ਖਾੜਕੂ ਸੰਘਰਸ਼ ਦੇ ਵਰਤਾਰੇ ਬਿਆਨ ਕਰਦੀ ਭਾਈ ਦਲਜੀਤ ਸਿੰਘ ਬਿੱਟੂ ਵੱਲੋਂ ਲਿਖੀ ਦੂਜੀ ਕਿਤਾਬ ਜਾਰੀ

ਖਾੜਕੂ ਸੰਘਰਸ਼ ਦੇ ਵਰਤਾਰੇ ਬਿਆਨ ਕਰਦੀ ਭਾਈ ਦਲਜੀਤ ਸਿੰਘ ਬਿੱਟੂ ਵੱਲੋਂ ਲਿਖੀ ਦੂਜੀ ਕਿਤਾਬ ਜਾਰੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਅੰਮ੍ਰਿਤਸਰ* (ਮਈ 23): ਖਾੜਕੂ ਸੰਘਰਸ਼ ਦੀਆਂ ਆਗੂ ਸਫਾਂ ਵਿਚ ਰਹੇ ਭਾਈ ਦਲਜੀਤ ਸਿੰਘ ਵੱਲੋਂ ਖਾੜਕੂ ਸੰਘਰਸ਼ ਦੇ ਵਰਤਾਰੇ ਬਿਆਨ ਕਰਦੀ ਦੂਜੀ ਕਿਤਾਬ “ਖਾੜਕੂ ਸੰਘਰਸ਼ ਦੀ ਸਾਖੀ ੨: ਸਾਧਨ, ਸਬਬ, ਸਿਦਕ ਅਤੇ ਸ਼ਹਾਦਤ” ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਨਜਦੀਕ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੇ ਜੂਨ 1984 ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦਗਾਰ ਵਿਖੇ ਜਾਰੀ ਕੀਤੀ ਗਈ। 

ਇਹ ਕਿਤਾਬ ਅੱਜ ਭਾਈ ਦਲਜੀਤ ਸਿੰਘ ਅਤੇ ਹੋਰਨਾਂ  ਪੰਥ ਸੇਵਕ ਸਖਸ਼ੀਅਤਾਂ ਭਾਈ ਨਰਾਇਣ ਸਿੰਘ ਚੌੜਾ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਸਤਨਾਮ ਸਿੰਘ ਖੰਡੇਵਾਲਾ ਅਤੇ ਸ਼ਹੀਦ ਬਾਬਾ ਪਿਆਰਾ ਸਿੰਘ ਦੇ ਸਪੁੱਤਰ ਭਾਈ ਦਿਲਬਾਗ ਸਿੰਘ (ਜਥਾ ਸਿਰਲੱਥ ਖਾਲਸਾ) ਵੱਲੋਂ ਜਾਰੀ ਕੀਤੀ ਗਈ।
ਭਾਈ ਦਲਜੀਤ ਸਿੰਘ ਖਾੜਕੂ ਸੰਘਰਸ਼ ਦੇ ਚੋਟੀ ਦੇ ਆਗੂਆਂ ਵਿਚ ਸ਼ੁਮਾਰ ਰਹੇ ਹਨ ਅਤੇ ਹੁਣ ਉਹਨਾ ਵੱਲੋਂ ਖਾੜਕੂ ਸੰਘਰਸ਼ ਦੇ ਅਸਲ ਸੱਚ ਨੂੰ ਬਿਆਨ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।

ਭਾਈ ਦਲਜੀਤ ਸਿੰਘ ਬਿੱਟੂ ਵੱਲੋਂ ਲਿਖੀ ਪਹਿਲੀ ਕਿਤਾਬ ਵਿਚ ਉਹਨਾ ਖਾੜਕੂ ਸੰਘਰਸ਼ ਦੇ ਉਹਨਾ ਅਹਿਮ ਹਿੱਸਿਆਂ ਬਾਰੇ ਲਿਖਿਆ ਹੈ ਜਿਹਨਾ ਦਾ ਸੰਘਰਸ਼ ਵਿਚ ਬਹੁਤ ਬੁਨਿਆਦੀ ਯੋਗਦਾਨ ਸੀ ਪਰ ਉਹ ਅਣਜਾਣੇ ਜਾਂ ਅਣਗੌਲੇ ਹੀ ਰਹਿ ਗਏ ਸਨ।

 ਜਾਰੀ ਹੋਈ ਕਿਤਾਬ ਵਿਚ ਭਾਈ ਦਲਜੀਤ ਸਿੰਘ ਨੇ ਖਾੜਕੂ ਸੰਘਰਸ਼ ਦੌਰਾਨ ਸਾਧਨ, ਸਬਬ, ਸਿਦਕ ਅਤੇ ਸ਼ਹਾਦਤ ਦੇ ਵਰਤਾਰਿਆਂ ਬਾਰੇ ਵਾਰਤਾ ਸਾਂਝੀ ਕੀਤੀ ਹੈ। ਇਹ ਕਿਤਾਬ ਬਿਬੇਕਗੜ੍ਹ ਪ੍ਰਕਾਸ਼ਨ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਕਿਤਾਬ ਜਾਰੀ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਦਲਜੀਤ ਸਿੰਘ ਨੇ ਕਿਹਾ ਕਿ ਖਾੜਕੂ ਸੰਘਰਸ਼ ਖਾਲਸਾ ਜੀ ਦੇ ਇਤਿਹਾਸ ਦਾ ਬਹੁਤ ਅਹਿਮ ਵਰਤਾਰਾ ਸੀ ਜਿਸ ਬਾਰੇ ਹਾਲੀ ਤੱਕ ਬਹੁਤਾ ਕੁਝ ਸਰਕਾਰੀ ਜਾਂ ਹੋਰਨਾਂ ਦੇ ਪੱਖ ਤੋਂ ਹੀ ਲਿਖਿਆ ਗਿਆ ਸੀ। ਉਹਨਾ ਕਿਹਾ ਕਿ ਇਹਨਾ ਕਿਤਾਬਾਂ ਰਾਹੀਂ ਉਹ ਸੰਘਰਸ਼ ਦੇ ਅਸਲ ਖਾਸੇ ਅਤੇ ਸੰਘਰਸ਼ ਕਰਨ ਵਾਲਿਆਂ ਦੇ ਸੱਚ ਨੂੰ ਬਿਆਨ ਕਰਨ ਦਾ ਯਤਨ ਕਰ ਰਹੇ ਹਨ। 

ਇਸ ਮੌਕੇ ਹੋਰਨਾ ਤੋਂ ਇਲਾਵਾ ਸਰਬਜੀਤ ਸਿੰਘ ਘੁਮਾਣ, ਡਾ. ਹਰਪ੍ਰੀਤ ਕੌਰ, ਡਾ. ਸਿਮਰਨਜੀਤ ਕੌਰ, ਰਾਜਵਿੰਦਰ ਸਿੰਘ ਰਾਜੂ, ਪੰਜਆਬ ਲਾਇਰਜ਼ ਤੋਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਮਿਸਲ ਸਤਲੁਜ ਤੋਂ ਰਾਜਪਾਲ ਸਿੰਘ ਸੰਧੂ, ਮਹਿਕਦੀਪ ਸਿੰਘ, ਡਾ. ਕੰਵਲਜੀਤ ਸਿੰਘ, ਪੰਥ ਸੇਵਕ ਜਥਾ ਮਾਝਾ ਤੋਂ ਸੁਖਦੀਪ ਸਿੰਘ ਮੀਕੇ, ਗੁਰਪ੍ਰੀਤ ਸਿੰਘ, ਰਾਜਦੀਪ ਸਿੰਘ ਰਾਜੂ, ਰਣਜੀਤ ਸਿੰਘ, ਇੰਦਰਜੀਤ ਸਿੰਘ ਖੱਸਣ, ਗੁਰਜੰਟ ਸਿੰਘ ਬੱਲ ਅਤੇ ਪਰਮਜੀਤ ਸਿੰਘ ਗਾਜ਼ੀ ਹਾਜ਼ਰ ਸਨ।