ਸੰਤਾਲੀ ਦੇ ਹੱਲਿਆਂ ਵੇਲੇ ਜੱਗ ਬੀਤੀ-ਹੱਡ ਬੀਤੀ

ਸੰਤਾਲੀ ਦੇ ਹੱਲਿਆਂ ਵੇਲੇ ਜੱਗ ਬੀਤੀ-ਹੱਡ ਬੀਤੀ

ਸਿਰੀ ਰਾਮ ਅਰਸ਼

ਸੰਨ 1947 ਦੀ ਦੇਸ਼ ਦੀ ਦਰਦਨਾਕ ਵੰਡ ਤੋਂ ਰਤਾ ਪਹਿਲਾਂ ਮੈਂ ਖ਼ਲੀਫ਼ਾ ਜੀ ਦੇ ਪ੍ਰਾਇਮਰੀ ਸਕੂਲ ਵਿੱਚੋਂ ਚੌਥੀ ਜਮਾਤ ਪਾਸ ਕਰਕੇ ਲੁਧਿਆਣਾ ਸ਼ਹਿਰ ਦੇ ਆਰੀਆ ਹਾਈ ਸਕੂਲ ਵਿਖੇ ਅਗਲੀ ਜਮਾਤ ਵਿੱਚ ਦਾਖਲ ਹੋ ਗਿਆ ਸੀ। ਵਿਦੇਸ਼ੀ ਹੁਕਮਰਾਨਾਂ ਪਾਸੋਂ ਦੇਸ਼ ਨੂੰ ਸੁਤੰਤਰ ਕਰਾਉਣ ਵਾਲਾ ਅੰਦੋਲਨ ਸਿਖਰਾਂ ਉੱਤੇ ਪੁੱਜ ਗਿਆ ਸੀ। ਵਿਦੇਸ਼ੀ ਸ਼ਾਸਕਾਂ ਨੇ ਆਪਣੇ ਹੱਥੋਂ ਰਾਜ ਖੁੱਸਦਾ ਦੇਖ ਕੇ ਮੱਕਾਰੀ ਯੁਕਤ ਇੱਕ ਘਿਨਾਉਣੀ ਚਾਲ ਅਧੀਨ ਫ਼ਿਰਕਾਪ੍ਰਸਤੀ, ਮਜ਼ਹਬੀ ਜਨੂਨ, ਨਫ਼ਰਤ ਅਤੇ ਅਵਿਸ਼ਵਾਸ ਦੀ ਵਿਸ਼ੀਅਰ ਪੌਦ ਇਸ ਦੇਸ਼ ਦੇ ਦੋ ਵੱਡੇ ਧਰਮਾਂ ਦੀਆਂ ਜੜ੍ਹਾਂ ਵਿੱਚ ਲਗਾ ਦਿੱਤੀ, ਜਿਸਦੇ ਅਸਰ ਅਧੀਨ ਦੋਹਾਂ ਮਜ਼ਹਬਾਂ ਦੇ ਆਗੂਆਂ ਨੇ ਨੌਜਵਾਨ ਪੀੜ੍ਹੀ ਦੇ ਮਨਾਂ ਵਿੱਚ ਇੱਕ ਦੂਜੇ ਦੇ ਧਰਮ ਵਿਰੁੱਧ ਜ਼ਹਿਰ ਭਰਨੀ ਸ਼ੁਰੂ ਕਰ ਦਿੱਤੀ। ਇਸਦੇ ਸਿੱਟੇ ਵਜੋਂ, ਲਹੌਰ, ਲੁਧਿਆਣਾ, ਅੰਮ੍ਰਿਤਸਰ ਆਦਿ ਮਹੱਤਵਪੂਰਨ ਸ਼ਹਿਰਾਂ ਵਿੱਚ, ਅਣਗਿਣਤ ਬੇਕਸੂਰ ਅਤੇ ਮਾਸੂਮ ਲੋਕ ਮਜ਼ਹਬੀ ਨਫ਼ਰਤ ਦੀ ਬਲੀ ਚੜ੍ਹ ਰਹੇ ਸਨ।

ਇੱਕ ਮੰਦਭਾਗੀ ਸ਼ਾਮ ਸਾਡਾ ਗਵਾਂਢੀ ਸ਼ਹਿਰ ਦੇ ਚੌੜੇ ਬਜ਼ਾਰ ਦੇ ਗਿਰਜਾ ਘਰ ਚੌਕ ਵਿੱਚ ਸਥਿਤ ਆਪਣੀ ਦੁਕਾਨ ਵਧਾ ਕੇ ਘਰ ਪਰਤ ਰਿਹਾ ਸੀ। ਰਾਹ ਵਿੱਚ ਇੱਕ ਵਿਅਕਤੀ ਨੇ ਉਸ ਦੇ ਮੋਢੇ 'ਤੇ ਹੱਥ ਰੱਖ ਕੇ ਉਸ ਦਾ ਨਾਂ ਪੁੱਛਿਆ। ਜਿਉਂ ਹੀ ਉਸ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਨੇ ਈਸ਼ਰ ਸਿੰਘ ਕਿਹਾ, ਤਿਉਂ ਹੀ ਦੂਜੇ ਵਿਅਕਤੀ ਨੇ ਛੁਰਾ ਉਸ ਦੀ ਵੱਖੀ ਵਿੱਚ ਖੋਭ ਦਿੱਤਾ। ਜ਼ਖਮ ਵਿੱਚੋਂ ਵਗਦੀ ਖੂਨ ਦੀ ਤਤੀਰੀ ਨੂੰ ਪੱਗ ਦੇ ਸਹਾਰੇ ਰੋਕਣ ਦੀ ਕੋਸ਼ਿਸ਼ ਕਰਦਿਆਂ ਉਸ ਨੇ ਸਾਡਾ ਬੂਹਾ ਆ ਖੜਕਾਇਆ ਅਤੇ ਮੇਰੇ ਬਾਈ ਜੀ ਨੇ ਤੁਰੰਤ ਉਸ ਦੇ ਸਪੁੱਤਰ ਅਤੇ ਹੋਰ ਰਿਸ਼ਤੇਦਾਰਾਂ ਦੀ ਮਦਦ ਨਾਲ ਜ਼ਖਮੀ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ।

ਮੁਹੱਲਾ ਫੀਲਡ ਗੰਜ ਵਿੱਚ ਜਿੱਥੇ ਅਸੀਂ ਰਹਿੰਦੇ ਸੀ, ਉੱਥੇ ਪੰਜ ਘਰ ਹੀ ਹਿੰਦੂ-ਸਿੱਖੂ ਪਰਿਵਾਰ ਸਨ ਜਦਕਿ ਬਾਕੀ ਦਾ ਸਾਰਾ ਮੁਹੱਲਾ ਮੁਸਲਮਾਨਾਂ ਦਾ ਸੀ। ਫ਼ਿਰਕਾਪ੍ਰਸਤਾਂ ਵੱਲੋਂ ਨਿੱਤ ਦੀਆਂ ਛੁਰੇਮਾਰੀ ਆਦਿ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਵਾਸਤੇ ਸ਼ਹਿਰ ਵਿੱਚ ਕਦੇ ਕਰਫਿਊ ਲਗਾ ਦਿੱਤਾ ਜਾਂਦਾ, ਕਦੇ ਚੁੱਕ ਲਿਆ ਜਾਂਦਾ। ਹਰ ਰੋਜ਼ ਵੱਖ-ਵੱਖ ਮੁਹੱਲਿਆਂ ਵਿੱਚੋਂ ਵੱਖੋ-ਵੱਖਰੇ ਸਮਿਆਂ ਉੱਤੇ ਨਾਅਰਾ-ਏ-ਤਕਬੀਰ, ਅੱਲਾ ਹੂ ਅਕਬਰ ਅਤੇ ਹਰ-ਹਰ ਮਹਾਂਦੇਵ ਦੇ ਨਾਅਰੇ ਬੁਲੰਦ ਹੁੰਦੇ ਰਹਿੰਦੇ ਸਨ। ਅਜਿਹੀਆਂ ਪ੍ਰਸਥਿਤੀਆਂ ਨੂੰ ਦੇਖ ਕੇ ਮੁਹੱਲੇ ਦੇ ਮੁਹਤਬਰਾਂ ਨੇ ਮੇਰੇ ਪਿਤਾ ਜੀ ਨੂੰ ਗੁਪਤ ਰੂਪ ਵਿੱਚ ਸੱਦ ਕੇ ਕਿਹਾ ਕਿ ਭਾਵੇਂ ਸਾਡਾ ਸ਼ਹਿਰ ਲੁਧਿਆਣਾ ਹਿੰਦੋਸਤਾਨ ਵਿੱਚ ਹੈ ਅਤੇ ਰਹੇਗਾ ਵੀ ਪਰ ਅੱਜ ਤੁਹਾਡੇ 15-20 ਹਿੰਦੂ-ਸਿੱਖ ਫਰਦ ਮੁਸਲਮਾਨਾਂ ਦੇ ਘੇਰੇ ਵਿੱਚ ਹਨ। ਉਹਨਾਂ ਨੇ ਮੇਰੇ ਪਿਤਾ ਜੀ ਨੂੰ ਇਹ ਹਦਾਇਤ ਕੀਤੀ ਕਿ ਉਹ ਅਤੇ ਉਹਨਾਂ ਦੇ ਬਾਕੀ ਦੇ ਹਿੰਦੂ-ਸਿੱਖ ਪਰਿਵਾਰ ਆਪਣੀਆਂ ਜਾਨਾਂ ਬਚਾਉਣ ਲਈ ਇਹ ਮੁਹੱਲਾ ਛੱਡ ਕੇ ਕਿਸ ਹੋਰ ਹਿੰਦੂ ਮੁਹੱਲੇ ਵਿੱਚ ਚਲੇ ਜਾਣ ਕਿਉਂਜੋ ਮੁੰਡੀਰ ਸਾਡੇ ਕਾਬੂ ਵਿੱਚ ਨਹੀਂ ਹੈ, ਭੂਤਰੀ ਫਿਰਦੀ ਹੈ।

ਮੇਰੇ ਪਿਤਾ ਜੀ ਨੇ ਘਰ ਪਰਤ ਕੇ ਨਾਲ ਦੇ ਹਿੰਦੂ-ਸਿੱਖ ਪਰਿਵਾਰਾਂ ਦੇ ਮੁਖੀਆਂ ਨੂੰ ਬੁਲਾ ਕੇ ਇਹ ਗੱਲ ਦੱਸ ਦਿੱਤੀ, ਜਿਹੜੀ ਉਸ ਨੂੰ ਮੁਹੱਲੇ ਦੇ ਮੁਹਤਬਰਾਂ ਨੇ ਆਖੀ ਸੀ। ਇਸ ਦੇ ਨਾਲ ਹੀ ਨਾਲ ਮੇਰੇ ਪਿਤਾ ਜੀ ਨੇ ਉਹਨਾਂ ਨੂੰ ਇਹ ਚੇਤਾਵਨੀ ਦਿੱਤੀ ਸੀ ਕਿ ਉਹ ਘਰੇਲੂ ਸਾਮਾਨ ਦੀਆਂ ਪੰਡਾਂ ਬੰਨ੍ਹਕੇ, ਸਿਰਾਂ 'ਤੇ ਰੱਖ ਕੇ ਨਾ ਤੁਰ ਪੈਣ ਬਲਕਿ ਸਹਿਜੇ ਸਹਿਜੇ ਇਕੱਲੇ ਦੁਕੱਲੇ ਗਲੀ ਵਿੱਚੋਂ ਬਾਹਰ ਨਿਕਲਣ ਤਾਂ ਜੋ ਕਿਸੇ ਨੂੰ ਸ਼ੱਕ ਨਾ ਪਵੇ।

ਸਾਨੂੰ ਭੈਣਾਂ-ਭਰਾਵਾਂ ਨੂੰ ਸਾਡੇ ਪਿਤਾ ਜੀ ਨੇ ਦੱਸਿਆ ਕਿ ਮੇਲਰ ਗੰਜ ਵਾਲੇ ਮਾਮੇ ਦੇ ਮੁੰਡੇ ਦਾ ਸ਼ਗਨ ਹੈ, ਤੁਸੀਂ ਉਹਨਾਂ ਦੇ ਘਰ ਪਹੁੰਚੋ। ਅਸੀਂ ਝੋਲਿਆਂ ਵਿੱਚੋਂ ਕਿਤਾਬਾਂ ਕੱਢ ਕੇ ਉਹਨਾਂ ਵਿੱਚ ਚਾਈਂ-ਚਾਈਂ ਆਪਣੇ ਪਹਿਨਣ ਵਾਲੇ ਕੱਪੜੇ ਪਾ ਲਏ ਅਤੇ ਮੁਸਲਮਾਨਾਂ ਦੀਆਂ ਕਬਰਾਂ ਵਿਚੋਂ ਦੀ ਹੁੰਦੇ ਹੋਏ ਮੇਲਰ ਗੰਜ ਜਾ ਅੱਪੜੇ। ਮੇਰੇ ਪਿਤਾ ਜੀ ਅਤੇ ਮਾਤਾ ਜੀ ਜੇਲ੍ਹ ਰੋਡ ਦੇ ਦੂਸਰੇ ਰਸਤੇ ਤੋਂ ਦੀ ਹੁੰਦੇ ਹੋਏ ਲੰਮਾ ਪੈਂਡਾ ਮਾਰਕੇ ਸਾਡੇ ਕੋਲ ਪੁੱਜੇ। ਜਦੋਂ ਅਸੀਂ ਮੰਗਣੇ ਦੇ ਜਸ਼ਨਾਂ ਬਾਰੇ ਪੁੱਛਿਆ ਤਦੋਂ ਉਹ ਸਾਨੂੰ ਘੂਰ ਕੇ ਪੈ ਗਏ ਅਤੇ ਕਿਹਾ ਕਿ ਅਸੀਂ ਮਸੀਂ ਤੁਹਾਡੀਆਂ ਜਾਨਾਂ ਬਚਾ ਕੇ ਲਿਆਏ ਹਾਂ।

ਮੇਲਰ ਗੰਜ ਦਾ ਇਲਾਕਾ ਵਧੇਰੇ ਕਰਕੇ ਕਿਰਤੀਆਂ, ਕਰਮਯੋਗੀਆਂ ਅਤੇ ਮਿਹਨਤੀ ਕਾਰੀਗਰਾਂ ਦਾ ਇਲਾਕਾ ਸੀ ਜਿਸ ਦੀ ਵਧੇਰੇ ਆਬਾਦੀ ਸਿੱਖ ਰਾਮਗੜੀਆਂ ਕੌਮ ਦੀ ਸੀ। ਧੂਰੀ ਨੂੰ ਜਾਣ ਵਾਲੀ ਰੇਲਵੇ ਲਾਈਨ ਦੇ ਪਾਰ ਜ਼ਰਾ ਵਿੱਥ ਨਾਲ ਮੁਸਲਮਾਨਾਂ ਦੀ ਸੰਘਣੀ ਆਬਾਦੀ ਵਾਲੀ ਇੱਕ ਬਸਤੀ ਸੀ। ਇੱਕ ਦਿਨ ਸਰਘੀ ਦਾ ਤਾਰਾ ਚੜ੍ਹਨ ਤੋਂ ਪਹਿਲਾਂ ਹੀ ਉਸ ਬਸਤੀ ਦੇ ਬੇਗੁਨਾਹ ਅਤੇ ਬਦ-ਕਿਸਮਤ ਵਸਨੀਕ ਆਪਣੇ ਵਾਸਤੇ ਨਵੇਂ ਸਥਾਪਤ ਕੀਤੇ ਗਏ ਦੇਸ਼ ਵਿਚ ਜਾਣ ਲਈ, ਆਪਣੇ ਭਰੇ ਭਰਾਏ ਘਰ ਛੱਡ ਕੇ, ਅਕਹਿ ਆਫ਼ਤਾਂ ਮੁਸੀਬਤਾਂ ਝੱਲਣ ਵਾਸਤੇ ਤਾਰਿਆਂ ਦੇ ਪਹਿਰੇ ਹੇਠ ਤੁਰ ਪਏ। ਮਨੁੱਖੀ ਤਰਾਸਦੀ ਦੀ ਅਜਿਹੀ ਦੁਖਦਾਈ ਤਸਵੀਰ ਦੇਖ ਕੇ ਹਰ ਇੱਕ ਸੰਵੇਦਨਸ਼ੀਲ ਮਨ ਸ਼ੋਕ-ਗ੍ਰਸਤ ਸੀ।

ਇੱਧਰ ਮੇਲਰ ਗੰਜ ਵਿਚ ਸੂਰਜ ਦੀ ਟਿੱਕੀ ਦੇ ਚੜ੍ਹਨਸਾਰ ਹੀ ਰੌਲਾ ਪੈ ਗਿਆ ਸੀ ਕਿ ਮੁਸਲਮਾਨ ਆਪਣੇ ਘਰਾਂ ਨੂੰ ਛੱਡ ਕੇ ਆਪਣੇ ਨਵੇਂ ਵਤਨ ਵੱਲ ਨੂੰ ਕੂਚ ਕਰ ਗਏ ਹਨ। ਬਸ ਫਿਰ ਕੀ ਸੀ, ਜਿਹੜੇ ਤੰਦਰੁਸਤ ਵਿਅਕਤੀ ਦੇ ਹੱਥ ਜੋ ਵੀ ਹਥਿਆਰ ਲੱਗਾ ਉਹ ਲੈ ਕੇ ਲੁੱਟ-ਮਾਰ ਕਰਨ ਦੇ ਇਰਾਦੇ ਨਾਲ, ਮੁਸਲਮਾਨਾਂ ਦੀ ਬਸਤੀ ਵੱਲ ਨੂੰ ਦੌੜ ਪਿਆ। ਜਿਸ ਦੇ ਹੱਥ ਜੋ ਵੀ ਘਰੇਲੂ ਸਮਾਨ ਲੱਗਿਆ ਉਹ ਲੈ ਕੇ ਘਰ ਨੂੰ ਪਰਤ ਰਿਹਾ ਸੀ। ਅਸੀਂ ਬੱਚੇ ਰੇਲਵੇ ਲਾਈਨ ਦੀ ਪਟੜੀ ਉੱਪਰ ਖਲੋਤੇ ਇੱਕ ਧਰਮ ਦੇ ਵਿਅਕਤੀਆਂ ਵੱਲੋਂ ਦੂਜੇ ਧਰਮ ਦੇ ਲੋਕਾਂ ਦਾ ਮਾਲ-ਅਸਬਾਬ ਲੁੱਟਣ ਦਾ ਘਿਨੌਣਾ ਦ੍ਰਿਸ਼ ਦੇਖ ਰਹੇ ਸੀ। ਮੇਰੇ ਪਿਤਾ ਜੀ ਲਾਈਨ ਦੇ ਲਾਗੇ ਖਲੋਤੇ ਹੋਏ ਬੁੜਬੜਾ ਰਹੇ ਸਨ ਕਿ ਇਹੋ ਜਿਹਾ ਹੀ ਇਸ ਧਰਤੀ ਦੇ ਮੂਲ ਨਿਵਾਸੀਆਂ ਨਾਲ ਵਾਪਰਿਆ ਹੋਵੇਗਾ, ਜਦੋਂ ਵਿਦੇਸ਼ੀ ਸ਼ਕਤੀਸ਼ਾਲੀ ਕੌਮ ਕੋਲੋਂ ਉਹਨਾਂ ਨੂੰ ਆਪਣੀਆਂ ਜਾਨਾਂ ਬਚਾਉਣ ਵਾਸਤੇ, ਮਜਬੂਰਨ ਆਪਣੇ ਵਸੇਬਿਆਂ ਨੂੰ ਛੱਡ ਕੇ ਜੰਗਲਾਂ ਵਿਚ ਸ਼ਰਨ ਲੈਣੀ ਪਈ ਹੋਵੇਗੀ।

ਉਸੇ ਸ਼ਾਮ ਮੈਨੂੰ ਪਤਾ ਲੱਗਿਆ ਕਿ ਮੇਰੀ ਮਾਤਾ ਜੀ ਆਪਣੇ ਘਰ ਦੀ ਸੁੱਖਸਾਂਦ ਲੈਣ ਵਾਸਤੇ ਫੀਲਡ ਗੰਜ ਗਈ ਹੋਈ ਹੈ। ਮੈਂ ਆਪਣੀ ਮਾਂ ਦੇ ਪਿੱਛੇ ਫੀਲਡ ਗੰਜ ਨੂੰ ਤੁਰ ਪਿਆ। ਜਦੋਂ ਮੈਂ ਆਪਣੇ ਘਰ ਪਹੁੰਚਿਆ ਤਾਂ ਬਹੁਤ ਹੀ ਦਿਲ ਕੰਬਾਊ ਭਿਆਨਕ ਨਜ਼ਾਰਾ ਦੇਖ ਕੇ ਮੇਰਾ ਸਾਹ ਸੂਤਿਆ ਗਿਆ। ਸਾਡੇ ਘਰ ਦਾ ਤਾਲਾ ਤੋੜ ਕੇ ਲੁਟੇਰੇ ਸਮਾਨ ਲੁੱਟ ਰਹੇ ਸਨ। ਸਾਡੇ ਘਰ ਵਿੱਚ ਗੁਰੂ ਨਾਨਕ ਦੇਵ ਜੀ ਦੀਆਂ ਫੋਟੋਆਂ ਲੱਗੀਆਂ ਹੋਈਆਂ ਸਨ ਪਰ ਕਿਸੇ ਲੁਟੇਰੇ ਨੇ ਉਸ ਪਾਸੇ ਧਿਆਨ ਹੀ ਨਹੀਂ ਦਿੱਤਾ। ਜਿਸ ਦੇ ਹੱਥ ਜੋ ਆ ਰਿਹਾ ਸੀ ਆਪਣਾ ਬਣਾਈ ਜਾ ਰਿਹਾ ਸੀ। ਆਪਣੇ ਦੇਸ਼ ਵਿੱਚ ਆਪਣੇ ਹੀ ਘਰ ਨੂੰ ਲੁਟੇਰਿਆਂ ਵੱਲੋਂ ਲੁੱਟੇ ਜਾਣ ਦਾ ਦਰਦਨਾਕ ਸੀਨ ਦੇਖ ਕੇ ਮੇਰੀ ਲੇਰ ਨਿਕਲ ਗਈ। ਲੁਟੇਰੇ ਮੇਰੇ ਵੱਲ ਦੇਖਣ ਲੱਗ ਪਏ। ਮੈਂ ਉਹਨਾਂ ਜਾਬਰਾਂ ਅੱਗੇ ਲੇਲ੍ਹੜੀਆਂ ਕੱਢਦਿਆਂ ਬੇਨਤੀ ਕੀਤੀ ਕਿ ਉਹ ਸਾਡੇ ਘਰ ਨੂੰ ਨਾ ਲੁੱਟਣ।

ਇੱਕ ਭੂਤਰੇ ਸ਼ੈਤਾਨ ਨੇ ਮੇਰੇ ਵੱਲ ਦੇਖੇ ਬਿਨਾ ਫਤਵਾ ਸੁਣਾ ਦਿੱਤਾ-ਤੁਰਕਾਂ ਦਾ ਤੁਖ਼ਮ ਜਾਪਦਾ, ਬਲਵੰਤੇ ਕੱਢ ਆਪਣੀ ਚਮਕੀਲੀ ਅਤੇ ਇੱਕੋ ਵਾਰ ਨਾਲ ਕਰਦੇ ਹਲਾਲ ਇਸ ਤੁਰਕ ਦੇ ਤੁਖ਼ਮ ਨੂੰ। ਇਸ ਦੇ ਖ਼ੂਨ ਨਾਲ ਆਪਣੀ ਚਮਕੀਲੀ ਨੂੰ ਇਸ਼ਨਾਨ ਵੀ ਕਰਵਾ ਲੈ। ਪਰ ਦੂਜੇ ਦਾ ਧਿਆਨ ਮੇਰੇ ਸਿਰ ਉੱਪਰ ਲੱਗੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਛਾਪ ਮੇਰੇ ਸਿਰ ਉੱਪਰ ਬਣੇ ਜੂੜੇ ਵੱਲ ਚਲਾ ਗਿਆ ਸੀ। ਉਸ ਨੇ ਮੋੜਵਾਂ ਉੱਤਰ ਦਿੱਤਾ-ਓਏ ਇਹ ਤਾਂ ਸਿੱਖ ਮੁੰਡਾ ਲਗਦੈ। ਤਦੋਂ ਪਹਿਲੇ ਨੇ ਵੀ ਗ਼ੌਰ ਨਾਲ ਮੇਰੇ ਸਿਰ ਉੱਪਰ ਮੇਰੀ ਮਾਂ ਵੱਲੋਂ ਮੀਢੀਆਂ ਨਾਲ ਗੁੰਦ ਕੇ ਬਣਾਏ ਗਏ ਜੂੜੇ ਵੱਲ ਵੇਖਿਆ। ਉਦੋਂ ਹਕੀਕਤਨ ਮੈਨੂੰ ਇਹ ਮਹਿਸੂਸ ਹੋਇਆ ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੇ ਆਪ ਹੱਥ ਦੇ ਕੇ ਮੇਰੀ ਜਾਨ ਬਚਾਈ ਹੋਵੇ।

ਹਨੇਰਾ ਹੁੰਦਾ ਦੇਖ ਕੇ ਉਹਨਾਂ ਲੁੱਟਣ ਵਾਲੇ ਵਿਅਕਤੀਆਂ ਵਿੱਚ ਮਨੁੱਖਤਾ ਨੇ ਕਰਵਟ ਬਦਲੀ ਅਤੇ ਉਹਨਾਂ ਨੇ ਹੋਰ ਲੋਟੂ ਟੋਲੀਆਂ ਤੋਂ ਬਚਾਉਣ ਲਈ ਮੈਨੂੰ ਮਿਲਰ ਗੰਜ ਮੇਰੇ ਮਾਮੇ ਦੇ ਘਰ ਕੋਲ ਪਹੁੰਚਾ ਦਿੱਤਾ।

ਇਧਰ ਮੈਨੂੰ ਘਰ ਵਿਚ ਨਾ ਦੇਖ ਕੇ ਮੈਨੂੰ ਲੱਭਣ ਲਈ ਹਾਲ-ਪਾਹਰਿਆ ਪਈ ਹੋਈ ਸੀ। ਮੈਨੂੰ ਦੇਖਦਿਆਂ ਹੀ ਮੇਰੀ ਮਾਂ ਨੇ ਮੈਨੂੰ ਘੁੱਟ ਕੇ ਕਲੇਜੇ ਨਾਲ ਲਾ ਲਿਆ। ਬਾਅਦ ਵਿਚ ਪਤਾ ਲੱਗਿਆ ਕਿ ਮੇਰੀ ਮਾਂ ਤਾਂ ਤਲਵਾਰਾਂ ਸੂਤੀ ਜਾਂਦੇ ਬਲਵੱਈਆਂ ਦੇ ਇੱਕ ਟੋਲੇ ਨੂੰ ਦੇਖ ਕੇ ਵਾਪਸ ਪਰਤ ਆਈ ਸੀ ਪਰ ਮੈਂ ਉਸ ਨੂੰ ਲੱਭਦਾ ਹੋਇਆ ਫੀਲਡ ਗੰਜ ਪਹੁੰਚ ਗਿਆ ਸੀ। ਮੇਰੇ ਕੋਲੋਂ ਆਪਣਾ ਹੀ ਘਰ ਲੁੱਟੇ ਜਾਣ ਦੀ ਦੁੱਖ ਭਰੀ ਦਾਸਤਾਨ ਸੁਣ ਕੇ ਸਭ ਨੇ ਇੱਕੋ ਸਾਹੇ ਕਿਹਾ-ਕੋਈ ਨਹੀਂ ਘਰ ਦਾ ਸਮਾਨ ਤਾਂ ਫਿਰ ਬਣ ਜਾਵੇਗਾ, ਸ਼ੁਕਰ ਏ ਰੱਬ ਦਾ ! ਤੂੰ ਸਹੀ-ਸਲਾਮਤ ਮੁੜ ਆਇਆ ਏਂ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ