ਪੰਜਾਬ 'ਚ ਬਾਦਲ ਜਿੱਤੇ ਪਰ ਅਕਾਲੀ ਦਲ ਹਾਰਿਆ 

ਪੰਜਾਬ 'ਚ ਬਾਦਲ ਜਿੱਤੇ ਪਰ ਅਕਾਲੀ ਦਲ ਹਾਰਿਆ 

ਕਾਂਗਰਸ ਨੂੰ 8 ਤੇ 'ਆਪ' ਨੂੰ ਮਿਲੀ 1 ਸੀਟ ਦੇ ਮਾਅਨੇ ਜ਼ੀਰੋ
ਪੰਜਾਬ ਹਿੱਤਾਂ ਦੀ ਗੱਲ ਕਰਨ ਵਾਲੇ ਖਹਿਰਾ ਤੇ ਬੀਰਦਵਿੰਦਰ ਦੀਆਂ ਜ਼ਮਾਨਤਾਂ ਜ਼ਬਤ 

ਵਿਸ਼ੇਸ਼ ਰਿਪੋਰਟ : ਬਘੇਲ ਸਿੰਘ ਧਾਲੀਵਾਲ/ਸੁਰਿੰਦਰਪਾਲ ਸਿੰਘ ਗੋਲਡੀ


ਦੇਸ਼ ਭਰ ਵਿਚ ਭਾਜਪਾ ਦੀ ਅਗਵਾਈ ਵਿਚ ਝੁੱਲੀ ਵੋਟਾਂ ਦੀ ਹਨੇਰੀ ਦੇ ਬਾਵਜੂਦ ਭਾਵੇਂ ਪੰਜਾਬ ਨੇ ਸਾਰੇ ਭਾਰਤ ਤੋਂ ਵੱਖਰਾ ਮਿਜ਼ਾਜ ਕਾਇਮ ਰੱਖਿਆ ਹੈ ਪਰ ਪ੍ਰਕਾਸ਼ ਸਿੰਘ ਬਾਦਲ ਤੇ ਉਸ ਦੇ ਟੱਬਰ ਨੇ ਆਪਣੀਆਂ ਦੋਵੇਂ ਲੋਕ ਸਭਾ ਸੀਟਾਂ ਜਿੱਤਣ ਦੇ ਬਾਵਜੂਦ ਇਕ ਸਦੀ ਪੁਰਾਣੀ ਪੰਥਕ ਪਾਰਟੀ ਅਕਾਲੀ ਦਲ ਦਾ ਭੋਗ ਪੈ ਗਿਆ ਹੈ। ਕਾਂਗਰਸ ਦੇਸ਼ ਦੇ ਬਾਕੀ ਸਭ ਸੂਬਿਆਂ ਵਿਚ ਬੜੀ ਬੁਰੀ ਤਰ੍ਹਾਂ ਹਾਰੀ ਹੈ; ਇਥੋਂ ਤੱਕ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕਾਂਗਰਸ ਦੀ ਪੱਕੀ ਸੀਟ ਅਮੇਠੀ ਤੋਂ ਹਾਰ ਗਿਆ ਹੈ ਪਰ ਪੰਜਾਬ ਵਿਚ ਕਾਂਗਰਸ ਤੇਰਾਂ ਵਿਚੋਂ ਅੱਠ ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। ਮੋਦੀ ਵੱਲੋਂ ਚੋਣਾਂ ਦੌਰਾਨ ਉਭਾਰੇ ਪੁਲਵਾਮਾ-ਬਾਲਾਕੋਟ ਵਰਗੇ ਮੁੱਦੇ ਪਾਕਿਸਤਾਨ ਨਾਲ ਟਕਰਾਅ ਪੈਦਾ ਕਰਨ ਵਾਲੇ ਸਨ, ਉਹ ਪੰਜਾਬੀਆਂ ਨੂੰ ਰਾਸ ਨਹੀਂ ਆਏ। ਉਸੇ ਸਮੇਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸਮਾਰੋਹਾਂ ਸਮੇਂ ਕਰਤਾਰਪੁਰ ਲਾਂਘਾ ਖੁੱਲ੍ਹਣ ਦੀ ਗੱਲ ਹੋ ਰਹੀ ਸੀ। ਪੰਜਾਬੀ ਪੂਰੀ ਤਰ੍ਹਾਂ ਲਾਂਘਾ ਖੁੱਲ੍ਹਣ ਦੇ ਹੱਕ ਵਿਚ ਅਤੇ ਜੰਗ ਦੇ ਖ਼ਿਲਾਫ਼ ਹਨ। ਇਹੀ ਕਾਰਨ ਹੈ ਕਿ ਪੰਜਾਬ ਵਿਚ ਮੋਦੀ ਦਾ ਜਾਦੂ ਨਹੀਂ ਚਲ ਸਕਿਆ। 
ਸ਼੍ਰੋਮਣੀ ਅਕਾਲੀ ਦਲ ਨੇ ਭਾਵੇਂ ਮੋਦੀ ਦੇ ਨਾਮ 'ਤੇ ਵੋਟਾਂ ਮੰਗੀਆਂ, ਉਸ ਦਾ ਉਲਟਾ ਅਸਰ ਗਿਆ ਹੈ, ਕਿਉਂਕਿ ਉਹ ਆਪਣੇ ਪੰਜਾਬ ਤੇ ਪੰਥਕ ਏਜੰਡੇ ਨੂੰ ਚਮਕਾ ਨਹੀਂ ਸਕਿਆ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਵੀ ਅਕਾਲੀ ਦਲ ਦੇ ਲਈ ਹਾਰ ਦਾ ਕਾਰਨ ਬਣਿਆ। ਇਸ ਵਾਰ ਵੀ ਦੋਵੇਂ ਸੀਟਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੇ ਜਿੱਤੀਆਂ ਹਨ। ਜਦ ਕਿ ਭਾਜਪਾ ਪੰਜਾਬ ਵਲੋਂ ਲੜੀਆਂ 3 ਸੀਟਾਂ ਵਿਚੋਂ ਗੁਰਦਾਸਪੁਰ ਤੇ ਹੁਸ਼ਿਆਰਪੁਰ ਦੀਆਂ 2 ਸੀਟਾਂ ਜਿੱਤਣ ਵਿਚ ਕਾਮਯਾਬ ਰਹੀ। ਜਦੋਂ ਕਿ 'ਆਪ' ਜਿਸ ਨੂੰ ਮਗਰਲੀਆਂ ਚੋਣਾਂ ਦੌਰਾਨ ਰਾਜ ਵਿਚੋਂ ਚੰਗਾ ਹੁੰਗਾਰਾ ਮਿਲਿਆ ਸੀ ਅਤੇ ਜਿਸ ਨੇ 4 ਸੰਸਦੀ ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ ਦੇ ਇਕਲੌਤੇ ਉਮੀਦਵਾਰ ਭਗਵੰਤ ਮਾਨ ਸੰਗਰੂਰ ਦੀ ਸੰਸਦੀ ਸੀਟ ਤੋਂ ਜਿੱਤ ਸਕੇ ਹਨ।
'ਆਪ' ਆਪਸੀ ਫੁੱਟ ਦਾ ਸ਼ਿਕਾਰ ਹੋ ਗਈ ਤੇ ਸੁਖਪਾਲ ਖਹਿਰਾ ਅਤੇ ਡਾ. ਧਰਮਵੀਰ ਗਾਂਧੀ ਨੇ ਆਪੋ-ਆਪਣੀਆਂ ਪਾਰਟੀਆਂ ਬਣਾ ਲਈਆਂ। ਬਾਅਦ ਵਿਚ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਿਚ ਜੋ ਪੰਜਾਬ ਡੈਮੋਕ੍ਰੇਟਿਕ ਗਠਜੋੜ ਤੀਜੀ ਧਿਰ ਦੇ ਰੂਪ ਵਿਚ ਸਾਹਮਣੇ ਆਇਆ, ਉਹ ਇਨ੍ਹਾਂ ਚੋਣਾਂ ਤੋਂ ਪਹਿਲਾਂ ਆਪਣਾ ਜਥੇਬੰਦਕ ਢਾਂਚਾ ਚੰਗੀ ਤਰ੍ਹਾਂ ਨਹੀਂ ਖੜ੍ਹਾ ਕਰ ਸਕਿਆ। ਤੀਸਰੇ ਬਦਲ ਦੀ ਗ਼ੈਰ-ਮੌਜੂਦਗੀ ਕਾਰਨ ਬਹੁਤੇ ਲੋਕਾਂ ਨੇ ਭਾਜਪਾ-ਅਕਾਲੀ ਦਲ ਨੂੰ ਹਰਾਉਣ ਲਈ ਕਾਂਗਰਸ ਨੂੰ ਵੋਟ ਦਿੱਤੇ। 
ਇਨ੍ਹਾਂ ਚੋਣਾਂ ਵਿਚ ਬੇਸ਼ੱਕ ਬਸਪਾ ਨੂੰ ਕੋਈ ਜਿੱਤ ਪ੍ਰਾਪਤ ਤਾਂ ਨਹੀਂ ਹੋਈ ਪਰ ਅਨੰਦਪੁਰ ਸਾਹਿਬ, ਹੁਸ਼ਿਆਰਪੁਰ ਅਤੇ ਜਲੰਧਰ ਸੀਟਾਂ ਉੱਤੇ ਜਿੱਥੇ ਪੰਜਾਬ ਜਮਹੂਰੀ ਗਠਜੋੜ ਦੀ ਸੀਟ ਵੰਡ ਮੁਤਾਬਕ ਇਸ ਪਾਰਟੀ ਨੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ, ਉਥੇ ਇਸ ਦੇ ਉਮੀਦਵਾਰਾਂ ਨੂੰ ਵੋਟਰਾਂ ਨੇ ਚੰਗਾ ਹੁੰਗਾਰਾ ਦਿੱਤਾ ਹੈ। ਅਨੰਦਪੁਰ ਸਾਹਿਬ ਤੇ ਹੁਸ਼ਿਆਰਪੁਰ ਵਿਚ ਇਸ ਦੇ ਉਮੀਦਵਾਰਾਂ ਨੇ ਇਕ ਲੱਖ ਤੋਂ ਉਪਰ ਅਤੇ ਜਲੰਧਰ ਵਿਚ ਇਸ ਦੇ ਉਮੀਦਵਾਰ ਬਲਵਿੰਦਰ ਕੁਮਾਰ ਨੇ 2 ਲੱਖ ਤੋਂ ਵੀ ਉਪਰ ਵੋਟਾਂ ਲੈ ਕੇ ਪਾਰਟੀ ਦੇ ਮਜ਼ਬੂਤ ਵੋਟ ਆਧਾਰ ਦਾ ਸਬੂਤ ਦਿੱਤਾ ਹੈ। ਇਨ੍ਹਾਂ ਚੋਣਾਂ ਵਿਚ ਪੰਜਾਬੀਆਂ ਲਈ ਸਭ ਤੋਂ ਨਮੋਸ਼ੀ ਦੀ ਗੱਲ ਹੈ, ਬੀਬੀ ਪਰਮਜੀਤ ਕੌਰ ਖਾਲੜਾ ਦਾ ਖਡੂਰ ਸਾਹਿਬ ਸੀਟ ਤੋਂ ਚੋਣ ਹਾਰ ਜਾਣਾ। ਪਰਮਜੀਤ ਕੌਰ ਖਾਲੜਾ ਮਰਹੂਮ ਜਸਵੰਤ ਸਿੰਘ ਖਾਲੜਾ ਦੀ ਵਿਧਵਾ ਹੈ, ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਲਈ ਜੂਝਦਿਆਂ ਆਪਣੀ ਸ਼ਹਾਦਤ ਦਿੱਤੀ। ਪੰਜਾਬ ਦੇ ਸਿਆਸੀ ਇਤਿਹਾਸ ਵਿਚ ਪਰਮਜੀਤ ਕੌਰ ਖਾਲੜਾ ਪਹਿਲੇ ਉਮੀਦਵਾਰ ਹਨ ਜਿਨ੍ਹਾਂ ਨੇ ਮੁੱਖ ਤੌਰ 'ਤੇ ਮਨੁੱਖੀ ਅਧਿਕਾਰਾਂ ਦੇ ਮੁੱਦੇ ਉੱਤੇ ਚੋਣ ਲੜੀ। ਮਾਹਿਰਾਂ ਦਾ ਮੰਨਣਾ ਹੈ ਕਿ ਅਕਾਲੀ ਦਲ (ਬਾਦਲ) ਵਾਸਤੇ ਇਹ ਸੁਨਹਿਰੀ ਮੌਕਾ ਸੀ ਕਿ ਜੇ ਉਹ ਬੀਬੀ ਖਾਲੜਾ ਦੀ ਮਦਦ ਕਰਦੇ ਤਾਂ ਉਹ ਚੋਣਾਂ ਵਿਚ ਵੱਡੀ ਪ੍ਰਾਪਤੀ ਕਰ ਸਕਦੇ ਸਨ।

ਕੀ ਕਹਿੰਦੇ ਹਨ ਚੋਣ ਨਤੀਜੇ
ਚੋਣ ਕਮਿਸ਼ਨ ਵੱਲੋਂ ਜਾਰੀ ਪੰਜਾਬ ਦੇ ਚੋਣ ਨਤੀਜਿਆਂ ਮੁਤਾਬਕ ਪਟਿਆਲਾ ਤੋਂ ਕਾਂਗਰਸ ਉਮੀਦਵਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨੇ ਅਕਾਲੀ ਦਲ ਦੇ ਸੁਰਜੀਤ ਸਿੰਘ ਰੱਖੜਾ ਨੂੰ 1,62,718 ਵੋਟਾਂ ਦੇ ਫਰਕ ਨਾਲ ਹਰਾਇਆ। ਲੁਧਿਆਣਾ ਤੋਂ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ ਨੇ ਸਿਮਰਜੀਤ ਸਿੰਘ ਬੈਂਸ ਨੂੰ 76,372 ਵੋਟਾਂ ਨਾਲ ਹਰਾਇਆ। ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਨੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੂੰ 1,00,003 ਵੋਟਾਂ ਨਾਲ ਹਰਾਇਆ। ਜਲੰਧਰ ਤੋਂ ਕਾਂਗਰਸ ਦੇ ਚੌਧਰੀ ਸੰਤੋਖ ਸਿੰਘ ਨੇ ਅਕਾਲੀ ਦਲ ਦੇ ਚਰਨਜੀਤ ਸਿੰਘ ਅਟਵਾਲ ਨੂੰ 19,491 ਵੋਟਾਂ ਨਾਲ ਹਰਾਇਆ। ਫ਼ਰੀਦਕੋਟ ਤੋਂ ਪੰਜਾਬੀ ਗਾਇਕ ਮੁਹੰਮਦ ਸਦੀਕ ਨੇ ਅਕਾਲੀ ਦਲ ਦੇ ਗੁਲਜ਼ਾਰ ਸਿੰਘ ਰਣੀਕੇ ਨੂੰ 83,362 ਵੋਟਾਂ ਨਾਲ ਹਰਾਇਆ। ਆਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾੜੀ ਨੇ ਅਕਾਲੀ ਦਲ ਦੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ 46,884 ਵੋਟਾਂ ਨਾਲ ਹਰਾਇਆ। ਖਡੂਰ ਸਾਹਿਬ ਤੋਂ ਜਸਵੀਰ ਸਿੰਘ ਡਿੰਪਾ ਨੇ ੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ 1,40,300 ਵੋਟਾਂ ਨਾਲ ਹਰਾਇਆ।  ਫਤਿਹਗੜ੍ਹ ਸਾਹਿਬ ਤੋਂ ਸੇਵਾਮੁਕਤ ਆਈਏਐਸ ਅਧਿਕਾਰੀ ਡਾ. ਅਮਰ ਸਿੰਘ ਨੇ ਸੇਵਾਮੁਕਤ ਆਈਏਐਸ ਅਧਿਕਾਰੀ ਦਰਬਾਰਾ ਸਿੰਘ ਗੁਰੂ ਨੂੰ 93,681 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ।  ਬਾਦਲ ਨੇ ਸਾਬਕਾ ਅਕਾਲੀ ਤੇ ਮੌਜੂਦਾ ਕਾਂਗਰਸੀ ਉਮੀਦਵਾਰ ਮੈਂਬਰ ਸ਼ੇਰ ਸਿੰਘ ਘੁਬਾਇਆ ਨੂੰ ਤਕਰੀਬਨ ਦੋ ਲੱਖ (1,98,136) ਵੋਟਾਂ ਦੇ ਵੱਡੇ ਫਰਕ ਨਾਲ ਮਾਤ ਦਿੱਤੀ। 
ਸੁਖਬੀਰ ਨੇ ਕੁੱਲ 6,31,100 ਵੋਟ ਹਾਸਲ ਕੀਤੀ ਜਦਕਿ, ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੂੰ 4,32,964 ਵੋਟਾਂ ਪਈਆਂ। ਆਮ ਆਦਮੀ ਪਾਰਟੀ ਦੇ ਹਰਜਿੰਦਰ ਸਿੰਘ ਨੂੰ 31,240 ਵੋਟਾਂ ਨਾਲ ਤੀਜੇ ਨੰਬਰ 'ਤੇ ਰਹੇ, ਜਦਕਿ ਪੀਡੀਏ ਦੇ ਉਮੀਦਵਾਰ ਹੰਸਰਾਜ ਗੋਲਡਨ 25,967 ਵੋਟਾਂ ਨਾਲ ਚੌਥੇ ਨੰਬਰ 'ਤੇ ਰਹੇ ਹਨ।  ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਬਠਿੰਡਾ ਸੰਸਦੀ ਹਲਕੇ ਤੋਂ ਲਗਾਤਾਰ ਤੀਜੀ ਵਾਰੀ ਜਿੱਤਣ ਵਿੱਚ ਕਾਮਯਾਬ ਹੋ ਗਏ ਅਤੇ ਉਨ੍ਹਾਂ ਨੇ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ 21,399 ਵੋਟਾਂ ਨਾਲ ਹਰਾਇਆ। 
ਕਾਮੇਡੀਅਨ ਤੋਂ ਸਿਆਸਤਦਾਨ ਬਣੇ ਭਗਵੰਤ ਮਾਨ ਨੇ ਵੀ ਇਤਿਹਾਸ ਸਿਰਜਦਿਆਂ ਸੰਗਰੂਰ ਸੰਸਦੀ ਹਲਕੇ ਤੋਂ ਲਗਾਤਾਰ ਦੂਜੀ ਵਾਰੀ ਜਿੱਤ ਹਾਸਲ ਕੀਤੀ ਹੈ ਅਤੇ ਕਾਂਗਰਸ ਦੇ ਕੇਵਲ ਸਿੰਘ ਢਿੱਲੋਂ ਨੂੰ 1,09,642 ਵੋਟਾਂ ਦੇ ਫਰਕ ਨਾਲ ਹਰਾਇਆ, ਜਦੋਂ ਕਿ 'ਆਪ' ਦਾ ਹੋਰ ਕੋਈ ਵੀ ਉਮੀਦਵਾਰ ਜਿੱਤ ਦੇ ਨੇੜੇ ਵੀ ਨਹੀਂ ਪਹੁੰਚ ਸਕਿਆ। ਭਾਜਪਾ ਦੇ ਦੋ ਉਮੀਦਵਾਰਾਂ ਨੇ ਜਿੱਤ ਦਰਜ ਕਰਾ ਕੇ 2014 ਵਾਲਾ ਰੁਤਬਾ ਕਾਇਮ ਰੱਖਿਆ ਹੈ। ਗੁਰਦਾਸਪੁਰ ਤੋਂ ਬਾਲੀਵੁੱਡ ਅਦਾਕਾਰ ਅਤੇ ਭਾਜਪਾ ਉਮੀਦਵਾਰ ਸੰਨੀ ਦਿਓਲ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ 77,009 ਵੋਟਾਂ 'ਤੇ ਹਰਾਇਆ। ਇਸੇ ਤਰ੍ਹਾਂ ਹੁਸ਼ਿਆਰਪੁਰ ਦੀ ਸੀਟ 'ਤੇ ਭਾਜਪਾ ਦੇ ਉਮੀਦਵਾਰ ਅਤੇ ਮੌਜੂਦਾ ਵਿਧਾਇਕ ਸੋਮ ਪ੍ਰਕਾਸ਼ ਕਾਂਗਰਸ ਦੇ ਵਿਧਾਇਕ ਡਾ. ਰਾਜ ਕੁਮਾਰ ਨੂੰ 48,530 ਵੋਟਾਂ 'ਤੇ ਹਰਾ ਕੇ ਜੇਤੂ ਰਹੇ।
ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੂੰ ਬਠਿੰਡਾ ਸੰਸਦੀ ਹਲਕੇ ਤੋਂ ਨਮੋਸ਼ੀ ਭਰੀ ਹਾਰ ਮਿਲੀ ਹੈ ਤੇ ਉਹ ਚੌਥੇ ਨੰਬਰ 'ਤੇ ਰਹੇ। ਇਸੇ ਤਰ੍ਹਾਂ ਪਟਿਆਲਾ ਤੋਂ ਮੌਜੂਦਾ ਸੰਸਦ ਮੈਂਬਰ ਧਰਮਵੀਰ ਗਾਂਧੀ ਨੂੰ ਵੀ ਪਟਿਆਲਾ ਹਲਕੇ ਦੇ ਵੋਟਰਾਂ ਨੇ ਤੀਜੀ ਥਾਂ 'ਤੇ ਰੱਖਿਆ ਹੈ। ਇਨ੍ਹਾਂ ਚੋਣਾਂ ਦੌਰਾਨ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਬੀਬੀ ਪਰਮਜੀਤ ਕੌਰ ਖਾਲੜਾ, ਅਕਾਲੀ ਦਲ (ਟਕਸਾਲੀ) ਦੇ ਬੀਰਦਵਿੰਦਰ ਸਿੰਘ ਹਾਰ ਗਏ।

'ਆਪ' ਤੇ ਅਕਾਲੀ ਦਲ ਦੀ ਵੋਟ ਨੂੰ ਖੋਰਾ
ਸੰਸਦੀ ਚੋਣਾਂ ਦੌਰਾਨ ਕਾਂਗਰਸ ਦੇ ਵੋਟ ਬੈਂਕ ਵਿੱਚ ਜਿੱਥੇ ਭਾਰੀ ਵਾਧਾ ਹੋਇਆ ਹੈ ਉਥੇ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵੋਟ ਬੈਂਕ ਨੂੰ ਖੋਰਾ ਲੱਗਿਆ ਹੈ। ਚੋਣ ਕਮਿਸ਼ਨ ਤੋਂ ਹਾਸਲ ਤੱਥਾਂ ਮੁਤਾਬਕ ਕਾਂਗਰਸ ਨੂੰ ਇਨ੍ਹਾਂ ਚੋਣਾਂ ਦੌਰਾਨ 40.02 ਪ੍ਰਤੀਸ਼ਤ, ਸ਼੍ਰੋਮਣੀ ਅਕਾਲੀ ਦਲ ਨੂੰ 27.5 ਪ੍ਰਤੀਸ਼ਤ, ਭਾਜਪਾ ਨੂੰ 9.56 ਪ੍ਰਤੀਸ਼ਤ, 'ਆਪ' ਪਾਰਟੀ ਨੂੰ 7.4 ਪ੍ਰਤੀਸ਼ਤ, ਬਸਪਾ ਨੂੰ 3.49 ਪ੍ਰਤੀਸ਼ਤ, ਨੋਟਾ ਨੂੰ 1.12 ਪ੍ਰਤੀਸ਼ਤ, ਸੀ.ਪੀ.ਆਈ. ਨੂੰ 0.31 ਪ੍ਰਤੀਸ਼ਤ, ਸੀਪੀਐੱਮ ਨੂੰ 0.08 ਪ੍ਰਤੀਸ਼ਤ, ਪੰਜਾਬ ਜਮਹੂਰੀ ਗੱਠਜੋੜ ਵਿਚ ਸ਼ਾਮਲ ਬਸਪਾ, ਖੱਬੇ ਪੱਖੀਆਂ ਤੇ ਸੁਖਪਾਲ ਸਿੰਘ ਖਹਿਰਾ ਤੇ ਧਰਮਵੀਰ ਗਾਂਧੀ ਆਦਿ ਨੂੰ 10.3 ਪ੍ਰਤੀਸ਼ਤ ਵੋਟਾਂ ਮਿਲੀਆਂ ਹਨ।

ਕਾਂਗਰਸ ਤੇ ਅਕਾਲੀ ਦਲ ਦੇ ਵੋਟ ਹਿੱਸੇ ਵਿਚ ਕਰੀਬ 2 ਫ਼ੀਸਦੀ ਦਾ ਵਾਧਾ
ਇਨ੍ਹਾਂ ਸੰਸਦੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਧ ਝਟਕਾ ਲੱਗਾ, ਜਿਸ ਦਾ ਇਨ੍ਹਾਂ ਚੋਣਾਂ ਦੌਰਾਨ ਵਿਧਾਨ ਸਭਾ ਦੀਆਂ 2017 ਦੌਰਾਨ ਹੋਈਆਂ ਚੋਣਾਂ ਮੁਕਾਬਲੇ ਵੋਟ ਪ੍ਰਤੀਸ਼ਤ ਕੋਈ 16 ਫ਼ੀਸਦੀ ਘੱਟ ਗਿਆ। ਆਮ ਆਦਮੀ ਪਾਰਟੀ ਨੂੰ ਮਗਰਲੀਆਂ ਵਿਧਾਨ ਸਭਾ ਚੋਣਾਂ ਦੌਰਾਨ 23.7 ਫ਼ੀਸਦੀ ਵੋਟ ਪਏ ਸਨ ਜੋ ਇਨ੍ਹਾਂ ਲੋਕ ਸਭਾ ਚੋਣਾਂ ਦੌਰਾਨ ਕੇਵਲ 7.4 ਫ਼ੀਸਦੀ ਰਹਿ ਗਏ ਹਨ। 
ਦੂਜੀਆਂ ਪਾਰਟੀਆਂ ਵਿਚੋਂ ਭਾਜਪਾ ਦੇ ਵੋਟ ਫ਼ੀਸਦੀ ਵਿਚ 4 ਫ਼ੀਸਦੀ ਦਾ ਵਾਧਾ ਹੋਇਆ ਹੈ, ਵਿਧਾਨ ਸਭਾ ਚੋਣਾਂ ਮੌਕੇ 5.4 ਫ਼ੀਸਦੀ ਵੋਟ ਲੈਣ ਵਾਲੀ ਭਾਜਪਾ ਦਾ ਵੋਟ ਫ਼ੀਸਦੀ ਵੱਧ ਕੇ 9.6 ਪ੍ਰਤੀਸ਼ਤ ਹੋ ਗਿਆ ਹੈ। 
ਕਾਂਗਰਸ ਨੂੰ ਇਸ ਚੋਣ ਦੌਰਾਨ ਕਰੀਬ 2 ਫ਼ੀਸਦੀ ਵੋਟ ਵੱਧ ਮਿਲੇ ਹਨ ਜੋ 38.5 ਫ਼ੀਸਦੀ ਤੋਂ ਵੱਧ ਕੇ 40.3 ਫ਼ੀਸਦੀ ਹੋ ਗਏ ਹਨ। ਦਿਲਚਸਪ ਗੱਲ ਇਹ ਹੈ ਕਿ ਅਕਾਲੀ ਦਲ ਦੇ ਵੋਟ ਪ੍ਰਤੀਸ਼ਤ ਵਿਚ ਵੀ ਕੋਈ 2 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ ਜੋ ਵਿਧਾਨ ਸਭਾ ਚੋਣਾਂ ਮੌਕੇ 25.2 ਪ੍ਰਤੀਸ਼ਤ ਤੋਂ ਵੱਧ ਕੇ ਇਨ੍ਹਾਂ ਚੋਣਾਂ ਦੌਰਾਨ 27.5 ਪ੍ਰਤੀਸ਼ਤ ਹੋ ਗਏ ਹਨ। ਇਸੇ ਤਰ੍ਹਾਂ ਬਸਪਾ ਦਾ ਵੀ ਵੋਟ ਪ੍ਰਤੀਸ਼ਤ 2 ਪ੍ਰਤੀਸ਼ਤ ਵੱਧ ਕੇ 3.5 ਪ੍ਰਤੀਸ਼ਤ 'ਤੇ ਪੁੱਜ ਗਿਆ ਹੈ। ਇਸੇ ਤਰ੍ਹਾਂ ਆਜ਼ਾਦ ਉਮੀਦਵਾਰਾਂ ਜਿਨ੍ਹਾਂ ਨੂੰ ਜੋ ਮਗਰਲੀ ਚੋਣ ਵਿਚ 10.25 ਪ੍ਰਤੀਸ਼ਤ ਵੋਟ ਮਿਲੇ ਸਨ ਘੱਟ ਕੇ 2 ਪ੍ਰਤੀਸ਼ਤ ਰਹਿ ਗਏ ਹਨ। 

ਕਈ ਰਾਜਸੀ ਪਾਰਟੀਆਂ ਦੇ ਪ੍ਰਧਾਨ ਹਾਰੇ
ਇਨ੍ਹਾਂ ਚੋਣਾਂ ਵਿਚ 4 ਰਾਜਸੀ ਪਾਰਟੀਆਂ ਦੇ ਪ੍ਰਧਾਨਾਂ ਨੂੰ ਵੀ ਹਾਰ ਦਾ ਮੂੰਹ ਵੇਖਣਾ ਪਿਆ ਹੈ। ਦੱਸਣਾ ਬਣਦਾ ਹੈ ਕਿ ਇਨ੍ਹਾਂ ਚੋਣਾਂ ਵਿਚ 6 ਪਾਰਟੀਆਂ ਦੇ ਸੂਬਾ ਪ੍ਰਧਾਨਾਂ ਦਾ ਵੀ ਵੱਕਾਰ ਦਾਅ 'ਤੇ ਲੱਗਿਆ ਹੋਇਆ ਸੀ ਪਰ ਉਨ੍ਹਾਂ ਵਿਚੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਹੀ ਚੋਣ ਜਿੱਤੇ ਹਨ। 
ਹਾਕਮ ਧਿਰ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਸੰਸਦੀ ਹਲਕਾ ਗੁਰਦਾਸਪੁਰ, ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਲੁਧਿਆਣਾ, ਨਵਾਂ ਪੰਜਾਬ ਪਾਰਟੀ ਦੇ ਪ੍ਰਧਾਨ ਧਰਮਵੀਰ ਗਾਂਧੀ ਪਟਿਆਲਾ ਅਤੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਬਠਿੰਡਾ ਹਲਕੇ ਤੋਂ ਚੋਣ ਹਾਰ ਗਏ ਹਨ।

ਪੰਜਾਬ ਤੋਂ ਜਿੱਤੇ ਲੋਕ ਸਭਾ ਮੈਂਬਰ ਕਰੋੜਾਂਪਤੀ
ਚੋਣ ਕਮਿਸ਼ਨ ਦੇ ਕੋਲ ਨਾਮਜ਼ਦਗੀ ਭਰਨ ਸਮੇਂ 13 ਜੇਤੂ ਉਮੀਦਵਾਰਾਂ ਵੱਲੋਂ ਐਲਾਨੀ ਜਾਇਦਾਦ ਅਨੁਸਾਰ ਹੁਸ਼ਿਆਰਪੁਰ ਰਾਖਵੇਂ ਹਲਕੇ ਤੋਂ ਜਿੱਤੇ ਭਾਜਪਾ ਦੇ ਉਮੀਦਵਾਰ ਸੋਮ ਪ੍ਰਕਾਸ਼ ਸਭ ਤੋਂ ਗਰੀਬ ਹਨ। ਉਨ੍ਹਾਂ ਦੇ ਕੋਲ 2.94 ਕਰੋੜ ਰੁਪਏ ਦੀ ਜਾਇਦਾਦ ਹੈ। ਉਹ ਸਾਬਕਾ ਆਈਏਐੱਸ ਅਧਿਕਾਰੀ ਹਨ। ਪੰਜਾਬ ਵਿੱਚੋਂ ਸਭ ਤੋਂ ਅਮੀਰ ਦੋ ਸੰਸਦ ਮੈਂਬਰਾਂ ਵਿੱਚ ਸੁਖਬੀਰ ਬਾਦਲ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਸ਼ੁਮਾਰ ਹਨ। ਇਨ੍ਹਾਂ ਦੋਵਾਂ ਨੇ ਆਪਣੇ ਚੋਣ ਘੋਸ਼ਣਾ ਪੱਤਰਾਂ ਵਿੱਚ ਦੋ-ਦੋ ਸੌ ਕਰੋੜ ਦੀ ਜਾਇਦਾਦ ਐਲਾਨੀ ਹੈ। ਇਨ੍ਹਾਂ ਤੋਂ ਬਾਅਦ ਸੰਨੀ ਦਿਓਲ ਦਾ ਨੰਬਰ ਆਉਂਦਾ ਹੈ, ਉਸ ਦੇ ਕੋਲ 87.19 ਕਰੋੜ ਰੁਪਏ ਦੀ ਜਾਇਦਾਦ ਹੈ। ਮੁੱਖ ਮੰਤਰੀ ਦੀ ਪਤਨੀ ਪ੍ਰਨੀਤ ਕੌਰ ਕੋਲ 63.59 ਕਰੋੜ ਰੁਪਏ ਦੀ ਜਾਇਦਾਦ ਹੈ। ਕਾਂਗਰਸ ਦੇ ਮਨੀਸ਼ ਤਿਵਾੜੀ ਕੋਲ 15.43 ਕਰੋੜ ਰੁਪਏ ਦੀ ਜਾਇਦਾਦ ਹੈ।