ਗੁਰੂ ਨਾਨਕ ਸਿੱਖ ਟੈਂਪਲ, ਸਨਵਾਕੀਨ ਵਿਖੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਸਮੇਂ ਹੋਏ ਧਾਰਮਿਕ ਸਮਾਗਮ

ਗੁਰੂ ਨਾਨਕ ਸਿੱਖ ਟੈਂਪਲ, ਸਨਵਾਕੀਨ ਵਿਖੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਸਮੇਂ ਹੋਏ ਧਾਰਮਿਕ ਸਮਾਗਮ
ਫੋਟੋ: ਪ੍ਰੋਗਰਾਮ ਦੌਰਾਨ ਕੀਰਤਨੀ ਜੱਥੇ ਅਤੇ ਬੁਲਾਰੇ ਹਾਜ਼ਰੀ ਭਰਦੇ ਹੋਏ। 

“ਸੈਂਟਰਲ ਵੈਲੀ ਦਾ ਪਹਿਲਾ ਹੈਰੀਟੇਜ਼ ਗੁਰਦੁਆਰਾ”

ਅੰਮ੍ਰਿਤਸਰ ਟਾਈਮਜ਼

ਫਰਿਜ਼ਨੋ, ਕੈਲੀਫੋਰਨੀਆਂ ( ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਕੈਲੀਫੋਰਨੀਆਂ ਦੇ ਇਤਿਹਾਸਕ ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ, ਸ਼ਹਿਰ ਸਨਵਾਕੀਨ ਵਿਖੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਸਮੇਂ ਵਿਸ਼ੇਸ਼ ਸਮਾਗਮ ਕਰਵਾਏ ਗਏ। ਸਮਾਗਮਾਂ ਦੀ ਸੁਰੂਆਤ ਪਾਠਾ ਦੇ ਭੋਗ ਉਪਰੰਤ ਹੋਈ। ਜਿੰਨ੍ਹਾਂ ਵਿੱਚ ਸਭ ਤੋਂ ਪਹਿਲਾ ਗੁਰੂਘਰ ਦੇ ਮੁੱਖ ਗ੍ਰੰਥੀ ਭਾਈ ਕੁਲਵੰਤ ਸਿੰਘ ਧਾਲੀਵਾਲ ਨੇ ਗੁਰਬਾਣੀ ਕਥਾ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ। ਇਸ ਬਾਅਦ ਗੁਰੂਘਰ ਦੇ ਹਜ਼ੂਰੀ ਕੀਰਤਨੀ ਜੱਥੇ ਵਿੱਚ ਭਾਈ ਜੋਗਿੰਦਰ ਸਿੰਘ ਜੋਗੀ ਦੇ ਕੀਰਤਨੀ ਜੱਥੇ ਨੇ ਹਾਜ਼ਰੀ ਭਰੀ। ਇਸ ਉਪਰੰਤ ਸਿੱਖ ਜਗਤ ਦੀ ਉੱਘੀ ਸਖਸ਼ੀਅਤ ਬਾਬਾ ਅਵਤਾਰ ਸਿੰਘ ਨੇ ਵਿਸ਼ੇਸ਼ ਤੋਰ ਤੇ ਪਹੁੰਚ ਕੇ ਗੁਰੂ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਦਾ ਇਤਿਹਾਸ ਸੰਗਤਾਂ ਨਾਲ ਸਾਂਝਾ ਕਰਦੇ ਹੋਏ ਗੁਰਬਾਣੀ ਕੀਰਤਨ ਕੀਤਾ।  ਇਸੇ ਤਰਾਂ ਬੁਲੰਦ ਅਵਾਜ਼ ਦੀ ਮਾਲਕ ਬੀਬਾ ਜੋਤ ਰਣਜੀਤ ਨੇ ਗੁਰੂ ਮਹਿਮਾ ਗਾ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ।  ਜਦ ਕਿ ਪ੍ਰਸਿੱਧ ਗਾਇਕ ਗੌਗੀ ਸੰਧੂ ਨੇ ਸ਼ਬਦ ਗਾਇਨ ਕਰਕੇ ਅਤੇ ਸਥਾਨਿਕ ਗਾਇਕ ਅਵਤਾਰ ਗਰੇਵਾਲ ਨੇ ਆਪਣੇ ਨਵੇਂ ਧਾਰਮਿਕ ਗੀਤਾ ਰਾਹੀ ਸੰਗਤਾਂ ਨੂੰ ਰੂਹਾਨੀਅਤ ਨਾਲ ਜੋੜਿਆ।  ਇਸ ਸਮੇਂ ਖਾਸ ਤੌਰ ਤੇ ਛੋਟੇ ਬੱਚੇ ਅਮਨਜੋਤ ਸਿੰਘ ਮਾਛੀਵਾੜਾ ਨੇ ਗੁਰਬਾਣੀ ਸ਼ਬਦਾ ਰਾਹੀ ਕੀਰਤਨ ਕਰਦੇ ਹੋਏ ਨਵੀਂ ਪੀੜੀ ਨੂੰ ਗਰਸਿੱਖੀ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ।  ਇਸ ਸਮੇਂ ਹੋਰ ਹਾਜ਼ਰ ਗਾਇਕਾ ਵਿੱਚ ਧਰਮਵੀਰ ਥਾਂਦੀ, ਅਕਾਸਦੀਪ ਅਕਾਸ, ਰਾਣੀ ਗਿੱਲ ਅਤੇ ਪੱਪੀ ਭਦੌੜ ਨੇ ਹਾਜ਼ਰੀ ਭਰੀ।

 ਵਿਸ਼ੇਸ਼ ਬੁਲਾਰਿਆਂ ਵਿੱਚ ਸਿੱਖ ਕੌਸ਼ਲ ਕੈਲੀਫੋਰਨੀਆਂ ਵੱਲੋਂ ਭਾਈ ਪਰਮਪਾਲ ਸਿੰਘ ਨੇ ਇੱਕ ਪੰਥ - ਇਕ ਸੋਚਅਪਣਾਉਣ ਦੀ ਵਿਚਾਰਧਾਰਾ ਦੀ ਸੰਗਤਾਂ ਨੂੰ ਅਪੀਲ ਕੀਤੀ। ਭਾਰਤ ਵਿੱਚ ਕਿਰਸਾਨੀ ਮੋਰਚੇ ਦੀ ਜਿੱਤ ਅਤੇ ਸਮੂੰਹ ਭਾਈਚਾਰੇ ਦੇ ਸਹਿਯੋਗ ਦੀ ਵਧਾਈ ਦਿੱਤੀ ਗਈ। ਸਮੁੱਚੇ ਪ੍ਰੋਗਰਾਮ ਦੌਰਾਨ ਸਟੇਜ਼ ਸੰਚਾਲਨ ਦੀ ਸੇਵਾ ਸ. ਗੁਰਬਿੰਦਰ ਸਿੰਘ ਧਾਲੀਵਾਲ ਨੇ ਨਿਭਾਈ।  ਸਮੁੱਚੇ ਪ੍ਰੋਗਰਾਮ ਦੌਰਾਨ ਇਲਾਕੇ ਭਰ ਤੋਂ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਗੁਰੂ ਦੇ ਲੰਗਰ ਅਤੁੱਟ ਵਰਤੇ। ਇੱਥੇ ਇਹ ਗੱਲ ਵਰਨਣਯੋਗ ਹੈ ਕਿ ਇਹ ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਸਨਵਾਕੀਨ”  ਸਟਾਕਟਨ ਅਤੇ ਯੂਬਾ ਸਿਟੀ ਤੋਂ ਬਾਅਦ ਕੈਲੇਫੋਰਨੀਆਂ ਦਾ ਤੀਜਾ ਇਤਿਹਾਸਕ ਗੁਰਦੁਆਰਾ ਹੈ। ਜਿਸ ਨੂੰ ਆਪਣੀ ਇਮਾਰਤ ਦੇ 100 ਸਾਲ ਪੂਰੇ ਹੋਣ ਕਰਕੇ ਹੈਰੀਟੇਜ਼ ਹੋਣ ਦਾ ਮਾਣ ਪ੍ਰਾਪਤ ਹੈ।