ਸੰਯੁਕਤ ਕਿਸਾਨ ਮੋਰਚੇ ਦੇ ਆਗੂ ਨੌਜਵਾਨਾਂ ਦੀਆ ਭਾਵਨਾਵਾਂ ਦੀ ਸਹੀ ਤਰਜਮਾਨੀ ਕਰਨ: ਭਾਈ ਅਮਰੀਕ ਸਿੰਘ ਗਿੱਲ

ਸੰਯੁਕਤ ਕਿਸਾਨ ਮੋਰਚੇ ਦੇ ਆਗੂ ਨੌਜਵਾਨਾਂ ਦੀਆ ਭਾਵਨਾਵਾਂ ਦੀ ਸਹੀ ਤਰਜਮਾਨੀ ਕਰਨ: ਭਾਈ ਅਮਰੀਕ ਸਿੰਘ ਗਿੱਲ

ਅੰਦੋਲਨ ਦੀ ਸਾਰੀ ਸ਼ਕਤੀ ਪੰਜਾਬ ਅਤੇ ਹਰਿਆਣਾ ਦੇ ਨੌਜਵਾਨ ਹਨ..

ਨਵੀਂ ਦਿੱਲੀ - (ਮਨਪ੍ਰੀਤ ਸਿੰਘ ਖਾਲਸਾ):-ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਤਾਕੀਦ ਹੈ ਕਿ ਕਿਸਾਨ ਮੋਰਚੇ ਦੀ ਅਸਲੀ ਸ਼ਕਤੀ ਨੂੰ ਪਛਾਣੋ । ਇਸ ਅੰਦੋਲਨ ਦੀ ਸਾਰੀ ਸ਼ਕਤੀ ਪੰਜਾਬ ਅਤੇ ਹਰਿਆਣਾ ਦੇ ਨੌਜਵਾਨ ਹਨ । ਇਸ ਅੰਦੋਲਨ ਦੇ ਸੰਚਾਲਕ ਬੇਸ਼ੱਕ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਹਨ ਪਰ ਅੰਦੋਲਨ ਨੂੰ ਸ਼ੰਭੂ ਬਾਡਰ ਤੋਂ ਦਿੱਲੀ ਤੱਕ ਲਿਆਉਣ ਵਾਲੇ ਪੰਜਾਬ ਅਤੇ ਹਰਿਆਣਾ ਦੇ ਨੌਜਵਾਨ ਹਨ । ਇਸ ਕਰਕੇ ਨੌਜਵਾਨਾਂ ਨੂੰ ਭਰੋਸੇ ਵਿੱਚ ਲੈਣਾ ਅਤੀ ਜ਼ਰੂਰੀ ਹੈ । ਇਸ ਮੋਰਚੇ ਵਿੱਚ ਬਹੁਤ ਸਾਰੇ ਉਤਰਾਅ ਚੜ੍ਹਾ ਆਏ ਹਨ । ਬਿਪਤਾ ਸਮੇਂ ਆਗੂਆਂ ਦਾ ਨੌਜਵਾਨਾਂ ਨਾਲ ਨਾ ਖੜ੍ਹਨਾ ਨੌਜਵਾਨਾਂ ਚ ਨਿਰਾਸ਼ਾ ਦਾ ਕਾਰਨ ਹੀ ਨਹੀਂ ਬਣਿਆ ਬਲਕਿ ਉਹ ਯੋਗ ਅਗਵਾਈ ਦੀ ਭਾਲ ਵੀ ਕਰਨ ਲੱਗ ਪਏ ਸਨ ਮਹਿਰਾਜ ਦਾ ਇਕੱਠ ਇਸ ਗੱਲ ਦਾ ਗਵਾਹ ਹੈ ਪਰ ਨੌਜਵਾਨਾਂ ਵੱਲੋਂ ਵੱਖਰੀ ਅਗਵਾਈ ਦੀ ਥਾਂ ਮੌਜੂਦਾ ਸੰਯੁਕਤ ਮੋਰਚੇ ਦੇ ਆਗੂਆਂ ਦੀ ਅਗਵਾਈ ਚ ਚੱਲਣ ਦਾ ਫੈਸਲਾ ਬਹੁਤ ਹੀ ਅਹਿਮ ਹੈ । ਐਸਾ ਵੀ ਲੱਗ ਰਿਹਾ ਹੈ ਕਿ ਹੁਣ ਸੰਯੁਕਤ ਮੋਰਚੇ ਦੇ ਕਈ ਨੇਤਾ ਵੀ ਮਹਿਸੂਸ ਕਰਨ ਲੱਗ ਪਏ ਹਨ ਕਿ ਨੌਜਵਾਨਾਂ ਨੂੰ ਨਾਲ ਲੈ ਕੇ ਚੱਲਣ ਨਾਲ ਹੀ ਇਹ ਮੋਰਚਾ ਫਤਹਿ ਹਾਸਲ ਕਰ ਸਕਦਾ ਹੈ । ਅਸੀਂ ਨੌਜਵਾਨਾਂ ਦੇ ਇਕੱਠ ਤੇ ਉਹਨਾ ਦੇ ਸਦਭਾਵਨਾ ਤੇ ਸਹਿਯੋਗ ਭਰੇ ਫ਼ੈਸਲੇ ਦੀ ਸ਼ਲਾਘਾ ਕਰਦੇ ਹਾਂ।

ਭਾਈ ਅਮਰੀਕ ਸਿੰਘ ਗਿੱਲ, ਚੇਅਰਮੈਨ,  ਸਿੱਖ ਫੈਡਰੇਸ਼ਨ ਯੂਕੇ, ਵਲੋਂ ਮੀਡੀਆ ਨੂੰ ਜਾਰੀ ਕੀਤੇ ਗਏ ਬਿਆਨ ਵਿਚ ਕਿਹਾ ਗਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸਾਰੇ ਆਗੂਆਂ ਨੂੰ ਅਸੀਂ ਤਾਕੀਦ ਕਰਦੇ ਹਾਂ ਕਿ ਨੌਜਵਾਨਾਂ ਦੀਆ ਭਾਵਨਾਵਾਂ ਦੀ ਸਹੀ ਤਰਜਮਾਨੀ ਕਰਕੇ ਸਮੇਂ ਜੀ ਨਜ਼ਾਕਤ ਨੂੰ ਮੁੱਖ ਰੱਖਦੇ ਹੋਏ ਇਕੱਠੇ ਹੋ ਕੇ ਜਿੱਤ ਵੱਲ ਵਧਿਆ ਜਾਵੇ । ਮੋਰਚੇ ਚ ਸ਼ਾਮਲ ਹੋਣ ਵਾਲਾ ਹਰ ਸ਼ਖਸ਼ ਅਹਿਮ ਹੈ ਅਤੇ ਸਾਰਿਆਂ ਨੂੰ ਅਸੀਂ ਯਕੀਨ ਦੁਆਉਂਦੇ ਹਾਂ ਕਿ ਵਿਦੇਸ਼ਾਂ ਚ ਬੈਠਾ ਹਰੇਕ ਕਿਸਾਨ ਪੰਜਾਬੀ, ਹਰਿਆਣਵੀ, ਰਾਜਸਥਾਨੀ, ਯੂ.ਪੀ. ਜਾਂ ਕਿਸੇ ਵੀ ਹੋਰ ਪ੍ਰਾਂਤ ਤੋਂ ਹੋਵੇ ਇਸ ਮੋਰਚੇ ਪ੍ਰਤੀ ਚਿੰਤਤ ਹੈ । ਯੂ ਐਨ ਉ ਸਮੇਤ ਹਰ ਇੱਕ ਵਿਦੇਸ਼ੀ ਮੁਲਕਾਂ ਦੀਆਂ ਸਰਕਾਰਾਂ ਕਿਸਾਨ ਮੋਰਚੇ ਤੇ ਤਿੱਖੀ ਨਜ਼ਰ ਰੱਖ ਰਹੀਆਂ ਹਨ । ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਜਿੱਥੇ ਨੌਜਵਾਨਾਂ ਨੂੰ ਪੂਰਨ ਭਰੋਸਾ ਦਿਵਾਉਣ ਦੀ ਲੋੜ ਹੈ ਉੱਥੇ ਹੀ ਆਪਣੇ ਮੁੱਖ ਬੁਲਾਰੇ ਵੀ ਚੁਣ ਲੈਣੇ ਚਾਹੀਦੇ ਹਨ ਤਾਂ ਜੋ ਮੋਰਚੇ ਸੰਬੰਧੀ ਸਾਰੀ ਗੱਲ-ਬਾਤ ਮੀਡੀਏ ਚ ਸਪੱਸ਼ਟ ਰੂਪ ਚ ਰੱਖੀ ਜਾਵੇ । ਅਸੀਂ ਉਨ੍ਹਾਂ ਸਾਰੀਆਂ ਸੰਸਥਾਵਾਂ, ਵਕੀਲਾਂ ਦਾ ਧੰਨਵਾਦ ਵੀ ਕਰਦੇ ਹਾਂ ਜੋ ਮੋਰਚੇ ਦੌਰਾਨ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਕਾਨੂੰਨੀ ਮੱਦਦ ਕਰ ਰਹੇ ਹਨ ।ਪੂਰੇ ਸੰਸਾਰ ਦੇ ਮਜ਼ਦੂਰ ਕਿਸਾਨ ਇਸ ਮੋਰਚੇ ਨੂੰ ਸਮਰਥਨ ਦੇ ਰਹੇ ਹਨ ਉੱਥੇ ਜਿਵੇਂ ਬੀਤੇ ਦਿਨੀਂ ਕਿਸਾਨ ਆਗੂ ਰਿਕੇਸ਼ ਟਿਕੈਤ ਵੱਲੋਂ ਸਰਕਾਰ ਦੀ ਅਲੋਚਨਾ ਕੀਤੀ ਗਈ ਹੈ ਕਿ ਸਰਕਾਰ ਦੀ ਨੀਅਤ ਮੋਰਚੇ ਨੂੰ ਖਤਮ ਕਰਨ ਦੀ ਹੋ ਸਕਦੀ ਹੈ । ਪਰ ਜਿੰਨਾ ਚਿਰ ਮੋਰਚੇ ਚ ਸ਼ਾਮਿਲ ਸਾਰੀਆਂ ਧਿਰਾਂ ਦਾ ਇਕੱਠ ਤੇ ਇਕ ਨਿਸ਼ਾਨਾ ਬਣਿਆ ਰਹੇਗਾ ਸਰਕਾਰ ਦੀਆ ਸਾਰੀਆਂ ਕੋਸ਼ਿਸ਼ਾਂ ਨਾਕਾਮ ਰਹਿਣਗੀਆਂ । ਇਹ ਬਹੁਤ ਹੀ ਅਹਿਮ ਹੈ ਕਿ ਸਾਰੇ ਇੱਕ ਜੁੱਟ ਹੋ ਕੇ ਸਾਰਿਆ ਨੂੰ ਨਾਲ ਲੈ ਕੇ ਚੱਲੀਏ ਤਾਂ ਜੋ ਜਿੱਤ ਹਾਸਲ ਕੀਤੀ ਜਾ ਸਕੇ ।