ਕੈਪਟਨ ਦੀ 'ਲੰਚ ਡਿਪਲੋਮੇਸੀ' ਨੇ ਮੰਤਰੀਆਂ ਤੇ ਮੁੱਖ ਸਕੱਤਰ ਦਾ ਕਲੇਸ਼ ਖਤਮ ਕਰਾਇਆ; ਮੁਆਫੀ ਨਾਲ ਹੋਇਆ ਸਮਝੌਤਾ

ਕੈਪਟਨ ਦੀ 'ਲੰਚ ਡਿਪਲੋਮੇਸੀ' ਨੇ ਮੰਤਰੀਆਂ ਤੇ ਮੁੱਖ ਸਕੱਤਰ ਦਾ ਕਲੇਸ਼ ਖਤਮ ਕਰਾਇਆ; ਮੁਆਫੀ ਨਾਲ ਹੋਇਆ ਸਮਝੌਤਾ
ਪੰਜਾਬ ਕੈਬਿਨਟ ਦੀ ਪੁਰਾਣੀ ਤਸਵੀਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪੰਜਾਬ ਵਿਚ ਬੀਤੇ ਕਈ ਦਿਨਾਂ ਤੋਂ ਮੰਤਰੀਆਂ ਅਤੇ ਮੁੱਖ ਸਕੱਤਰ ਦਰਮਿਆਨ ਚੱਲ ਰਿਹਾ ਘਮਸਾਣ ਅੱਜ ਠੱਲਦਾ ਨਜ਼ਰ ਆਇਆ ਜਦੋਂ ਅੱਜ ਦੇ ਪੰਜਾਬ ਕੈਬਨਿਟ ਬੈਠਕ ਵਿਚ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵੀ ਸ਼ਾਮਲ ਹੋਏ। ਦੱਸ ਦਈਏ ਕਿ ਕੁੱਝ ਦਿਨ ਪਹਿਲਾਂ ਪੰਜਾਬ ਦੇ ਮੰਤਰੀਆਂ ਨੇ ਕਰਨ ਅਵਤਾਰ ਸਿੰਘ ਦਾ ਬਾਈਕਾਟ ਕਰਦਿਆਂ ਐਲਾਨ ਕੀਤਾ ਸੀ ਕਿ ਜਿਹੜੀ ਬੈਠਕ ਵਿਚ ਉਹ ਸ਼ਾਮਲ ਹੋਣਗੇ, ਮੰਤਰੀ ਉਸ ਬੈਠਕ ਦਾ ਹਿੱਸਾ ਨਹੀਂ ਬਣਨਗੇ।

ਇਹਨਾਂ ਦਿਨਾਂ ਵਿਚ ਕਾਂਗਰਸ ਅੰਦਰ ਕਈ ਤਰ੍ਹਾਂ ਦੇ ਆਪਸੀ ਝਗੜੇ ਉੱਭਰ ਕੇ ਸਾਹਮਣੇ ਆਏ ਸਨ। ਕੈਪਟਨ ਅਮਰਿੰਦਰ ਸਿੰਘ ਵੱਲੋਂ ਮੰਤਰੀਆਂ ਨੂੰ ਆਪਣਾ ਐਲਾਨ ਵਾਪਸ ਲੈਣ ਲਈ ਦਬਾਅ ਪਾਉਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ। ਅਖੀਰ ਅੱਜ ਮੰਤਰੀਆਂ ਨੇ ਕਰਨ ਅਵਤਾਰ ਸਿੰਘ ਦੀ ਬਤੌਰ ਮੁੱਖ ਸਕੱਤਰ ਹਾਜ਼ਰੀ ਨੂੰ ਪ੍ਰਵਾਨ ਕਰ ਲਿਆ। 

ਇਸ ਸਬੰਧੀ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਦੱਸਿਆ ਕਿ ਅੱਜ ਦੀ ਬੈਠਕ ਵਿਚ ਆਉਂਦਿਆਂ ਹੀ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਆਪਣੇ ਵਤੀਰੇ, ਆਪਣੀ ਬਿਆਨੀ ਅਤੇ ਬਾਡੀ ਲੈਂਗੁਏਜ ਲਈ ਕੇਵਲ ਮੁਆਫੀ ਹੀ ਨਹੀਂ ਮੰਗੀ ਸਗੋਂ ਇਹ ਯਕੀਨ ਵੀ ਦਵਾਇਆ ਕਿ ਇਸ ਤਰ੍ਹਾਂ ਦਾ ਵਤੀਰਾ ਮੁੜ ਨਹੀਂ ਦੁਹਰਾਇਆ ਜਾਵੇਗਾ।

ਮਨਪ੍ਰੀਤ ਬਾਦਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਦੋ ਵਾਰ ਚੀਫ ਸਕੱਤਰ ਉਨ੍ਹਾਂ ਤੋਂ ਮੁਆਫੀ ਮੰਗ ਚੁੱਕੇ ਹਨ ਅਤੇ ਅੱਜ ਤੀਜੀ ਵਾਰ ਉਨ੍ਹਾਂ ਨੇ ਮਾਫੀ ਮੰਗ ਲਈ ਹੈ। ਸ. ਬਾਦਲ ਨੇ ਕਿਹਾ ਕਿ ਜੇਕਰ ਕੋਈ ਤਿੰਨ ਵਾਰ ਮਾਫੀ ਮੰਗਿਆਂ ਤੋਂ ਬਾਅਦ ਵੀ ਮਾਫ ਨਾ ਕਰੇ ਤਾਂ ਉਹ ਸਹੀ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਅੱਜ ਪੂਰੀ ਕੈਬਿਨੇਟ ਨੇ ਸਰਬਸੰਮਤੀ ਨਾਲ ਚੀਫ ਸਕੱਤਰ ਨੂੰ ਮਾਫ ਕਰ ਦਿੱਤਾ।

ਹੁਣ ਅਫਸਰਸ਼ਾਹੀ ਅਤੇ ਮੰਤਰੀਆਂ ਦਰਮਿਆਨ ਕੈਪਟਨ ਅਮਰਿੰਦਰ ਸਿੰਘ ਦੀ ਲੰਚ ਡਿਪਲੋਮੇਸੀ ਤੋਂ ਬਾਅਦ ਹੋਏ ਇਸ ਸਮਝੌਤੇ ਦੇ ਚਲਦਿਆਂ ਸਵਾਲ ਇਹ ਖੜ੍ਹਾ ਹੈ ਕਿ ਪਿਛਲੇ ਦਿਨਾਂ ਦੌਰਾਨ ਮੰਤਰੀਆਂ ਵੱਲੋਂ ਐਕਸਾਈਜ਼ ਮਹਿਕਮੇ ਵਿਚ ਘਪਲੇ ਬਾਰੇ ਚੁੱਕੇ ਗਏ ਮੁੱਦੇ ਦਾ ਕੀ ਬਣੇਗਾ?