ਪਰਵਾਸੀ ਪੰਜਾਬੀ, ਬੇਵਿਸ਼ਵਾਸੀ ਅਤੇ ਸਰਕਾਰੀ ਪਹਿਲਕਦਮੀ 

ਪਰਵਾਸੀ ਪੰਜਾਬੀ, ਬੇਵਿਸ਼ਵਾਸੀ ਅਤੇ ਸਰਕਾਰੀ ਪਹਿਲਕਦਮੀ 

ਗੁਰਮੀਤ ਸਿੰਘ ਪਲਾਹੀ

ਪ੍ਰਵਾਸ ਹੰਢਾ ਰਹੇ ਪੰਜਾਬੀਆਂ ਨੇ ਆਪਣੇ ਪਿਛਲੇ ਪਿੰਡਾਂ, ਸ਼ਹਿਰਾਂ ਵਿਚ ਵਸਦੇ ਪੰਜਾਬੀਆਂ ਦੇ ਭਲੇ ਹਿਤ ਸਮੇਂ-ਸਮੇਂ 'ਤੇ ਬਹੁਤ ਸਾਰੇ ਭਲਾਈ ਦੇ ਕਾਰਜ ਆਰੰਭੇ ਅਤੇ ਬਹੁਤੀ ਵਾਰ ਸਰਕਾਰਾਂ ਦੀ ਸਹਾਇਤਾ ਤੋਂ ਬਿਨਾ ਇਹੋ ਜਿਹੇ ਕਾਰਜ ਕੀਤੇ ਜਿਹਨਾਂ ਦੀ ਮਿਸਾਲ ਦਿੱਤਿਆਂ ਹੀ ਬਣਦੀ ਹੈ। ਪਿੰਡਾਂ ਵਿਚ ਅੰਡਰ ਗਰਾਊਂਡ ਸੀਵਰੇਜ ਸਿਸਟਮ ਦੀ ਉਸਾਰੀ ਉਹਨਾਂ ਵਿੱਚੋਂ ਇਹੋ ਜਿਹਾ ਕਾਰਜ ਹੈ, ਜਿਸ ਨੂੰ ਸਰਕਾਰ ਪਿੰਡਾਂ ਵਿਚ ਲਾਗੂ ਨਹੀਂ ਸੀ ਕਰਨਾ ਚਾਹੁੰਦੀ ਪਰ ਪ੍ਰਵਾਸੀ ਪੰਜਾਬੀਆਂ ਨੇ ਪਹਿਲਾਂ-ਪਹਿਲ ਇਹ ਬੀੜਾ ਚੁੱਕਿਆ ਅਤੇ ਪੰਜਾਬ ਸਰਕਾਰ ਨੂੰ ਮਜਬੂਰ ਕਰ ਦਿੱਤਾ ਕਿ ਉਹ ਇਸ ਕਾਰਜ ਲਈ ਮੈਚਿੰਗ ਗ੍ਰਾਂਟ ਦੇਵੇ, ਜਿਹੜੀ ਕਿ ਬਾਅਦ ਵਿੱਚ ਵੀ ਪੰਜਾਬ ਵਿੱਚ ਲੰਮਾ ਸਮਾਂ ਚਲਦੀ ਰਹੀ। ਪ੍ਰਵਾਸੀ ਪੰਜਾਬੀਆਂ ਦੀ ਸਹਾਇਤਾ ਨਾਲ ਕਈ ਪਿੰਡਾਂ ਵਿੱਚ ਅੰਡਰ ਗਰਾਊਂਡ ਸੀਵਰੇਜ ਸਿਸਟਮ ਹੀ ਚਾਲੂ ਨਾ ਹੋਏ, ਸਗੋਂ ਖੇਡ ਸਟੇਡੀਅਮ, ਕੰਕਰੀਟ ਬਲਾਕ ਲਗਾਉਣ, ਇਮਾਰਤਾਂ ਦੀ ਉਸਾਰੀ ਦੇ ਨਾਲ-ਨਾਲ ਪਿੰਡਾਂ ਵਿੱਚ ਹਸਪਤਾਲ, ਡਿਸਪੈਂਸਰੀਆਂ ਵੀ ਖੋਲ੍ਹੀਆਂ ਜਿੱਥੇ ਬਹੁਤੀਆਂ ਹਾਲਤਾਂ ਵਿੱਚ ਮੁਫ਼ਤ ਸਿਹਤ ਸਹੂਲਤਾਂ ਮੁਹੱਈਆ ਕੀਤੀਆਂ ਜਾਂਦੀਆਂ ਰਹੀਆਂ ਜਾਂ ਹੁਣ ਵੀ ਰਿਆਇਤੀ ਦਰਾਂ 'ਤੇ ਦਿੱਤੀਆਂ ਜਾ ਰਹੀਆਂ ਹਨ। ਪਿੰਡਾਂ ਵਿੱਚ ਪ੍ਰਵਾਸੀ ਵੀਰਾਂ ਵਲੋਂ ਟੂਰਨਾਮੈਂਟ ਕਰਾਉਣ, ਧਾਰਮਿਕ ਸਥਾਨਾਂ ਦੀ ਉਸਾਰੀ ਅਤੇ ਸਿਲਾਈ ਸੈਂਟਰ ਖੋਲ੍ਹਕੇ ਲੜਕੀਆਂ ਨੂੰ ਟਰੇਨਿੰਗ ਦੇਕੇ ਸਿਲਾਈ ਮਸ਼ੀਨਾਂ ਦੇਣੀਆਂ ਅਤੇ ਕਈ ਥਾਵਾਂ ਤੇ ਲੋੜਵੰਦ ਬਜ਼ੁਰਗਾਂ ਅਤੇ ਲੋੜਵੰਦ ਔਰਤਾਂ ਨੂੰ ਪੈਨਸ਼ਨਾਂ ਆਦਿ ਦੇਣੀਆਂ ਜਿਹੇ ਕੰਮ ਵੀ ਕੀਤੇ ਗਏ। ਪ੍ਰਵਾਸੀ ਵੀਰਾਂ ਦੇ ਮਨ ਦੀ ਭਾਵਨਾ ਤਾਂ ਮੁੱਖ ਰੂਪ ਵਿੱਚ ਇਹ ਸੀ ਕਿ ਉਹਨਾਂ ਬਾਹਰਲੇ ਮੁਲਕਾਂ ਵਿੱਚ ਜਾ ਕੇ ਆਪਣੀ ਜ਼ਿੰਦਗੀ ਬਸਰ ਕਰਨ ਲਈ ਜੋ ਸੁਖ ਸਹੂਲਤਾਂ ਮਾਣੀਆਂ ਹਨ, ਜਾਂ ਮਾਣ ਰਹੇ ਹਨ, ਉਹੋ ਜਿਹੀਆਂ ਸਹੂਲਤਾਂ ਉਹ ਆਪਣੇ ਪੰਜਾਬ ਵਿੱਚ ਵੀ ਪਿੱਛੇ ਰਹਿ ਰਹੇ ਲੋਕਾਂ ਨੂੰ ਦੇਣ। ਇਸੇ ਮੰਤਵ ਨਾਲ ਉਹਨਾਂ ਵਿੱਚੋਂ ਬਹੁਤੇ ਲੋਕਾਂ ਨੇ ਆਪਣੀ ਕ੍ਰਿਤ ਕਮਾਈ ਵਿੱਚੋਂ ਹਿੱਸਾ ਕੱਢਦਿਆਂ ਆਪਣੇ ਪਿੰਡਾਂ ਦੀ ਨੁਹਾਰ ਬਦਲਣ ਦਾ ਉਪਰਾਲਾ ਕੀਤਾ।

ਪ੍ਰਵਾਸ ਹੰਢਾਉਂਦਿਆਂ ਪ੍ਰਵਾਸੀ ਪੰਜਾਬੀਆਂ ਨੇ ਵੱਡਾ ਸੰਘਰਸ਼ ਕੀਤਾ, ਕਿਉਂਕਿ ਉਹਨਾਂ ਨੂੰ ਮਿਹਨਤ ਕਰਨ ਦੇ ਮੌਕੇ ਮਿਲੇ ਅਤੇ ਮਿਹਨਤ ਦਾ ਫਲ ਵੀ ਮਿਲਿਆ। ਸਿੱਟੇ ਵਜੋਂ ਦਹਾਕਿਆਂ ਦੀ ਮੁਸ਼ੱਕਤ ਸਦਕਾ ਉਹਨਾਂ ਵਿੱਚੋਂ ਕੁਝ ਇੱਕ ਨੇ ਆਪੋ-ਆਪਣੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰੀਆਂ। ਵਿਦੇਸ਼ਾਂ ਦੀ ਧਰਤੀ 'ਤੇ ਵੱਡੀਆਂ ਜਾਇਦਾਦਾਂ, ਫਾਰਮ ਹਾਊਸ, ਫੈਕਟਰੀਆਂ, ਪੈਟਰੋਲ ਪੰਪ ਆਦਿ ਸਥਾਪਤ ਕੀਤੇ ਅਤੇ ਮਿਹਨਤ ਕਰਦਿਆਂ ਡਾਕਟਰੀ, ਇੰਜਨੀਅਰੀ, ਸਿਆਸਤ, ਪੱਤਰਕਾਰੀ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰੀਆਂ। ਬਰਤਾਨੀਆ, ਕੈਨੇਡਾ ਵਿੱਚ ਤਾਂ ਪ੍ਰਵਾਸੀ ਪੰਜਾਬੀਆਂ ਨੇ ਵੱਡੇ-ਵੱਡੇ ਪ੍ਰਾਜੈਕਟ ਛੋਹੇ, ਉਹਨਾਂ 'ਤੇ ਕੰਮ ਕੀਤਾ, ਸਰਕਾਰੇ-ਦਰਬਾਰੇ ਨਾਮਣਾ ਖੱਟਿਆ। ਸਰਕਾਰਾਂ ਵਿੱਚ ਉੱਚ ਅਹੁਦਿਆਂ ਉੱਤੇ ਬੈਠੇ। ਪ੍ਰਸ਼ਾਸਨ ਵਿੱਚ ਭਾਗੀਦਾਰ ਬਣਕੇ ਪੰਜਾਬੀਆਂ ਦਾ ਸਿਰ ਉੱਚਾ ਕੀਤਾ। ਕੈਨੇਡਾ, ਬਰਤਾਨੀਆ ਦੇ ਨਾਲ-ਨਾਲ ਅਮਰੀਕਾ, ਨੀਊਜ਼ੀਲੈਂਡ, ਅਸਟ੍ਰੇਲੀਆ ਵਿੱਚ ਗਏ ਪੰਜਾਬੀਆਂ ਨੇ ਵੀ ਹਰ ਖੇਤਰ ਵਿੱਚ ਆਪਣਾ ਨਾਮ ਰੋਸ਼ਨ ਕੀਤਾ ਅਤੇ ਇਨ੍ਹਾਂ ਆਪਣੀ ਜ਼ਿੰਦਗੀ ਵਿੱਚ ਪ੍ਰਵਾਨ ਚੜ੍ਹੇ ਪ੍ਰਵਾਸੀ ਪੰਜਾਬੀਆਂ ਨੇ ਜਿੱਥੇ ਆਪਣੇ ਪਰਿਵਾਰਾਂ ਲਈ ਸੁਖ ਸੁਵਿਧਾਵਾਂ ਪੈਦਾ ਕਰਨ ਦਾ ਯਤਨ ਕੀਤਾ, ਉੱਥੇ ਪੰਜਾਬ ਜਾਂ ਦੇਸ਼ ਵਸਦੇ ਰਿਸ਼ਤੇਦਾਰਾਂ ਅਤੇ ਹੋਰ ਪੰਜਾਬੀਆਂ ਦੇ ਭਲੇ ਹਿਤ ਆਪਣੇ ਕਾਰੋਬਾਰ ਖੋਲ੍ਹਕੇ ਉਹਨਾਂ ਦੀ ਸਹਾਇਤਾ ਵੀ ਕਰਨੀ ਚਾਹੀ, ਜਿਹੜੀ ਕਿ ਬਹੁਤਾ ਇਸ ਕਰਕੇ ਸਫਲਤਾ ਹਾਸਲ ਨਾ ਕਰ ਸਕੀ ਕਿ ਸਰਕਾਰਾਂ ਵਲੋਂ ਅਤੇ ਸਰਕਾਰੀ ਮਸ਼ੀਨਰੀ ਵਲੋਂ ਉਹਨਾਂ ਦੇ ਕੰਮ ਵਿੱਚ ਅੜਿੱਕੇ ਡਾਹੇ ਜਾਂਦੇ ਰਹੇ, ਜਿਸ ਤੋਂ ਪ੍ਰਵਾਸੀ ਪਿਛਲੇ ਸਮੇਂ ਤੋਂ ਡਾਢੇ ਨਿਰਾਸ਼ ਦਿਸ ਰਹੇ ਹਨ।

ਪ੍ਰਵਾਸੀ ਪੰਜਾਬੀਆਂ ਦੀਆਂ ਵੱਡੀਆਂ ਸਮੱਸਿਆਵਾਂ ਪ੍ਰਤੀ ਸਰਕਾਰਾਂ ਦੇ ਅਵੇਸਲੇਪਨ ਨੇ ਪ੍ਰਵਾਸੀਆਂ ਨੂੰ ਸਦਾ ਪ੍ਰੇਸ਼ਾਨ ਕੀਤਾ ਹੈ। ਉਹਨਾਂ ਦੀਆਂ ਜਾਇਦਾਦਾਂ ਪੰਜਾਬ ਵਿੱਚ ਸੁਰੱਖਿਅਤ ਨਹੀਂ। ਬਹੁਤੇ ਰਿਸ਼ਤੇਦਾਰਾਂ, ਭੂ-ਮਾਫੀਏ ਨੇ ਸਰਕਾਰੀ ਪ੍ਰਸ਼ਾਸਨ ਨਾਲ ਰਲਕੇ ਪ੍ਰਵਾਸੀਆਂ ਦੀਆਂ ਜਾਇਦਾਦਾਂ ਹੀ ਨਹੀਂ ਹੜੱਪੀਆਂ, ਉਹਨਾਂ ਉੱਤੇ ਝੂਠੇ ਕੇਸ ਵੀ ਦਰਜ਼ ਕਰਵਾਏ।

ਇਹਨਾਂ ਸਮੱਸਿਆਵਾਂ ਦੇ ਹੱਲ ਲਈ ਸਮੇਂ-ਸਮੇਂ ਦੀਆਂ ਅਕਾਲੀ-ਭਾਜਪਾ ਜਾਂ ਕਾਂਗਰਸ ਸਰਕਾਰਾਂ ਨੇ ਨਵੇਂ ਕਨੂੰਨ ਬਣਾਏ। ਪ੍ਰਵਾਸੀ ਪੰਜਾਬੀਆਂ ਦੀ ਸੰਸਥਾ ਐੱਨ.ਆਰ.ਆਈ. ਸਭਾ ਜਲੰਧਰ ਦੀ ਸਥਾਪਨਾ ਕੀਤੀ। ਐੱਨ.ਆਰ.ਆਈ. ਥਾਣੇ ਬਣਾਏ ਗਏ।

ਐੱਨ.ਆਰ.ਆਈ. ਕਮਿਸ਼ਨ ਦੀ ਸਥਾਪਨਾ ਕੀਤੀ ਗਈ। ਹਰ ਵਰ੍ਹੇ ਪ੍ਰਵਾਸੀ ਪੰਜਾਬੀਆਂ ਦੀਆਂ ਬਹੁਤੀਆਂ ਸਮੱਸਿਆਵਾਂ ਜਿਉਂ ਦੀਆਂ ਤਿਉਂ ਖੜ੍ਹੀਆਂ ਹਨ। ਸੈਂਕੜਿਆਂ ਦੀ ਗਿਣਤੀ ਵਿੱਚ ਜ਼ਮੀਨ, ਜਾਇਦਾਦ ਦੇ ਕੇਸ ਅਦਾਲਤਾਂ ਵਿੱਚ ਹਨ। ਬਹੁਤੇ ਪ੍ਰਵਾਸੀਆਂ ਦੀਆਂ ਹਿੱਸੇ ਆਉਂਦੀਆਂ ਦੁਕਾਨਾਂ, ਮਕਾਨ, ਜਾਇਦਾਦਾਂ ਉੱਤੇ ਕਬਜ਼ੇ ਉਹਨਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ।

ਹੈਰਾਨੀ, ਪ੍ਰੇਸ਼ਾਨੀ ਦੀ ਗੱਲ ਤਾਂ ਇਹ ਹੈ ਕਿ ਉਹ ਪ੍ਰਵਾਸੀ, ਜਿਹਨਾਂ ਨੇ ਪੰਜਾਬ ਰਹਿੰਦੇ ਪੰਜਾਬੀਆਂ ਦੀ ਬਾਂਹ ਫੜੀ, ਉਹਨਾਂ ਦੀ ਸਹਾਇਤਾ ਕੀਤੀ, ਉਹਨਾਂ ਦੇ ਔਖੇ ਵੇਲੇ ਕੰਮ ਵੀ ਆਏ, ਉਹਨਾਂ ਪ੍ਰਵਾਸੀ ਪੰਜਾਬੀਆਂ ਦੀਆਂ ਸੇਵਾਵਾਂ ਪ੍ਰਤੀ ਕਦੇ ਉਹਨਾਂ ਨੂੰ ਸਨਮਾਨਿਤ ਨਹੀਂ ਕੀਤਾ ਗਿਆ। ਜਿੰਨਾ ਕੁ ਚਿਰ ਸਰਕਾਰਾਂ ਨੂੰ ਪ੍ਰਵਾਸੀਆਂ ਦੀ ਵੋਟਾਂ ਵਿੱਚ ਸਹਾਇਤਾ ਦੀ ਲੋੜ ਸੀ, ਉੰਨਾ ਚਿਰ ਉਹਨਾਂ ਪ੍ਰਵਾਸੀ ਸੰਮੇਲਨ ਵੀ ਕਰਵਾਏ, ਐੱਨ.ਆਰ.ਆਈ. ਸਭਾ ਦੀਆਂ ਸਰਗਰਮੀਆਂ ਵੀ ਜਾਰੀ ਰੱਖੀਆਂ, ਪਰ ਹੁਣ ਉਹ ਸਭ ਬੰਦ ਕਰ ਦਿੱਤੀਆਂ ਗਈਆਂ ਹਨ।
ਪਰ ਹੁਣ ਚੰਗੀ ਖ਼ਬਰ ਹੈ ਕਿ ਉਹਨਾਂ ਪ੍ਰਵਾਸੀ ਪੰਜਾਬੀਆਂ, ਜਿਹਨਾਂ ਨੇ ਵਿਦੇਸ਼ਾਂ ਵਿੱਚ ਹਰ ਖੇਤਰ ਵਿੱਚ ਨਾਮਣਾ ਖੱਟਿਆ, ਉਹਨਾਂ ਪ੍ਰਵਾਸੀ ਪੰਜਾਬੀਆਂ ਨੂੰ ਅਚੀਵਰ ਐਵਾਰਡ ਅਗਲੇ ਵਰ੍ਹੇ ਤੋਂ ਦਿੱਤੇ ਜਾਣਗੇ, ਜਿਹਨਾਂ ਦੀ ਚੋਣ ਦੇ ਹੁਕਮ ਪੰਜਾਬ ਸਰਕਾਰ ਨੇ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਵਿਭਾਗ ਨੂੰ ਦੇ ਦਿੱਤੇ ਹਨ। ਇਹ ਹੋਰ ਵੀ ਚੰਗੀ ਖ਼ਬਰ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਸਮੇਂ ਕਰਵਾਏ ਜਾ ਰਹੇ ਸਮਾਗਮਾਂ ਵਿੱਚ 550 ਪ੍ਰਵਾਸੀ ਪੰਜਾਬੀਆਂ ਨੂੰ ਸੱਦਾ ਪੱਤਰ ਭੇਜੇ ਜਾਣਗੇ, ਜਿਹਨਾਂ ਦਾ ਰਹਿਣ-ਸਹਿਣ ਤੇ ਆਵਾਜਾਈ ਦਾ ਪ੍ਰਬੰਧ ਪੰਜਾਬ ਸਰਕਾਰ ਕਰੇਗੀ।

ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹੋਏ ਪ੍ਰਵਾਸੀ ਪੰਜਾਬੀਆਂ ਨੂੰ ਸੂਬੇ ਦੇ ਵਿਕਾਸ ਲਈ ਆਪਣੇ ਨਾਲ ਜੋੜਨ ਵਾਸਤੇ ਅਚੀਵਰ ਐਵਾਰਡ ਲਈ ਚੰਗੇ ਸੁਲਝੇ ਹੋਏ ਨਿਰਪੱਖ ਉਹਨਾਂ ਪ੍ਰਵਾਸੀ ਪੰਜਾਬੀਆਂ ਦੀ ਚੋਣ ਹੋਣੀ ਚਾਹੀਦੀ ਹੈ, ਜਿਹਨਾਂ ਦੀਆਂ ਪ੍ਰਾਪਤੀਆਂ ਉੱਤੇ ਕੋਈ ਸ਼ੰਕਾ ਨਾ ਹੋਵੇ ਜਾਂ ਕੋਈ ਉਂਗਲ ਨਾ ਉਠਾ ਸਕੇ। ਇਸੇ ਤਰ੍ਹਾਂ ਪ੍ਰਕਾਸ਼ ਪੁਰਬ ਲਈ ਉਹਨਾਂ ਪੰਜਾਬੀ ਪ੍ਰਵਾਸੀਆਂ ਨੂੰ ਸੱਦਾ ਪੱਤਰ ਭੇਜਿਆ ਜਾਣਾ ਚਾਹੀਦਾ ਹੈ, ਜਿਹਨਾਂ ਦੀ ਪੰਜਾਬੀ ਸਮਾਜ ਨੂੰ ਦੇਸ਼-ਵਿਦੇਸ਼ ਵਿੱਚ ਵੱਡੀ ਦੇਣ ਹੋਵੇ, ਤਦੇ ਹੀ ਪ੍ਰਵਾਸੀ ਪੰਜਾਬੀਆਂ ਨਾਲ ਸਰਕਾਰ ਦਾ ਸੰਪਰਕ ਅਤੇ ਵਿਸ਼ਵਾਸ ਵਧੇਗਾ। ਲੋੜ ਤਾਂ ਇਸ ਗੱਲ ਦੀ ਵੀ ਹੈ ਕਿ ਪ੍ਰਵਾਸੀ ਪੰਜਾਬੀਆਂ ਦੀ ਸੰਸਥਾ ਐੱਨ.ਆਰ.ਆਈ. ਸਭਾ ਦੀ ਚੋਣ ਕਰਕੇ ਉਸਨੂੰ ਸਰਗਰਮ ਕੀਤਾ ਜਾਵੇ ਅਤੇ ਐੱਨ.ਆਰ.ਆਈ. ਕਮਿਸ਼ਨ ਨੂੰ ਵੀ ਵਧੇਰੇ ਤਾਕਤਾਂ ਦਿੱਤੀਆਂ ਜਾਣ।

ਪੰਜਾਬ, ਦੇਸ਼ ਦੇ ਬਾਕੀ ਹਿੱਸੇ ਵਾਂਗ ਵੱਡੀ ਬੇਰੁਜ਼ਗਾਰੀ, ਕਿਸਾਨੀ ਸੰਕਟ ਅਤੇ ਭੈੜੀ ਅਰਥ ਵਿਵਸਥਾ ਦਾ ਸ਼ਿਕਾਰ ਹੋਇਆ ਪਿਆ ਹੈ। ਪੰਜਾਬ ਸਰਕਾਰ ਦਾ ਖਜ਼ਾਨਾ ਖਾਲੀ ਹੈ। ਪੰਜਾਬ ਕੋਲ ਵੱਡੇ ਉਦਯੋਗ ਨਹੀਂ ਹਨ। ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ ਵਿੱਚ ਉਦਯੋਗ ਲਗਾਉਣ ਲਈ ਤਦੇ ਪ੍ਰੇਰਿਆ ਜਾ ਸਕਦਾ ਹੈ, ਜੇਕਰ ਉਹਨਾਂ ਦਾ ਭਰੋਸਾ ਜਿੱਤਿਆ ਜਾਏ। ਉਹ ਪ੍ਰਵਾਸੀ ਪੰਜਾਬੀ ਜਿਹਨਾਂ ਨੇ ਵਿਸ਼ਵ ਭਰ ਵਿਚ ਵੱਖੋ-ਵੱਖਰੇ ਖੇਤਰਾਂ ਵਿਚ ਨਾਮ ਖੱਟਿਆ ਹੈ, ਪੰਜਾਬ ਦੇ ਅਰਥਚਾਰੇ ਨੂੰ ਥਾਂ ਸਿਰ ਕਰਨ ਲਈ ਉਹਨਾਂ ਦੀਆਂ ਸੇਵਾਵਾਂ ਲੈਣ ਤੋਂ ਵੀ ਗੁਰੇਜ ਨਹੀਂ ਕਰਨਾ ਚਾਹੀਦਾ। ਕੈਨੇਡਾ, ਅਮਰੀਕਾ, ਬਰਤਾਨੀਆ ਵਸਦੇ ਪੰਜਾਬੀ ਪ੍ਰਵਾਸੀ ਸਿਆਸਤਦਾਨ, ਪੰਜਾਬ ਨਾਲ ਉੱਥੋਂ ਦੀਆਂ ਸਰਕਾਰਾਂ ਦੇ ਸਮਝੌਤੇ ਜਾਂ ਵਪਾਰਿਕ ਲੈਣ-ਦੇਣ ਕਰਵਾ ਸਕਦੇ ਹਨ, ਜਿਸਦਾ ਸੂਬੇ ਪੰਜਾਬ ਨੂੰ ਵੱਡਾ ਫਾਇਦਾ ਹੋ ਸਕਦਾ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ