ਪੰਜਾਬ ਵਿਚ ਸਰਕਾਰੀ ਪੁਸ਼ਤਪਨਾਹੀ ਹੇਠ ਲੋਕਾਂ 'ਤੇ ਵਧ ਰਿਹਾ ਪੁਲਸੀਆ ਜ਼ਬਰ; ਕਤਲ ਤੇ ਤਸ਼ੱਦਦ ਦੀਆਂ ਵਾਰਦਾਤਾਂ

ਪੰਜਾਬ ਵਿਚ ਸਰਕਾਰੀ ਪੁਸ਼ਤਪਨਾਹੀ ਹੇਠ ਲੋਕਾਂ 'ਤੇ ਵਧ ਰਿਹਾ ਪੁਲਸੀਆ ਜ਼ਬਰ; ਕਤਲ ਤੇ ਤਸ਼ੱਦਦ ਦੀਆਂ ਵਾਰਦਾਤਾਂ

ਅੰਮ੍ਰਿਤਸਰ ਟਾਈਮਜ਼ ਬਿਊਰੋ
ਪੰਜਾਬ ਵਿਚ ਸਿੱਖਾਂ ਅਤੇ ਭਾਰਤ ਸਰਕਾਰ ਦਰਮਿਆਨ 80-90 ਦੇ ਦਹਾਕਿਆਂ ਵਿਚ ਹੋਈ ਹਥਿਆਰਬੰਦ ਜੰਗ ਦੌਰਾਨ ਸਟੇਟ ਨੀਤੀ ਅਧੀਨ ਲੋਕਾਂ ਵਿਚ ਦਹਿਸ਼ਤ ਪਾਉਣ ਲਈ ਝੂਠੇ ਪੁਲਸ ਮੁਕਾਬਲਿਆਂ ਦੀ ਹਨੇਰੀ ਝੁਲਾਉਣ ਵਾਲੀ ਪੰਜਾਬ ਪੁਲਸ ਅੱਜ ਦੇ ਸ਼ਾਂਤ ਮਾਹੌਲ ਵਿਚ ਵੀ ਆਪਣਾ ਕਾਤਲਾਨਾ ਵਤੀਰਾ ਨਹੀਂ ਛੱਡ ਰਹੀ। ਹਰ ਰੋਜ਼ ਪੰਜਾਬ ਵਿਚ ਆਮ ਲੋਕਾਂ 'ਤੇ ਪੁਲਸ ਜ਼ਬਰ ਦੀਆਂ ਖਬਰਾਂ ਅਖਬਾਰਾਂ ਦੇ ਕਿਸੇ ਖੂੰਝੇ ਦੀ ਜਾਣਕਾਰੀ ਬਣਕੇ ਰਹਿ ਜਾਂਦੀਆਂ ਹਨ ਤੇ ਦੋਸ਼ੀ ਪੁਲਸੀਆਂ ਨੂੰ ਵੱਧ ਤੋਂ ਵੱਧ ਤਬਾਦਲੇ ਦੀ ਸਜ਼ਾ ਦਿੱਤੀ ਜਾਂਦੀ ਹੈ। ਬਹੁਤੇ ਮਾਮਲਿਆਂ ਵਿਚ ਇਹ ਵੀ ਨਹੀਂ ਵਾਪਰਦਾ। 

ਬੀਤੇ ਕੱਲ੍ਹ ਹੀ ਪੰਜਾਬ ਵਿਚ ਪੁਲਸੀਆ ਧੱਕੇ ਦੇ ਦੋ ਵੱਡੇ ਮਾਮਲੇ ਸਾਹਮਣੇ ਆਏ ਹਨ। ਜਿੱਥੇ ਦੋਆਬਾ ਖੇਤਰ ਦੇ ਕਪੂਰਥਲਾ ਇਲਾਕੇ ਦੇ ਪਿੰਡ ਲੱਖਣ ਕੇ ਪੱਡਾ ਵਿਚ ਪੰਜਾਬ ਪੁਲਸ ਦੇ ਏਐਸਆਈ ਪਰਮਜੀਤ ਨੇ 27 ਸਾਲਾ ਨੋਜਵਾਨ ਅਤੇ ਕੌਮਾਂਤਰੀ ਖਿਡਾਰੀ ਅਰਵਿੰਦਰਜੀਤ ਸਿੰਘ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਉੱਥੇ ਦੂਜੀ ਖਬਰ ਮਾਲਵਾ ਖੇਤਰ ਦੇ ਸੰਗਰੂਰ ਜ਼ਿਲ੍ਹੇ ਨਾਲ ਸਬੰਧਿਤ ਹੈ ਜਿੱਥੇ ਦਲਿਤ ਪਰਿਵਾਰ ਨਾਲ ਸਬੰਧਿਤ ਦੋ ਨੌਜਵਾਨਾਂ 'ਤੇ ਪੁਲਸ ਨੇ ਸੰਦੌੜ ਥਾਣੇ ਵਿਚ ਘੰਟਿਆਂ ਬੱਧੀ ਅਣਮਨੁੱਖੀ ਤਸ਼ੱਦਦ ਕੀਤਾ।

ਲੱਖਣ ਕੇ ਪੱਡਾ ਪਿੰਡ ਦਾ ਅਰਵਿੰਦਰਜੀਤ ਸਿੰਘ ਪੰਜਾਬ ਤੋਂ ਇਲਾਵਾ ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਦੇ ਖੇਡ ਮੈਦਾਨਾਂ ਵਿਚ ਕਬੱਡੀ ਦੇ ਜ਼ੋਹਰ ਵਖਾ ਚੁੱਕਿਆ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਅਰਵਿੰਦਰਜੀਤ ਸਿੰਘ ਪਿੰਡ ਦੇ ਹੋਰ ਮੁੰਡਿਆਂ ਨਾਲ ਲਾਕਡਾਊਨ ਕਰਕੇ ਪਿੰਡ ਵਿਚ ਲਾਏ ਨਾਕੇ 'ਤੇ ਬੈਠਾ ਸੀ। ਇਸ ਦੌਰਾਨ ਪਿੰਡ ਵਿਚ ਆਏ ਏਐਸਆਈ ਪਰਮਜੀਤ ਨਾਲ ਇਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਤੇ ਏਅਸਆਈ ਨੇ ਆਪਣੇ ਲਾਇਸੈਂਸੀ .32 ਬੋਰ ਰਵਾਲਵਰ ਨਾਲ ਅਰਵਿੰਦਰਜੀਤ ਅਤੇ ਉਸਦੇ ਮਿੱਤਰ ਪਰਦੀਪ ਸਿੰਘ 'ਤੇ ਗੋਲੀਆਂ ਚਲਾ ਦਿੱਤੀਆਂ। ਅਰਵਿੰਦਰਜੀਤ ਸਿੰਘ ਮੌਕੇ 'ਤੇ ਹੀ ਮਾਰਿਆ ਗਿਆ, ਜਦਕਿ ਪਰਦੀਪ ਸਿੰਘ ਦੇ ਵੀ ਗੋਲੀਆਂ ਲੱਗੀਆਂ 'ਤੇ ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। 


ਅਰਵਿੰਦਰਜੀਤ ਸਿੰਘ

ਸੰਗਰੂਰ ਜ਼ਿਲ੍ਹੇ ਵਿਚ ਕਸਬਾ ਭਰਾਲ ਪਿੰਡ ਦੇ ਸਾਬਕਾ ਸਰਪੰਚ ਜੱਗਾ ਸਿੰਘ ਨੇ ਦੱਸਿਆ, "ਬੁੱਧਵਾਰ ਨੂੰ, ਬਲੈਰੋ ਕਾਰ ਵਿਚ ਆਏ ਚਾਰ ਜਣੇ ਮਾਣਕੀ ਪਿੰਡ ਲਾਗਿਓਂ ਮੇਰੇ ਭਾਣਜਿਆਂ ਸਿਮਰਨਜੀਤ ਸਿੰਘ ਅਤੇ ਲਖਵੀਰ ਸਿੰਘ ਨੂੰ ਚੁੱਕ ਕੇ ਲੈ ਗਏ। ਉਹਨਾਂ ਕਿਹਾ ਕਿ ਚੋਰੀ ਦੇ ਇਕ ਮਾਮਲੇ 'ਚ ਇਹਨਾਂ ਤੋਂ ਪੁੱਛਗਿੱਛ ਕਰਨੀ ਹੈ। ਉਹ ਖੁਦ ਨੂੰ ਪੁਲਸ ਮੁਲਾਜ਼ਮ ਦੱਸ ਰਹੇ ਸਨ ਤੇ ਜਦੋਂ ਸਿਮਰਨਜੀਤ ਨੇ ਉਹਨਾਂ ਨੂੰ ਪਛਾਣ ਪੱਤਰ ਵਖਾਉਣ ਲਈ ਕਿਹਾ ਤਾਂ ਉਹਨਾਂ ਉਸਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਲਖਵੀਰ ਕੋਲੋਂ 20,000 ਰੁਪਏ ਖੋਹ ਕੇ ਫਰਾਰ ਹੋ ਗਏ।"

ਉਸਨੇ ਦੱਸਿਆ ਕਿ ਜਦੋਂ ਇਸ ਘਟਨਾ ਬਾਰੇ ਉਹਨਾਂ ਨੂੰ ਪਤਾ ਲੱਗਿਆ ਤਾਂ ਉਹ ਹੋਰ ਲੋਕਾਂ ਨਾਲ ਮੌਕੇ 'ਤੇ ਪਹੁੰਚੇ ਤੇ ਮੁੰਡਿਆਂ ਨੂੰ ਨਾਲ ਲੈ ਕੇ ਸੰਦੋੜ ਪੁਲਸ ਥਾਣੇ ਚਲੇ ਗਏ। ਪਰ ਉੱਥੇ ਪੁਲਸ ਨੇ ਮੁੰਡਿਆਂ ਨੂੰ ਪਿੰਡ ਵਾਲਿਆਂ ਤੋਂ ਅਲੱਗ ਕਰ ਲਿਆ ਤੇ ਅੰਦਰ ਲੈ ਗਏ। 

ਸਿਮਰਨਜੀਤ ਸਿੰਘ ਨੇ ਦੱਸਿਆ, "ਪੁਲਸ ਸਾਡੇ 'ਤੇ ਦਬਾਅ ਪਾ ਰਹੀ ਸੀ ਕਿ ਅਸੀਂ ਪੈਸੇ ਖੋਹਣ ਦੀ ਗੱਲ ਤੋਂ ਮੁੱਕਰ ਜਾਈਏ। ਜਦੋਂ ਅਸੀਂ ਉਹਨਾਂ ਦੀ ਗੱਲ ਨਾ ਮੰਨੀ, ਤਾਂ ਉਹਨਾਂ ਸਾਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਸਾਡੇ 'ਤੇ ਅੰਨਾ ਤਸ਼ੱਦਦ ਕੀਤਾ। ਸ਼ਰਾਬੀ ਪੁਲਸੀਆਂ ਨੇ ਮੇਰੇ ਗੁਪਤ ਅੰਗਾਂ 'ਤੇ ਪੈਟਰੋਲ ਪਾਇਆ, ਬੂਟਾਂ ਨਾਲ ਮੇਰੇ ਹੱਥ ਦਰੜੇ, ਮੇਰੇ ਪੈਰਾਂ 'ਤੇ ਡੰਡੇ ਮਾਰੇ ਤੇ ਮੈਨੂੰ ਕਈ ਘੰਟੇ ਨੰਗਾ ਰੱਖਿਆ।" ਸਿਮਰਨਜੀਤ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਡੀਜੀਪੀ ਤੋਂ ਦੋਸ਼ੀ ਪੁਲਸੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਲੋਕਾਂ ਵਿਚ ਵਿਰੋਧ ਵਧਦਾ ਦੇਖ ਕੇ ਪੁਲਸ ਨੇ ਇਹਨਾਂ ਦੋਵਾਂ ਭਰਾਵਾਂ ਨੂੰ ਛੱਡ ਦਿੱਤਾ ਹੈ। 

ਨੌਜਵਾਨ ਕਬੱਡੀ ਖਿਡਾਰੀ ਨੂੰ ਗੋਲੀ ਮਾਰਨ ਵਾਲੇ ਏਐਸਆਈ ਖਿਲਾਫ ਸੁਭਾਨਪੁਰ ਥਾਣੇ ਵਿਚ ਧਾਰਾ 302, 307 ਅਤੇ 34 ਅਧੀਨ ਮਾਮਲਾ ਦਰਜ ਕਰਕੇ ਹਿਰਾਸਤ ਵਿਚ ਲਿਆ ਗਿਆ ਹੈ। ਏਐਸਆਈ ਨਾਲ ਉਸਦੇ ਇਕ ਸਾਥੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਕਪੂਰਥਲਾ ਦੇ ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਏਐਸਆਈ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। 


ਏਐਸਆਈ ਪਰਮਜੀਤ

ਪੁਲਸ ਨੇ ਮਾਮਲੇ ਨੂੰ ਦੋਵਾਂ ਧਿਰਾਂ ਦਰਮਿਆਨ ਤਕਰਾਰ ਦਾ ਰੂਪ ਦਿੱਤਾ ਹੈ, ਪਰ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇਹ ਕਹਾਣੀ ਝੂਠੀ ਹੈ। ਪਿੰਡ ਵਾਲਿਆਂ ਮੁਤਾਬਕ ਏਐਸਆਈ ਦੀ ਕਾਰ ਦੇ ਸ਼ੀਸ਼ਿਆਂ 'ਤੇ ਕਾਲੀ ਫਿਲਮ ਝੜਾਈ ਹੋਈ ਸੀ, ਜੋ ਗੈਰ ਕਾਨੂੰਨੀ ਹੈ ਅਤੇ ਜਿਸ ਤੋਂ ਪਿੰਡ ਦੇ ਮੁੰਡਿਆਂ ਨੂੰ ਕਾਰ ਰਾਹੀਂ ਨਸ਼ਾ ਵੇਚਣ ਦਾ ਸ਼ੱਕ ਪਿਆ। ਜਦੋਂ ਮੁੰਡੇ ਇਸ ਦਾ ਪਤਾ ਕਰਨ ਲਈ ਕਾਰ ਕੋਲ ਗਏ ਤਾਂ ਏਐਸਆਈ ਨੇ ਕਾਰ ਭਜਾ ਲਈ ਤੇ ਮੁੰਡੇ ਜਦੋਂ ਕਾਰ ਮਗਰ ਜਾਣ ਲੱਗੇ ਤਾਂ ਏਐਸਆਈ ਨੇ ਫਾਇਰ ਕਰ ਦਿੱਤੇ। 

ਓਧਰ ਸੰਦੋੜ ਪੁਲਸ ਥਾਣੇ ਵਿਚ ਦੋ ਨੌਜਵਾਨਾਂ 'ਤੇ ਹੋਏ ਤਸ਼ੱਦਦ ਦੇ ਮਾਮਲੇ 'ਚ ਮਲੇਰਕੋਟਲਾ ਦੇ ਐਸਪੀ ਨੇ ਥਾਣੇ ਦੇ ਏਐਸਆਈ ਨੂੰ ਮੁਅੱਤਲ ਕੀਤਾ ਹੈ ਅਤੇ ਤਿੰਨ ਹੋਰ ਪੁਲਸੀਆਂ ਦਾ ਤਬਾਦਲਾ ਕੀਤਾ ਗਿਆ ਹੈ। 

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਖੰਨਾ ਥਾਣੇ ਵਿਚ ਪਿਓ-ਪੁੱਤ ਅਤੇ ਉਹਨਾਂ ਦੇ ਕਾਮੇ ਨੂੰ ਨੰਗਾ ਕਰਕੇ ਕੁੱਟਣ ਦੀ ਵੀਡੀਓ ਸਾਹਮਣੇ ਆਉਣ ਬਾਅਦ ਦੋਸ਼ੀ ਪੁਲਸ ਅਫਸਰ ਬਲਜਿੰਦਰ ਸਿੰਘ 'ਤੇ ਵੀ ਕੋਈ ਸਖਤ ਕਾਰਵਾਈ ਨਹੀਂ ਕੀਤੀ ਗਈ। ਸਰਕਾਰ ਦੀ ਅਜਿਹੇ ਪੁਲਸ ਵਤੀਰੇ ਨੂੰ ਦਿੱਤੀ ਜਾਂਦੀ ਪੁਸ਼ਤਪਨਾਹੀ ਪੰਜਾਬੀਆਂ ਨੂੰ ਥਾਣਿਆਂ ਵਿਚ ਜ਼ਲੀਲ ਹੋਣ ਦਾ ਕਾਰਨ ਬਣ ਰਹੀ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।