ਨੌਜਵਾਨ ਚੇਹਰਾ ਪਰਮਜੀਤ ਸਿੰਘ ਮੰਡ ਨੂੰ ਦਲ ਖ਼ਾਲਸਾ ਦਾ ਵਰਕਿੰਗ ਪ੍ਰਧਾਨ ਨਿਯੁਕਤ

ਨੌਜਵਾਨ ਚੇਹਰਾ ਪਰਮਜੀਤ ਸਿੰਘ ਮੰਡ ਨੂੰ ਦਲ ਖ਼ਾਲਸਾ ਦਾ ਵਰਕਿੰਗ ਪ੍ਰਧਾਨ ਨਿਯੁਕਤ

ਦਲ ਖ਼ਾਲਸਾ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ ਸੰਮਤ 556 ਅਕਾਲ ਤਖ਼ਤ ਸਾਹਿਬ ਤੋਂ ਜਾਰੀ

ਪੰਥ ਅੰਦਰ ਵੰਡੀਆਂ ਖਤਮ ਕਰਨ ਲਈ ਜਥੇਦਾਰ ਅਕਾਲ ਤਖ਼ਤ ਮੂਲ ਕੈਲੰਡਰ ਦਾ ਵਿਵਾਦ ਸੁਲਝਾਉਣ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਅੰਮ੍ਰਿਤਸਰ- ਦਲ ਖ਼ਾਲਸਾ ਨੇ ਸਿੱਖ ਕੈਲੰਡਰ ਅਨੁਸਾਰ ਨਵੇਂ ਸਾਲ ਦੀ ਸ਼ੁਰੂਆਤ ਅਕਾਲ ਤਖਤ ਸਹਿਬ ਤੇ ਅਰਦਾਸ ਕਰਕੇ, ਮੂਲ ਨਾਬਕਸ਼ਾਹੀ ਕੈਲੰਡਰ ਰਿਲੀਜ ਕਰਕੇ ਅਕਾਲ ਤਖ਼ਤ ਸਾਹਿਬ ਦੇ 'ਜਥੇਦਾਰ' ਗਿਆਨੀ ਰਘਬੀਰ ਸਿੰਘ ਨੂੰ ਖ਼ਤ ਸੌਂਪ ਕੇ ਨਾਨਕਸ਼ਾਹੀ ਕੈਲੰਡਰ ਸਬੰਧੀ ਚਲ ਰਹੇ ਵਿਵਾਦ ਅਤੇ ਭੰਬਲਭੂਸੇ ਨੂੰ ਸੁਲਝਾਉਣ ਦੀ ਅਪੀਲ ਕੀਤੀ ਹੈ। 

ਜਥੇਬੰਦੀ ਨੇ ਖਤ ਵਿੱਚ ਕਿਹਾ ਕਿ ਅਸੀਂ ਸਮੰਤ ੫੫੬ ਅੰਦਰ ਇਸ ਅਰਦਾਸ ਅਤੇ ਉਮੀਦਾਂ ਨਾਲ ਪੈਰ ਰੱਖ ਰਹੇ ਹਾਂ ਕਿ ਪੰਥ ਵਿੱਚ ਇਤਫ਼ਾਕ ਪੈਦਾ ਹੋਵੇ, ਵੰਡੀਆਂ ਦੂਰ ਹੋਣ, ਸ਼ਹੀਦਾਂ ਦੇ ਸੁਪਨੇ ਸਾਕਾਰ ਹੋਣ, ਬੰਦੀ ਸਿੰਘ ਰਿਹਾਅ ਹੋਣ, ਪੰਥ ਦਾ ਮਾਣ-ਸਨਮਾਨ ਬੁਲੰਦੀ ਛੋਹੇ ਅਤੇ ਗੁਰੂ ਗ੍ਰੰਥ ਸਾਹਿਬ ਦੇ ਪੈਰੋਕਾਰ ਆਪਣੀ ਆਸਥਾ ਅਤੇ ਵਫਾਦਾਰੀ ਕੇਵਲ ਤੇ ਕੇਵਲ ਗੁਰੂ ਸਿਧਾਂਤ ਅਤੇ ਅਕਾਲ ਤਖ਼ਤ ਸਾਹਿਬ ਦੀ ਸਰਵਉਚਤਾ ਪ੍ਰਤੀ ਰੱਖਣ। 

 ਕੰਵਰਪਾਲ ਸਿੰਘ ਵੱਲੋਂ ਲਿਖੇ ਖ਼ਤ ਵਿਚ ਕਿਹਾ ਗਿਆ ਹੈ ਕਿ ਸ਼੍ਰੋਮਣੀ ਗੁ. ਪ੍ਰ. ਕਮੇਟੀ ਵਲੋਂ ਛਾਪੇ ਸੰਮਤ 556 ਕੈਲੰਡਰ, ਜੋ ਜਥੇਦਾਰ ਸਾਹਿਬ ਵੱਲੋਂ ਸਕੱਤਰੇਤ ਵਿੱਖੇ ਜਾਰੀ ਕੀਤਾ ਗਿਆ ਹੈ ਉਹ ਨਾਨਕਸ਼ਾਹੀ ਦੇ ਲੇਬਲ ਹੇਠ ਅਸਲ ਵਿੱਚ ਬਿਕਰਮੀ ਹੈ। ਖ਼ਤ ਵਿੱਚ ਅੱਗੇ ਕਿਹਾ ਗਿਆ ਹੈ ਕਿ ਪਿਛਲੇ 9 ਸਾਲਾਂ ਤੋਂ ਸ਼੍ਰੋਮਣੀ ਕਮੇਟੀ ਬਿਕਰਮੀ ਕੈਲੰਡਰ 'ਨਾਨਕਸ਼ਾਹੀ' ਦੇ ਨਾਂ ਹੇਠ ਛਾਪ ਕੇ ਕੌਮ ਨੂੰ ਗੁੰਮਰਾਹ ਕਰਦੀ ਆ ਰਹੀ ਹੈ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲੋਂ ਜਾਰੀ ਕਰਵਾ ਕੇ ਉਸਨੂੰ ਵੀ ਆਪਣਾ ਭਾਈਵਾਲ ਬਨਾਉਂਦੀ ਆ ਰਹੀ ਹੈ। ਉਹਨਾ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਵਿਵਾਦ ਨੇ ਪਿਛਲੇ ਇੱਕ ਦਾਹਕੇ ਤੋਂ ਕੌਮ ਨੂੰ ਵੰਡਿਆ ਹੋਇਆ ਹੈ। ਇਸ ਸਬੰਧੀ ਚਲ ਰਹੇ ਵਿਵਾਦ ਨੂੰ ਸੁਲਝਾਉਣ, ਕੈਲੰਡਰ ਦੇ ਨਾਮ ਹੇਠ ਕੌਮ ਅੰਦਰ ਪਾਈਆਂ ਵੰਡੀਆਂ ਨੂੰ ਖਤਮ ਕਰਨ ਦੀ ਸੋਚ ਤਹਿਤ ਹੀ ਦਲ ਖ਼ਾਲਸਾ ਵੱਲੋਂ ਅਕਾਲ ਤਖ਼ਤ ਸਾਹਿਬ ਨੂੰ ਇਸ ਖਤ ਲਿਖ ਰਾਹੀ ਇਸ ਵਿਵਾਦ ਨੂੰ ਸੁਲਝਾਉਣ ਦੀ ਅਪੀਲ ਕਰ ਰਹੇ ਹਾਂ। 

 ਇਸ ਤੋਂ ਪਹਿਲਾਂ ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ ਸੀਨੀਅਰ ਮੈਂਬਰਾਂ ਵੱਲੋਂ ਇਸ ਚਲਦੇ ਵਰ੍ਹੇ ਦਾ ਮੂਲ ਨਾਨਕਸ਼ਾਹੀ ਕੈਲੰਡਰ ਛਾਪ ਕੇ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਅਰਦਾਸ ਉਪਰੰਤ ਉਸਦੀ ਪਹਿਲੀ ਕਾਪੀ ਜਾਰੀ ਕੀਤੀ ਗਈ ਹੈ। ਜਥੇਬੰਦੀ ਵੱਲੋਂ ਇਸ ਵਰ੍ਹੇ ਦਾ ਕੈਲੰਡਰ ਦਰਬਾਰ ਸਾਹਿਬ ਉੱਤੇ ਭਾਰਤੀ ਹਮਲੇ ਦੇ 40 ਸਾਲਾ ਨੂੰ ਸਮਰਪਿਤ ਕੀਤਾ ਗਿਆ ਹੈ। ਆਗੂਆਂ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦੱਸਿਆ ਕਿ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਪਿਛਲੇ ਚਾਰ ਦਹਾਕਿਆਂ ਤੋ ਸਿੱਖ ਪੰਥ ਹਿੰਦੁਸਤਾਨ ਦੇ ਗਲਬੇ ਤੋ ਆਪਣੀ ਆਜ਼ਾਦੀ ਦੀ ਜੱਦੋ ਜਹਿਦ ਕਰਦਾ ਅ ਰਿਹਾ ਹੈ ਜੋ ਅੱਜ ਵੀ ਜਾਰੀ ਹੈ। 

 ਬੁਲਾਰੇ ਪਰਮਜੀਤ ਸਿੰਘ ਮੰਡ ਨੇ ਮੀਡੀਆ ਨੂੰ ਦੱਸਿਆ ਕਿ ਇਸ ਸਾਲ ਦਾ ਇਹ ਕੈਲੰਡਰ ਜਿੱਥੇ ਦਰਬਾਰ ਸਾਹਿਬ ਉੱਤੇ ਭਾਰਤੀ ਹਮਲੇ ਦੀ 40ਵੀਂ ਵਰੇਗੰਡ ਨੂੰ ਸਮਰਪਿਤ ਕੀਤਾ ਗਿਆ ਹੈ, ਉਥੇ ਹੀ ਇਹਨਾਂ 40 ਸਾਲਾਂ ਦੌਰਾਨ ਪੰਜਾਬ ਦੀ ਪ੍ਰਭੂਸਤਾ ਅਤੇ ਆਜ਼ਾਦੀ ਲਈ ਚੱਲ ਰਹੇ ਕੌਮੀ ਸੰਘਰਸ਼ ਦੀ ਪ੍ਰਾਪਤੀ ਲਈ ਹੋਈਆਂ ਸ਼ਹਾਦਤਾਂ, ਬੇਵਤਨੀਆਂ, ਨਜ਼ਰਬੰਦੀਆਂ ਅਤੇ ਜੁਝਾਰੂ ਯੋਧਿਆਂ ਅਤੇ ਧਰਮੀ ਫੌਜੀਆਂ ਦੀ ਕੁਰਬਾਨੀ ਨੂੰ ਵੀ ਸਮਰਪਿਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜਿੱਥੇ ਇਸ ਸਾਲ ਦਰਬਾਰ ਸਾਹਿਬ ਉੱਤੇ ਭਾਰਤੀ ਹਮਲੇ ਦੇ 40 ਸਾਲ ਪੂਰੇ ਹੋਏ ਹਨ ਉਥੇ ਹੀ ਦਿੱਲੀ ਸਿੱਖ ਕਤਲੇਆਮ ਦੇ ਵੀ 40 ਸਾਲ ਪੂਰੇ ਹੋਏ ਹਨ ਅਤੇ ਖਾਲਿਸਤਾਨ ਦੀ ਪ੍ਰਾਪਤੀ ਲਈ ਚੱਲ ਰਹੇ ਕੌਮੀ ਸੰਘਰਸ਼ ਨੂੰ ਵੀਂ 40 ਸਾਲ ਪੂਰੇ ਹੋ ਗਏ ਹਨ।

 ਕੈਲੰਡਰ ਵਿੱਚ ਗੁਰਪੁਰਬ, ਇਤਿਹਾਸਕ ਦਿਹਾੜਿਆਂ ਦੀਆਂ ਤਾਰੀਕਾਂ ਦੇ ਨਾਲ-ਨਾਲ 1984 ਜੂਨ ਤੇ ਨਵੰਬਰ ਦੇ ਘਲੂਘਾਰਿਆਂ ਤੋਂ ਇਲਾਵਾ ਸੰਤ ਜਰਨੈਲ ਸਿੰਘ ਖ਼ਾਲਸਾ, ਜਥੇਦਾਰ ਗੁਰਦੇਵ ਸਿੰਘ ਕਾਉਕੇ, ਭਾਈ ਬਲਵਿੰਦਰ ਸਿੰਘ ਜਟਾਣਾ, ਭਾਈ ਹਰਦੀਪ ਸਿੰਘ ਨਿੱਝਰ, ਜਥੇਦਾਰ ਸੁਖਦੇਵ ਸਿੰਘ ਬੱਬਰ, ਭਾਈ ਦਿਲਾਵਰ ਸਿੰਘ ਆਦਿ ਦੀਆਂ ਸ਼ਹੀਦੀ ਤਾਰੀਕਾਂ ਦਾ ਵੀ ਜ਼ਿਕਰ ਹੈ। ਆਗੂਆਂ ਨੇ ਕਿਹਾ ਕਿ ਇਹਨਾਂ ਚਾਲੀ ਸਾਲਾਂ ਵਿੱਚ ਪੰਥ ਦੇ ਸਪੁੱਤਰਾਂ ਨੂੰ ਸਿੱਖ ਕੌਮ ਦੀ ਨਿਆਰੀ ਹੋਂਦ ਅਤੇ ਵਿਲੱਖਣ ਪਛਾਣ ਨੂੰ ਬਰਕਰਾਰ ਰੱਖਣ ਲਈ -ਸ਼ਹਾਦਤਾਂ ਦੇਣੀਆਂ ਪਈਆਂ, ਨਜ਼ਰਬੰਦੀਆਂ ਕੱਟਣੀਆਂ ਪਈਆਂ ਤੇ ਕੁਝ ਕੱਟ ਰਹੇ ਹਨ, ਸੈਂਕੜੇ ਸਿੱਖ ਨੌਜਵਾਨ ਬੇਵਤਨੀ ਕੱਟ ਰਹੇ ਹਨ। ਹਿੰਦੁਸਤਾਨ ਅਤੇ ਬਹੁ-ਗਿਣਤੀ ਦੇ ਗਲਬੇ ਤੋ ਮੁਕਤੀ ਦੇ ਰਾਹ ਪਈ ਗੁਰੂ ਦੀ ਨਿਆਕੌਮ ਨੂੰ ਹਿੰਦੂ ਤੋਂ ਅੱਡ ਆਪਣਾ ਵੱਖਰਾ ਤੇ ਸੁਤੰਤਰ ਕੈਲੰਡਰ ਦੀ ਅਣਹੋਂਦ ਰੜਕ ਰਹੀ ਹੈ ਜਿਸ ਵੱਲ ਧਿਆਨ ਦੇਣ ਲਈ ਜਥੇਬੰਦੀ ਵੱਲੋਂ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਕੀਤੀ ਗਈ ਹੈ। ਖ਼ਤ ਵਿੱਚ ਉਹਨਾਂ ਲਿਖਿਆ ਕਿ ਨਾਨਕਸ਼ਾਹੀ ਕੈਲੰਡਰ ਸਿੱਖ ਕੌਮ ਦੀ ਅੱਡਰੀ ਪਛਾਣ ਦਾ ਪ੍ਰਤੀਕ ਹੈ। ਉਹਨਾਂ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਕਿ ਉਹ ਬਿਕਰਮੀ ਅਤੇ ਨਾਨਕਸ਼ਾਹੀ ਕੈਲੰਡਰ ਦੀ ਵਕਾਲਤ ਕਰਨ ਵਾਲੀਆਂ ਧਿਰਾਂ ਨੂੰ ਬਿਠਾ ਕੇ ਕਿਸੇ ਠੋਸ ਨਤੀਜੇ ਉੱਪਰ ਪਹੁੰਚਣ ਤਾਂ ਜੋ ਕੌਮ ਅੰਦਰੋਂ ਇਹ ਦੁਬਿਧਾ ਦੂਰ ਹੋ ਸਕੇ। 

 ਜਥੇਬੰਦੀ ਦੀ ਅੰਤਗ ਕਮੇਟੀ, ਅਹੁਦੇਦਾਰਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਦੀ ਮੁੱਖ ਦਫਤਰ ਵਿੱਖੇ ਮੀਟਿੰਗ ਹੋਈ ਹੈ ਜਿਸ ਵਿੱਚ ਸਰਬਸੰਮਤੀ ਨਾਲ ਨੌਜਵਾਨ ਚੇਹਰਾ ਪਰਮਜੀਤ ਸਿੰਘ ਮੰਡ ਨੂੰ ਦਲ ਖ਼ਾਲਸਾ ਦਾ ਵਰਕਿੰਗ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਉਹਨਾਂ ਦਾ ਸਾਥ ਦੇਣ 10 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜੋ ਜੂਨ 84 ਘੱਲੂਘਾਰੇ ਨਾਲ ਸੰਬੰਧਿਤ ਪ੍ਰੋਗਰਾਮਾਂ ਨੂੰ ਵੱਡੇ ਪੱਧਰ ਤੇ ਆਯੋਜਿਤ ਕਰਨ ਲਈ ਪ੍ਰੋਗਰਾਮ ਉਲੀਕੇਗੀ। ਆਗੂਆਂ ਨੇ ਦੱਸਿਆ ਕਿ ਅਗਸਤ ਮਹੀਨੇ ਤੱਕ ਜਥੇਬੰਦੀ ਦੇ ਨਵੇਂ ਮੁਕੰਮਲ ਜਥੇਬੰਦਕ ਢਾਂਚੇ ਦਾ ਗਠਨ ਕਰ ਲਿਆ ਜਾਵੇਗਾ। ਕਮੇਟੀ ਵਿੱਚ ਸ਼ਾਮਿਲ ਮੈਂਬਰਾਂ ਵਿੱਚ ਜਸਵੀਰ ਸਿੰਘ ਖੰਡੂਰ, ਪਰਮਜੀਤ ਸਿੰਘ ਟਾਂਡਾ, ਗੁਰਵਿੰਦਰ ਸਿੰਘ, ਰਣਬੀਰ ਸਿੰਘ, ਗੁਰਨਾਮ ਸਿੰਘ, ਗੁਰਪ੍ਰੀਤ ਸਿੰਘ, ਪ੍ਰਭਜੀਤ ਸਿੰਘ, ਜਗਜੀਤ ਸਿੰਘ ਖੋਸਾ, ਸੁਰਜੀਤ ਸਿੰਘ ਖਾਲਿਸਤਾਨੀ, ਦਿਲਬਾਗ ਸਿੰਘ ਗੁਰਦਾਸਪੁਰ ਅਤੇ ਗੁਰਵਿੰਦਰ ਸਿੰਘ ਬਾਜਵਾ ਦੇ ਨਾਮ ਸ਼ਾਮਿਲ ਹਨ।

ਜਿਕਰਯੋਗ ਹੈ ਕਿ 45 ਵਰ੍ਹੇ ਪਹਿਲਾਂ ਹੋਂਦ ਵਿੱਚ ਆਈ ਦਲ ਖ਼ਾਲਸਾ ਪਹਿਲੀ ਤੇ ਵਾਹਦ ਸਿੱਖ ਜਥੇਬੰਦੀ ਹੈ ਜਿਸ ਨੇ 32 ਸਾਲਾ ਐਮ.ਐਸ.ਸੀ (MSC) ਪਾਸ ਨੌਜਵਾਨ ਚੇਹਰੇ ਨੂੰ ਪਾਰਟੀ ਦੇ ਪ੍ਰਮੁਖ ਅਹੁਦੇ ਲਈ ਚੁਣਿਆ ਹੈ।