ਮੰਡੀਆਂ ਵਿਚ ਸਰਕਾਰ ਨਾਲ ਖਹਿਣ ਲੱਗੇ ਤੰਗ ਹੋਏ ਕਿਸਾਨ

ਮੰਡੀਆਂ ਵਿਚ ਸਰਕਾਰ ਨਾਲ ਖਹਿਣ ਲੱਗੇ ਤੰਗ ਹੋਏ ਕਿਸਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ
ਪੰਜਾਬ ਵਿਚ ਕੋਰੋਨਾਵਾਇਰਸ ਦੀਆਂ ਪਾਬੰਦੀਆਂ ਕਾਰਨ ਮੰਡੀਆਂ ਅੰਦਰ ਕਿਸਾਨਾਂ ਅਤੇ ਪੁਲਸ ਦਰਮਿਆਨ ਟਕਰਾਅ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿਚ ਕਣਕ ਖਰੀਦ ਲਈ ਬਣਾਈ ਗਈ ਪਾਸ ਦੀ ਨੀਤੀ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਖਰਾਬ ਮੌਸਮ ਦੇ ਚਲਦਿਆਂ ਕਣਕ ਦੀ ਖਰੀਦ ਵਿਚ ਹੋ ਰਹੀ ਦੇਰੀ ਕਿਸਾਨਾਂ ਨੂੰ ਹੋਰ ਮਾਨਸਿਕ ਪ੍ਰੇਸ਼ਾਨ ਕਰ ਰਹੀ ਹੈ। ਕਿਸਾਨ ਦੀ ਆਰਥਿਕਤਾ ਫਸਲ 'ਤੇ ਹੀ ਖੜ੍ਹੀ ਹੁੰਦੀ ਹੈ ਤੇ ਸਰਕਾਰ ਵੱਲੋਂ ਜਾਰੀ ਹੁਕਮਾਂ ਨਾਲ ਕਿਸਾਨ 'ਤੇ ਕਣਕ ਦੀ ਸਾਂਭ ਸੰਭਾਲ ਲਈ ਵਾਧੂ ਲੇਬਰ ਦਾ ਖਰਚਾ ਪੈ ਰਿਹਾ ਹੈ ਜੋ ਪਹਿਲਾਂ ਤੋਂ ਹੀ ਆਰਿਥਕ ਤੌਰ 'ਤੇ ਕਰਜ਼ੇ ਹੇਠ ਦੱਬੀ ਪੰਜਾਬ ਦੀ ਕਿਸਾਨੀ ਦੀਆਂ ਹੋਰ ਮੁਸ਼ਕਿਲਾਂ ਵਧਾ ਰਿਹਾ ਹੈ। ਪੰਜਾਬ ਭਰ ਤੋਂ ਸਾਹਮਣੇ ਆਈਆਂ ਰਿਪੋਰਟਾਂ ਮੁਤਾਬਕ ਮੁੱਖ ਸਮੱਸਿਆਵਾਂ ਮੰਡੀਆਂ ਵਿਚ ਪਾਸ ਨਾ ਹੋਣ ਦਾ ਅਧਾਰ ਬਣਾ ਕੇ ਵਾਪਸ ਮੋੜੀਆਂ ਜਾ ਰਹੀਆਂ ਕਣਕ ਦੀਆਂ ਟਰਾਲੀਆਂ, ਮੰਡੀਆਂ ਵਿਚ ਬਾਰਦਾਨੇ ਦੀ ਘਾਟ, ਮੰਡੀਆਂ ਵਿਚੋਂ ਕਣਕ ਦੀ ਸਹੀ ਭਰਾਈ ਤੇ ਚੁਕਾਈ ਨਾ ਹੋਣੀ ਦੱਸੀਆਂ ਜਾ ਰਹੀਆਂ ਹਨ। ਇਸ ਤੋਂ ਤੰਗ ਆਏ ਕਿਸਾਨ ਕਈ ਥਾਵਾਂ 'ਤੇ ਪੁਲਸ ਨਾਲ ਉਲਝ ਵੀ ਪਏ। 

ਇਕ ਥਾਂ ਮੰਡੀ ਵਿਚ ਪੁਲਸ ਨੇ ਕਿਸਾਨਾਂ ਦੀਆਂ ਟਰਾਲੀਆਂ ਜਦੋ ਅੰਦਰ ਆਉਣ ਤੋਂ ਰੋਕ ਦਿੱਤੀਆਂ ਤਾਂ ਗੁੱਸੇ ’ਚ ਆਏ ਕਿਸਾਨਾਂ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਮੰਡੀ ’ਚ ਹੀ ਧਰਨਾ ਦੇ ਦਿੱਤਾ। ਕਿਸਾਨਾਂ ਤੇ ਪੁਲੀਸ ਵਿਚਾਲੇ ਮਾਮੂਲੀ ਖਿੱਚ-ਧੂਹ ਵੀ ਹੋਈ। ਦੂਜੇ ਪਾਸੇ ਕਿਸਾਨਾਂ ਖ਼ਿਲਾਫ਼ ਮੰਡੀ ਦੇ ਪੱਲੇਦਾਰਾਂ ਵੱਲੋਂ ਨਾਅਰੇਬਾਜ਼ੀ ਸ਼ੁਰੂ ਕੀਤੇ ਜਾਣ ਕਾਰਨ ਹਾਲਾਤ ਤਣਾਅ ਵਾਲੇ ਹੋ ਗਏ ਪਰ ਮੌਕੇ ’ਤੇ ਪਹੁੰਚੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸੁਰਿੰਦਰ ਸਿੰਘ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਮੰਡੀ ਦੇ ਕੁੱਲ 133 ਆੜ੍ਹਤੀਆਂ ਵਿੱਚੋਂ 67 ਆੜ੍ਹਤੀਆਂ ਨੂੰ ਇਕ ਵੀ ਟੋਕਨ ਜਾਰੀ ਨਹੀਂ ਕੀਤਾ ਗਿਆ ਜਿਸ ਕਰਕੇ ਕਣਕ ਦੀ ਖਰੀਦ ਨਿਰਵਿਘਨ ਨਹੀਂ ਕੀਤੀ ਜਾ ਰਹੀ। ਆਗੂਆਂ ਨੇ ਕਿਸਾਨ ਨੂੰ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣ ਆਦਿ ਦੀ ਵੀ ਮੰਗ ਕੀਤੀ।

ਇਸ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਮੌਸਮ ਖਰਾਬ ਹੋਣ ਕਰਕੇ ਨਮੀ ਦੇ ਅਧਾਰ 'ਤੇ ਵੀ ਕਣਕ ਦੀ ਭਰਾਈ ਵਿਚ ਅੜਿੱਕਾ ਪੈ ਰਿਹਾ ਹੈ। ਕਿਸਾਨ ਜਥੇਬੰਦੀਆਂ ਮੰਗ ਕਰ ਰਹੀਆਂ ਹਨ ਕਿ ਸਰਕਾਰ ਨੂੰ ਹਾਲਾਤਾਂ ਨੂੰ ਦੇਖਦਿਆਂ ਉਨ੍ਹਾਂ ਕਿਹਾ ਕਿ ਕਣਕ ਵਿੱਚ ਵਿੱਚ ਆ ਰਹੀ ਨਮੀ ਨੂੰ ਵਧਾ ਕੇ 14 ਫ਼ੀਸਦੀ ਕੀਤਾ ਜਾਵੇ ਅਤੇ ਕਣਕ ਦਾਣਾ ਮੰਡੀ ਵਿੱਚ ਲੱਥਣ ਤੋਂ ਬਾਅਦ ਉਸ ਦੀ ਸੋਕ ਨੂੰ ਸਰਕਾਰ ਸਹਿਣ ਕਰੇ।

ਕਣਕ ਦੀਆਂ ਟਰਾਲੀਆਂ ਨੂੰ ਦਸੂਹਾ-ਮੁਕੇਰੀਆਂ ਵਿੱਚ ਦਾਖ਼ਲ ਨਾ ਹੋਣ ਦੇਣ ਕਾਰਨ ਕਿਸਾਨਾਂ ਵਿੱਚ ਰੋਸ ਹੈ। ਕਿਸਾਨ ਸੰਘਰਸ਼ ਕਮੇਟੀ ਬੇਗੋਵਾਲ ਦੇ ਪ੍ਰਧਾਨ ਕੁਲਦੀਪ ਸਿੰਘ ਨੇ ਦੱਸਿਆ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਝੰਡੇ ਲੁਬਾਣਾ ਸਮੇਤ ਹੋਰਨਾਂ ਪਿੰਡਾਂ ਦੇ ਕਿਸਾਨ ਕਈ ਸਾਲਾਂ ਤੋਂ ਆਪਣੀ ਕਣਕ ਤੇ ਝੋਨੇ ਦੀ ਫਸਲ ਦਸੂਹਾ ਤੇ ਮੁਕੇਰੀਆਂ ਦੇ ਆੜ੍ਹਤੀਆਂ ਨੂੰ ਵੇਚਦੇ ਆ ਰਹੇ ਹਨ, ਪਰ ਹੁਣ ਤਾਲਾਬੰਦੀ ਦੌਰਾਨ ਉਨ੍ਹਾਂ ਦੀਆਂ ਟਰਾਲੀਆਂ ਧਨੋਆ ਪਤਨ ਵਾਲੇ ਪੁੱਲ ਤੋਂ ਪੁਲੀਸ ਵੱਲੋਂ ਵਾਪਸ ਮੋੜੀਆਂ ਜਾ ਰਹੀਆਂ ਹਨ। ਇਸ ਸਬੰਧੀ ਐੱਸਡੀਐੱਮ ਦਸੂਹਾ ਜੋਤੀ ਮੱਟੂ ਬਾਲਾ ਨੇ ਦੱਸਿਆ ਕਿ ਸਾਰੀਆਂ ਅਨਾਜ ਮੰਡੀਆਂ ਵਿੱਚ ਫਸਲ ਲਿਆਉਣ ਲਈ ਆਨਲਾਈਨ ਪਰਚੀ ਸਿਸਟਮ ਸ਼ੁਰੂ ਕੀਤਾ ਗਿਆ ਹੈ। ਇਸ ਸਿਸਟਮ ਰਾਹੀਂ ਫਸਲ ਦਾ ਇਕ-ਇਕ ਦਾਣਾ ਖ਼ਰੀਦਿਆ ਜਾਵੇਗਾ।

ਕਰੋਨਾ ਦੇ ਚਲਦਿਆਂ ਕਣਕ ਦੀ ਖ਼ਰੀਦ, ਲੋੜਵੰਦਾਂ ਨੂੰ ਪੂਰੀ ਮਾਤਰਾ ਵਿੱਚ ਰਾਸ਼ਨ ਪਹੁੰਚਾਉਣ ਦੇ ਪੁਖ਼ਤਾ ਪ੍ਰਬੰਧ ਨਾ ਕਰਨ, ਮੈਡੀਕਲ ਸਟਾਫ਼ ਨੂੰ ਲੋੜੀਂਦਾ ਸਾਮਾਨ ਮੁਹੱਈਆ ਨਾ ਕਰਾਉਣ, ਹੋਰ ਬਿਮਾਰੀਆਂ ਤੋਂ ਪੀੜਤਾਂ ਦੇ ਇਲਾਜ ਲਈ ਹਸਪਤਾਲਾਂ ਦੇ ਦਰਵਾਜ਼ੇ ਬੰਦ ਕਰਨ ਅਤੇ ਕਰਫਿਊ ਤੇ ਲੌਕਡਾਊਨ ਦੇ ਬਹਾਨੇ ਲੋਕਾਂ ’ਤੇ ਪੁਲੀਸ ਜਬਰ ਢਾਹੁਣ ਦੇ ਦੋਸ਼ ਲਗਾਉਂਦਿਆਂ ਅੱਜ 16 ਜਨਤਕ ਜਥੇਬੰਦੀਆਂ ਵੱਲੋਂ ਪੰਜਾਬ ਦੇ 21 ਜ਼ਿਲ੍ਹਿਆਂ ਵਿੱਚ 588 ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਵਿੱਚ ਰੋਹ ਭਰਪੂਰ ਪ੍ਰਦਰਸ਼ਨ ਕੀਤੇ ਗਏ। ਇਨ੍ਹਾਂ ਪ੍ਰਦਰਸ਼ਨਾਂ ’ਚ ਕਿਸਾਨਾਂ, ਖੇਤ ਮਜ਼ਦੂਰਾਂ, ਸਨਅਤੀ ਤੇ ਬਿਜਲੀ ਕਾਮਿਆਂ, ਠੇਕਾ ਮੁਲਾਜ਼ਮਾਂ ਅਤੇ ਨੌਜਵਾਨਾਂ ਤੇ ਵਿਦਿਆਰਥੀਆਂ ਨੇ ਹਿੱਸਾ ਲਿਆ। 

ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਦੋਸ਼ ਲਾਇਆ ਕਿ ਸਰਕਾਰ ਕਣਕ ਦੀ ਖ਼ਰੀਦ ਕਰਨ ਵਿਚ ਫੇਲ੍ਹ ਸਾਬਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮੌਸਮ ਖ਼ਰਾਬ ਹੋਣ ਨਾਲ ਕਿਸਾਨਾਂ ਦਾ ਫ਼ਿਕਰ ਵਧ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ 10 ਦਿਨਾਂ ਦੀ ਖ਼ਰੀਦ ਵਿੱਚੋਂ ਪਹਿਲੇ ਦੋ ਦਿਨਾਂ ਦੇ ਪੈਸੇ ਜਾਰੀ ਕੀਤੇ ਹਨ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮੀਂਹ ਨਾਲ ਫ਼ਸਲ ਖ਼ਰਾਬ ਹੋਈ ਤਾਂ ਕਿਸਾਨ ਸੜਕਾਂ ’ਤੇ ਆਉਣ ਲਈ ਮਜਬੂਰ ਹੋਵੇਗਾ।

ਮਾਰਕੀਟ ਕਮੇਟੀ ਭਦੌੜ ਅਧੀਨ 14 ਮੰਡੀਆਂ ਵਿੱਚ ਕਣਕ ਦੀ ਆਮਦ ਜ਼ੋਰਾਂ ’ਤੇ ਹੈ ਪਰ ਕੁਝ ਮੰਡੀਆਂ ਵਿੱਚ ਬਾਰਦਾਨੇ ਦੀ ਕਮੀ ਕਾਰਨ ਕਣਕ ਦੀ ਬੋਲੀ ਨਹੀਂ ਲੱਗ ਰਹੀ ਤੇ ਕਿਸਾਨ ਅਤੇ ਆੜ੍ਹਤੀਏ ਪ੍ਰੇਸ਼ਾਨ ਹੋ ਰਹੇ ਹਨ। ਵੇਅਰਹਾਊਸ ਦੇ ਇੰਸਪੈਕਟਰ ਅਸ਼ਵਨੀ ਕੁਮਾਰ ਨੇ ਕਿਹਾ ਕਿ ਆੜ੍ਹਤੀਆਂ ਨੂੰ ਡੇਢ ਲੱਖ ਗੱਟਾ ਬਾਰਦਾਨਾ ਦਿੱਤਾ ਜਾ ਚੁੱਕਾ ਹੈ ਤੇ ਅਜੇ ਤੱਕ 1 ਲੱਖ 10 ਹਜ਼ਾਰ ਗੱਟਾ ਹੀ ਭਰਿਆ ਹੈ ਕੱਲ੍ਹ ਤੱਕ ਹੋਰ ਬਾਰਦਾਨਾ ਵੀ ਮੁਹੱਈਆ ਕਰਵਾ ਦਿੱਤਾ ਜਾਵੇਗਾ। ਮਾਰਕਫੈੱਡ ਦੇ ਇੰਸਪੈਕਟਰ ਬੂਟਾ ਸਿੰਘ ਨੇ ਮੰਨਿਆ ਕਿ ਬਾਰਦਾਨੇ ਦੀ ਕਮੀ ਤਾਂ ਹੈ ਜੋ ਕਿ ਇੱਕ ਦੋ ਦਿਨਾਂ ’ਚ ਪੂਰੀ ਕੀਤੀ ਜਾਵੇਗੀ।

ਲਿਫ਼ਟਿੰਗ ਨਾ ਹੋਣ ਕਾਰਨ ਮੰਡੀਆਂ ਵਿੱਚ ਗੱਟਿਆਂ ਦੇ ਅੰਬਾਰ ਲੱਗ ਗਏ ਹਨ। ਮਾਰਕੀਟ ਕਮੇਟੀ ਭੁੱਚੋ ਮੰਡੀ ਦੇ ਲਗਭਗ 12 ਖਰੀਦ ਕੇਂਦਰਾਂ ’ਤੇ ਅੱਜ ਲਿਫ਼ਟਿੰਗ ਨਹੀਂ ਹੋਈ। ਖਰੀਦ ਕੇਂਦਰਾਂ ’ਤੇ ਹੋਰ ਫਸਲ ਸੁੱਟਣ ਲਈ ਜਗ੍ਹਾ ਨਹੀਂ ਬਚੀ। ਇਸ ਕਾਰਨ ਕਿਸਾਨਾਂ ਨੂੰ ਅੱਜ ਪਾਸ ਵੀ ਨਹੀਂ ਦਿੱਤੇ ਗਏ। ਚੱਕ ਫਤਹਿ ਸਿੰਘ ਵਾਲਾ ਦੇ ਕਿਸਾਨ ਹੁਸ਼ਿਆਰ ਸਿੰਘ ਨੇ ਕਿਹਾ ਕਿ ਆੜ੍ਹਤੀਆਂ ਅਨੁਸਾਰ ਉਨ੍ਹਾਂ ਨੂੰ ਸੋਮਵਾਰ ਤੱਕ ਪਾਸ ਜਾਰੀ ਨਾ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਕੁਝ ਆੜ੍ਹਤੀਆਂ ਕੋਲ ਬਾਰਦਾਨੇ ਦੀ ਘਾਟ ਹੈ। ਇਸ ਕਾਰਨ ਪਿਛਲੇ ਦੋ ਦਿਨਾਂ ਤੋਂ ਗੱਟਿਆਂ ਵਿੱਚ ਕਣਕ ਨਹੀਂ ਭਰੀ ਗਈ, ਢੇਰੀਆਂ ਉਸੇ ਤਰ੍ਹਾਂ ਪਈਆਂ ਹਨ।
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।