ਮਾਮਲਾ ਗਾਇਬ ਹੋਏ 328 ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਰੂਪਾਂ ਦਾ

ਮਾਮਲਾ ਗਾਇਬ ਹੋਏ 328 ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਰੂਪਾਂ ਦਾ

ਸ਼ੋ੍ਰਮਣੀ ਕਮੇਟੀ ਨੂੰ ਹਾਈਕੋਰਟ ਤੋਂ ਝਟਕਾ-ਬਰਖ਼ਾਸਤ 3 ਮੁਲਾਜ਼ਮਾਂ ਨੂੰ ਵਾਪਸ ਨੌਕਰੀ 'ਤੇ ਰੱਖੋ 

ਕਮੇਟੀ ਨੇ ਮੁਲਾਜ਼ਮਾਂ ਦੀ ਬਹਾਲੀ ਤੋਂ ਬਾਅਦ ਮੁੜ ਬਰਖ਼ਾਸਤ ਕਰ ਕੇ ਪੜਤਾਲ ਸ਼ੁਰੂ-ਧਾਮੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਅੰਮਿ੍ਤਸਰ- ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਲਾਪਤਾ ਮਾਮਲੇ ਵਿਚ ਸ਼ੋ੍ਮਣੀ ਕਮੇਟੀ ਵਲੋਂ ਫਾਰਗ ਕੀਤੇ ਗਏ ਤਿੰਨ ਮੁਲਾਜ਼ਮਾਂ ਨੂੰ ਹਾਈਕੋਰਟ ਵਲੋਂ ਰਾਹਤ ਮਿਲਣ ਉਪਰੰਤ ਇਹ ਮੁਲਾਜ਼ਮ ਆਪਣੀ ਡਿਊਟੀ 'ਤੇ ਹਾਜ਼ਰ ਹੋਣ ਲਈ ਸ਼ੋ੍ਮਣੀ ਕਮੇਟੀ ਦਫ਼ਤਰ ਪਹੁੰਚੇ ਜਿਥੇ ਉਨ੍ਹਾਂ ਨੇ ਹਾਈਕੋਰਟ ਵਲੋਂ ਆਏ ਫ਼ੈਸਲੇ ਦੀ ਕਾਪੀ ਕਮੇਟੀ ਅਧਿਕਾਰੀਆਂ ਨੂੰ ਸੌਂਪੀ । ਸਵੇਰ ਤੋਂ ਸ਼ਾਮ ਤੱਕ ਉਕਤ ਮੁਲਾਜ਼ਮਾਂ ਬਿਨਾਂ ਡਿਊਟੀ 'ਤੇ ਰੱਖੇ ਜਾਣ ਕਰਕੇ ਇਹ ਮੁਲਾਜ਼ਮ ਖਾਲੀ ਹੱਥੀ ਆਪਣੇ ਘਰਾਂ ਨੂੰ ਪਰਤੇ । ਦੂਸਰੇ ਪਾਸੇ ਸ਼ੋ੍ਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਕਿਹਾ ਗਿਆ ਹੈ ਕਿ ਇਨ੍ਹਾਂ ਮੁਲਾਜ਼ਮਾਂ ਨੂੰ ਬਰਖਾਸਤ ਕਰਕੇ ਮਾਮਲੇ ਦੀ ਫਿਰ ਤੋਂ ਜਾਂਚ ਸ਼ੁਰੂ ਕਰਵਾਈ ਜਾ ਰਹੀ ਹੈ ।ਉਨ੍ਹਾਂ ਦੱਸਿਆ ਕਿ ਹਾਈਕੋਰਟ ਵਲੋਂ ਤਿੰਨਾਂ ਮੁਲਾਜ਼ਮਾਂ ਨੂੰ ਬਹਾਲ ਕਰ ਦਿੱਤਾ ਗਿਆ ਸੀ ਤੇ ਨਾਲ ਹੀ ਮਾਮਲੇ ਦੀ ਮੁੜ ਪੜਤਾਲ ਲਈ ਸ਼ੋ੍ਮਣੀ ਕਮੇਟੀ ਵਲੋਂ ਉਨ੍ਹਾਂ ਨੂੰ ਮੁੜ ਬਰਖਾਸਤ ਕਰ ਦਿੱਤਾ ਗਿਆ ਹੈ ।ਉੱਧਰ ਇਸ ਸੰਬੰਧ ਵਿਚ ਮੁਲਾਜ਼ਮ ਗੁਰਬਚਨ ਸਿੰਘ ਨੇ ਦੱਸਿਆ ਕਿ ਉਹ ਹਾਈਕੋਰਟ ਦੇ ਆਦੇਸ਼ਾਂ ਲੈ ਕੇ ਸ਼ੋ੍ਮਣੀ ਕਮੇਟੀ ਦਫ਼ਤਰ ਪਹੁੰਚੇ ਤੇ ਡਿਊਟੀ ਲਈ ਹਾਜ਼ਰ ਹੋਏ ਸਨ ਜਿਥੇ ਉਨ੍ਹਾਂ ਕੋਲੋਂ ਆਰਡਰਾਂ ਦੀ ਕਾਪੀ ਤਾਂ ਕਮੇਟੀ ਅਧਿਕਾਰੀਆਂ ਵਲੋਂ ਪ੍ਰਾਪਤ ਕਰ ਲਈ ਗਈ ਹੈ ਪਰ ਉਨ੍ਹਾਂ ਨੂੰ ਅਜੇ ਡਿਊਟੀ 'ਤੇ ਨਹੀਂ ਲਗਾਇਆ ਗਿਆ ।  ਵਰਨਣਯੋਗ ਹੈ ਕਿ ਸਾਲ 2020 ਵਿਚ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੋਂ ਬਾਅਦ ਵਿਸ਼ੇਸ਼ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਸੀ ਕਿ ਸ਼੍ਰੋਮਣੀ ਕਮੇਟੀ ਦੇ ਰਿਕਾਰਡ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪ ਗਾਇਬ ਹਨ ।ਇਸ ਮਾਮਲੇ ਸੰਬੰਧੀ 21 ਅਗਸਤ 2020 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਹੁਕਮ ਜਾਰੀ ਕੀਤੇ ਸਨ ਕਿ ਇਸ ਮਾਮਲੇ ਵਿਚ ਦੋਸ਼ੀ ਪਾਏ ਜਾਣ ਵਾਲੇ ਸਾਰੇ ਮੁਲਾਜ਼ਮਾਂ ਖ਼ਿਲਾਫ ਕਾਨੂੰਨੀ ਅਤੇ ਵਿਭਾਗੀ ਕਾਰਵਾਈ ਕੀਤੀ ਜਾਵੇ । ਹੁਕਮਾਂ ਦੀ ਪਾਲਣਾ ਕਰਦਿਆਂ ਸ਼੍ਰੋਮਣੀ ਕਮੇਟੀ ਨੇ 27 ਅਗਸਤ 2020 ਨੂੰ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਦੌਰਾਨ ਉਕਤ  ਮੁਲਾਜ਼ਮ ਗੁਰਬਚਨ ਸਿੰਘ, ਬਾਜ ਸਿੰਘ ਅਤੇ ਦਲਬੀਰ ਸਿੰਘ ਮੁਲਾਜ਼ਮਾਂ ਨੂੰ ਬਰਖ਼ਾਸਤ ਕੀਤਾ ਸੀ। ਇਹਨਾਂ ਕਥਿਤ ਦੋਸ਼ੀਆਂ  ਨੇ ਸ਼੍ਰੋਮਣੀ ਕਮੇਟੀ ਦੇ ਫ਼ੈਸਲੇ ਵਿਰੁੱਧ ਸਤੰਬਰ 2020 ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਰਿੱਟ ਪਟੀਸ਼ਨ ਦਾਇਰ ਕੀਤੀ ਸੀ। |  

ਸ਼੍ਰੋਮਣੀ ਕਮੇਟੀ ਦੀ ਮਾੜੀ ਕਾਰਗੁਜ਼ਾਰੀ ਸਾਹਮਣੇ ਆਈ-ਢੀਂਡਸਾ

ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਅਧੀਨ ਲਾਪਤਾ ਹੋਏ 328 ਪਾਵਨ ਸਰੂਪਾਂ ਦੇ ਮਾਮਲੇ ਵਿਚ ਸ਼ੋ੍ਮਣੀ ਕਮੇਟੀ ਵਲੋਂ ਬਰਖਾਸਤ ਕੀਤੇ ਤਿੰਨ ਮੁਲਾਜ਼ਮਾਂ ਨੂੰ ਮੁੜ ਬਹਾਲ ਕਰਨ ਦੇ ਹਾਈਕੋਰਟ ਦੇ ਫ਼ੈਸਲੇ 'ਤੇ ਪ੍ਰਤੀਕਿਰਿਆ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਇਸ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਦੀ ਮਾੜੀ ਕਾਰਗੁਜ਼ਾਰੀ ਖੁੱਲ੍ਹ ਕੇ ਸਾਹਮਣੇ ਆ ਗਈ ਹੈ । ਉਨ੍ਹਾਂ ਦੋਸ਼ ਲਗਾਇਆ ਕਿ ਸ਼੍ਰੋਮਣੀ ਕਮੇਟੀ ਵਲੋਂ ਇਸ ਮਾਮਲੇ ਵਿਚ ਕੁਝ ਮੁਲਾਜ਼ਮਾਂ ਨੂੰ ਬਰਖਾਸਤ ਕਰਕੇ ਪੱਲ੍ਹਾ ਝਾੜ ਲਿਆ ਗਿਆ ਸੀ, ਜਦਕਿ ਮਾਮਲੇ ਦੇ ਅਸਲ ਦੋਸ਼ੀਆਂ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ ।