ਪਾਕਿ ਸੰਸਦ ਹੋਈ ਭੰਗ-ਮੁੜ ਹੋਣਗੀਆਂ ਚੋਣਾਂ

ਪਾਕਿ ਸੰਸਦ ਹੋਈ ਭੰਗ-ਮੁੜ ਹੋਣਗੀਆਂ ਚੋਣਾਂ

*ਬਿਨਾਂ ਵੋਟਿੰਗ ਦੇ ਇਮਰਾਨ ਖ਼ਿਲਾਫ਼ ਬੇਭਰੋਸਗੀ ਮਤਾ ਰੱਦ

*ਵਿਰੋਧੀ ਧਿਰ ਪਹੁੰਚੀ ਸੁਪਰੀਮ ਕੋਰਟ 

ਇਮਰਾਨ ਬੋਲਿਆ ਵਿਦੇਸ਼ ਵਿਚ ਰਚੀ ਗਈ ਸੀ ਸਰਕਾਰ ਡੇਗਣ ਦੀ ਸਾਜਿਸ

ਅੰਮ੍ਰਿਤਸਰ ਟਾਈਮਜ਼ ਬਿਊਰੋ

ਅੰਮਿ੍ਤਸਰ-ਪਾਕਿਸਤਾਨ ਦੇ ਸੰਕਟ ਵਿਚ ਫਸੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ  ਰਾਸ਼ਟਰਪਤੀ ਵਲੋਂ ਸੰਸਦ ਨੂੰ ਭੰਗ ਕਰਨ ਦੀ ਪ੍ਰਵਾਨਗੀ ਪ੍ਰਾਪਤ ਕਰਕੇ ਵਿਰੋਧੀਆਂ ਨੂੰ ਪਲਟਾ ਮਾਰਿਆ ਹੈ ।ਉਨ੍ਹਾਂ ਦੇ ਇਸ ਕਦਮ ਨੂੰ ਵਿਰੋਧੀ ਪਾਰਟੀਆਂ ਵਲੋਂ ਅਸੰਵਿਧਾਨਕ ਕਰਾਰ ਦਿੱਤਾ ਗਿਆ ਤੇ ਉਹ ਇਸ ਫ਼ੈਸਲੇ ਨੂੰ ਚੁਣੌਤੀ ਦੇਣ ਲਈ ਸੁਪਰੀਮ ਕੋਰਟ ਜਾਣਗੀਆਂ , ਇਸ ਨੇ ਰਾਜ ਪਲਟੇ ਦੇ ਖਦਸ਼ੇ ਵਾਲੇ ਦੇਸ਼ ਨੂੰ ਹੋਰ ਸਿਆਸੀ ਅਤੇ ਸੰਵਿਧਾਨਕ ਸੰਕਟ ਵਿਚ ਪਾ ਦਿੱਤਾ ਹੈ । ਖ਼ਾਨ ਨੂੰ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੇ ਗੱਠਜੋੜ ਵਲੋਂ ਲਿਆਂਦੇ ਬੇਭਰੋਸਗੀ ਮਤੇ ਨੂੰ ਹਾਰ ਜਾਣ ਦੀ ਉਮੀਦ ਸੀ ਪਰ ਕ੍ਰਿਕਟਰ ਤੋਂ ਸਿਆਸਤਦਾਨ ਬਣੇ 69 ਸਾਲਾ ਇਮਰਾਨ ਖ਼ਾਨ ਨੂੰ ਹੈਰਾਨੀਜਨਕ ਰਾਹਤ ਮਿਲੀ ਜਦੋਂ ਡਿਪਟੀ ਸਪੀਕਰ ਕਾਸਿਮ ਸੂਰੀ ਵਲੋਂ ਬੇਭਰੋਸਗੀ ਵੋਟ ਨੂੰ ਅਸੰਵਿਧਾਨਕ ਕਰਾਰ ਦੇ ਕੇ ਖ਼ਾਰਜ ਕਰ ਦਿੱਤਾ । ਖ਼ਾਨ, ਜਿਸ ਨੇ 342 ਮੈਂਬਰੀ ਨੈਸ਼ਨਲ ਅਸੈਂਬਲੀ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਬਹੁਮਤ ਗੁਆ ਦਿੱਤਾ ਸੀ, ਨੇ ਰਾਸ਼ਟਰ ਨੂੰ ਸੰਖੇਪ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਦਨ ਨੂੰ ਭੰਗ ਕਰਨ ਤੇ ਨਵੇਂ ਸਿਰੇ ਤੋਂ ਚੋਣਾਂ ਕਰਵਾਉਣ ਦੀ ਸਿਫ਼ਾਰਸ਼ ਕੀਤੀ ਹੈ । ਉਨ੍ਹਾਂ ਕਿਹਾ ਕਿ ਰਾਸ਼ਟਰ ਨੂੰ ਨਵੀਆਂ ਚੋਣਾਂ ਲਈ ਤਿਆਰ ਰਹਿਣਾ ਚਾਹੀਦਾ ਹੈ । ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਤਤਕਾਲ ਚੋਣਾਂ ਦੀ ਸਿਫਾਰਸ਼ ਕਰ ਕੇ ਵਿਰੋਧੀ ਧਿਰ ਨੂੰ ਹੈਰਾਨ ਕਰ ਦਿੱਤਾ ਹੈ ।  ਸਰਕਾਰ ਦੇ ਇਸ ਫ਼ੈਸਲੇ ਵਿਰੁੱਧ ਵਿਰੋਧੀ ਧਿਰਾਂ ਸੁਪਰੀਮ ਕੋਰਟ ਪਹੁੰਚ ਗਈਆਂ ਹਨ ਤੇ ਪਾਕਿ ਦੇ ਚੀਫ਼ ਜਸਟਿਸ ਨੇ ਮਾਮਲੇ ਦੀ ਸੁਣਵਾਈ ਲਈ ਵਿਸ਼ੇਸ਼ ਬੈਂਚ ਕਾਇਮ ਕੀਤਾ ਹੈ । ਵਿਰੋਧੀ ਪਾਰਟੀਆਂ ਵਲੋਂ ਸਪੀਕਰ ਅਸਦ ਕੈਸਰ ਵਿਰੁੱਧ ਬੇਭਰੋਸਗੀ ਮਤਾ ਦਾਇਰ ਕਰਨ ਤੋਂ ਬਾਅਦ ਸੂਰੀ ਨੇ ਇਜਲਾਸ ਦੀ ਪ੍ਰਧਾਨਗੀ ਕੀਤੀ । ਮਤੇ ਨੂੰ ਖ਼ਾਰਜ ਕੀਤੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਉਨ੍ਹਾਂ ਨੇ ਰਾਸ਼ਟਰਪਤੀ ਆਰਿਫ਼ ਅਲਵੀ ਨੂੰ ਪੱਤਰ ਲਿਖ ਕੇ ਸੰਸਦ ਭੰਗ ਕਰਨ ਦੀ ਅਪੀਲ ਕੀਤੀ ਹੈ ਅਤੇ ਰਾਸ਼ਟਰਪਤੀ ਨੇ ਉਨ੍ਹਾਂ ਦੀ ਸਿਫ਼ਾਰਿਸ਼ ਨੂੰ ਸਵੀਕਾਰ ਕਰਕੇ ਸੰਸਦ ਨੂੰ ਭੰਗ ਕਰ ਦਿੱਤਾ ਹੈ । ਦੱਸਿਆ ਜਾ ਰਿਹਾ ਹੈ ਕਿ ਪਾਕਿ ਵਿਚ 90 ਦਿਨਾਂ ਦੇ ਅੰਦਰ ਚੋਣਾਂ ਹੋਣਗੀਆਂ ਤੇ ਉਦੋਂ ਤੱਕ ਇਮਰਾਨ ਖ਼ਾਨ ਕਾਰਜਕਾਰੀ ਪ੍ਰਧਾਨ ਮੰਤਰੀ ਰਹਿਣਗੇ । 

         ਸ਼ਾਹਬਾਜ਼ ਪ੍ਰਧਾਨ ਮੰਤਰੀ ਬਣੇ ਤਾਂ ਅਮਰੀਕਾ ਦੀ ਗ਼ੁਲਾਮੀ ਕਰਨਗੇ : ਇਮਰਾਨ ਖ਼ਾਨ

ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਵਿਰੋਧੀ ਧਿਰ 'ਤੇ ਤਿੱਖਾ ਹਮਲਾ ਕਰਦਿਆਂ ਇਹ ਵੀ ਕਿਹਾ ਕਿ ਜੇਕਰ ਪੀ. ਐਮ. ਐਲ.-ਐਨ. ਦੇ ਨੇਤਾ ਸ਼ਾਹਬਾਜ਼ ਸ਼ਰੀਫ਼ ਪਾਕਿ ਦੀ ਸੱਤਾ ਸੰਭਾਲਦੇ ਹਨ ਤਾਂ ਉਹ ਅਮਰੀਕਾ ਦੀ ਗੁਲਾਮੀ ਕਰਨਗੇ । ਉਨ੍ਹਾਂ ਇਹ ਵੀ ਕਿਹਾ ਕਿ ਸ਼ਰੀਫ਼ 'ਤੇ ਵੱਡੇ ਪੱਧਰ 'ਤੇ ਭਿ੍ਸ਼ਟਾਚਾਰ ਦੇ ਦੋਸ਼ ਹਨ ।

ਇਮਰਾਨ ਖ਼ਾਨ ਦੇਸ਼ ਨੂੰ ਘਰੇਲੂ ਜੰਗ ਵੱਲ ਧੱਕ ਰਹੇ ਹਨ-ਸ਼ਾਹਬਾਜ਼ ਸ਼ਰੀਫ਼

ਨੈਸ਼ਨਲ ਅਸੰਬਲੀ 'ਚ ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ਼ ਸ਼ਰੀਫ਼ ਨੇ ਦੋਸ਼ ਲਗਾਇਆ ਕਿ ਇਮਰਾਨ ਖ਼ਾਨ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਨਾਲ ਹੀ ਦੇਸ਼ ਨੂੰ ਘਰੇਲੂ ਯੁੱਧ ਵੱਲ ਧੱਕ ਰਹੇ ਹਨ | ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਪਾਕਿ ਦੀ ਸੱਤਾਧਾਰੀ ਪਾਰਟੀ ਨੇ ਇਸਲਾਮਾਬਾਦ 'ਚ ਹਿੰਸਾ ਭੜਕਾਉਣ ਦੀ ਯੋਜਨਾ ਬਣਾਈ ਹੈ |

ਦੇਸ਼ 'ਚ ਜੰਗਲ ਦਾ ਕਾਨੂੰਨ ਲਾਗੂ ਹੋਵੇਗਾ-ਮਰੀਅਮ ਨਵਾਜ਼

ਮਰੀਅਮ ਨਵਾਜ਼ ਸ਼ਰੀਫ਼ ਨੇ ਕਿਹਾ ਕਿ ਆਪਣੀ ਸੀਟ ਬਚਾਉਣ ਲਈ ਕਿਸੇ ਨੂੰ ਵੀ ਪਾਕਿਸਤਾਨ ਦੇ ਸੰਵਿਧਾਨ ਨੂੰ ਤੋੜਨ-ਮਰੋੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ।ਜੇਕਰ ਇਸ ਪਾਗਲ ਤੇ ਜਨੂੰਨੀ ਵਿਅਕਤੀ (ਇਮਰਾਨ ਖ਼ਾਨ) ਨੂੰ ਇਸ ਗੁਨਾਹ ਦੀ ਸਜ਼ਾ ਨਾ ਦਿੱਤੀ ਗਈ ਤਾਂ ਅੱਜ ਤੋਂ ਇਸ ਦੇਸ਼ 'ਚ ਜੰਗਲ ਦਾ ਕਾਨੂੰਨ ਲਾਗੂ ਹੋ ਜਾਵੇਗਾ ।

ਵੋਟਿੰਗ ਰੋਕ ਕੇ ਸਰਕਾਰ ਨੇ ਸੰਵਿਧਾਨ ਦੀ ਉਲੰਘਣਾ ਕੀਤੀ-ਬਿਲਾਵਲ ਭੁੱਟੋ

ਪੀਪੀਪੀ. (ਪਾਕਿਸਤਾਨ ਪੀਪਲਜ਼ ਪਾਰਟੀ) ਦੇ ਮੁਖੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਕਿਹਾ ਕਿ ਬੇਭਰੋਸਗੀ ਮਤੇ 'ਤੇ ਵੋਟਿੰਗ ਰੋਕ ਕੇ ਸਰਕਾਰ ਨੇ ਸੰਵਿਧਾਨ ਦੀ ਉਲੰਘਣਾ ਕੀਤੀ ਹੈ ।ਉਨ੍ਹਾਂ ਕਿਹਾ ਕਿ ਸੰਯੁਕਤ ਵਿਰੋਧੀ ਧਿਰ ਸੰਸਦ ਨੂੰ ਨਹੀਂ ਛੱਡੇਗੀ ਤੇ ਸਰਕਾਰ ਦੇ ਫ਼ੈਸਲੇ ਵਿਰੁੱਧ ਸਾਡੇ ਵਕੀਲ ਸੁਪਰੀਮ ਕੋਰਟ ਜਾ ਰਹੇ ਹਨ ।