ਕੋਰੋਨਾਵਾਇਰਸ ਦਾ ਕੇਂਦਰ ਬਣੇ ਪੰਜਾਬ ਕੇਸਰੀ-ਜਗ ਬਾਣੀ ਅਖਬਾਰ ਸਮੂਹ ਦੀ ਪਛਾਣ ਕਿਉਂ ਲੁਕੋਈ ਜਾ ਰਹੀ?

ਕੋਰੋਨਾਵਾਇਰਸ ਦਾ ਕੇਂਦਰ ਬਣੇ ਪੰਜਾਬ ਕੇਸਰੀ-ਜਗ ਬਾਣੀ ਅਖਬਾਰ ਸਮੂਹ ਦੀ ਪਛਾਣ ਕਿਉਂ ਲੁਕੋਈ ਜਾ ਰਹੀ?

ਸੁਖਵਿੰਦਰ ਸਿੰਘ
ਕੋਰੋਨਾਵਾਇਰਸ ਦੀ ਮਹਾਂਮਾਰੀ ਫੈਲਣ ਤੋਂ ਬਾਅਦ ਇਹ ਕਿਹਾ ਗਿਆ ਕਿ ਸਬੰਧਤ ਲੱਛਣਾਂ ਵਾਲਾ ਹਰ ਵਿਅਕਤੀ ਆਪਣੀ ਜ਼ਿੰਮੇਵਾਰੀ ਸਮਝਦਿਆਂ ਖੁਦ ਨੂੰ ਇਕਾਂਤਵਾਸ ਕਰਕੇ ਸਰਕਾਰੀ ਪ੍ਰਸ਼ਾਸਨ ਨੂੰ ਇਸਦੀ ਜਾਣਕਾਰੀ ਦਵੇ ਤਾਂ ਕਿ ਇਹ ਬਿਮਾਰੀ ਉਸ ਤੋਂ ਹੋਰ ਲੋਕਾਂ ਨੂੰ ਨਾ ਫੈਲੇ। ਭਾਵੇਂ ਕਿ ਮੁੱਢਲੇ ਦਿਨਾਂ ਦੌਰਾਨ ਆਮ ਲੋਕਾਂ ਨੂੰ ਇਹਨਾਂ ਹਦਾਇਤਾਂ ਦੀ ਜ਼ਿਆਦਾ ਸਮਝ ਨਹੀਂ ਸੀ ਪੈ ਰਹੀ ਜਿਵੇਂ ਹਰ ਸਮਾਜਕ ਸੁਨੇਹੇ ਨੂੰ ਆਮ ਵਰਗ ਵਿਚ ਸਥਾਪਤ ਹੁੰਦਿਆਂ ਸਮਾਂ ਲਗਦਾ ਹੈ। ਪਰ ਮਹਾਂਮਾਰੀ ਦੇ ਮੁੱਢਲੇ ਸਮੇਂ ਇਸ ਉਪਰੋਕਤ ਗੱਲ ਨੂੰ ਅਧਾਰ ਬਣਾ ਕੇ ਨਵਾਂਸ਼ਹਿਰ ਦੇ ਪਠਲਾਵਾ ਪਿੰਡ ਨਾਲ ਸਬੰਧਿਤ ਕੋਰੋਨਾਵਾਇਰਸ ਤੋਂ ਪੀੜਤ ਹੋ ਕੇ ਅਕਾਲ ਚਲਾਣਾ ਕਰ ਗਏ ਸਿੱਖ ਬਜ਼ੁਰਗ ਬਲਦੇਵ ਸਿੰਘ ਪਠਲਾਵਾ ਨੂੰ ਸਿੱਧੂ ਮੂਸੇਵਾਲਾ, ਪੰਜਾਬ ਸਰਕਾਰ, ਭਾਰਤੀ ਮੀਡੀਆ ਤੋਂ ਲੈ ਕੇ ਕੌਮਾਂਤਰੀ ਮੀਡੀਆ ਤਕ 'ਸੁਪਰ ਸਪਰੈਡਰ' ਦਾ ਲਕਫ ਦੇ ਕੇ ਬਦਨਾਮ ਕੀਤਾ ਗਿਆ। 

ਇਸ ਤੋਂ ਬਿਲਕੁਲ ਉਲਟ ਵਰਤਾਰਾ ਜਲੰਧਰ ਨਾਲ ਸਬੰਧਿਤ ਇਕ ਨਾਮੀਂ ਅਖਬਾਰ ਸਮੂਹ ਦੇ ਮਾਮਲੇ 'ਚ ਦੇਖਣ ਨੂੰ ਮਿਲ ਰਿਹਾ ਹੈ। ਇਸ ਨਾਮੀਂ ਅਖਬਾਰ ਸਮੂਹ ਨੇ ਜਲੰਧਰ ਜ਼ਿਲ੍ਹੇ ਨੂੰ ਪੰਜਾਬ ਵਿਚ ਸਭ ਤੋਂ ਵੱਧ ਕੋਰੋਨਾ ਮਾਮਲਿਆਂ ਵਾਲਾ ਜ਼ਿਲ੍ਹਾ ਬਣਾ ਦਿੱਤਾ ਹੈ। ਇਹ ਨਾਮੀਂ ਅਖਬਾਰ ਸਮੂਹ ਜਲੰਧਰ ਜ਼ਿਲ੍ਹੇ ਵਿਚ ਕੋਰੋਨਵਾਇਰਸ ਦਾ 'ਸੁਪਰ ਸਪਰੈਡਰ' ਬਣ ਗਿਆ ਹੈ। ਇਕ ਲੋਕ ਸੇਵਾ ਨਾਲ ਜੁੜੇ ਹੋਣ ਕਰਕੇ ਇਹ ਜ਼ਰੂਰੀ ਹੈ ਕਿ ਇਸ ਨਾਮੀਂ ਅਖਬਾਰ ਸਮੂਹ ਦਾ ਨਾਮ ਜਨਤਕ ਕੀਤਾ ਜਾਵੇ ਤਾਂ ਕਿ ਇਸ ਅਖਬਾਰ ਦੇ ਕਿਸੇ ਵੀ ਤਰ੍ਹਾਂ ਸੰਪਕਰ ਵਿਚ ਰਹੇ ਲੋਕ ਸੁਚੇਤ ਹੋ ਜਾਣ ਪਰ ਪੰਜਾਬ ਸਰਕਾਰ ਤੋਂ ਲੈ ਕੇ ਹੋਰ ਸਥਾਪਤ ਅਖਬਾਰਾਂ ਤਕ ਇਸ ਨਾਮੀਂ ਅਖਬਾਰ ਸਮੂਹ ਦੀ ਪਛਾਣ ਨੂੰ ਗੁੰਮਨਾਮ ਰੱਖ ਰਹੀਆਂ ਹਨ। ਇਸ ਤੋਂ ਇਹ ਤਾਂ ਸਾਫ ਹੈ ਕਿ ਇਸ ਨਾਮੀਂ ਅਖਬਾਰ ਸਮੂਹ ਦੀ ਪਹੁੰਚ ਉੱਚ ਦਰਬਾਰੇ ਹੈ। ਇਹ ਗੁੰਮਨਾਮ ਨਾਮੀਂ ਅਖਬਾਰ ਸਮੂਹ 'ਪੰਜਾਬ ਕੇਸਰੀ-ਜਗਬਾਣੀ-ਹਿੰਦ ਸਮਾਚਾਰ' ਹੈ। 

'ਪੰਜਾਬ ਕੇਸਰੀ-ਜਗਬਾਣੀ-ਹਿੰਦ ਸਮਾਚਾਰ' ਅਖਬਾਰ ਸਮੂਹ ਤੋਂ ਲਾਗ ਲੱਗਣ ਕਰਕੇ ਹੁਣ ਤਕ ਦੋ ਦਰਜਨ ਤੋਂ ਵੱਧ ਕੋਰੋਨਾਵਾਇਰਸ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਹਨਾਂ ਵਿਚ ਅਦਾਰੇ ਅੰਦਰ ਕੰਮ ਕਰਦੇ ਮੁਲਾਜ਼ਮ, ਪੱਤਰਕਾਰ ਅਤੇ ਇਹਨਾਂ ਨਾਲ ਸੰਪਰਕ ਵਿਚ ਆਉਣ ਵਾਲੇ ਲੋਕ ਸ਼ਾਮਲ ਹਨ। ਤਾਜ਼ਾ ਜਾਣਕਾਰੀ ਮੁਤਾਬਕ ਜਲੰਧਰ ਵਿਚ ਬੀਤੇ ਕੱਲ੍ਹ ਤਿੰਨ ਹੋਰ ਨਵੇਂ ਮਾਮਲੇ ਸਾਹਮਣੇ ਆਏ ਸਨ ਜਿਸ ਨਾਲ ਕੁੱਲ ਮਰੀਜ਼ਾਂ ਦੀ ਗਿਣਤੀ 66 ਹੋ ਗਈ ਸੀ। ਇਹ ਤਿੰਨ ਮਰੀਜ਼ ਵੀ ਇਸ ਅਖਬਾਰ ਦੇ ਕੋਰੋਨਾ ਪਾਸੀਟਿਵ ਮੁਲਾਜ਼ਮ ਦੇ ਪਰਿਵਾਰਕ ਮੈਂਬਰ ਹਨ। 

ਜ਼ਿਕਰਯੋਗ ਹੈ ਕਿ ਸਰਕਾਰੀ ਪ੍ਰਸ਼ਾਸਨ ਵੱਲੋਂ ਸ਼ੱਕੀ ਮਰੀਜ਼ਾਂ ਦੇ ਘਰ ਅਤੇ ਬਾਹਲੇ ਸੂਬਿਆਂ ਵਿਚੋਂ ਪਰਤ ਰਹੇ ਲੋਕਾਂ ਨੂੰ ਘਰਾਂ ਵਿਚ ਇਕਾਂਤਵਾਸ ਕਰਕੇ ਉਹਨਾਂ ਨੂੰ ਖਾਸ ਚਿੰਨਤ ਕੀਤਾ ਜਾ ਰਿਹਾ ਹੈ ਪਰ ਇਸ ਅਖਬਾਰ ਦੇ ਮਾਮਲੇ ਵਿਚ ਸਰਕਾਰ ਨੇ ਗੁੰਮਨਾਮੀ ਵਾਲਾ ਵਤੀਰਾ ਵਰਤਿਆ ਹੋਇਆ ਹੈ ਜੋ ਸਰਕਾਰ 'ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ।

ਸਰਕਾਰ ਦੇ ਨਾਲ-ਨਾਲ ਮੀਡੀਆ ਅਦਾਰੇ ਵੀ ਲੋਕਾਂ ਦੇ ਸਵਾਲਾਂ ਦੇ ਘੇਰੇ ਵਿਚ ਹਨ ਜਿਹੜੇ ਕਿ ਸਭ ਕੁੱਝ ਪਤਾ ਹੋਣ ਦੇ ਬਾਵਜੂਦ ਖ਼ਬਰਾਂ ਵਿਚ ਮਹਿਜ਼ 'ਨਾਮੀਂ ਅਖਬਾਰ ਸਮੂਹ' ਲਿਖ ਕੇ ਲੋਕਾਂ ਤੋਂ ਸਹੀ ਜਾਣਕਾਰੀ ਲੁਕੋ ਰਹੇ ਹਨ। 

ਜ਼ਿਕਰਯੋਗ ਹੈ ਕਿ ਇਸ ਅਖਬਾਰ ਸਮੂਹ ''ਪੰਜਾਬ ਕੇਸਰੀ-ਜਗਬਾਣੀ-ਹਿੰਦ ਸਮਾਚਾਰ" 'ਤੇ ਪੰਜਾਬ ਵਿਚ ਸਿੱਖਾਂ ਦੀ ਭਾਰਤ ਸਰਕਾਰ ਨਾਲ ਲੜਾਈ ਦੇ ਦੌਰ ਅੰਦਰ ਨੰਗੇ ਚਿੱਟੇ ਰੂਪ ਵਿਚ ਸਰਕਾਰੀ ਹਮਲਿਆਂ ਦੇ ਪੱਖ ਵਿਚ ਭੁਗਤਦਾ ਰਿਹਾ ਤੇ ਇਸ ਅਖਬਾਰ 'ਤੇ ਸਿੱਖ-ਹਿੰਦੂ ਪਾੜ੍ਹ ਪਾਉਣ ਦੇ ਵੀ ਗੰਭੀਰ ਦੋਸ਼ ਲੱਗਦੇ ਹਨ। ਪਰ ਇਹ ਸਰਕਾਰ ਦੇ ਬਹੁਤ ਕਰੀਬੀ ਮੰਨਿਆ ਜਾਂਦਾ ਹੈ। 

ਸੰਘ ਦੇ ਕਰੀਬੀ ਵਿਚਾਰਾਂ ਵਾਲੇ ਸਮਝੇ ਜਾਂਦੇ ਇਸ ਅਖਬਾਰ ਦਾ ਨਾਂ ਜਨਤਕ ਕਰਨ ਤੋਂ ਪੰਜਾਬ ਦੀ ਕਾਂਗਰਸ ਸਰਕਾਰ ਦੇ ਅਹੁਦੇਦਾਰ ਵੀ ਘਬਰਾਉਂਦੇ ਨਜ਼ਰੀਂ ਪੈ ਰਹੇ ਹਨ। ਪੰਜਾਬ ਦੇ ਮੁੱਖ ਸਕੱਤਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਾਸ ਕਰੀਬੀ ਸਮਝੇ ਜਾਂਦੇ ਪੰਜਾਬ ਵਿਚ ਕੋਵਿਡ-19 ਬਿਪਤਾ ਨਾਲ ਨਜਿੱਠਣ ਦੀਆਂ ਕਾਰਵਾਈਆਂ ਦੀ ਅਗਵਾਈ ਕਰ ਰਹੇ ਕਰਨਬੀਰ ਸਿੰਘ ਸਿੱਧੂ ਨੇ ਆਪਣੇ ਬਿਆਨਾਂ ਵਿਚ ਕੋਰੋਨਾਵਾਇਰਸ ਦਾ ਕੇਂਦਰ ਬਣੇ ਇਸ ਅਖਬਾਰ ਦੀ ਜਾਣਕਾਰੀ ਦਿੰਦਿਆਂ ਸਿਰਫ 'ਨਾਮੀਂ ਰੋਜ਼ਾਨਾ ਅਖਬਾਰ' ਲਿਖ ਕੇ ਹੀ ਸਾਰ ਦਿੱਤਾ ਤੇ ਪੰਜਾਬ ਦੇ ਲੋਕਾਂ ਤਕ ਸਹੀ ਅਤੇ ਪੂਰੀ ਜਾਣਕਾਰੀ ਪਹੁੰਚਾਉਣ ਦੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ। ਪਰ ਉਹਨਾਂ ਥੋੜੀ ਹਿੰਮਤ ਵਖਾਉਂਦਿਆਂ ਉਹਨਾਂ ਆਪਣੇ ਫੇਸਬੁੱਕ/ ਟਵਿੱਟਰ ਖਾਤਿਆਂ 'ਤੇ ਇਸ ਅਖਬਾਰ ਦੀ ਪਛਾਣ ਪੂਰੀ ਨਾ ਦਸ ਕੇ ਇਸ਼ਾਰੇ ਮਾਤਰ 'ਪੀ.ਕੇ' ਲਿਖ ਦਿੱਤਾ। ਸ਼ਾਇਦ ਉਹ ਪੰਜਾਬ ਕੇਸਰੀ ਕਹਿਣ ਦੀ ਹਿੰਮਤ ਨਾ ਕਰ ਸਕੇ।

ਅਜੇ ਅਖਬਾਰ ਨਾਲ ਜੁੜੇ ਬਹੁਤ ਲੋਕਾਂ ਦੇ ਕੋਰੋਨਾਵਾਇਰਸ ਟੈਸਟਾਂ ਦੀਆਂ ਰਿਪੋਰਟਾਂ ਆਉਣੀਆਂ ਬਾਕੀ ਹਨ। ਕੋਰੋਨਾਵਾਇਰਸ ਦਾ ਕੇਂਦਰ ਬਣੀ ਇਸ ਅਖਬਾਰ ਨਾਲ ਜਲੰਧਰ ਵਿਚ ਦਹਿਸ਼ਤ ਦਾ ਮਾਹੌਲ ਹੈ। ਦਹਿਸ਼ਤ ਦੇ ਮਾਹੌਲ ਵਿਚ ਲੋਕ ਸਵਾਲ ਕਰ ਰਹੇ ਹਨ ਕਿ ਹਰ ਖਬਰ ਨੂੰ ਮਸਾਲੇਦਾਰ ਬਣਾ ਕੇ ਪ੍ਰਮੁੱਖ ਪੰਨੇ 'ਤੇ ਛਾਪਣ ਲਈ ਜਾਣੇ ਜਾਂਦੇ ਇਸ ਅਖਬਾਰ ਸਮੂਹ ਨੇ ਆਪਣੇ ਘਰ ਅੰਦਰ ਫੈਲੀ ਇਸ ਮਹਾਂਮਾਰੀ ਦੀ ਜਾਣਕਾਰੀ ਪ੍ਰਮੁੱਖ ਪੰਨੇ 'ਤੇ ਦੇ ਕੇ ਲੋਕਾਂ ਨੂੰ ਸੁਚੇਤ ਕਿਉਂ ਨਹੀਂ ਕੀਤਾ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।