ਭਗਵਿਆਂ ਨੂੰ ਕਿਉਂ ਚੁਭਦੀ ਹੈ ਪੰਜਾਬੀ ਬੋਲੀ? 

ਭਗਵਿਆਂ ਨੂੰ ਕਿਉਂ ਚੁਭਦੀ ਹੈ ਪੰਜਾਬੀ ਬੋਲੀ? 

ਮਨਜੀਤ ਸਿੰਘ ਟਿਵਾਣਾ

ਕਿਸੇ ਵੀ ਮਾਂ-ਬੋਲੀ ਦੀ ਸੰਸਾਰ ਪੱਧਰ ਉਤੇ ਸਰਬ ਪ੍ਰਵਾਨਿਤ ਪਰਿਭਾਸ਼ਾ ਤਹਿਤ ਇਸ ਨੂੰ ਮਾਂ ਦੀ ਬੋਲੀ ਮੰਨਿਆ ਜਾਂਦਾ ਹੈ। ਆਮ ਹਾਲਾਤ ਵਿਚ ਬੱਚਾ ਆਪਣੇ ਜੀਵਨ ਦੇ ਮੁਢਲੇ ਵਰ੍ਹੇ ਆਪਣੀ ਮਾਂ ਦੀ ਗੋਦ ਤੇ ਉਸ ਦੇ ਇਰਦ-ਗਿਰਦ ਹੀ ਗੁਜ਼ਾਰਦਾ ਹੈ। ਜਿਹੜਾ ਚੌਗਿਰਦਾ ਉਸ ਦੀ ਮਾਂ ਦਾ ਹੁੰਦਾ ਹੈ, ਬੱਚਾ ਵੀ ਉਸ ਨਾਲ ਜੁੜ ਕੇ ਪਰਵਾਨ ਚੜ੍ਹਦਾ ਹੈ। ਕਿਸੇ ਬੱਚੇ ਦੀ ਤੋਤਲੀ ਜ਼ੁਬਾਨ 'ਚੋਂ ਨਿਕਲਣ ਵਾਲੇ ਪਹਿਲੇ ਬੋਲਾਂ ਦੇ ਗਵਾਹ ਵੀ ਉਸ ਦੀ ਮਾਂ ਤੇ ਮਾਂ-ਬੋਲੀ ਬਣਦੇ ਹਨ। ਇਸ ਕਰਕੇ ਮਾਂ ਦੀ ਬੋਲੀ ਹੀ ਕਿਸੇ ਇਨਸਾਨ ਦੀ ਮਾਂ-ਬੋਲੀ ਹੁੰਦੀ ਹੈ। ਮਾਂ ਵਰਗਾ ਭਾਵੁਕ ਤੇ ਪਵਿੱਤਰ ਰਿਸ਼ਤਾ ਹੀ ਮਨੁੱਖ ਦਾ ਮਾਂ-ਬੋਲੀ ਨਾਲ ਹੁੰਦਾ ਹੈ। ਆਪਣੀ ਮਿੱਟੀ ਤੇ ਸੱਭਿਆਚਾਰ ਨਾਲ ਪੀਡੀਆਂ ਗੰਢਾਂ ਮਾਂ-ਬੋਲੀ ਵਿਚ ਹੀ ਬੱਝਦੀਆਂ ਹਨ। ਇਹਨਾਂ ਤਮਾਮ ਤੱਥਾਂ ਦੀ ਰੌਸ਼ਨੀ ਵਿਚ ਹੀ ਮਨੋਵਿਗਿਆਨ ਨੇ ਮੋਹਰ ਲਗਾਈ ਹੈ ਕਿ ਕਿਸੇ ਮਨੁੱਖ ਦੇ ਸੁਭਾਅ ਵਿਚ ਰਚੀ ਕੁਦਰਤੀ ਬੋਲੀ ਹੀ ਤਾਅ ਉਮਰ ਉਸ ਦੇ ਵਿਚਾਰ ਪ੍ਰਗਟਾਵੇ ਦਾ ਸਭ ਤੋਂ ਸਹਿਜ ਤੇ ਸਰਲ ਰਾਹ ਹੁੰਦੀ ਹੈ। ਮਾਂ-ਬੋਲੀ ਦੀ ਕੁੱਛੜ ਚੜ੍ਹ ਕੇ ਹੀ ਮਨੁੱਖ ਦੀ ਬੁੱਧੀ ਵਿਕਾਸ ਕਰਦੀ ਹੈ।ਇਹ ਇਕ ਕੁਦਰਤੀ ਵਰਤਾਰਾ ਹੈ ਜੋ ਪੀੜ੍ਹੀ ਦਰ ਪੀੜ੍ਹੀ ਚਲਦਾ ਹੈ। ਇਹ ਨਾ ਕਿਸੇ ਉਤੇ ਜਬਰੀ ਥੋਪੀ ਜਾ ਸਕਦੀ ਹੈ ਅਤੇ ਨਾ ਹੀ ਕਿਸੇ ਦੀ ਬਦਲੀ ਜਾ ਸਕਦੀ ਹੈ।

ਆਪਣੀ ਮਾਂ-ਬੋਲੀ ਦਾ ਮਾਣ-ਸਤਿਕਾਰ ਕਰਨਾ ਸਭ ਦਾ ਫਰਜ਼ ਹੈ। ਇਸ ਦਾ ਕਤਈ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਕਿਸੇ ਦੂਜੀ ਬੋਲੀ ਨੂੰ ਗੰਵਾਰ ਕਹਿ ਕੇ ਜਾਂ ਗਾਲੀ ਗਲੋਚ ਕਰ ਕੇ ਬੇਇੱਜ਼ਤ ਕਰੋ। ਭਾਸ਼ਾ ਵਿਭਾਗ ਪੰਜਾਬ ਦੇ ਵਿਹੜੇ ਵਿਚ ਹਿੰਦੀ ਭਾਸ਼ਾ ਦੇ ਠੇਕੇਦਾਰ ਬਣੇ ਭਗਵੇਂਵਾਦੀਆਂ ਦੀ ਪੰਜਾਬੀ ਬੋਲੀ ਪ੍ਰਤੀ ਈਰਖਾਲੂ ਸੋਚ ਦਾ ਪ੍ਰਗਟਾਵਾ ਹੋਇਆ ਹੈ। ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਡਾ. ਤੇਜਵੰਤ ਸਿੰਘ ਮਾਨ ਅਤੇ ਪੰਜਾਬੀ ਬੋਲੀ ਦੇ ਨਿਰਾਦਰ ਦਾ ਵਿਸ਼ਵ ਭਰ ਦੇ ਪੰਜਾਬੀਆਂ ਨੂੰ ਸਖਤ ਨੋਟਿਸ ਲੈਣਾ ਚਾਹੀਦਾ ਹੈ। ਹਿੰਦੀ ਦਿਵਸ ਸਮਾਗਮ ਵਿਚ ਪੰਜਾਬੀ ਬੋਲੀ ਦੇ ਦੁਸ਼ਮਣ ਬਣੇ ਆ ਰਹੇ ਸੰਘ ਦੇ ਨੁਮਾਇੰਦਿਆਂ ਨੇ ਪੰਜਾਬੀ ਭਾਸ਼ਾ ਪ੍ਰਤੀ ਬਹੁਤ ਹੀ ਭੱਦੀ ਸ਼ਬਦਾਵਲੀ ਵਰਤੀ ਹੈ। ਪੰਜਾਬ ਸਰਕਾਰ ਨੇ ਸਮੁੱਚੇ ਮਾਮਲੇ ਉਤੇ ਸਾਜ਼ਿਸ਼ੀ ਚੁੱਪ ਧਾਰੀ ਹੋਈ ਹੈ ਅਤੇ ਭਾਸ਼ਾ ਵਿਭਾਗ ਵੀ ਲੀਪਾਪੋਚੀ ਕਰਦਾ ਨਜ਼ਰ ਆ ਰਿਹਾ ਹੈ। 

ਦਰਅਸਲ ਪੰਜਾਬੀ ਬੋਲੀ ਨਾਲ ਅੰਦਰੋਂ ਖਾਰ ਖਾਣ ਵਾਲਾ ਭਗਵੀਂ ਸੋਚ ਦਾ ਇਹ ਵਤੀਰਾ ਚਿਰ ਪੁਰਾਣਾ ਹੈ। ਪੰਜਾਬ ਵਿਚ ਕਿੰਨੇ ਹੀ ਸਮੇਂ ਤੋਂ ਇਕ ਸਾਜ਼ਿਸ਼ ਤਹਿਤ ਪੰਜਾਬੀ ਭਾਸ਼ਾ ਨੂੰ ਠਿੱਬੀ ਲਾਉਣ ਦੇ ਕੋਝੇ ਯਤਨ ਕੀਤੇ ਜਾਂਦੇ ਰਹੇ ਹਨ। ਪੰਜਾਬ ਦੇ ਪੁਨਰਗਠਨ ਵੇਲੇ ਵੀ ਸੰਘੀਆਂ ਨੇ ਪੂਰਾ ਤਾਣ ਲਾ ਕੇ ਪੰਜਾਬ ਦੇ ਹਿੰਦੂਆਂ ਨੂੰ ਆਪਣੀ ਮਾਂ-ਬੋਲੀ ਪੰਜਾਬੀ ਦੀ ਥਾਂ ਹਿੰਦੀ ਲਿਖਵਾਉਣ ਲਈ ਉਕਸਾਇਆ ਸੀ। ਅੱਜ ਜਦੋਂ ਸਮੁੱਚੀ ਲੋਕਾਈ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾ ਰਹੀ ਹੈ, ਤਾਂ ਉਸ ਜਗਤ ਗੁਰੂ ਨਾਨਕ ਦੀ ਬੋਲੀ ਨੂੰ ਸੰਘੀਆਂ ਵੱਲੋਂ 'ਗੰਵਾਰਾਂ ਦੀ ਭਾਸ਼ਾ' ਦੱਸਣਾ ਤੇ ਪੰਜਾਬੀਆਂ ਨੂੰ ਦੋ ਕੁ ਸਾਲ ਹੋਰ ਠਹਿਰ ਜਾਣ ਦੀਆਂ ਧਮਕੀਆਂ ਦੇਣਾ ਸਥਿਤੀ ਦੀ ਗੰਭੀਰਤਾ ਨੂੰ ਦਰਸਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਹਿੰਦੀ ਦਿਵਸ ਉਤੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਕਿਹਾ ਹੈ ਕਿ ਪੂਰੇ ਦੇਸ਼ ਲਈ ਇਕ ਭਾਸ਼ਾ ਜ਼ਰੂਰ ਹੋਣੀ ਚਾਹੀਦੀ ਹੈ। ਇਥੋਂ ਤਕ ਤਾਂ ਗੱਲ ਮੰਨਣਯੋਗ ਹੈ ਕਿ ਪੂਰੇ ਦੇਸ਼ ਵਿਚ ਆਪਸੀ ਸੰਪਰਕ ਲਈ ਕਿਸੇ ਇਕ ਭਾਸ਼ਾ ਦਾ ਹੋਣਾ ਜ਼ਰੂਰੀ ਹੈ ਪਰ ਗ੍ਰਹਿ ਮੰਤਰੀ ਜਦੋਂ ਇਹ ਕਹਿੰਦੇ ਹਨ ਕਿ ਹਿੰਦੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ ਅਤੇ ਸਿਰਫ ਇਹੋ ਦੇਸ਼ ਨੂੰ ਇਕਜੁੱਟ ਕਰ ਸਕਦੀ ਹੈ, ਤਾਂ ਭਗਵਿਆਂ ਦੀ ਭਾਸ਼ਾ ਦੇ ਨਾਮ ਉਤੇ ਕੀਤੀ ਜਾ ਰਹੀ ਸਿਆਸਤ ਨੰਗੀ ਹੋ ਜਾਂਦੀ ਹੈ।

ਨਹਿਰੂ ਕਾਲ ਵੇਲੇ ਸੰਵਿਧਾਨ ਮੁਤਾਬਕ ਹਿੰਦੀ ਅਤੇ ਅੰਗਰੇਜ਼ੀ ਨੂੰ 15 ਸਾਲਾਂ ਲਈ ਭਾਰਤ ਦੀ ਸੰਪਰਕ ਜਾਂ ਦਫਤਰੀ ਭਾਸ਼ਾ ਦਾ ਰੁਤਬਾ ਮਿਲਿਆ ਸੀ। ਭਾਰਤ ਦੇ ਸੰਵਿਧਾਨ ਦੇ ਅੱਠਵੇਂ ਸ਼ਡਿਊਲ ਵਿਚ 22 ਭਾਸ਼ਾਵਾਂ ਦਰਜ ਹਨ ਅਤੇ ਸਾਰੀਆਂ ਨੂੰ ਬਰਾਬਰਤਾ ਦਿੱਤੀ ਗਈ ਹੈ। ਫਿਰ ਹੁਣ ਮਸਲਾ ਕੀ ਹੈ? ਸਚਾਈ ਇਹ ਕਿ ਪੂਰੇ ਦੇਸ਼ ਦੀਆਂ ਵੰਨ-ਸੁਵੰਨੀਆਂ ਬੋਲੀਆਂ ਨੂੰ ਹਿੰਦੀ ਦੇ ਗਲਬੇ ਹੇਠ ਮਸਲ ਦੇਣ ਵਾਸਤੇ ਹਿੰਦੀ ਨੂੰ ਰਾਸ਼ਟਰਵਾਦ ਦਾ ਪਲੇਥਣ ਲਾਉਣਾ ਜ਼ਰੂਰੀ ਹੈ। ਇਹੋ ਭਗਵਾਂਵਾਦ ਤੇ ਆਰਐਸਐਸ ਦਾ ਮੂਲ ਏਜੰਡਾ ਹੈ। ਸੰਵਿਧਾਨ ਬਣਨ ਵੇਲੇ ਇਹ ਕਿਹਾ ਗਿਆ ਸੀ ਕਿ ਹਿੰਦੀ ਤੇ ਅੰਗਰੇਜ਼ੀ ਦੋਵੇਂ ਦੇਸ਼ ਦੀਆਂ ਸੰਪਰਕ ਭਾਸ਼ਾਵਾਂ ਵਜੋਂ ਹੀ ਰਹਿਣਗੀਆਂ। ਬਾਅਦ ਵਿਚ ਸੰਨ 1963 ਵਿਚ ਸਰਕਾਰੀ
ਭਾਸ਼ਾਵਾਂ ਬਾਰੇ ਦੁਬਾਰਾ ਕਾਨੂੰਨ ਬਣਾਇਆ ਗਿਆ, ਤਾਂ ਭਾਰਤ ਦੇ ਦੱਖਣ ਵਿਚ ਤਾਮਿਲਨਾਡੂ ਤੇ ਹੋਰ ਰਾਜਾਂ ਵਿਚ ਹਿੰਦੀ ਦਾ ਵੱਡੇ ਪੱਧਰ 'ਤੇ ਵਿਰੋਧ ਹੋਇਆ ਤੇ ਜਾਨਾਂ ਵੀ ਗਈਆਂ। ਇਸ ਤੋਂ ਬਾਅਦ ਹਿੰਦੀ ਤੇ ਅੰਗਰੇਜ਼ੀ ਦੀ ਲਗਾਤਾਰ ਵਰਤੋਂ ਨੂੰ ਹੀ ਮਾਨਤਾ ਦਿੱਤੀ ਗਈ।

ਪੰਜਾਬੀਆਂ ਤੇ ਖਾਸ ਕਰ ਕੇ ਸਿੱਖ ਕੌਮ ਅੱਗੇ ਪੰਜਾਬੀ ਮਾਂ ਬੋਲੀ ਤੇ ਮਾਤ-ਭੂਮੀ ਦੀ ਵਿਰਾਸਤੀ ਆਭਾ ਨੂੰ ਕਾਇਮ ਰੱਖਣ ਦਾ ਵੱਡਾ ਮਸਲਾ ਹੈ। ਸਿੱਖਾਂ ਦੇ ਹਾਜ਼ਰਾ ਹਜ਼ੂਰ ਗੁਰੂ ਦਾ ਰੁਤਬਾ ਪ੍ਰਾਪਤ ਗੁਰੂ ਗ੍ਰੰਥ ਸਾਹਿਬ ਵਿਚ ਪੰਜਾਬੀ ਬੋਲੀ ਤੇ ਗੁਰਮੁਖੀ ਲਿੱਪੀ ਦੀ ਪ੍ਰਮੁੱਖਤਾ ਹੈ। ਗੁਰੂ ਨਾਨਕ ਸਾਹਿਬ ਤੇ ਦੂਜੇ ਗੁਰੂ ਸਾਹਿਬਾਨਾਂ, ਭਗਤਾਂ, ਸੂਫੀਆਂ ਦੀ ਰਚੀ ਬਾਣੀ ਦਾ ਅਮੋਲਕ ਖਜ਼ਾਨਾ ਪੰਜਾਬੀ ਵਿਚ ਹੈ। ਇਹ ਰੱਬੀ ਬਾਣੀ ਕਥਿਤ ਹਿੰਦੂਤਵ ਤੇ ਪਾਖੰਡ ਦਾ ਭਾਂਡਾ ਭੰਨਦੀ ਹੈ। ਇਸ ਕਰਕੇ ਭਗਵਿਆਂ ਦੇ ਕਥਿਤ ਹਿੰਦੂ ਰਾਸ਼ਟਰ ਕਾਇਮ ਕਰਨ ਦੇ ਮਨਸੂਬਿਆਂ ਦੇ ਰਾਹ ਵਿਚ ਸਿੱਖ ਫਲਸਫਾ, ਪੰਜਾਬੀ ਬੋਲੀ ਤੇ ਗੁਰੂ ਗੰ੍ਰਥ ਸਾਹਿਬ ਵੱਡਾ ਅੜਿੱਕਾ ਹਨ। ਇਸੇ ਕਰਕੇ ਹੌਲੀ-ਹੌਲੀ ਪੰਜਾਬੀ ਬੋਲੀ ਤੇ ਸਿੱਖੀ ਦੇ ਨਿਆਰੇਪਣ ਨੂੰ ਖਤਮ ਕਰਨ ਦੇ ਕੋਝੇ ਯਤਨ ਕੀਤੇ ਜਾ ਰਹੇ ਹਨ। ਪੰਜਾਬੀਆਂ ਨੂੰ ਭਾਰਤ ਦੇ ਅਜੋਕੇ ਹਾਲਾਤ ਦੇ ਮੱਦੇਨਜ਼ਰ ਪੰਜਾਬੀ 'ਤੇ ਹੋਏ ਸੱਜਰੇ ਹਮਲੇ ਨੂੰ ਧਿਆਨ ਵਿਚ ਰੱਖ ਕੇ ਅਗਾਊਂ ਰਣਨੀਤੀ ਬਣਾਉਣ ਤੇ ਨਵੀਂ ਸਿਆਸੀ ਸਫਬੰਦੀ ਦੀ ਵੱਡੀ ਲੋੜ ਹੈ। 

ਭਗਵਿਆਂ ਨੂੰ ਵੀ ਇਤਿਹਾਸ ਤੋਂ ਸਬਕ ਲੈਣ ਦੀ ਸਲਾਹ ਹੈ ਕਿ ਬੋਲੀ ਦਾ ਮਸਲਾ ਕੋਈ ਧਾਰਾ ਤੋੜਨ ਜਾਂ ਮਸਜਿਦ ਢਾਹ ਕੇ ਮੰਦਿਰ ਬਣਾਉਣ ਵਰਗਾ ਨਹੀਂ ਹੈ। ਗਵਾਂਢੀ ਮੁਲਕ ਪਾਕਿਸਤਾਨ ਵੀ ਉਰਦੂ ਨੂੰ ਦੇਸ਼ ਦੀ ਰਾਸ਼ਟਰ ਭਾਸ਼ਾ ਬਣਾਉਣ ਦੀ ਜ਼ਿੱਦ ਕਰ ਕੇ ਸੰਨ 1971 ਵਿਚ ਦੇਸ਼ ਦੇ ਦੋ ਟੋਟੇ ਕਰਵਾ ਚੁੱਕਾ ਹੈ। ਇਹ ਬਹੁਤ ਹੀ ਗੰਭੀਰ ਮਸਲਾ ਹੈ। ਇਸ ਕਰ ਕੇ ਅੱਗ ਨਾਲ ਖੇਡਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।