ਵ੍ਹਾਈਟ ਹਾਊਸ 'ਤੇ ਟਰੱਕ ਨਾਲ ਹਮਲਾ

ਵ੍ਹਾਈਟ ਹਾਊਸ 'ਤੇ ਟਰੱਕ ਨਾਲ ਹਮਲਾ

ਹਿਟਲਰੀ ਦੇ ਝੰਡੇ ਨਾਲ ਭਾਰਤੀ ਮੂਲ ਦਾ ਵਿਦਿਆਰਥੀ ਗ੍ਰਿਫਤਾਰ, ਬਿਡੇਨ ਨੂੰ ਬਣਾਉਣਾ ਸੀ ਨਿਸ਼ਾਨਾ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਵਸ਼ਿੰਗਟਨ-ਹੁਣੇ ਜਿਹੇ ਅਮਰੀਕਾ ਦੇ ਸਭ ਤੋਂ ਸੁਰੱਖਿਅਤ ਸਥਾਨਾਂ ਵਿਚੋਂ ਇਕ ਵਿਸ਼ੇਸ਼ ਸਥਾਨ ਵ੍ਹਾਈਟ ਹਾਊਸ ਵਿਚ ਟਰੱਕ ਨਾਲ ਟੱਕਰ ਮਾਰਨ ਦੇ ਮਾਮਲੇ ਵਿਚ ਪੁਲਸ ਨੇ ਭਾਰਤੀ ਮੂਲ ਦੇ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ।ਐਸੋਸੀਏਟਡ ਪ੍ਰੈਸ ਦੀ ਰਿਪੋਰਟ ਅਨੁਸਾਰ,ਇਸ ਮਾਮਲੇ ਵਿਚ ਜਾਣੂ ਦੋ ਗਵਾਹਾਂ ਨੇ ਦਸਿਆ ਕਿ ਟਰੱਕ ਦੇ ਹਾਦਸੇ ਤੋਂ ਬਾਅਦ, ਸ਼ੱਕੀ ਨਾਜ਼ੀ ਝੰਡੇ ਨਾਲ ਟਰੱਕ ਤੋਂ ਬਾਹਰ ਨਿਕਲਿਆ ਅਤੇ ਪਾਰਕ ਪੁਲਿਸ ਅਤੇ ਸੀਕਰੇਟ ਸਰਵਿਸ ਅਫਸਰਾਂ ਦੇ ਨੇੜੇ ਆਉਣ ਤੇ ਚੀਕਣਾ ਸ਼ੁਰੂ ਕਰ ਦਿੱਤਾ।ਰਿਪੋਰਟ ਮੁਤਾਬਕ ਦੋਸ਼ੀ ਦਾ ਨਾਂ ਸਾਈ ਵਰਸ਼ਿਤ ਕੰਦੂਲਾ ਹੈ, ਜਿਸ ਕੋਲੋਂ ਪੁਲਸ ਨੇ ਹਿਟਲਰ ਦੀ ਪਾਰਟੀ ਦਾ ਨਾਜ਼ੀ ਝੰਡਾ ਬਰਾਮਦ ਕੀਤਾ ਹੈ। ਪੁੱਛਗਿੱਛ ਦੌਰਾਨ ਸਾਈ ਵਰਸ਼ਿਤ ਕੰਦੂਲਾ ਨੇ ਪੁਲਿਸ ਨੂੰ ਦੱਸਿਆ ਕਿ ਟਰੱਕ ਨੂੰ ਵ੍ਹਾਈਟ ਹਾਊਸ ਨਾਲ ਟਕਰਾਉਣ ਦਾ ਉਸ ਦਾ ਮਕਸਦ ਸਰਕਾਰ 'ਤੇ ਕਬਜ਼ਾ ਕਰਨਾ ਅਤੇ ਰਾਸ਼ਟਰਪਤੀ ਜੋ ਬਿਡੇਨ ਨੂੰ ਮਾਰਨਾ ਸੀ।ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਸਾਈ ਵਰਸ਼ਿਤ ਕੰਦੂਲਾ ਨੇ ਵਰਜੀਨੀਆ ਦੇ ਯੂ-ਹਾਲ ਤੋਂ ਟਰੱਕ ਕਿਰਾਏ 'ਤੇ ਲਿਆ ਸੀ ਅਤੇ ਟਰੱਕ ਕਿਰਾਏ 'ਤੇ ਲੈਣ ਦਾ ਜਾਇਜ਼ ਇਕਰਾਰਨਾਮਾ ਸੀ।ਟਰੱਕ ਕੰਪਨੀ ਯੂ-ਹਾਲ ਅਮਰੀਕਾ ਦੀ ਇੱਕ ਵੱਡੀ ਟਰੱਕ ਕਿਰਾਏ ਦੀ ਕੰਪਨੀ ਹੈ, ਜਿਸਦਾ ਦਫ਼ਤਰ ਫੀਨਿਕਸ ਵਿੱਚ ਸਥਿਤ ਹੈ।

ਯੂ-ਹਾਲ ਮੁਤਾਬਕ ਨਿਯਮਾਂ ਅਨੁਸਾਰ ਕੰਪਨੀ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟਰੱਕ ਕਿਰਾਏ 'ਤੇ ਦੇ ਸਕਦੀ ਹੈ ਅਤੇ ਕੰਪਨੀ ਨੇ ਨਿਯਮਾਂ ਦੀ ਪਾਲਣਾ ਕੀਤੀ ਹੈ।

ਇਕ ਚਸ਼ਮਦੀਦ ਕ੍ਰਿਸ ਜ਼ਾਬੋਜ਼ੀ ਨੇ ਦੱਸਿਆ ਕਿ ਡਰਾਈਵਰ ਨੇ ਘੱਟੋ-ਘੱਟ ਦੋ ਵਾਰ ਵ੍ਹਾਈਟ ਹਾਊਸ ਨੇੜੇ ਬੈਰੀਅਰ ਤੋੜਿਆ। ਵਾਸ਼ਿੰਗਟਨ ਵਿੱਚ ਰਹਿਣ ਵਾਲੇ 25 ਸਾਲਾ ਪਾਇਲਟ ਜ਼ਾਬੋਜ਼ੀ ਨੇ ਇੱਕ ਯੂ-ਹਾਲ ਟਰੱਕ ਦੀ ਬੈਰੀਅਰ ਨਾਲ ਟਕਰਾਉਣ ਬਾਰੇ ਉੱਚੀ ਆਵਾਜ਼ ਸੁਣੀ।ਉਸ ਨੇ ਦੱਸਿਆ ਕਿ ਡਰਾਈਵਰ ਨੇ ਬੈਰੀਅਰ ਨੂੰ ਟੱਕਰ ਮਾਰ ਦਿੱਤੀ ਅਤੇ ਉਸ ਨੇ ਆਪਣਾ ਫੋਨ ਕੱਢ ਕੇ ਰਿਕਾਰਡ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਦੋਂ ਹੀ ਇਕ ਜ਼ੋਰਦਾਰ ਸਾਇਰਨ ਦੀ ਆਵਾਜ਼ ਆਈ ਅਤੇ ਉਸ ਨੇ ਬੈਰੀਅਰ ਨੂੰ ਦੁਬਾਰਾ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਉਸ ਨੇ ਇਸ ਜਗ੍ਹਾ ਤੋਂ ਨਿਕਲਣਾ ਉਚਿਤ ਸਮਝਿਆ।

ਸੀਕ੍ਰੇਟ ਸਰਵਿਸ ਅਤੇ ਮੈਟਰੋਪੋਲੀਟਨ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੇ ਹਾਦਸੇ ਤੋਂ ਬਾਅਦ ਟਰੱਕ ਦੀ ਤਲਾਸ਼ੀ ਲਈ। ਡਬਲਯੂ ਯੂਐਸਏ ਦੁਆਰਾ ਪੋਸਟ ਕੀਤੀ ਗਈ ਵੀਡੀਓ ਵਿੱਚ, ਇੱਕ ਪੁਲਿਸ ਅਧਿਕਾਰੀ ਨੂੰ ਟਰੱਕ ਵਿੱਚੋਂ ਨਾਜ਼ੀ ਝੰਡਿਆਂ ਸਮੇਤ ਸਬੂਤਾਂ ਨੂੰ ਚੁੱਕਦੇ ਅਤੇ ਰਿਕਾਰਡ ਕਰਦੇ ਹੋਏ ਦਿਖਾਇਆ ਗਿਆ ਹੈ।ਯੂਐਸ ਪਾਰਕ ਪੁਲਿਸ ਨੇ ਕਿਹਾ ਕਿ ਦੋਸ਼ੀ ਕੰਦੂਲਾ ਨੂੰ ਰਾਸ਼ਟਰਪਤੀ, ਉਪ ਰਾਸ਼ਟਰਪਤੀ ਜਾਂ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਨੂੰ ਜਾਨੋਂ ਮਾਰਨ, ਅਗਵਾ ਕਰਨ ਜਾਂ ਨੁਕਸਾਨ ਪਹੁੰਚਾਉਣ ਤੇ ਅਗਵਾ ਕਰਨ ਦੀਆਂ ਧਮਕੀਆਂ ਦੇਣ , ਸਮੇਤ ਕਈ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।ਇਸ ਦੇ ਨਾਲ ਹੀ ਪੁਲਿਸ ਨੇ ਦੋਸ਼ੀਆਂ 'ਤੇ ਖਤਰਨਾਕ ਹਥਿਆਰ ਨਾਲ ਹਮਲਾ ਕਰਨ, ਲਾਪਰਵਾਹੀ ਨਾਲ ਗੱਡੀ ਚਲਾਉਣ, ਸੰਘੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਵੀ ਲਗਾਏ ਹਨ।

ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੀਨ ਜੀਨ-ਪੀਅਰੇ ਨੇ ਕਿਹਾ ਕਿ ਰਾਸ਼ਟਰਪਤੀ ਬਿਡੇਨ ਨੂੰ ਸੀਕ੍ਰੇਟ ਸਰਵਿਸ ਅਤੇ ਪਾਰਕ ਪੁਲਸ ਨੇ ਮੰਗਲਵਾਰ ਸਵੇਰੇ ਹਾਦਸੇ ਦੀ ਸੂਚਨਾ ਦਿੱਤੀ ਸੀ।ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਨੂੰ ਇਹ ਜਾਣ ਕੇ ਰਾਹਤ ਮਿਲੀ ਕਿ ਕੋਈ ਜ਼ਖਮੀ ਨਹੀਂ ਹੋਇਆ।ਯੂਐਸ ਸੀਕਰੇਟ ਸਰਵਿਸ ਉਨ੍ਹਾਂ ਸਾਰੇ ਸ਼ੱਕੀਆਂ ਉਪਰ ਨਿਗਰਾਨੀ ਰੱਖਦੀ ਹੈ ਜਿਨ੍ਹਾਂ ਨੇ ਕਦੇ ਵੀ ਅਮਰੀਕੀ ਰਾਸ਼ਟਰਪਤੀ ਨੂੰ ਧਮਕੀ ਦਿੱਤੀ ਹੁੰਦੀ ਹੈ। ਪਰ, ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਦੋਸ਼ੀ ਕੰਦੂਲਾ ਉਨ੍ਹਾਂ ਦੇ ਰਡਾਰ 'ਤੇ ਸੀ ਜਾਂ ਨਹੀਂ ਜਾਂ ਉਸ ਨੇ ਪਿਛਲੇ ਸਮੇਂ ਵਿਚ ਰਾਸ਼ਟਰਪਤੀ ਨੂੰ ਧਮਕੀ ਦਿੱਤੀ ਸੀ ਜਾਂ ਨਹੀਂ।ਹਾਲਾਂਕਿ, ਦੋਸ਼ੀ ਬਾਰੇ ਹੋਰ ਵੇਰਵੇ ਅਜੇ ਉਪਲਬਧ ਨਹੀਂ ਹਨ ਅਤੇ ਉਸਦੇ ਮਾਪਿਆਂ ਨੇ ਅਜੇ ਤੱਕ ਐਸੋਸੀਏਟਡ ਪ੍ਰੈਸ ਦੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਹਨ।