ਵਿਸ਼ਵੀਕਰਨ ਦੇ ਦੌਰ ਅੰਦਰ ਪੰਜਾਬੀਅਤ ਤੇ ਪੰਜਾਬੀ ਸਭਿਆਚਾਰ ਨੂੰ ਚੁਣੌਤੀਆਂ - ਮੁਹੰਮਦ ਅੱਬਾਸ ਧਾਲੀਵਾਲ 

ਵਿਸ਼ਵੀਕਰਨ ਦੇ ਦੌਰ ਅੰਦਰ ਪੰਜਾਬੀਅਤ ਤੇ ਪੰਜਾਬੀ ਸਭਿਆਚਾਰ ਨੂੰ ਚੁਣੌਤੀਆਂ - ਮੁਹੰਮਦ ਅੱਬਾਸ ਧਾਲੀਵਾਲ 

ਪੰਜਾਬੀਅਤ ਦਾ ਸੰਕਲਪ ਪੰਜਾਬੀ ਸੱਭਿਆਚਾਰ ਨਾਲ ਜੁੜੀ ਇਕ ਵਿਲੱਖਣ ਤੇ ਭਰਪੂਰ ਜੀਵਨ ਸ਼ੈਲੀ ਦੀ ਅਜਿਹੀ ਵਿਚਾਰਧਾਰਾ ਹੈ ਜਿਸ ਦਾ ਕੋਈ ਸਾਨੀ ਨਹੀਂ ਹੈ। ਪੰਜਾਬੀਅਤ ਅਤੇ ਪੰਜਾਬੀ ਸਭਿਆਚਾਰ ਨੂੰ ਅਸੀਂ ਅਕਸਰ ਇਕ ਦੂਜੇ ਦੇ ਸਮਾਨਾਰਥਕ ਸੰਕਲਪਾਂ ਵਜੋਂ ਵਰਤ ਲੈਂਦੇ ਹਾਂ। ਵੇਖਿਆ ਜਾਏ ਤਾਂ ਪੰਜਾਬੀ ਸੱਭਿਆਚਾਰ ਇੱਕ ਵਿਸ਼ਾਲ, ਵਿਆਪਕ ਤੇ ਬਹੁ-ਬਣਤਰੀ ਰੂਪ ਵਾਲਾ ਅਜਿਹਾ ਪ੍ਰਬੰਧ ਹੈ ਜਿਸ ਦੀ ਬੁਨਿਆਦ 'ਤੇ ਪੰਜਾਬੀਅਤ ਮਾਨਸਿਕਤਾ ਦੀ ਇਕ ਬੇਹੱਦ ਵਿਸ਼ਾਲ ਤੇ ਗੌਰਵਮਈ ਇਮਾਰਤ ਖੜ੍ਹੀ ਹੈ । ਦਰਅਸਲ ਪੰਜਾਬੀਅਤ ਇੱਕ ਅਜਿਹਾ ਅਹਿਸਾਸ ਹੈ ਜਿਸ 'ਚੋਂ ਇੱਕ ਵਿਸ਼ੇਸ਼ ਕਿਸਮ ਦੀ ਵਿਲੱਖਣਤਾ ਦੀ ਝਲਕ ਪੈਂਦੀ ਹੈ। ਪੰਜਾਬੀਅਤ ਦੀ ਇਸ ਵਿਲੱਖਣਤਾ ਦਾ ਅਰਥ ਪੰਜਾਬੀ ਜੁੱਸੇ ਅਤੇ ਰੂਹ ਦੀ ਤਾਸੀਰ ਤੋਂ ਹੈ, ਉਹ ਜੁੱਸਾ ਜੋ ਇਥੋਂ ਦੇ ਦਿਲਕਸ਼ ਪੌਣ ਪਾਣੀ ਤੇ ਵੰਗਾਰਾਂ ਭਰਪੂਰ ਹੋਣੀਆਂ ਵਿੱਚ ਉਪਜਿਆ ਹੈ। 

ਪੰਜਾਬੀ ਲੋਕਾਂ ਦੇ ਸੁਭਾਅ ਸੰਬੰਧੀ ਪ੍ਰਿੰਸੀਪਲ ਤੇਜਾ ਸਿੰਘ ਇਕ ਥਾਂ ਆਖਦੇ ਹਨ ਕਿ 'ਪੰਜਾਬੀ ਆਚਰਣ ਪੰਜਾਬ ਦੇ ਭੂਗੋਲਿਕ ਆਲੇ ਦੁਆਲੇ ਅਤੇ ਇਤਿਹਾਸਕ ਪਿਛਵਾੜੇ ਤੋਂ ਬਣਿਆ ਹੈ। ਪੰਜਾਬੀਆਂ ਦੇ ਸੁਭਾਅ, ਇਨ੍ਹਾਂ ਦੇ ਦਿਲ ਪੰਜਾਬ ਦੇ ਪਹਾੜਾਂ, ਦਰਿਆਵਾਂ, ਵਾਂਗ ਡੂੰਘੇ, ਠੰਡੇ, ਲੰਮੇ ਜਿਗਰੇ ਵਾਲੇ, ਵੱਡੇ ਵੱਡੇ ਦਿਲਾਂ ਵਾਲੇ, ਛੇਤੀ-ਛੇਤੀ ਵਲ ਨਾ ਖਾਣ ਵਾਲੇ, ਦਿੱਤੇ ਵਚਨ ਤੋਂ ਨਾ ਮੁੜਨ ਵਾਲੇ, ਸਿੱਧ ਪੱਧਰੇ, ਸਾਦਗੀ ਅਪਨਾਉਣ ਵਾਲੇ ਖੁੱਲ੍ਹੇ ਤੇ ਚੌੜੇ ਹੁੰਦੇ ਹਨ।'

 

ਪੰਜਾਬ ਅਤੇ ਸਪਤ ਸਿੰਧੂ ਦੇ ਇਤਿਹਾਸਕ ਪਹਿਲੂ 

ਪੰਜਾਬੀ ਸਭਿਆਚਾਰ ਜਾਂ ਪੰਜਾਬੀਅਤ ਨੂੰ ਸਮਝਣ ਲਈ ਪੰਜਾਬ ਦੀਆਂ ਭੂਗੋਲਿਕ ਪ੍ਰਸਥਿਤੀਆਂ ਬਾਰੇ ਜਾਣਕਾਰੀ ਹਾਸਲ ਕਰਨਾ ਜ਼ਰੂਰੀ ਹੈ। ਇਸ ਸੰਦਰਭ ਵਿੱਚ ਪੰਜਾਬ ਦੇ ਇਤਿਹਾਸ ਨੂੰ ਆਰੀਆ ਲੋਕਾਂ ਦੇ ਵਸਣ ਤੋਂ ਬਾਅਦ ਜਾਣਨਾ ਬਣਦਾ ਹੈ। ਆਰੀਆ ਲੋਕਾਂ ਦੇ ਸਮੇਂ ਦੌਰਾਨ ਪੰਜਾਬ ਦੀਆਂ ਹੱਦਾਂ ਇੱਕ ਵਾਰ ਨਹੀਂ ਸਗੋਂ ਕਈ ਵਾਰ ਬਦਲੀਆਂ। ਪੂਰਵ ਇਤਿਹਾਸ ਵਿਚ ਜਦੋਂ ਆਰੀਅਨ ਲੋਕ ਪੰਜਾਬ ਵਿੱਚ ਆਦਿ ਵਾਸੀਆਂ ਨੂੰ ਅੱਗੇ ਧੱਕ ਕੇ ਵਸੇ ਸਨ ਤਾਂ ਉਸ ਸਮੇਂ ਪੰਜਾਬ ਦਾ ਨਾਂ ਪੰਜਾਬ ਨਹੀਂ ਬਲਕਿ ਸਪਤ ਸਿੰਧੂ ਸੀ। ਉਨ੍ਹਾਂ ਸਮਿਆਂ ਵਿੱਚ ਪੰਜਾਬ ਨੂੰ ਸਪਤ ਸਿੰਧੂ ਇਸ ਕਰਕੇ ਕਿਹਾ ਜਾਂਦਾ ਸੀ ਕਿਉਂਕਿ ਜਮਨਾ ਤੋਂ ਲੈ ਕੇ ਅਟਕ ਤੱਕ ਦੇ ਇਲਾਕੇ ਨੂੰ ਸੱਤਾਂ ਦਰਿਆਵਾਂ ਦਾ ਇਲਾਕਾ ਸਮਝਿਆ ਜਾਂਦਾ ਸੀ। 

 

ਮਾਨਵ ਵਿਗਿਆਨੀ ਐਡਵਰਡ ਬੀ.ਟਾਈਲਰ ਦਾ ਕਹਿਣਾ ਹੈ ਕਿ , " ਸਭਿਆਚਾਰ ਉਹ ਜਟਿਲ ਸਮੂਹ ਹੈ, ਜਿਸ ਵਿੱਚ ਗਿਆਨ, ਵਿਸ਼ਵਾਸ, ਕਲਾ, ਨੈਤਿਕਤਾ, ਕਾਨੂੰਨ, ਰੀਤੀ-ਰਿਵਾਜ ਅਤੇ ਹੋਰ ਸਭ ਸਮਰੱਥਾਵਾਂ ਅਤੇ ਆਦਤਾਂ ਆ ਜਾਂਦੀਆਂ ਹਨ, ਜਿਹੜੀਆਂ ਮਨੁੱਖ ਸਮਾਜ ਦਾ ਇੱਕ ਮੈਂਬਰ ਹੋਣ ਦੇ ਨਾਤੇ ਗ੍ਰਹਿਣ ਕਰਦਾ ਹੈ।" 

ਜਦੋਂ ਕਦੇ ਪੰਜਾਬੀ ਸਭਿਆਚਾਰ ਦੀ ਗੱਲ ਚਲਦੀ ਹੈ ਤਾਂ ਵਧੇਰੇ ਕਰਕੇ ਅਸੀਂ ਇਸ ਨੂੰ ਗਿੱਧਾ, ਭੰਗੜਾ ਅਤੇ ਮੱਕੀ ਦੀ ਰੋਟੀ ਸਰ੍ਹੋਂ ਦੇ ਸਾਗ ਤੱਕ ਹੀ ਮਹਿਦੂਦ ਕਰਕੇ ਰਹਿ ਜਾਂਦੇ ਹਾਂ। ਜਦੋਂ ਕਿ ਵੇਖਿਆ ਜਾਵੇ ਤਾਂ ਪੰਜਾਬ ਦੀਆਂ ਵਿਸ਼ੇਸ਼ ਭੂਗੋਲਿਕ ਪ੍ਰਸਥਿਤੀਆਂ, ਵੱਖਰੇ ਕਿਸਮ ਦੇ ਜਲਵਾਯੂ ਤੇ ਕਿੰਨੇ ਹੀ ਇਤਿਹਾਸਿਕ ਉਤਰਾਵਾਂ-ਚੜ੍ਹਾਵਾਂ ਦੇ ਦੌਰ 'ਚੋਂ ਲੰਘਦਿਆਂ ਪੰਜਾਬੀ ਸਭਿਆਚਾਰ ਨੂੰ ਵਿਕਸਿਤ ਹੋਣ ਲਈ ਇਕ ਲੰਮਾ ਸਮਾਂ ਲੱਗਾ ਹੈ ਅਰਥਾਤ ਇਕ ਲੰਮੀ ਜਦੋ-ਜਹਿਦ ਤੋਂ ਬਾਅਦ ਜੋ ਪੰਜਾਬੀ ਸੱਭਿਆਚਾਰ 'ਚ ਵਜੂਦ 'ਚ ਆਇਆ ਹੈ ਉਹ ਨਿਰਸੰਦੇਹ ਬੇਹੱਦ ਅਮੀਰ ਤੇ ਪ੍ਰਭਾਵਸ਼ਾਲੀ ਹੈ। ਇਹੋ ਵਜ੍ਹਾ ਹੈ ਕਿ ਇਸ ਪੰਜਾਬੀ ਸੱਭਿਆਚਾਰ ਨੇ ਅੱਜ ਭਾਰਤ ਹੀ ਨਹੀਂ ਸਗੋਂ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਵਿੱਚ ਆਪਣੀ ਇਕ ਅਲੱਗ ਪਹਿਚਾਣ ਤੇ ਧਾਕ ਜਮਾ ਰੱਖੀ ਹੈ । ਆਪਣੀ ਵੱਖਰੀ ਤਾਸੀਰ, ਉੱਚੇ ਚਰਿੱਤਰ, ਆਦਰਸ਼ਾਂ, ਸੇਵਾ ਭਾਵਨਾ ( ਲੰਗਰ ਪ੍ਰਥਾ) ਅਤੇ ਮਿਹਨਤੀ ਜਜ਼ਬੇ ਸਦਕਾ ਪੰਜਾਬੀਆਂ ਨੇ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਵੀ ਆਪਣੀ ਹੋਂਦ ਦਾ ਡੰਕਾ ਬਜਾਇਆ ਹੈ। 

ਪੰਜਾਬੀ ਸਭਿਆਚਾਰ ਦੀਆਂ ਬੁਨਿਆਦੀ ਕਦਰਾਂ-ਕੀਮਤਾਂ 'ਚ ਬਹਾਦਰੀ, ਪ੍ਰਾਹੁਣਾਚਾਰੀ, ਸਖੀਪੁਣਾ, ਧਾਰਮਿਕਤਾ ਆਦਿ ਜਿਹੇ ਗੁਣ ਜਿਵੇਂ ਕੁਟ-ਕੁਟ ਭਰੇ ਹਨ । ਗੁਰਬਖ਼ਸ਼ ਸਿੰਘ ਫ਼ਰੈਂਕ ਮੁਤਾਬਕ ਪੰਜਾਬ ਦੇ ਇਤਿਹਾਸ, ਪੰਜਾਬ ਦੇ ਜੀਵਨ ਅਤੇ ਪੰਜਾਬੀ ਸਭਿਆਚਾਰ ਉੱਤੇ ਨਜ਼ਰ ਮਾਰ ਕੇ ਜਦੋਂ ਅਸੀਂ ਦੇਖਦੇ ਹਾਂ ਤਾਂ ਇਸ ਵਿੱਚ ਜਿਹੜੀ ਕਦਰ ਕੇਂਦਰੀ ਮਹੱਤਤਾ ਰੱਖਦੀ ਦਿੱਸਦੀ ਹੈ, ਉਹ ਉਹੀ ਹੈ ਜਿਸ ਨੂੰ ਕਦੀ ਬਾਬਾ ਸ਼ੇਖ ਫ਼ਰੀਦ ਨੇ ਇਹਨਾਂ ਸ਼ਬਦਾਂ ਵਿੱਚ ਪ੍ਰਗਟਾਇਆ ਸੀ:

 

ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੇ ਨਾ ਦੇਹਿ।। 

ਜੇ ਤੂੰ ਏਵੇ ਰਖਸੀ ਜੀਉ ਸਰੀਰਹੁ ਲੇਹਿ।। 42।।

 

ਇਹ 'ਬਾਰਿ ਪਰਾਇ ਬੈਸਣ' ਦਾ ਸੰਤਾਪ ਪੰਜਾਬੀ ਆਚਰਨ ਲਈ ਮੌਤ ਤੋਂ ਵੀ ਮਾੜਾ ਹੈ। ਦੂਜੇ ਦੇ ਆਸਰੇ ਜਿਊਣ ਨਾਲੋਂ ਤਾਂ ਨਾ ਜਿਉਣਾ ਵਧੇਰੇ ਚੰਗਾ ਹੈ। ਕਿਸੇ ਹੋਰ ਤਰੀਕੇ ਨਾਲ ਲੋਕ ਗੀਤ ਵੀ ਇਸ ਤਰ੍ਹਾਂ ਪੇਸ਼ ਕੀਤਾ ਗਿਆ ਹੈ:

ਦੋ ਪੈਰ ਘੱਟ ਤੁਰਨਾ

ਪਰ ਤੁਰਨਾ ਮਟਕ ਦੇ ਨਾਲ। 

 

ਪੰਜਾਬੀ ਸਭਿਆਚਾਰ 'ਚ ਬੋਲੀ ਦੀ ਮਹਾਨਤਾ

ਸਭਿਆਚਾਰ ਜਿਸ ਦਾ ਦਾਇਰਾ ਬੜਾ ਵਿਸ਼ਾਲ ਹੈ। ਗੱਲ ਜੇਕਰ ਪੰਜਾਬੀ ਸਭਿਆਚਾਰ 'ਚ ਬੋਲੀ ਦੀ ਕਰੀਏ ਤਾਂ ਬਾਬਾ ਫ਼ਰੀਦ ਦੇ ਸ਼ਲੋਕਾਂ ਵਿਚਲੀ ਮਾਖਿਓਂ ਮਿੱਠੀ ਪੰਜਾਬੀ ਅੱਜ ਵੀ ਜਿਵੇਂ ਪੜ੍ਹਨ- ਸੁਣਨ ਵਾਲਿਆਂ ਦੇ ਕੰਨਾਂ ਵਿੱਚ ਰਸ ਘੋਲ, ਦਿਲਾਂ ਨੂੰ ਰਾਹਤ ਦਿੰਦੀ ਮਹਿਸੂਸ ਹੁੰਦੀ ਹੈ । ਪੰਜਾਬੀ ਸਭਿਆਚਾਰ 'ਚ ਜੇਕਰ ਗੱਲ ਅਧਿਆਤਮਿਕਤਾ ਦੀ ਕਰੀਏ ਤਾਂ ਗੁਰੂਆਂ ਦੀ ਬਾਣੀ ਸਾਨੂੰ ਸਭਨਾਂ ਨੂੰ ਸਾਂਝੀਵਾਲਤਾ ਦਾ ਸਬਕ ਦਿੰਦਿਆਂ ਇੱਕ ਰੱਬ ਦੀ ਉਸਤਤ ਕਰਨ ਤੇ ਮਨੁੱਖਤਾ ਦੀ ਸੇਵਾ ਲਈ ਹਰ ਵਕਤ ਸਮਰਪਿਤ ਰਹਿਣ ਦਾ ਪਾਠ ਪੜ੍ਹਾਉਂਦੀ ਨਜ਼ਰ ਆਉਂਦੀ ਹੈ।ਇਸੇ ਤਰ੍ਹਾਂ ਪੰਜਾਬੀ ਸਭਿਆਚਾਰ 'ਚ ਜਦੋਂ ਤਜਕਰਾ ਇਸ਼ਕ ਦਾ ਹੋਵੇ ਤਾਂ ਵਾਰਸ ਦੀ ਹੀਰ ਸਹਿਜੇ ਹੀ ਸਾਹਮਣੇ ਆ ਖਲੋਂਦੀ ਹੈ ਤੇ ਕਿੱਸਾ ਹੀਰ-ਰਾਂਝਾ ਦੇ ਕਿਰਦਾਰ ਅੱਜ ਵੀ ਸਾਡੇ ਗੀਤਾਂ ਅਤੇ ਬੋਲੀਆਂ ਦਾ ਮਹੱਤਵਪੂਰਣ ਅੰਗ ਬਣੇ ਹੋਏ ਹਨ। ਵਾਰਿਸ ਸ਼ਾਹ ਦੀ ਹੀਰ ਦੀਆਂ ਤੁਕਾਂ ਤਾਂ ਜਿਵੇਂ ਪੰਜਾਬੀ ਸਭਿਆਚਾਰ ਦੇ ਮੁਹਾਵਰੇ ਹੋ ਨਿਬੜੇ ਹਨ ਜਿਵੇਂ ਕਿ :

ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ 

ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ।। 

 

ਪੰਜਾਬੀ ਸਭਿਆਚਾਰ 'ਚ ਆਦਰਸ਼ ਸੂਰਮੇ 

ਪੰਜਾਬੀ ਸਭਿਆਚਾਰ 'ਚ ਗੱਲ ਬਹਾਦਰੀ ਦੀ ਹੋਵੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਅਤੇ ਬਘੇਲ ਸਿੰਘ, ਕਰਤਾਰ ਸਿੰਘ ਸਰਾਭਾ, ਭਗਤ ਸਿੰਘ ਅਤੇ ਊਧਮ ਸਿੰਘ ਵਰਗੇ ਸੂਰਮੇ ਸਾਡੇ ਦਿਲਾਂ ਤੇ ਅੱਜ ਵੀ ਰਾਜ ਕਰਦੇ ਹਨ ਅਤੇ ਇਹ ਸਭ ਸੂਰਮੇ ਸਾਡੇ ਹਕੀਕੀ ਮਾਅਨਿਆਂ ਵਿੱਚ ਆਦਰਸ਼ ਹਨ। ਇਹ ਕਿ ਜਦੋਂ ਵੀ ਅਸੀਂ ਆਪਣੇ ਆਦਰਸ਼ਾਂ ਨੂੰ ਅਖੋਂ ਪਰੋਖੇ ਕਰਦੇ ਹਾਂ ਤਾਂ ਸਾਡਾ ਹਸ਼ਰ ਸ਼ਾਹ ਮੁਹੰਮਦ ਦੀ ਵਾਰ "ਜੰਗਨਾਮਾ ਸਿੰਘਾਂ ਤੇ ਫਰੰਗੀਆਂ" ਦੀਆਂ ਇਨ੍ਹਾਂ ਤੁਕਾਂ ਵਾਲਾ ਹੁੰਦਾ ਹੈ ਜਿਵੇਂ ਕਿ ਉਹ ਆਖਦੇ ਹਨ ਕਿ :

ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ। 

ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।

 

ਵਿਸ਼ਵੀਕਰਨ ਦੇ ਅਸਰ ਹੇਠ ਪੰਜਾਬੀ ਸਭਿਆਚਾਰ

ਵਿਸ਼ਵੀਕਰਨ ਦੇ ਅਸਰ ਨੇ ਦੁਨੀਆ ਦੇ ਲਗਭਗ ਹਰ ਸਭਿਆਚਾਰ ਨੂੰ ਪ੍ਰਭਾਵਿਤ ਕੀਤਾ ਹੈ ਇਸ ਪ੍ਰਕਾਰ ਇਸ ਪ੍ਰਭਾਵ ਤੋਂ ਪੰਜਾਬ ਵੀ ਅਛੂਤਾ ਨਹੀਂ ਰਹਿ ਸਕਿਆ। ਵਿਸ਼ਵੀਕਰਨ ਦੇ ਪ੍ਰਭਾਵ ਹੇਠ ਪੰਜਾਬ ਦੇ ਸਭਿਆਚਾਰ ਅਤੇ ਕਲਾ ਦਾ ਉਦਯੋਗੀਕਰਨ ਹੋਇਆ । ਵਿਸ਼ਵੀਕਰਨ ਨੇ ਦੇ ਸੰਕਲਪ ਨੇ ਪੰਜਾਬ ਖਾਣ ਪੀਣ ਦੀਆਂ ਆਦਤਾਂ 'ਤੇ ਇਕ ਵੱਡਾ ਪ੍ਰਭਾਵ ਪਾਇਆ ਹੈ । ਅੱਜ ਦੇ ਇਸ ਪਦਾਰਥਵਾਦੀ ਯੁੱਗ ਵਿੱਚ ਹਰ ਕਿਸੇ ਨੂੰ ਸਮੇਂ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਨਾਲ ,ਭੱਜ ਨੱਠ, ਪੈਸੇ ਦੀ ਬਹੁਤਾਤ, ਰਸੋਈ ਘਰਾਂ ਵਿੱਚ ਬਾਕਾਇਦਾ ਭੋਜਨ ਤਿਆਰ ਨਾ ਹੋਣ ਕਰਕੇ ਫਾਸਟ ਫੂਡ ਨੇ ਜਨਮ ਲਿਆ ਹੈ।ਕੋਈ ਸਮਾਂ ਸੀ ਜਦੋਂ ਪੰਜਾਬੀ ਘਰਾਂ ਵਿਚ ਰਸੋਈ ਦਾ ਪਰੰਪਰਾਗਤ ਰੂਪ, ਖਾਣਾ ਬਣਾਉਣ ਦੇ ਤੌਰ ਤਰੀਕਿਆਂ ਉੱਤੇ ਪੰਜਾਬੀ ਲੋਕਾਂ ਦੀ ਖ਼ੁਰਾਕ ਅੱਜ ਨਾਲੋਂ ਬਹੁਤ ਵੱਖਰੀ ਸੀ। ਉਨ੍ਹਾਂ ਸਮਿਆਂ ਵਿੱਚ ਪੰਜਾਬ ਦੇ ਘਰਾਂ ਵਿੱਚ ਅਕਸਰ ਮਿੱਟੀ ਦੇ ਬਣੇ ਚੁੱਲ੍ਹਿਆਂ ਵਿੱਚ ਪਾਥੀਆਂ ਜਾਂ ਅੱਗ ਬਾਲਣ ਲਈ ਲੱਕੜਾਂ ਦੀ ਵਰਤੋਂ ਹੋਇਆ ਕਰਦੀ ਸੀ। ਸਾਗ,ਮੱਕੀ ਦੀ ਰੋਟੀ, ਖੱਟੀ ਲੱਸੀ ਪੰਜਾਬੀਆਂ ਦੀਆਂ ਮਨਭਾਂਉਦੀਆਂ ਖੁਰਾਕਾਂ ਸਨ। ਭਾਂਡੇ ਮਾਂਜਣ ਲਈ ਚੁੱਲ੍ਹੇ ਦੀ ਸੁਆਹ ਵਰਤੀ ਜਾਂਦੀ ਸੀ।ਫਿਰ ਜਿਵੇਂ-ਜਿਵੇਂ ਸਮਾਂ ਬਦਲਦਾ ਗਿਆ ਤਾਂ ਹੌਲੀ-ਹੌਲੀ ਚੁੱਲ੍ਹੇ ਦੀ ਥਾਂ ਸਟੋਵ, ਚਾਟੀਆਂ ਤੇ ਤੌੜੀਆਂ ਦੀ ਥਾਂ ਪ੍ਰੈਸ਼ਰ ਕੁੱਕਰਾਂ ਨੇ ਲੈ ਲਈ। ਪਿਛਲੇ ਲਗਭਗ ਵੀਹ-ਪੱਚੀ ਸਾਲ ਤੋਂ ਪੱਛਮੀ ਪ੍ਰਭਾਵ ਕਾਰਨ ਗੈਸ ਦੇ ਚੁੱਲ੍ਹਿਆਂ ਦਾ ਰਿਵਾਜ ਆਮ ਹੋ ਗਿਆ ਹੈ। ਹੁਣ ਭਾਂਡੇ ਧੋਣ ਲਈ ਸੁਆਹ ਦੀ ਥਾਂ ਡਿਟਰਜੈਂਟ ਪਾਊਡਰ ਆ ਗਏ ਹਨ। ਇਸ ਦੇ ਨਾਲ ਹੀ ਤਰੱਕੀ ਦੇ ਨਾਂ 'ਤੇ ਮਾਈਕਰੋਵੇਵ, ਫਰਿੱਜ ਆਦਿ ਹੁਣ ਰਸੋਈ ਦਾ ਸ਼ਿੰਗਾਰ ਬਣ ਗਏ ਹਨ। ਲੱਸੀ ਦੀ ਥਾਂ ਕੋਕ, ਪੈਪਸੀ ਆਦਿ ਸੋਫਟ ਡਰਿੰਕਸ ਨੇ ਲੈ ਲਈ ਹੈ। ਘਰ ਦੇ ਬਣੇ ਖਾਣੇ ਦੀ ਅੱਜ ਲੋਕ ਵਿਸ਼ੇਸ਼ ਕਰ ਨੌਜਵਾਨ ਪੀੜ੍ਹੀ ਮੈਕਡਾਨਲਡ, ਡਾਮੀਨੋਜ਼,ਪੀਜ਼ਾ ਹੱਟ ਆਦਿ ਨੂੰ ਵਧੇਰੇ ਤਰਜੀਹ ਦੇਣ ਲੱਗੀ ਹੈ। ਸੱਚ ਤਾਂ ਇਹ ਹੈ ਕਿ ਅੱਜ ਪੱਛਮੀ ਸਭਿਆਚਾਰ ਨੂੰ ਅਪਣਾਉਣ ਦੀ ਹੋੜ ਵਿੱਚ ਪੰਜਾਬੀ ਲੋਕ ਆਪਣੇ ਵਿਰਸੇ ਅਤੇ ਪੰਜਾਬੀ ਸੱਭਿਆਚਾਰ ਤੋਂ ਦੂਰ ਹੁੰਦੇ ਜਾ ਰਹੇ ਹਨ । ਪਦਾਰਥਵਾਦ ਦੇ ਇਸ ਯੁੱਗ ਵਿੱਚ ਇਸ ਵਰਗ ਨੇ ਫ਼ਰੀਦ ਦੇ ਪੈਗ਼ਾਮ "ਰੁਖੀ ਸੁਖੀ ਖਾਇ ਕੇ ਠੰਡਾ ਪਾਣੀ ਪੀਉ ॥ਫ਼ਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ ॥"ਨੂੰ ਵਿਸਾਰ ਕੇ ਸਾਦਾ ਜੀਵਨ ਤਿਆਗ ਦਿੱਤਾ।

 

ਵਿਸ਼ਵੀਕਰਨ ਦੇ ਪ੍ਰਕੋਪ ਵਿੱਚ ਰਿਸ਼ਤੇ-ਨਾਤਿਆਂ ਦਾ ਘਾਣ 

ਵਿਸ਼ਵੀਕਰਨ ਦੇ ਇਸ ਪ੍ਰਕੋਪ ਵਿੱਚ ਪੰਜਾਬੀ ਸਮਾਜ ਵਿਚਲੇ ਰਿਸ਼ਤਾ ਨਾਤਿਆਂ ਦਾ ਵੀ ਬੇਹੱਦ ਘਾਣ ਹੋਇਆ ਹੈ । ਅੱਜ ਹਰ ਰਿਸ਼ਤਾ ਨਾਤਾ ਇਕ ਤਰ੍ਹਾਂ ਗਰਜ਼ ਨਾਲ ਬੱਝਿਆ ਮਹਿਸੂਸ ਹੁੰਦਾ ਹੈ । ਇਥੋਂ ਤਕ ਕਿ ਅੱਜ ਖ਼ੂਨੀ ਰਿਸ਼ਤੇ ਵੀ ਤਿੜਕਦੇ ਮਹਿਸੂਸ ਹੁੰਦੇ ਹਨ ।ਬਦਲਦੇ ਹਾਲਾਤਾਂ ਵਿੱਚ ਅਸੀਂ ਆਪਣੇ ਸਭਿਆਚਾਰਕ ਪਹਿਰਾਵੇ ਤੋਂ ਵਿਰਵੇ ਹੁੰਦੇ ਜਾ ਰਹੇ ਹਾਂ ਪਿਛਲੇ ਕੁਝ ਸਾਲਾਂ ਤੋਂ ਪਹਿਨਣ ਵਾਲੇ ਕੱਪੜਿਆਂ ਵਿੱਚ ਬੇਹੱਦ ਤਬਦੀਲੀਆਂ ਆਈਆਂ ਹਨ। ਜੇਕਰ ਇਹ ਕਹੀਏ ਕਿ ਲਿਬਾਸ ਦੇ ਵਿਸ਼ਵੀਕਰਨ ਨੇ ਸਾਨੂੰ ਲਿਬਾਸਾਂ ਵਿੱਚ ਵੀ ਨੰਗਾ ਕਰਕੇ ਰੱਖ ਦਿੱਤਾ ਹੈ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ ਅੱਜ ਲਿਬਾਸ ਦਾ ਇਸਤੇਮਾਲ ਸਰੀਰ ਨੂੰ ਢਕਣ ਲਈ ਨਹੀਂ ਸਗੋਂ ਜਿਸਮ ਦੀ ਨੁਮਾਇਸ਼ ਕਰਨ ਲਈ ਹੋ ਰਿਹਾ ਹੈ । ਪੰਜਾਬ ਵਿੱਚ ਨਵੇਂ ਸ਼ੌਕੀਨ ਮੁੰਡਿਆਂ ਵਿੱਚ ਕੈਜ਼ੂਅਲ ਫ਼ੈਸ਼ਨ ਦਾ ਅਸਰ ਵੱਧਦਾ ਜਾ ਰਿਹਾ ਹੈ ਅਤੇ ਰਸਮੀ ਕਿਸਮ ਦੀ ਕਮੀਜ਼ ਤੇ ਪੈਟਾਂ ਨਾਲੋਂ ਡਿਜ਼ਾਈਨਰ ਕਿਸਮ ਦੀਆਂ ਟੀ ਸ਼ਰਟਾਂ ਅਤੇ ਜ਼ੀਨਾਂ ਤੇ ਕਾਰਗੋ ਪੈਟਾਂ ਦਾ ਰਿਵਾਜ ਵੱਧ ਰਿਹਾ ਹੈ। ਕੈਪਰੀ ਪਹਿਨਣ ਦਾ ਰਿਵਾਜ ਵੀ ਆਮ ਹੋ ਰਿਹਾ ਹੈ।ਦੂਜੇ ਪਾਸੇ ਕੁੜੀਆਂ ਦੇ ਪਹਿਰਾਵੇ ਵਿਚ ਵੀ ਬਹੁਤ ਜ਼ਿਆਦਾ ਤਬਦੀਲੀ ਆਈ ਹੈ ਅੱਜਕੱਲ੍ਹ ਕੁੜੀਆਂ ਨੇ ਡਿਜ਼ਾਈਨਰ ਟਾਪਸ ਤੇ ਜੀਨਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।

 

ਸੰਯੁਕਤ ਪਰਿਵਾਰ ਟੁੱਟਣ ਦਾ ਸੰਤਾਪ

ਇਕ ਸਮਾਂ ਸੀ ਜਦੋਂ ਸਾਰਾ ਕੋੜਮਾ ਕਬੀਲਾ ਇੱਕ ਛੱਤ ਥੱਲੇ ਰਹਿੰਦਾ ਤੇ ਇਸ ਵਿਚ ਪਤੀ-ਪਤਨੀ, ਬੱਚੇ, ਮਾਂ-ਬਾਪ, ਚਾਚੇ-ਚਾਚੀਆਂ, ਤਾਏ-ਤਾਈਆਂ ਉਹਨਾਂ ਦੇ ਬੱਚੇ, ਦਾਦਾ- ਦਾਦੀ, ਪੜਦਾਦਾ-ਪੜਦਾਦੀ ਆਦਿ। ਇਨ੍ਹਾਂ ਸਾਰਿਆਂ ਦਾ ਸਾਂਝਾ ਚੁੱਲ੍ਹਾ ਹੁੰਦਾ ਸੀ। ਘਰ ਕਮਾਊ ਜੀਆਂ ਦੀ ਸਾਰੀ ਪੂੰਜੀ ਸਭ ਤੋਂ ਵੱਡੇ ਪੁਰਖ ਅਤੇ ਉਸ ਦੀ ਘਰਵਾਲੀ ਦੇ ਹੱਥ ਹੁੰਦੀ ਸੀ ਤੇ ਪਰਿਵਾਰ ਦੇ ਜੀਆਂ ਦੇ ਰੋਟੀ ਕੱਪੜੇ ਅਤੇ ਹੋਰ ਲੋੜਾਂ ਦਾ ਪ੍ਰਬੰਧ ਕਰਨਾ ਉਨ੍ਹਾਂ ਦੀ ਹੀ ਜ਼ਿੰਮੇਵਾਰੀ ਹੁੰਦੀ ਸੀ ਪਰ ਅਜੋਕੇ ਸਮੇਂ ਵਿੱਚ ਸੰਯੁਕਤ ਪਰਿਵਾਰ ਟੁੱਟ ਰਹੇ ਹਨ। ਅੱਜ ਹਰ ਬੱਚਾ ਚਾਹੁੰਦਾ ਹੈ ਕਿ ਉਸ ਦਾ ਆਪਣਾ ਇੱਕ ਵੱਖਰਾ ਕਮਰਾ ਹੋਵੇ। ਜਿਸ ਵਿੱਚ ਹਰ ਜ਼ਰੂਰੀ ਚੀਜ਼ਾਂ ਜਿਵੇਂ ਕਿ ਟੀ.ਵੀ, ਮਿਊਜਿਕ ਸਿਸਟਮ, ਕੰਪਿਊਟਰ ਅਤੇ ਖਾਸ ਕਰ ਮੋਬਾਇਲ ਫ਼ੋਨ ਆਦਿ ਮੌਜੂਦ ਹੋਣ ਜਿਸ ਵਿਚ ਕਿਸੇ ਹੋਰ ਮੈਂਬਰ ਦੀ ਦਖਲ ਅੰਦਾਜ਼ੀ ਨਾ ਹੋਵੇ।

 

ਖ਼ਤਮ ਹੋਣ ਕਿਨਾਰੇ ਬਾਤਾਂ ਵਾਲਾ ਦੌਰ

ਪਹਿਲਾਂ ਬੱਚੇ ਰਾਤ ਨੂੰ ਦਾਦੇ-ਦਾਦੀਆਂ ਕੋਲੋਂ ਕਹਾਣੀਆਂ ਸੁਣਿਆ ਕਰਦੇ ਸਨ। ਉਹ ਕਹਾਣੀਆਂ ਬੱਚਿਆਂ ਦੇ ਮਨਾਂ ਵਿਚ ਚੰਗੇ ਗੁਣ ਪੈਦਾ ਕਰਦੀਆਂ ਸਨ। ਬੱਚਿਆਂ ਨੂੰ ਬਾਤਾਂ ਸੁਣਨ ਦਾ ਐਨਾ ਚਾਅ ਹੁੰਦਾ ਸੀ ਕਿ ਰਾਤ ਪੈਂਦੀ ਸਾਰ ਹੀ ਬੱਚੇ ਦਾਦੇ ਦਾਦੀਆਂ ਦੁਆਲੇ ਹੋ ਜਾਂਦੇ ਸਨ। ਇੰਟਰਨੈੱਟ ਦੇ ਇਸ ਯੁੱਗ ਨੇ ਉਕਤ ਤਮਾਮ ਕਹਾਣੀਆਂ ਤੇ ਬਾਤਾਂ ਤੋਂ ਬੱਚਿਆਂ ਨੂੰ ਇਕ ਤਰ੍ਹਾਂ ਨਾਲ ਨਿਖੇੜ ਕੇ ਰੱਖ ਦਿੱਤਾ ਹੈ। ਅੱਜ ਦੇ ਮੁੰਡੇ-ਕੁੜੀਆਂ 'ਚ ਰਾਤੋ-ਰਾਤ ਅਮੀਰ ਹੋਣ ਦੀ ਹੋੜ ਇਸ ਕਦਰ ਹਾਵੀ ਹੈ ਕਿ ਆਪਣੇ ਮਿਸ਼ਨ ਵਿੱਚ ਅਸਫਲ ਹੋਣ ਦੀ ਸੂਰਤ ਵਿਚ ਝਟ ਮਾਨਸਿਕ ਤਣਾਉ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਦੇ ਨਾਲ-ਨਾਲ ਕਦਰਾਂ-ਕੀਮਤਾਂ ਤੇ ਅਖ਼ਲਾਕ ਅੱਜ ਦੇ ਲੋਕਾਂ ਵਿਚ ਜਿਸ ਕਦਰ ਡਿੱਗ ਚੁੱਕੇ ਹਨ ਉਸ ਦੀ ਸ਼ਾਇਦ ਪਹਿਲਾਂ  ਕਦੇ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ।

 

ਅੰਤ ਵਿਚ ਇਹੋ ਕਹਾਂਗਾ ਕਿ ਅੱਜ ਦਾ ਮਨੁੱਖ ਤਰੱਕੀ ਕਰਨ ਦੀਆਂ ਜਿੰਨੀਆਂ ਮਰਜੀ ਫੜਾਂ ਮਾਰੀ ਜਾਵੇ, ਭਾਵੇਂ ਅਜੋਕੇ ਮਨੁੱਖ ਨੇ ਚੰਦ ਨੂੰ ਫਤਿਹ ਕਰਨ ਉਪਰੰਤ ਮੰਗਲ ਗ੍ਰਹਿ ਵਲ ਚਾਲੇ ਪਾ ਦਿੱਤੇ ਹਨ ਪਰ ਜਦੋਂ ਅਸੀਂ ਅੱਜ ਆਪਣੇ ਅਖ਼ਲਾਕ ਤੇ ਨੈਤਿਕ ਕਦਰਾਂ-ਕੀਮਤਾਂ ਵਲ ਨਜ਼ਰ ਮਾਰਦੇ ਹਾਂ ਤਾਂ ਬੇਹੱਦ ਨਿਰਾਸ਼ਾ ਹੁੰਦੀ ਹੈ। ਸ਼ਾਇਦ ਇਸੇ ਲਈ ਉਰਦੂ ਦੇ ਇੱਕ ਕਵੀ ਨੇ ਕਿਹਾ ਹੈ ਕਿ :

ਬੜ੍ਹਨੇ ਕੋ ਬਸ਼ਰ ਚਾਂਦ ਸੇ ਭੀ ਆਗੇ ਬੜ੍ਹਾ ਹੈ।

ਯੇਹ ਸੋਚੀਏ ਕਿਰਦਾਰ ਘਟਾ ਹੈ ਕਿ ਬੜ੍ਹਾ ਹੈ।

 

ਮੁਹੰਮਦ ਅੱਬਾਸ ਧਾਲੀਵਾਲ 

ਮਲੇਰਕੋਟਲਾ, 

ਸੰਪਰਕ ਨੰਬਰ 9855259650 

Abbasdhaliwal72@gmail.com