹ ਤੋਂ ਬਾਅਦ ਬਾਵਾ ਦੇ ਪਤੀ ਨੇ ਆਪ ਵੀ ਨੌਕਰੀ ਛੱਡ ਦਿੱਤੀ ਅਤੇ ਬਾਵਾ ਤੋਂ ਵੀ ਨੌਕਰੀ ਛੁਡਾ ਦਿੱਤੀ। ਬਾਵਾ ਨੇ ਦੱਸਿਆ ਕਿ ਕਿਵੇਂ ਉਹ ਰੌਂਦੇ-ਰੌਂਦੇ ਆਪਣੇ ਪਿਤਾ ਕੋਲ ਗਏ ਤੇ ਕਿਹਾ ਕਿ ਉਹ ਨੌਕਰੀ ਨਹੀਂ ਛੱਡਣਾ ਚਾਹੁੰਦੇ। ਪਰ ਉਨ੍ਹਾਂ ਦੇ ਪਿਤਾ ਨੇ ਸਲਾਹ ਦਿੱਤੀ ਕਿ ਉਨ੍ਹਾਂ ਨੂੰ ਆਪਣੇ ਸਾਥੀ ਦੀ ਗੱਲ ਮੰਨਣੀ ਚਾਹੀਦੀ ਹੈ।ਫਿਰ ਜਦੋਂ ਉਨ੍ਹਾਂ ਦੇ ਪਹਿਲੇ ਰਿਕਾਰਡ ਦੀਆਂ 13 ਹਜ਼ਾਰ ਕਾਪੀਆਂ ਵਿਕੀਆਂ ਤਾਂ ਹਰ ਪਾਸੇ ਬਾਵਾ-ਬਾਵਾ ਹੋ ਗਈ। ਬਾਵਾ ਅਤੇ ਉਨ੍ਹਾਂ ਦੇ ਪਤੀ ਨੇ ਹਮੇਸ਼ਾ ਹੀ ਲੋਕ ਸੱਭਿਆਚਾਰ ਲਈ ਕੰਮ ਕੀਤਾ।

ਅਜੋਕੀ ਗਾਇਕੀ ਬਾਰੇ ਕੀ ਸਨ ਵਿਚਾਰ

ਬਾਵਾ ਨੂੰ ਇਸ ਗੱਲ ਦਾ ਦੁੱਖ ਸੀ ਕਿ ਅੱਜ ਦੇ ਸਮੇਂ ਵਿੱਚ ਗਾਇਕੀ ਪਹਿਲਾਂ ਵਰਗੀ ਨਹੀਂ ਰਹੀ। ਉਨ੍ਹਾਂ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਸੀ ਕਿ ਗਾਉਣ ਵਾਲਾ ਤਾਂ ਸ਼ਾਇਦ ਫਿਰ ਵੀ ਠੀਕ ਗਾ ਲਵੇ, ਪਰ ਲੇਖਣੀ ਤੇ ਪੇਸ਼ਕਾਰੀ ਬਹੁਤ ਜ਼ਿਆਦਾ ਗਲਤ ਹੈ।ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਸਮੇਂ ਦੇ ਗੀਤਾਂ ਦੇ ਅਨੁਭਵ ਨੂੰ ਯਾਦ ਕਰਦਿਆਂ ਦੱਸਿਆ ਸੀ ''ਉਸ ਵੇਲੇ ਇੱਕ ਗੀਤ ਨੂੰ ਰਿਕਾਰਡ ਕਰਨ ਵਿੱਚ ਛੇ ਘੰਟੇ ਲੱਗਦੇ ਸਨ ਤੇ ਹੁਣ ਤਾਂ ਬੇਸੁਰਾ ਵੀ ਕੰਪਿਊਟਰ ਦੇ ਨਾਲ ਸੁਰ 'ਚ ਹੋ ਜਾਂਦਾ ਹੈ।'

  ਰੰਧਾਵਾ ਤੇ ਪਰਗਟ ਸਿੰਘ ਵਲੋਂ ਦੁਖ ਦਾ ਪ੍ਰਗਟਾਵਾ 

 ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਪਰਗਟ ਸਿੰਘ ਵੱਲੋਂ ਉੱਘੀ ਲੋਕ ਗਾਇਕਾ ਗੁਰਮੀਤ ਬਾਵਾ ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਪ ਮੁੱਖ ਮੰਤਰੀ ਰੰਧਾਵਾ ਨੇ ਕਿਹਾ ਕਿ ਗੁਰਮੀਤ ਬਾਵਾ ਉਹ ਬੁਲੰਦ ਆਵਾਜ਼ ਸੀ ਜਿਸ ਨੇ ਆਪਣੀ ਸਾਫ ਸੁਥਰੀ ਤੇ ਅਰਥ ਭਰਪੂਰ ਗਾਇਕੀ ਨਾਲ ਅੱਧੀ ਸਦੀ ਤੋਂ ਵੱਧ ਪੰਜਾਬੀ ਲੋਕ ਸੰਗੀਤ ਦੀ ਸੇਵਾ ਕੀਤੀ ।ਉਨ੍ਹਾਂ ਕਿਹਾ ਕਿ ਗੁਰਮੀਤ ਬਾਵਾ ਆਪਣੀ ਲੰਬੀ ਹੇਕ ਲਈ ਜਾਣੀ ਜਾਂਦੀ ਸੀ। ਪਰਗਟ ਸਿੰਘ ਨੇ ਕਿਹਾ ਕਿ ਗੁਰਮੀਤ ਬਾਵਾ ਨੇ ਪੰਜਾਬੀ ਮਾਂ ਬੋਲੀ, ਸੱਭਿਆਚਾਰ ਤੇ ਲੋਕ ਸੰਗੀਤ ਦੀ ਲੰਬਾਂ ਸਮਾਂ ਸੇਵਾ ਕੀਤੀ ਹੈ। ਇਸ ਲੋਕ ਗਾਇਕਾ ਦੇ ਤੁਰ ਜਾਣ ਨਾਲ ਪੰਜਾਬੀ ਲੋਕ ਗਾਇਕੀ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।ਰੰਧਾਵਾ ਤੇ ਪਰਗਟ ਸਿੰਘ ਨੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕਰਦਿਆਂ ਗੁਰਮੀਤ ਬਾਵਾ ਦੇ ਪਰਿਵਾਰ, ਸਾਕ-ਸਨੇਹੀਆਂ ਤੇ ਪ੍ਰਸੰਸਕਾਂ ਨਾਲ ਦੁੱਖ ਵੀ ਸਾਂਝਾ ਕੀਤਾ।