ਪੁਲਿਸ 'ਤੇ ਸਿੱਖਾਂ ਨੂੰ ਅਸਲੇ ਸਮੇਤ ਗ੍ਰਿਫਤਾਰ ਕਰਨ ਦੀ ਝੂਠੀ ਕਹਾਣੀ ਘੜਨ ਦੇ ਦੋਸ਼

ਪੁਲਿਸ 'ਤੇ ਸਿੱਖਾਂ ਨੂੰ ਅਸਲੇ ਸਮੇਤ ਗ੍ਰਿਫਤਾਰ ਕਰਨ ਦੀ ਝੂਠੀ ਕਹਾਣੀ ਘੜਨ ਦੇ ਦੋਸ਼

ਅੰਮ੍ਰਿਤਸਰ ਟਾਈਮਜ਼ ਬਿਊਰੋ
ਪੰਜਾਬ ਪੁਲਸ ਨੇ ਵਿਵਾਦਤ ਕਾਨੂੰਨ ਯੂਏਪੀਏ ਅਧੀਨ ਦੋ ਹੋਰ ਸਿੱਖਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਨੂਰਪੁਰ ਜੱਟਾਂ ਦੇ ਦੋ ਵਿਅਕਤੀਆਂ ਮੱਖਣ ਸਿੰਘ ਗਿੱਲ ਅਤੇ ਦਵਿੰਦਰ ਸਿੰਘ ਉਰਫ਼ ਹੈਪੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਇਹਨਾਂ ਕੋਲੋਂ ਇੱਕ ਐੱਮਪੀ-5 ਸਬ ਮਸ਼ੀਨਗੰਨ, ਇੱਕ 9 ਐੱਮਐੱਮ ਪਿਸਤੌਲ, 4 ਮੈਗਜ਼ੀਨ ਤੇ 60 ਕਾਰਤੂਸ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਸ ਤੋਂ ਇਲਾਵਾ ਪੁਲਸ ਨੇ ਇੱਕ ਈਟੀਓਸ ਕਾਰ (ਪੀਬੀ-11-ਬੀਕਿਯੂ 9994), 4 ਮੋਬਾਈਲ ਫੋਨ ਅਤੇ ਇੱਕ ਇੰਟਰਨੈੱਟ ਡੌਂਗਲ ਵੀ ਆਪਣੇ ਕਬਜ਼ੇ ਵਿਚ ਲਈ ਹੈ।

ਦੱਸ ਦਈਏ ਕਿ ਪੰਜਾਬ ਪੁਲਸ ਵੱਲੋਂ ਸਿੱਖਾਂ ਖਿਲਾਫ ਯੂਏਪੀਏ ਕਾਨੂੰਨ ਦੀ ਨਜਾਇਜ਼ ਵਰਤੋਂ ਦੇ ਮਾਮਲੇ ਲਗਾਤਾਰ ਚਰਚਾ ਵਿਚ ਹਨ। ਇਸ ਮਾਮਲੇ ਵਿਚ ਵੀ ਪੁਲਸ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ। ਸਿੱਖ ਸਿਆਸੀ ਕੈਦੀਆਂ ਦੇ ਕੇਸ ਲੜਨ ਵਾਲੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ 3 ਅਕਤੂਬਰ ਵਾਲੇ ਦਿਨ ਸ਼ਾਮ ਨੂੰ ਆਪਣੇ ਫੇਸਬੁੱਕ ਖਾਤੇ 'ਤੇ ਜਾਣਕਾਰੀ ਸਾਂਝੀ ਕੀਤੀ ਸੀ ਕਿ ਮੱਖਣ ਸਿੰਘ ਗਿੱਲ ਨੂੰ ਪੁਲਸ ਵੱਲੋਂ ਚੁੱਕਣ ਦੀ ਜਾਣਕਾਰੀ ਉਹਨਾਂ ਨੂੰ ਮਿਲੀ ਹੈ ਅਤੇ ਉਹਨਾਂ ਇਸ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਈਮੇਲ ਕਰਕੇ ਜਾਣਕਾਰੀ ਦੇ ਦਿੱਤੀ ਸੀ। 

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਕੀਤੀ ਈਮੇਲ ਵਿਚ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਲਿਖਿਆ, "ਹੁਸ਼ਿਆਰਪੁਰ ਜ਼ਿਲ੍ਹੇ ਦੇ ਥਾਣਾ ਮਾਹਿਲਪੁਰ ਅਧੀਨ ਪੈਂਦੇ ਪਿੰਡ ਨੂਰਪੁਰ ਜੱਟਾਂ ਦੇ ਵਾਸੀ ਦਲਜੀਤ ਸਿੰਘ ਪੁਤਰ ਗੁਰਦੇਵ ਸਿੰਘ ਨੇ ਦੁਪਹਿਰ 3 ਵਜੇ ਦੇ ਕਰੀਬ ਮੈਨੂੰ ਟੈਲੀਫੋਨ ਕਰਕੇ ਜਾਣਕਾਰੀ ਦਿੱਤੀ ਕਿ ਉਸਦੇ ਚਾਚਾ ਮੱਖਣ ਸਿੰਘ ਗਿੱਲ ਪੁੱਤਰ ਦੀਵਾਨ ਸਿੰਘ 2 ਅਕਤੂਬਰ ਨੂੰ ਸ਼ਾਮੀ 5 ਵਜੇ ਕਿਸੇ ਕੰਮ 'ਤੇ ਗਏ ਸੀ ਅਤੇ ਉਹ 3 ਅਕਤੂਬਰ ਸਵੇਰ ਤਕ ਉਹਨਾਂ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਰਹੇ ਪਰ ਉਹਨਾਂ ਦਾ ਮੋਬਾਈਲ ਫੋਨ ਬੰਦ ਆ ਰਿਹਾ ਸੀ। ਦਲਜੀਤ ਸਿੰਘ ਨੇ ਮੈਨੂੰ ਦੱਸਿਆ ਕਿ 3 ਅਕਤੂਬਰ ਨੂੰ ਦੁਪਹਿਰ 12 ਵਜੇ ਪੰਜਾਬ ਪੁਲਸ ਦੀਆਂ 2 ਗੱਡੀਆਂ ਆਈਆਂ ਤੇ ਜਿਆਦਾ ਮੁਲਾਜ਼ਮ ਸਿਵਲ ਕਪੜਿਆਂ ਵਿਚ ਸੀ। ਉਹਨਾਂ ਦੇ ਨਾਲ ਉਸਦੇ ਚਾਚਾ ਮੱਖਣ ਸਿੰਘ ਵੀ ਸਨ ਜਿਹਨਾਂ ਨੂੰ ਹੱਥਕੜੀਆਂ ਲਾਈਆਂ ਹੋਈਆਂ ਸੀ ਤੇ ਉਹਨਾਂ ਨੇ ਸਾਰੇ ਘਰ ਦੀ ਤਲਾਸ਼ੀ ਲਈ ਪਰ ਪੁਲਸ ਨੂੰ ਕੁਝ ਵੀ ਨਜਾਇਜ਼ ਬਰਾਮਦ ਨਹੀਂ ਹੋਇਆ ਅਤੇ ਉਸਦੇ ਚਾਚੇ ਮੱਖਣ ਸਿੰਘ ਦਾ ਦੂਜਾ ਮੋਬਾਈਲ ਫੋਨ ਲੈ ਕੇ ਵਾਪਸ ਚਲੇ ਗਏ। ਪੁਲਿਸ ਕਪੂਰਥਲਾ ਜ਼ਿਲ੍ਹੇ ਦੀ ਸੀ ਅਤੇ ਪੁਲਿਸ ਨੇ ਮਾਮਲੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ...ਜਿਸ ਨੂੰ ਕਿ ਝੂਠੇ ਮਾਮਲੇ ਵਿਚ ਫਸਾਇਆ ਜਾ ਸਕਦਾ ਹੈ।"

ਇਸ ਈਮੇਲ ਤੋਂ ਸਪਸ਼ਟ ਹੋ ਰਿਹਾ ਹੈ ਕਿ ਪੁਲਸ ਨੇ ਮੱਖਣ ਸਿੰਘ ਨੂੰ 2 ਅਕਤੂਬਰ ਵਾਲੇ ਦਿਨ ਚੁੱਕਿਆ ਸੀ। ਪਰ ਪੁਲਸ ਵੱਲੋਂ ਮੱਖਣ ਸਿੰਘ ਅਤੇ ਇਕ ਹੋਰ ਨੌਜਵਾਨ ਦੀ ਗ੍ਰਿਫਤਾਰੀ ਸਬੰਧੀ ਜਾਰੀ ਬਿਆਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਮੱਖਣ ਸਿੰਘ ਗਿੱਲ ਅਤੇ ਦਵਿੰਦਰ ਸਿੰਘ ਨੂੰ ਬੀਤੇ ਕੱਲ੍ਹ ਜਾਨੀ 4 ਅਕਤੂਬਰ ਨੂੰ ਨਾਕੇ ਤੋਂ ਗ੍ਰਿਫਤਾਰ ਕੀਤਾ ਗਿਆ। ਜਦਕਿ ਵਕੀਲ ਜਸਪਾਲ ਸਿੰਘ ਮੰਝਪੁਰ ਦਾ ਕਹਿਣਾ ਹੈ ਕਿ ਪੁਲਸ ਇਹਨਾਂ ਦੋਵਾਂ ਨੂੰ ਝੂਠੇ ਮਾਮਲੇ ਵਿਚ ਫਸਾ ਰਹੀ ਹੈ ਅਤੇ ਇਹ ਸ਼ੁਕਰਵਾਰ ਸ਼ਾਮ ਤੋਂ ਪੁਲਸ ਹਿਰਾਸਤ ਵਿਚ ਹਨ।

ਪੁਲਸ ਨੇ ਇਸ ਸਬੰਧੀ ਜੋ ਐਫਆਈਆਰ ਦਰਜ ਕੀਤੀ ਹੈ ਉਸ ਮੁਤਾਬਕ ਪੁਲਸ ਨੇ ਸ਼ਨੀਵਾਰ ਰਾਤ 9.50 'ਤੇ ਨਾਕੇ ਉਤੇ ਕਾਰ ਨੂੰ ਰੋਕਿਆ ਜਿਸ ਨੂੰ ਹੈਪੀ ਚਲਾ ਰਿਹਾ ਸੀ ਅਤੇ ਮੱਖਣ ਸਿੰਘ ਗਿੱਲ ਉਸ ਨਾਲ ਬੈਠਾ ਸੀ ਜਿਸ ਕੋਲ ਹਥਿਆਰ ਸਨ।