ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਨੂੰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਨਵੇਂ ਜਥੇਦਾਰ ਵਜੋਂ ਨਿਯੁਕਤ ਕੀਤਾ ਗਿਆ

ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਨੂੰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਨਵੇਂ ਜਥੇਦਾਰ ਵਜੋਂ ਨਿਯੁਕਤ ਕੀਤਾ ਗਿਆ
ਗਿਆਨੀ ਰਣਜੀਤ ਸਿੰਘ ਨੂੰ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਨਮਾਨਿਤ ਕੀਤੇ ਜਾਣ ਦੀ ਤਸਵੀਰ

ਪਟਨਾ ਸਾਹਿਬ: ਪ੍ਰਸਿੱਧ ਕਥਾਵਾਚਕ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਨੂੰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਨਵੇਂ ਜਥੇਦਾਰ ਵਜੋਂ ਨਿਯੁਕਤ ਕੀਤਾ ਗਿਆ ਹੈ। ਗਿਆਨੀ ਇਕਬਾਲ ਸਿੰਘ ਦੇ ਅਸਤੀਫੇ ਤੋਂ ਬਾਅਦ ਭਾਈ ਰਜਿੰਦਰ ਸਿੰਘ ਨੂੰ ਕਾਰਜਕਾਰੀ ਜਥੇਦਾਰ ਲਾਇਆ ਗਿਆ ਸੀ।

ਗਿਆਨੀ ਰਣਜੀਤ ਸਿੰਘ ਦਾ ਜਨਮ ਪਿਤਾ ਜਵੰਦ ਸਿੰਘ ਤੇ ਮਾਤਾ ਸਵਰਨ ਕੌਰ ਦੇ ਘਰ ਪਿੰਡ ਦੌਲਤਪੁਰ (ਜ਼ਿਲ੍ਹਾ ਗੁਰਦਾਸਪੁਰ) ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਨੇ ਬਰਤਾਨਵੀ ਫੌਜ ਵਿੱਚ ਦੂਜੀ ਵੱਡੀ ਜੰਗ ਦੌਰਾਨ ਜਾਪਾਨ, ਮਲੇਸ਼ੀਆ ਆਦਿ ਦੇਸ਼ਾਂ ਦੀਆਂ ਜੰਗਾਂ ਵਿੱਚ ਹਿੱਸਾ ਲਿਆ ਸੀ। ਮਾਤਾ-ਪਿਤਾ ਅੰਮ੍ਰਿਤਧਾਰੀ ਸਨ। ਭਾਈ ਰਣਜੀਤ ਸਿੰਘ ਨੇ ਪੰਜ ਸਾਲ ਦੀ ਉਮਰੇ ਹੀ ਅੰਮ੍ਰਿਤਪਾਨ ਕੀਤਾ। ਪਿਤਾ ਦੀ ਨੌਕਰੀ ਫੌਜ ਵਿੱਚ ਹੋਣ ਕਰਕੇ ਭਾਈ ਰਣਜੀਤ ਸਿੰਘ ਨੂੰ ਵੱਖ-ਵੱਖ ਥਾਵਾਂ ’ਤੇ ਪੜ੍ਹਾਈ ਕਰਨੀ ਪਈ। ਉਨ੍ਹਾਂ ਨੇ ਰਾਂਚੀ ਯੂਨੀਵਰਸਿਟੀ ਦੇ ਪ੍ਰਬੰਧ ਹੇਠਲੇ ਆਰ ਐੱਸ ਪੀ ਕਾਲਜ, ਝਰੀਆਂ (ਧਨਬਾਦ) ਤੋਂ ਬੀਏ ਦੀ ਡਿਗਰੀ ਹਾਸਲ ਕੀਤੀ। 1984 ਵਿੱਚ ਉਨ੍ਹਾਂ ਦਾ ਆਨੰਦ ਕਾਰਜ ਬੀਬੀ ਰਣਜੀਤ ਕੌਰ ਨਾਲ ਹੋਇਆ। ਉਨ੍ਹਾਂ ਦੇ ਪਰਿਵਾਰ ਵਿੱਚ ਪੰਜ ਬੇਟੀਆਂ ਤੇ ਇਕ ਬੇਟਾ ਹਨ।

ਗਿਆਨੀ ਰਣਜੀਤ ਸਿੰਘ ਨੂੰ ਗਿਆਨੀ ਸੰਤ ਸਿੰਘ ਮਸਕੀਨ ਨੇ ਆਪਣਾ ਸ਼ਾਗਿਰਦ ਤਸਲੀਮ ਕੀਤਾ। ਉਹ ਦੱਸਦੇ ਹਨ ਕਿ ਮਸਕੀਨ ਜੀ ਨਾਲ ਰੱਬੀ ਮੇਲ ਪੱਛਮੀ ਬੰਗਾਲ ਦੇ ਦੁਰਗਾਪੁਰ ਆਸਨਸੋਲ ਵਿੱਚ 1986 ਨੂੰ ਹੋਇਆ। ਇਉਂ 1987 ਤੋਂ ਮਸਕੀਨ ਜੀ ਨੇ ਉਨ੍ਹਾਂ ਨੂੰ ਲਗਾਤਾਰ ਆਪਣੇ ਨਾਲ ਰੱਖ ਕੇ ਗੁਰਬਾਣੀ ਕਥਾ ਦੀ ਸੰਥਿਆ ਦਿੱਤੀ। ਉਨ੍ਹਾਂ ਨੂੰ 18 ਸਾਲ ਦੇ ਲੰਬੇ ਅਰਸੇ ਤੱਕ ਮਸਕੀਨ ਜੀ ਦੀ ਸੇਵਾ ਵਿੱਚ ਰਹਿਣ ਦਾ ਸ਼ਰਫ ਹਾਸਲ ਹੋਇਆ। 

ਉਨ੍ਹਾਂ ਨੇ 2001 ਤੋਂ 2016 ਤੱਕ ਅਕਾਲ ਤਖ਼ਤ ਸਾਹਿਬ ਦੀ ਵਿਸ਼ਵ ਸਿੱਖ ਪ੍ਰਚਾਰ ਸੰਸਥਾ ਦੇ ਜਨਰਲ ਸਕੱਤਰ ਵਜੋਂ ਸੇਵਾ ਨਿਭਾਈ। ਉਨ੍ਹਾਂ ਨੂੰ ਉਨ੍ਹਾਂ ਦੀ ਵਿਦਵਤਾ ਸਦਕਾ ਅਨੇਕਾਂ ਮਾਣ-ਸਨਮਾਨ ਮਿਲੇ। ਪਿੱਛੇ ਜਿਹੇ ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖ਼ਤ ਸਾਹਿਬ ਵੱਲੋਂ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਏ ਇਕ ਵਿਸ਼ੇਸ਼ ਸਮਾਗਮ ਦੌਰਾਨ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ।

ਉਨ੍ਹਾਂ ਨੂੰ 2012 ਵਿੱਚ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵੱਲੋਂ ਸ਼੍ਰੋਮਣੀ ਸਿੱਖ ਪ੍ਰਚਾਰਕ ਦੀ ਉਪਾਧੀ ਨਾਲ ਨਿਵਾਜਿਆ ਗਿਆ। ਉਹ ਹੁਣ ਤੱਕ ਪੰਜਾਬ ਤੋਂ ਇਲਾਵਾ ਭਾਰਤ, ਅਮਰੀਕਾ, ਕੈਨੇਡਾ, ਇੰਗਲੈਂਡ, ਥਾਈਲੈਂਡ ਸਮੇਤ 30 ਤੋਂ ਵੱਧ ਦੇਸ਼ਾਂ ਵਿੱਚ ਗੁਰੂ ਦਾ ਸੰਦੇਸ਼ ਪਹੁੰਚਾ ਚੁੱਕੇ ਹਨ। ਮਸਕੀਨ ਜੀ ਤੋਂ ਬਾਅਦ ਪਿਛਲੇ 13 ਸਾਲਾਂ ਤੋਂ ਉਹ ਦਰਬਾਰ ਸਾਹਿਬ ਹਾਲ ਮੰਜੀ ਸਾਹਿਬ ਵਿਖੇ ਵੀ ਕਥਾ ਦੀ ਸੇਵਾ ਨਿਭਾਉਂਦੇ ਆ ਰਹੇ ਹਨ। ਉਨ੍ਹਾਂ ਦੀਆਂ ਦਰਜਨਾਂ ਕੈਸੇਟਾਂ ਤੇ ਐਲਬਮਾਂ ਉਪਲਬਧ ਹਨ।