ਪੰਜਾਬ ਵਿਚ ਭਿਆਨਕ ਗਰਮੀ ਦੇ ਬਾਵਜੂਦ ਵੀ ਸਵਾਈਨ ਫਲੂ ਨੇ ਦਿੱਤੀ ਦਸਤਕ, 3 ਮਰੀਜ਼ ਆਏ ਸਾਹਮਣੇ

ਪੰਜਾਬ ਵਿਚ ਭਿਆਨਕ ਗਰਮੀ ਦੇ ਬਾਵਜੂਦ ਵੀ ਸਵਾਈਨ ਫਲੂ ਨੇ ਦਿੱਤੀ ਦਸਤਕ, 3 ਮਰੀਜ਼ ਆਏ ਸਾਹਮਣੇ

ਅੰਮ੍ਰਿਤਸਰ ਟਾਈਮਜ਼

ਲੁਧਿਆਣਾ : ਬੀਮਾਰੀਆਂ ਦੇ ਘਰ ਬਣੇ ਮਹਾਨਗਰ ’ਵਿਚ ਬੀਤੇ ਦਿਨ ਕੋਰੋਨਾ ਦੇ 17 ਮਰੀਜ਼ ਸਾਹਮਣੇ ਆਏ। ਇਸੇ ਦੌਰਾਨ ਸਵਾਈਨ ਫਲੂ ਨੇ ਵੀ ਭਿਆਨਕ ਗਰਮੀ ਦੇ ਬਾਵਜੂਦ ਦਸਤਕ ਦੇ ਦਿੱਤੀ ਹੈ। ਦਯਾਨੰਦ ਹਸਪਤਾਲ ’ਵਿਚ ਸਵਾਈਨ ਫਲੂ ਦੇ 3 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ’ਵਿਚੋਂ 2 ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਜਦੋਂ ਕਿ 1 ਬਾਹਰੀ ਜ਼ਿਲ੍ਹੇ ਨਾਲ ਸਬੰਧਿਤ ਹੈ। ਮਾਹਿਰਾਂ ਮੁਤਾਬਕ ਆਮ ਤੌਰ ’ਤੇ ਸਵਾਈਨ ਫਲੂ ਦੇ ਮਾਮਲੇ ਸਰਦੀਆਂ ’ਵਿਚ ਸਾਹਮਣੇ ਆਉਂਦੇ ਹਨ ਪਰ ਇਸ ਵਾਰ ਸਵਾਈਨ ਫਲੂ ਨੇ ਸਮੇਂ ਤੋਂ ਪਹਿਲਾਂ ਹੀ ਦਸਤਕ ਦੇ ਦਿੱਤੀ ਹੈ। ਇਸ ਤੋਂ ਇਲਾਵਾ ਡੇਂਗੂ ਦੇ 2 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ।

ਸਾਹਮਣੇ ਆਏ ਕੋਰੋਨਾ ਦੇ ਮਰੀਜ਼ਾਂ ਤੋਂ ਬਾਅਦ ਸਰਗਰਮ ਮਰੀਜ਼ਾਂ ਦੀ ਗਿਣਤੀ ਵੱਧ ਕੇ 126 ਹੋ ਗਈ ਹੈ। ਇਨ੍ਹਾਂ ’ਚੋਂ 122 ਹੋਮ ਆਈਸੋਲੇਸ਼ਨ ’ਵਿਚ ਰਹਿ ਰਹੇ ਹਨ, ਜਦੋਂ ਕਿ 4 ਵੱਖ-ਵੱਖ ਹਸਪਤਾਲਾਂ ’ਵਿਚ ਜੇਰੇ ਇਲਾਜ ਹਨ। 

ਸ਼ਹਿਰ ਦੇ ਮੈਡੀਕਲ ਮਾਹਿਰਾਂ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ’ਵਿਚ ਲੋਕਾਂ ਨੂੰ ਕਾਫੀ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਬੇਹੱਦ ਘਾਤਕ ਵਾਇਰਸ ਸਵਾਈਨ ਫਲੂ ਦੇ ਮਰੀਜ਼ ਵੀ ਸਾਹਮਣੇ ਆਏ ਹਨ। ਦੂਜੇ ਪਾਸੇ ਡੇਂਗੂ ਵੀ ਹੌਲੀ-ਹੌਲੀ ਆਪਣਾ ਸਿਰ ਚੁੱਕ ਰਿਹਾ ਹੈ। ਅਜਿਹੇ ਵਿਚ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਤੋਂ ਇਲਾਵਾ ਡੇਂਗੂ ਤੋਂ ਬਚਾਅ ਲਈ ਵੀ ਸਾਰੇ ਨਿਰਧਾਰਿਤ ਬਚਾਅ ਕਾਰਜ ਕੀਤੇ ਜਾਣੇ ਚਾਹੀਦੇ ਹਨ ਕਿਉਂਕਿ ਜੇਕਰ ਇਕ ਵਿਅਕਤੀ ਨੂੰ ਕੋਰੋਨਾ ਦੇ ਨਾਲ ਕਿਸੇ ਦੂਜੇ ਰੋਗ ਦੀ ਸ਼ਿਕਾਇਤ ਹੁੰਦੀ ਹੈ ਤਾਂ ਉਸ ਦੀ ਜਾਨ ਨੂੰ ਖ਼ਤਰਾ ਵੱਧ ਜਾਂਦਾ ਹੈ।