ਜ਼ਹਿਰੀਲੀ ਸ਼ਰਾਬ ਦਾ ਧੰਦਾ ; 125 ਮੌਤਾਂ, ਕਈਆਂ ਨੇ ਗੁਆਈ ਅੱਖਾਂ ਦੀ ਰੌਸ਼ਨੀ

ਜ਼ਹਿਰੀਲੀ ਸ਼ਰਾਬ ਦਾ ਧੰਦਾ ; 125 ਮੌਤਾਂ, ਕਈਆਂ ਨੇ ਗੁਆਈ ਅੱਖਾਂ ਦੀ ਰੌਸ਼ਨੀ

ਬਘੇਲ ਸਿੰਘ ਧਾਲੀਵਾਲ
99142-58142

ਪੰਜਾਬ ਦੇ ਤਰਨ ਤਾਰਨ, ਅੰਮ੍ਰਿਤਸਰ ਅਤੇ ਗੁਰਦਾਸਪੁਰ, ਲੁਧਿਆਣਾ, ਮੋਗਾ, ਪਟਿਆਲਾ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ 125 ਤੱਕ ਪਹੁੰਚ ਗਈ ਹੈ। ਜ਼ਿਲ੍ਹਾ ਤਰਨ ਤਾਰਨ ਵਿਚ ਪਿਛਲੇ ਤਿੰਨ ਦਿਨਾਂ ਵਿਚ ਮਰਨ ਵਾਲਿਆਂ ਦੀ ਗਿਣਤੀ 93 ਹੋ ਗਈ ਹੈ। ਤਰਨ ਤਾਰਨ ਤੋਂ ਇਲਾਵਾ ਅੰਮ੍ਰਿਤਸਰ ਜ਼ਿਲ੍ਹੇ ਦੇ ਜੰਡਿਆਲਾ ਗੁਰੂ ਵਿੱਚ ਹੁਣ ਤੱਕ 13 ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਵਿਚ 15 ਮੌਤਾਂ ਹੋ ਚੁੱਕੀਆਂ ਹਨ। 

ਇਥੋਂ ਤੱਕ ਕਿ ਮਾਝੇ ਦੇ ਇਕ ਵਿਧਾਇਕ ਸਿੱਕੀ ਦੇ ਪੀ.ਏ. ਦਾ ਨਾਂਅ ਵੀ ਪੀੜਤ ਪਰਿਵਾਰਾਂ ਵਲੋਂ ਖੁੱਲ੍ਹ ਕੇ ਲਿਆ ਜਾ ਰਿਹਾ ਹੈ ਤੇ ਉਸ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਯੂਥ ਵਿੰਗ ਦੇ ਪ੍ਰਧਾਨ ਪਰਮਬੰਸ ਸਿੰਘ ਉਰਫ਼ ਬੰਟੀ ਰੋਮਾਣਾ ਦੀ ਅਗਵਾਈ ਵਿੱਚ ਪਿੰਡ ਭੁੱਲਰ ਦੇ ਇਕ ਪੀੜਤ ਪਰਿਵਾਰ ਦੀ ਔਰਤ ਕੰਵਲਜੀਤ ਕੌਰ ਨੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਤੇ ਉਸ ਦੇ ਨਿੱਜੀ ਸਹਾਇਕ ਜਰਮਨਜੀਤ ਸਿੰਘ ਖਿਲਾਫ਼ ਸ਼ਿਕਾਇਤ ਦਿੱਤੀ। ਉਸ ਨੇ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਇਸ ਕਾਰਨਾਮੇ ਪਿੱਛੇ ਹਾਕਮ ਧਿਰ ਦੇ ਆਗੂਆਂ ਦਾ ਹੀ ਹੱਥ ਹੈ। 

ਡੀਜੀਪੀ ਦਿਨਕਰ ਗੁਪਤਾ ਅਨੁਸਾਰ ਅੱਠ ਹੋਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ, ਜਿਨ੍ਹਾਂ ਵਿੱਚ ਲੁਧਿਆਣਾ ਪੇਂਟ ਵਪਾਰੀ ਰਾਜੇਸ਼ ਜੋਸ਼ੀ ਵੀ ਸ਼ਾਮਲ ਹੈ। ਜੋਸ਼ੀ ਨੇ ਜ਼ਹਿਰੀਲੀ ਸ਼ਰਾਬ ਬਣਾਉਣ ਲਈ ਵਰਤੇ ਜਾਂਦੇ ਤਿੰਨ ਡਰਮਾਂ ਦੀ ਸਪਲਾਈ ਕੀਤੀ। ਜੰਡਿਆਲਾ ਦਾ ਗੋਬਿੰਦਰ ਉਰਫ ਗੋਬਿੰਦਾ ਪਹਿਲਾਂ ਹੀ ਗ੍ਰਿਫਤਾਰ ਹੋ ਚੁੱਕਾ ਹੈ। 

ਪੁਲੀਸ ਨੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੀਆਂ ਪੰਜ ਔਰਤਾਂ ਸਮੇਤ ਹੁਣ ਤੱਕ 50 ਦੇ ਕਰੀਬ ਦੋਸ਼ੀ ਫੜੇ ਹਨ, ਪਰ ਵੱਡਾ ਦੋਸ਼ੀ ਅਜੇ ਤੱਕ ਗ੍ਰਿਫ਼ਤਾਰ ਨਹੀਂ ਹੋ ਸਕਿਆ ਜੋ ਇਨ੍ਹਾਂ ਦੀ ਰਾਜਨੀਤਕ ਸੁਰੱਖਿਆ ਕਰਦਾ ਹੈ। ਇਨ੍ਹਾਂ ਦੋਸ਼ੀਆਂ ਖਿਲਾਫ਼ ਆਬਕਾਰੀ ਐਕਟ ਅਧੀਨ ਕੇਸ ਦਰਜ ਕੀਤੇ ਹਨ। 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ ਵਿਚ ਬੀਤੇ ਦਿਨੀਂ 7 ਆਬਕਾਰੀ ਤੇ ਕਰ ਅਧਿਕਾਰੀ ਤੇ ਇੰਸਪੈਕਟਰ ਤੇ ਪੰਜਾਬ ਪੁਲਿਸ ਦੇ 2 ਡੀਐਸਪੀਜ਼ ਤੇ 4 ਐਸ.ਐਚ.ਓਜ਼. ਨੂੰ ਮੁਅੱਤਲ ਕਰਕੇ ਇਨ੍ਹਾਂ ਖਿਲਾਫ਼ ਜਾਚ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ। ਪੀੜਤ ਲੋਕਾਂ ਦਾ ਕਹਿਣਾ ਹੈ ਕਿ ਸ਼ਰਾਬ ਵੇਚਣ ਵਾਲਿਆਂ ਨੂੰ ਫੜਨਾ ਤਾਂ ਦੂਰ ਪੁਲਿਸ ਪਿੰਡ ਵਿਚ ਗੇੜਾ ਵੀ ਨਹੀਂ ਮਾਰਦੀ। ਪੁਲਿਸ ਕਰਮਚਾਰੀਆਂ ਅਤੇ ਸਿਆਸੀ ਆਗੂਆਂ ਦੀ ਸਰਪ੍ਰਸਤੀ ਨਾਲ ਇਹ ਧੰਦਾ ਪੂਰੇ ਜ਼ੋਰਾਂ ’ਤੇ ਚੱਲ ਰਿਹਾ ਹੈ। 

ਇੱਥੇ ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਚੋਣਾਂ 2017 ਤੋਂ ਪਹਿਲਾਂ ਪਵਿੱਤਰ ਗੁਟਕੇ ਉ¤ਪਰ ਹੱਥ ਰੱਖ ਕੇ ਸਹੁੰ ਚੁੱਕ ਕੇ ਦਾਅਵਾ ਕੀਤਾ ਸੀ ਕਿ ਚਾਰ ਹਫ਼ਤਿਆਂ ਵਿਚ ਪੰਜਾਬ ਨਸ਼ਾ ਮੁਕਤ ਹੋਵੇਗਾ ਪਰ ਹਾਲਾਤ ਜਿਉਂ ਦੇ ਤਿਉਂ ਹਨ। ਇਹ ਵੀ ਕਿਹਾ ਜਾਂਦਾ ਕਿ ਪੰਜਾਬ ਵਿਚ ਨਸ਼ਿਆਂ ਦਾ ਕਾਰੋਬਾਰ ਵਧਣ ਦਾ ਇੱਕ ਕਾਰਨ ਇਹ ਵੀ ਹੈ ਕਿ ਆਬਕਾਰੀ ਐਕਟ ਵਿਚ ਨਸ਼ੇ ਦੇ ਕਾਰੋਬਾਰ ’ਤੇ ਸਜ਼ਾ ਦਾ ਸਖ਼ਤ ਪ੍ਰਬੰਧ ਨਹੀਂ। ਜਿਨ੍ਹਾਂ ਲੋਕਾਂ ’ਤੇ ਮੁਕੱਦਮੇ ਦਰਜ ਹੁੰਦੇ ਹਨ ਰੋਜ਼ ਵਾਂਗ ਜਲਦ ਜ਼ਮਾਨਤ ’ਤੇ ਰਿਹਾਅ ਹੋ ਜਾਂਦੇ ਹਨ। ਇਸ ਤੋਂ ਇਲਾਵਾ ਆਬਕਾਰੀ ਐਕਟ ਵਿਚ ਸਜ਼ਾ ਦਾ ਪ੍ਰਬੰਧ ਸਿਰਫ਼ ਤਿੰਨ ਸਾਲ ਜਾਂ ਇਕ ਲੱਖ ਰੁਪਏ ਜ਼ੁਰਮਾਨਾ ਹੈ। ਪੰਜਾਬ ਵਿਚ ਗੈਰ ਕਾਨੂੰਨੀ ਨਸ਼ੇ ਦਾ ਕਾਰੋਬਾਰ ਤਿੰਨ ਹਜ਼ਾਰ ਕਰੋੜ ਰੁਪਏ ਦੇ ਆਸਪਾਸ ਪਹੁੰਚ ਚੁੱਕਾ ਹੈ। ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਪੰਜਾਬ ਵਿਚ ਹਰ ਸਾਲ ਦੋ ਹਜ਼ਾਰ ਕਰੋੜ ਦੀ ਨਕਲੀ ਸ਼ਰਾਬ ਵਿਕਦੀ ਹੈ।

ਵਿਰੋਧੀ ਪਾਰਟੀਆਂ ਵੱਲੋਂ ਨਿੰਦਾ 
ਸ਼੍ਰੋਮਣੀ ਦਲ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ, ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ, ਸੁਖਪਾਲ ਸਿੰਘ ਖਹਿਰਾ ਨੇ ਵੱਖ-ਵੱਖ ਮ੍ਰਿਤਕਾਂ ਦੇ ਘਰਾਂ ਵਿੱਚ ਜਾ ਕੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਇਸ ਕਾਰੇ ਪਿੱਛੇ ਹਾਕਮ ਧਿਰ ਦੇ ਹੱਥ ਹੋਣ ਦਾ ਦੋਸ਼ ਲਾਉਂਦਿਆਂ ਕਸੂਰਵਾਰਾਂ ਖ਼ਿਲਾਫ਼ ਕਾਰਵਾਈ ਕਰਨ ਲਈ ਹਾਈ ਕੋਰਟ ਦੇ ਸਿਟਿੰਗ ਜੱਜ ਕੋਲੋਂ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਪੀੜਤ ਪਰਿਵਾਰਾਂ ਲਈ ਐਲਾਨੀ ਗਈ ਦੋ ਲੱਖ ਰੁਪਏ ਮੁਆਵਜ਼ਾ ਰਾਸ਼ੀ ਵਧਾਉਣ ਅਤੇ ਹਰੇਕ ਪਰਿਵਾਰ ਦੇ ਇਕ-ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਵੀ ਕੀਤੀ। 

ਦੂਸਰੇ ਪਾਸੇ ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ, ਐ¤ਸਐ¤ਸਪੀ ਧਰੁਮਨ ਨਿੰਬਾਲੇ ਨੂੰ ਨਾਲ ਲੈ ਕੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਲੋਕਾਂ ਦਾ ਹਾਲ ਜਾਣਿਆ। ਇਸ ਮਾਮਲੇ ਪਿੱਛੇ ਹਾਕਮ ਧਿਰ ਦਾ ਹੱਥ ਹੋਣ ਸਬੰਧੀ ਦੋਸ਼ਾਂ ਨੂੰ ਨਕਾਰਿਆ।

‘ਆਪ’ ਪਾਰਟੀ, ਬਸਪਾ ਵੱਲੋਂ ਇਸ ਬਾਰੇ ਕੈਪਟਨ ਸਰਕਾਰ ਵਿਰੁੱਧ ਅੰਦੋਲਨ ਖੜੇ ਕੀਤੇ ਜਾ ਰਹੇ ਹਨ। ਸੁਖਦੇਵ ਸਿੰਘ ਢੀਂਡਸਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ, ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਕੈਪਟਨ ਸਰਕਾਰ ਦੀ ਸਖ਼ਤ ਨਿੰਦਾ ਕੀਤੀ ਹੈ ਕਿ ਉਹ ਪੰਜਾਬ ਦੇ ਕਿਰਤੀ ਲੋਕਾਂ ਦੀ ਸ਼ਰਾਬ ਨਾਲ ਹੋਈ ਮੌਤ ਦੇ ਜ਼ਿੰਮੇਵਾਰ ਹੈ, ਕਿਉਂਕਿ ਮਾਫੀਆ ਉਨ੍ਹਾਂ ਦੀਆਂ ਅਣਗਹਿਲੀ ਕਾਰਨ ਪੰਜਾਬ ਵਿਚ ਪਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਲੌਕਡਾਊਨ ਦੌਰਾਨ ਜਦੋਂ ਗੈਰ ਕਾਨੂੰਨੀ ਸ਼ਰਾਬ ਦਾ ਗੋਰਖਧੰਦਾ ਸਾਹਮਣੇ ਆਇਆ ਸੀ ਤਾਂ ਮੁੱਖ ਮੰਤਰੀ ਕੈਪਟਨ ਨੇ ਕੋਈ ਉਪਰਾਲਾ ਨਹੀਂ ਕੀਤਾ ਤੇ ਸਿਰਫ ਬਿਆਨਬਾਜ਼ੀ ਤੱਕ ਸੀਮਤ ਰਹੇ। ਕੈਪਟਨ ਦੇ ਹੁਕਮਾਂ ਦੀ ਅਫਸਰਸ਼ਾਹੀ ਨੇ ਕੋਈ ਪ੍ਰਵਾਹ ਨਹੀਂ ਕੀਤੀ, ਜਿਸ ਕਾਰਨ ਇਹ ਵੱਡਾ ਦੁਖਾਂਤ ਪੰਜਾਬ ਨੂੰ ਭੁਗਤਣਾ ਪਿਆ।

ਵਿਰੋਧੀ ਧਿਰ ਦੇ ਆਗੂਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਨੇ ਚਾਰ ਹਫ਼ਤਿਆਂ ਵਿਚ ਨਸ਼ਾ ਖ਼ਤਮ ਕਰਨ ਦਾ ਦਾਅਵਾ ਕੀਤਾ ਸੀ, ਪਰ ਕੈਪਟਨ ਸਰਕਾਰ ਤੋਂ ਚਿੱਟਾ ਤਾਂ ਖ਼ਤਮ ਹੋਇਆ ਨਹੀਂ, ਸਗੋਂ ਪੰਜਾਬ ਵਿੱਚ ਸ਼ਰਾਬ ਮਾਫੀਆ ਨੂੰ ਸਰਗਰਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਐਕਸਾਈਜ਼ ਵਿਭਾਗ ਖੁਦ ਮੁੱਖ ਮੰਤਰੀ ਕੈਪਟਨ ਕੋਲ ਹੈ, ਜਿਸ ਲਈ ਇਸ ਸਾਰੇ ਮਾਮਲੇ ਦੀ ਜ਼ਿੰਮੇਵਾਰੀ ਕੈਪਟਨ ਨੂੰ ਲੈਣੀ ਚਾਹੀਦੀ ਹੈ ਤੇ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।

ਕਾਂਗਰਸੀਆਂ ਨੇ ਕੈਪਟਨ ਖਿਲਾਫ਼ ਮੋਰਚਾ ਖੋਲ੍ਹਿਆ
ਕਾਂਗਰਸੀ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਨੇ ਪੰਜਾਬ ਦੇ ਸ਼ਰਾਬ ਮਾਫ਼ੀਏ ਦੇ ਮਾਮਲੇ ’ਤੇ ਆਪਣੀ ਹੀ ਪਾਰਟੀ ਦੀ ਸਰਕਾਰ ਖ਼ਿਲਾਫ਼ ਬਿਗਲ ਵਜਾ ਦਿੱਤਾ ਹੈ। ਦੋਵੇਂ ਸੰਸਦ ਮੈਂਬਰਾਂ ਨੇ ਸ਼ਰਾਬ ਮਾਫ਼ੀਏ ਦੇ ਮੁੱਦੇ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧਾ ਨਿਸ਼ਾਨੇ ’ਤੇ ਲਿਆ ਹੈ। ਦੋਵਾਂ ਨੇ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨਾਲ ਮੁਲਾਕਾਤ ਕੀਤੀ ਤੇ ਜ਼ਹਿਰੀਲੀ ਸ਼ਰਾਬ ਕਾਰਨ ਪੰਜਾਬ ਵਿੱਚ ਵਾਪਰੀ ਤਰਾਸਦੀ ਤੇ ਪੰਜਾਬ ਦੇ ਸ਼ਰਾਬ ਮਾਫ਼ੀਏ ਦੀ ਸੀਬੀਆਈ ਤੇ ਈਡੀ ਤੋਂ ਜਾਂਚ ਕਰਾਏ ਜਾਣ ਦੀ ਮੰਗ ਕੀਤੀ ਹੈ। ਦੋਵਾਂ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਦੀ ਜਾਂਚ ’ਤੇ ਭਰੋਸਾ ਨਹੀਂ ਹੈ। ਰਾਜਪਾਲ ਨੇ ਭਰੋਸਾ ਦਿੱਤਾ ਕਿ ਉਹ ਕੇਂਦਰ ਸਰਕਾਰ ਨੂੰ ਇਹ ਮੰਗ ਲਿਖਤੀ ਤੌਰ ’ਤੇ ਭੇਜ ਦੇਣਗੇ ਤੇ ਪੰਜਾਬ ਸਰਕਾਰ ਤੋਂ ਵੀ ਇਸ ਮਾਮਲੇ ’ਤੇ ਰਿਪੋਰਟ ਮੰਗਣਗੇ।

ਨਕਲੀ ਸ਼ਰਾਬ ਕਾਰਨ ਪੰਜਾਬ ਦਾ ਮਾਲੀਆ ਘਟਿਆ
ਪੰਜਾਬ ਸਰਕਾਰ ਨੇ ਮਾਰਚ 2017 ਵਿੱਚ ਸ਼ਰਾਬ ਤੋਂ 4406 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਮਾਰਚ 2018 ਵਿੱਚ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਨੇ ਸਰਕਾਰੀ ਖਾਤੇ ਵਿੱਚ 5135 ਕਰੋੜ ਰੁਪਏ ਲਿਆਂਦੇ ਸੀ। 2019 ਵਿਚ 6000 ਕਰੋੜ ਦਾ ਟੀਚਾ ਤੈਅ ਕੀਤਾ ਗਿਆ ਸੀ, ਪਰ ਆਮਦਨੀ ਘੱਟ ਕੇ 5072 ਕਰੋੜ ਹੋ ਗਈ। ਪਰ 2019 ਇਕ ਅਜਿਹਾ ਸਾਲ ਸੀ ਜਿਥੇ ਮਾਲੀਆ ਘਟਿਆ। ਇਸ ਦਾ ਸਿੱਧਾ ਕਾਰਨ ਪੰਜਾਬ ਵਿਚ ਨਾਜਾਇਜ਼ ਸ਼ਰਾਬ ਦੀ ਵਿਕਰੀ ਤੇਜ਼ ਹੋਣਾ ਸੀ। 

ਸਾਲ 2020-21 ਲਈ ਪੰਜਾਬ ਸਰਕਾਰ ਵਲੋਂ 6200 ਕਰੋੜ ਰੁਪਏ ਦੀ ਰਕਮ ਇਕੱਠੀ ਕਰਨ ਦਾ ਟੀਚਾ ਮਿੱਥਿਆ ਗਿਆ ਸੀ, ਪਰ ਕੋਰੋਨਾ ਵਾਇਰਸ ਦੌਰਾਨ ਪੰਜਾਬ ਵਿਚ ਸਿਆਸੀ ਸਰਪ੍ਰਸਤੀ ਅਤੇ ਪੁਲਿਸ ਦੀ ਮਿਲੀ ਭੁਗਤ ਨਾਲ ਵੱਡੇ ਪੱਧਰ ’ਤੇ ਚੱਲ ਰਹੇ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਤੋਂ ਘਬਰਾਏ ਠੇਕੇਦਾਰਾਂ ਵਲੋਂ ਵੱਡੇ ਪੱਧਰ ’ਤੇ ਸ਼ਰਾਬ ਦੇ ਠੇਕੇ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਸਿਆਸੀ ਦਬਾਅ ਦੇ ਨਾਲ-ਨਾਲ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਐ¤ਸ.ਐ¤ਸ.ਪੀਜ਼ ਨੂੰ ਦਿੱਤੇ ਗਏ ਨਿਰਦੇਸ਼ਾਂ ਤੋਂ ਬਾਅਦ ਸ਼ਰਾਬ ਦੇ ਠੇਕੇਦਾਰਾਂ ਨੂੰ ਇਹ ਕਹਿ ਕੇ ਕਾਰੋਬਾਰ ਦਿੱਤੇ ਗਏ ਕਿ ਉਨ੍ਹਾਂ ਦੇ ਹਲਕਿਆਂ ਵਿਚ ਨਾਜਾਇਜ਼ ਸ਼ਰਾਬ ਨਹੀਂ ਵਿਕਣ ਦਿੱਤੀ ਜਾਵੇਗੀ। ਠੇਕਿਆਂ ਦੀ ਨਿਲਾਮੀ ਦੇ ਕੁਝ ਦਿਨ ਪਹਿਲਾਂ ਤੇ ਕੁਝ ਦਿਨ ਬਾਅਦ ਧੜੱਲੇ ਨਾਲ ਨਾਜਾਇਜ਼ ਸ਼ਰਾਬ ਦੇ ਕਾਰੋਬਾਰੀਆਂ ਉ¤ਪਰ ਪਰਚੇ ਕੱਟ ਦਿੱਤੇ ਗਏ। ਕੁਝ ਦਿਨ ਬੀਤਣ ਤੋਂ ਬਾਅਦ ਪਰਨਾਲਾ ਉਥੇ ਦਾ ਉਥੇ ਰਹਿ ਗਿਆ। ਮਾਝੇ ਦੇ ਤਰਨਤਾਰਨ, ਅੰਮ੍ਰਿਤਸਰ, ਬਟਾਲਾ, ਗੁਰਦਾਸਪੁਰ, ਪਠਾਨਕੋਟ ਦੇ ਨਾਲ-ਨਾਲ ਦਰਿਆ ਦੇ ਲਾਗੇ ਪੈਂਦੇ ਜ਼ਿਲ੍ਹਾ ਫ਼ਿਰੋਜ਼ਪੁਰ, ਕਪੂਰਥਲਾ, ਫ਼ਾਜ਼ਿਲਕਾ, ਅਬੋਹਰ ਇਲਾਕਿਆਂ ਵਿਚ ਦੇਸੀ ਭੱਠੀ ਲਗਾ ਕੇ ‘ਲਾਹਣ’  ਤਿਆਰ ਕੀਤੀ ਜਾਣ ਲੱਗੀ। 

ਹਰਿਆਣਾ ਵਿੱਚ ਪੰਜਾਬ ਤੋਂ ਸਸਤੀ ਸ਼ਰਾਬ ਦੀ ਉਪਲਬਧਤਾ ਕਾਰਨ ਸ਼ਰਾਬ ਦੀ ਤਸਕਰੀ ਵਿੱਚ ਵਾਧਾ ਹੋਇਆ ਹੈ, ਜਿਸ ਨਾਲ ਨਾ ਸਿਰਫ ਪੰਜਾਬ ਸਰਕਾਰ ਦਾ ਮਾਲੀਆ ਨੁਕਸਾਨ ਹੋਇਆ, ਬਲਕਿ ਸ਼ਰਾਬ ਦੇ ਠੇਕੇ ਲੈਣ ਵਾਲੇ ਠੇਕੇਦਾਰਾਂ ਨੂੰ ਵੀ ਕਰੋੜਾਂ ਰੁਪਏ ਦਾ ਨੁਕਸਾਨ ਝੱਲਣਾ ਪਿਆ। ਪੁਲਿਸ ਗੁਆਂਢੀ ਸੂਬਿਆਂ ਤੋਂ ਆ ਰਹੀ ਸ਼ਰਾਬ ਨੂੰ ਰੋਕਣ ਵਿੱਚ ਅਸਫਲ ਰਹੀ ਹੈ। ਮਾਲਵੇ ਵਿੱਚ ਹਰਿਆਣਾ ਦੀ ਸ਼ਰਾਬ ਵਧੇਰੇ ਵਿਕਦੀ ਹੈ, ਜਦਕਿ ਦੁਆਬਾ ਤੇ ਮਾਝਾ ਵਿੱਚ ਕੱਚੀ ਸ਼ਰਾਬ ਮਾਫੀਆ ਨੇ ਆਪਣਾ ਪੈਰ ਜਮਾ ਲਿਆ ਹੈ।

ਇਸ ਤੋਂ ਇਲਾਵਾ ਅਰੁਣਾਚਲ ਪ੍ਰਦੇਸ਼ ਤੇ ਚੰਡੀਗੜ੍ਹ ਦੀ ਸ਼ਰਾਬ ਵੀ ਵਿਕਦੀ ਸੀ। ਸ਼ਰਾਬ ਦੇ ਕਾਰੋਬਾਰ ਨਾਲ ਜੁੜੇ ਜਾਣਕਾਰ ਕਹਿੰਦੇ ਹਨ ਕਿ ਕਾਬੂ ਕੀਤੀ ਜਾ ਰਹੀ ਸ਼ਰਾਬ ਦੀ ਮਾਤਰਾ ਲਿਆਂਦੀ ਜਾ ਰਹੀ ਕੁਲ ਸ਼ਰਾਬ ਦਾ 50 ਪ੍ਰਤੀਸ਼ਤ ਵੀ ਨਹੀਂ ਹੈ। ਅੰਗਰੇਜ਼ੀ ਸ਼ਰਾਬ ਦੀ ਉਹੀ ਬੋਤਲ ਪੰਜਾਬ ਵਿਚ 750 ਰੁਪਏ ਵਿਚ ਮਿਲਦੀ ਹੈ ਜੋ ਗੁਆਂਢੀ ਰਾਜਾਂ ਵਿਚ 250 ਰੁਪਏ ਵਿਚ ਮਿਲਦੀ ਹੈ। ਤਸਕਰ 100-150 ਰੁਪਏ ਪ੍ਰਤੀ ਬੋਤਲ ਦਾ ਫਰਕ ਰੱਖ ਕੇ ਖਪਤਕਾਰਾਂ ਨੂੰ 400 ਰੁਪਏ ਵਿੱਚ ਅੰਗਰੇਜ਼ੀ ਸ਼ਰਾਬ ਦੀ ਬੋਤਲ ਮੁਹੱਈਆ ਕਰਵਾ ਰਹੇ ਹਨ। ਤਸਕਰਾਂ ਨੇ ਨਕਲੀ ਸ਼ਰਾਬ ਵੀ ਬਣਾਈ ਅਤੇ ਇਸ ਨੂੰ ਮਿਕਸ ਵੀ ਕੀਤਾ। ਰਾਜਪੁਰਾ ਅਤੇ ਖੰਨਾ ਵਿਚ ਨਾਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ਚੱਲ ਰਹੀਆਂ ਸੀ। ਜਿਸ ਵਿਚ ਬ੍ਰਾਂਡ ਵਾਲੀ ਸ਼ਰਾਬ ਬਣਾ ਕੇ ਸਪਲਾਈ ਕੀਤੀ ਜਾਂਦੀ ਸੀ।

ਨਕਲੀ ਸ਼ਰਾਬ ਪੀਂਦੇ ਹਨ ਗਰੀਬ ਲੋਕ
ਦੇਸੀ ਸ਼ਰਾਬ ਹੇਠਲੇ ਵਰਗ ਦੇ ਲੋਕ ਹੀ ਜ਼ਿਆਦਾ ਪੀਂਦੇ ਹਨ, ਪਰ ਕੀਮਤ ਜ਼ਿਆਦਾ ਹੋਣ ਕਾਰਨ ਉਹ ਠੇਕੇ ਦੀ ਸ਼ਰਾਬ ਪੀਣ ਦੀ ਬਜਾਏ ਅਲਕੋਹਲ ਤੋਂ ਤਿਆਰ ਸ਼ਰਾਬ ਤੇ ਭੱਠੀਆਂ ਲਗਾ ਕੇ ਤਿਆਰ ਕੀਤੀ ਨਾਜਾਇਜ਼ ਸ਼ਰਾਬ ਪੀਣ ਨੂੰ ਹੀ ਪਹਿਲ ਦਿੰਦੇ ਹਨ। ਪਿੰਡਾਂ ਵਿਚ ਉਨ੍ਹਾਂ ਨੂੰ ਨਾਜਾਇਜ਼ ਸ਼ਰਾਬ ਦੀ ਸਪਲਾਈ ਘਰਾਂ ਤੱਕ ਵੀ ਮਿਲ ਜਾਂਦੀ ਹੈ ਤੇ 20-30 ਰੁਪਏ ਵਿਚ ਉਹ ਆਪਣੇ ਨਸ਼ੇ ਦੀ ਲਤ ਨੂੰ ਪੂਰਾ ਕਰ ਲੈਂਦੇ ਹਨ।

ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਵਲੋਂ ਹੁਣ ਭੱਠੀਆਂ ਲਗਾ ਕੇ ਨਾਜਾਇਜ਼ ਸ਼ਰਾਬ ਤਿਆਰ ਕਰਨ ਦੀ ਬਜਾਇ ‘ਮਿਥਾਈਲ ਅਲਕੋਹਲ’ ਵਿਚ ਪਾਣੀ ਪਾ ਕੇ ਸ਼ਰਾਬ ਤਿਆਰ ਕਰਨ ਨੂੰ ਹੀ ਤਰਜੀਹ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਮੱਝਾਂ ਨੂੰ ਲਗਾਉਣ ਵਾਲੇ ਟੀਕੇ ‘ਆਕਸੀਟੌਕਸਿਨ’ ਵੀ ਇਸ ਸ਼ਰਾਬ ਵਿਚ ਮਿਲਾ ਕੇ ਦਿੱਤੇ ਜਾਂਦੇ ਹਨ, ਤਾਂ ਜੋ ਪੀਣ ਵਾਲਿਆਂ ਨੂੰ ਜ਼ਿਆਦਾ ਨਸ਼ਾ ਹੋ ਸਕੇ। ਮਾਝੇ ਦੇ ਹਰੇਕ ਪਿੰਡ ਅਤੇ ਕਸਬਿਆਂ ਦੀਆਂ ਗਲੀਆਂ ਤੇ ਮੁਹੱਲਿਆਂ ਵਿਚ ‘ਮਿਥਾਈਲ ਅਲਕੋਹਲ’ ਤੋਂ ਸ਼ਰਾਬ ਤਿਆਰ ਕਰ ਕੇ ਪਲਾਸਟਿਕ ਦੀਆਂ ‘ਥੈਲੀਆਂ’ ਵਿਚ ਪਾ ਕੇ 20-20 ਰੁਪਏ ‘ਥੈਲੀ’ ਦੇ ਰੂਪ ਵਿਚ ਵੇਚੀ ਜਾ ਰਹੀ ਹੈ। ਐਕਸਾਈਜ਼ ਵਿਭਾਗ ਦੇ ਕੁਝ ਅਧਿਕਾਰੀਆਂ ਅਨੁਸਾਰ ਇਹ ਮਿਥਾਈਲ ਅਲਕੋਹਲ ਤੋਂ ਤਿਆਰ ਹੋਣ ਵਾਲੀ ਨਕਲੀ ਸ਼ਰਾਬ ਵਿਚ ਜੇਕਰ ਮਿਥਾਈਲ ਅਲਕੋਹਲ ਦੀ ਮਾਤਰਾ ਥੋੜ੍ਹੀ ਜਿਹੀ ਵੀ ਜ਼ਿਆਦਾ ਹੋ ਜਾਵੇ ਤਾਂ ਇਹ ਜਾਨਲੇਵਾ ਸਾਬਿਤ ਹੋ ਜਾਂਦੀ ਹੈ ਤੇ ਇਸ ਦਾ ਅਸਰ ਮਨੁੱਖ ਦੇ ਸਰੀਰ ਦੇ ਨਾਲ-ਨਾਲ ਉਨ੍ਹਾਂ ਦੀਆਂ ਅੱਖਾਂ ’ਤੇ ਵੀ ਪੈਂਦਾ ਹੈ। 

ਕੀ ਕਰੇ ਸਰਕਾਰ
ਪੰਜਾਬ ਵਿਚ ਹਰ ਰੋਜ਼ ਕੋਈ ਸਮੈਕ ਤੇ ਚਿੱਟੇ ਨਾਲ ਮਰ ਰਿਹਾ ਹੈ ਤੇ ਰਹਿੰਦੀ ਕਸਰ ਸ਼ਰਾਬ ਨੇ ਚਾਰ ਦਿਨਾਂ ਵਿੱਚ ਕੱਢ ਦਿੱਤੀ ਹੈ। ਸਰਕਾਰ ਨੂੰ ਸਖਤੀ ਨਾਲ ਨਸ਼ੇ ਦੇ ਸਮਗਲਰਾਂ ਨਾਲ ਨਜਿੱਠਣਾ ਚਾਹੀਦਾ ਹੈ। ਫਾਸਟ ਟਰੈਕ ਅਦਾਲਤਾਂ ਰਾਹੀਂ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਹੋਰ ਲੋਕ ਇਹੋ ਜਿਹੀਆਂ ਗਲਤੀ ਕਰਨ ਤੋਂ ਪਹਿਲਾਂ ਸੌ ਵਾਰ ਸੋਚਣ। ਪੰਜਾਬ ਅੰਦਰ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਦੀ ਗਿਣਤੀ ਭਾਵੇਂ ਕਿਸੇ ਵੀ ਮਹਾਮਾਰੀ ਦੇ ਸਾਰੇ ਰਿਕਾਰਡਾਂ ਨੂੰ ਮਾਤ ਪਾਉਂਦੀ ਹੈ, ਪਰ ਮਾਝੇ ਵਿੱਚ ਜਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਨੇ ਕਰੋਨਾ ਮਹਾਮਾਰੀ ਦਾ ਮੂੰਹ ਚਿੜਾਇਆ ਹੈ। 

ਨਸ਼ਿਆਂ ਨਾਲ ਹੋਣ ਵਾਲੀਆਂ ਮੌਤਾਂ ਦਾ ਇਹ ਵਰਤਾਰਾ ਪੰਜਾਬ ਅੰਦਰ ਕੋਈ ਨਵਾਂ ਵੀ ਨਹੀ ਹੈ, ਬਲਕਿ ਦਹਾਕਿਆਂ ਤੋ ਲਗਾਤਾਰ ਏਸੇ ਤਰ੍ਹਾਂ ਹੀ ਚੱਲਦਾ ਆ ਰਿਹਾ ਹੈ। ਕਿਸੇ ਸਮੇ ਸੋਹਣੇ ਸਡੌਲ ਤੇ ਤਕੜੇ ਜੁੱਸੇ ਵਾਲੇ ਅਣਖੀਲੇ ਪੰਜਾਬੀਆਂ ਕਰਕੇ ਪੰਜਾਬ ਦਾ ਨਾਮ ਲਿਆ ਜਾਂਦਾ ਸੀ, ਪ੍ਰੰਤੂ ਅੱਜ ਨਸ਼ਿਆਂ ਕਰਕੇ ਪੰਜਾਬ ਦਾ ਨਾਮ ਪੂਰੀ ਦੁਨੀਆਂ ਵਿੱਚ ਬਦਨਾਮ ਹੋ ਚੁੱਕਾ ਹੈ। ਹੈਰਾਨੀ ਇਸ ਗੱਲ ਤੋਂ ਹੁੰਦੀ ਹੈ ਕਿ ਪੰਜਾਬ ਦੇ ਲੋਕ ਇਸ ਬਿਮਾਰੀ ਦੀ ਸ਼ੁਰੂਆਤ  ਦੇ ਸਮੇ ਤੋ ਹੀ ਕੂਕ ਕੂਕ ਕੇ ਇਸ ਦੇ ਇਲਾਜ ਦੀ ਦੁਹਾਈ ਪਾਉਂਦੇ ਰਹੇ ਹਨ, ਪਰ ਕਿਸੇ ਵੀ ਸਰਕਾਰ ਨੇ, ਭਾਵੇਂ ਕੇਂਦਰ ਸਰਕਾਰ ਹੋਵੇ ਤੇ ਭਾਵੇਂ ਸੂਬਾ ਸਰਕਾਰ, ਇਸ ਪਾਸੇ ਧਿਆਨ ਨਹੀ ਦਿੱਤਾ। ਪੰਜਾਬ ਨੇ ਉਹ ਸਮੇ ਵੀ ਹੰਢਾਏ ਹਨ, ਜਦੋ ਪੰਜਾਬ ਦੇ ਸਿਵਿਆਂ ਦੀ ਅੱਗ ਕਦੇ ਵੀ ਠੰਡੀ ਨਹੀ ਸੀ ਪੈਂਦੀ। ਪੰਜਾਬ ਦੇ ਹਜਾਰਾਂ ਨੌਜਵਾਨ ਨਸ਼ਿਆਂ ਦੀ ਮਹਾਂਮਾਰੀ ਦੀ ਭੇਂਟ ਚੜ੍ਹ ਚੁੱਕੇ ਹਨ। 

ਸੂਬੇ ਵਿੱਚ ਅਜਿਹੇ ਹਜਾਰਾਂ ਅਭਾਗੇ ਮਾਪੇ  ਵਖਤ ਨੂੰ ਧੱਕੇ ਦੇਣ ਲਈ ਮਜਬੂਰ ਹਨ, ਜਿੰਨ੍ਹਾਂ ਦੇ ਬੁਢਾਪੇ ਦੀ ਡੰਗੋਰੀ  ਨਹੀਂ ਰਹੀ। ਸੈਂਕੜੇ ਔਰਤਾਂ ਅਜਿਹੀਆਂ ਵੀ ਮਿਲ ਜਾਣਗੀਆਂ, ਜਿੰਨ੍ਹਾਂ ਦੇ ਸਿਰ ਦੇ ਸਾਈਂ ਜਾਂ ਤਾਂ ਖੁਦਕੁਸ਼ੀਆਂ ਕਰ ਗਏ,ਜਾਂ ਫਿਰ ਨਸ਼ਿਆਂ ਦੀ ਲੱਤ ਵਿਚ ਲੱਗੀ ਔਲਾਦ ਦੇ ਕਹਿਰ ਦਾ ਸ਼ਿਕਾਰ ਹੋ ਕੇ ਜ਼ਿੰਦਗੀ ਤੋ ਹੱਥ ਧੋ ਬੈਠੇ ਹਨ। ਸੈਂਕੜੇ ਅਭਾਗਣ ਮੁਟਿਆਰਾਂ ਵੀ ਪੰਜਾਬ ਵਿੱਚ ਮਿਲ ਜਾਣਗੀਆਂ, ਜਿੰਨ੍ਹਾਂ ਦੇ ਸੁਹਾਗ ਉ¤ਜੜ ਗਏ। 

ਪੰਜਾਬ ਦੇ ਹਾਲਾਤ ਲਿਖਣ ਲੱਗਿਆਂ ਬੇਹੱਦ ਝਿਜਕ ਮਹਿਸੂਸ ਹੁੰਦੀ ਹੈ, ਕਿਉਕਿ ਜਿਸ ਪੰਜਾਬ ਦੇ ਗੱਭਰੂ ਨੇ ਕਦੇ ਅਬਦਾਲੀਆਂ ਦੁਰਾਨੀਆਂ ਦੇ ਰਸਤੇ ਰੋਕੇ ਸਨ, ਜਿੰਨ੍ਹਾਂ ਵਰਗੇ ਸੂਰਬੀਰ ਪੁੱਤਾਂ ਦੀ ਕਾਮਨਾ ਦੁਸ਼ਮਣਾਂ ਦੀਆਂ ਔਰਤਾਂ ਵੀ ਕਰਦੀਆਂ ਸਨ, ਅੱਜ ਉਹ ਪੰਜਾਬ ਦੇ  ਵਾਰਸਾਂ ਦੀ ਇਹ ਹਾਲਤ ਹੈ ਕਿ ਨਸ਼ਿਆਂ ਦੀ ਬਦੌਲਤ ਅੱਜ ਔਲਾਦ ਪੈਦਾ ਕਰਨ ਤੋ ਅਯੋਗ ਪਾਏ ਜਾ ਰਹੇ ਹਨ। ਇਹ ਬੇਹੱਦ ਅਫਸੋਸ ਨਾਲ ਲਿਖਣਾ ਪੈਂਦਾ ਹੈ ਕਿ ਇਸ ਮਹਾਂਮਾਰੀ ਨੂੰ ਕਿਸੇ ਨੇ ਨਾ ਹੀ ਗੰਭੀਰਤਾ ਨਾਲ ਸਮਝਿਆ ਅਤੇ ਨਾ ਹੀ ਇਸ ਮਹਾਂਮਾਰੀ ਦੀ ਰੋਕਥਾਮ ਲਈ ਗੰਭੀਰਤਾ ਨਾਲ ਸੋਚਿਆ ਗਿਆ। ਪੰਜਾਬ ਦੀ ਇਹ ਬਦਕਿਸਮਤੀ ਹੀ ਕਹੀ ਜਾ ਸਕਦੀ ਹੈ ਕਿ ਹਰ ਰੋਜ ਬਲ਼ਦੇ ਸਿਵਿਆਂ ਦਾ ਸੇਕ ਵੀ ਰਾਜ ਸੱਤਾ ਦੇ ਗਲਿਆਰਿਆਂ ਤੱਕ ਪਹੁੰਚ ਨਾ ਸਕਿਆ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਪੰਜਾਬ ਦੇ ਨੌਜਵਾਨ ਮਰਦੇ ਰਹੇ, ਸਿਵੇ ਬਲ਼ਦੇ ਰਹੇ ਤੇ ਰਾਜਨੀਤਕ ਲੋਕ ਪੰਜਾਬ ਦੀ ਜੁਆਨੀ ਦੇ ਹੋ ਰਹੇ ਦਰਦਨਾਕ ਖਾਤਮੇ ਤੋ ਬੇਫਿਕਰ ਨਸ਼ਿਆਂ ਦੇ ਕਾਰੋਬਾਰ ਦਾ ਪਸਾਰ ਕਰਕੇ ਰਾਜ ਸੱਤਾ ਦੀ ਕੁਰਸੀ ਨੂੰ ਪੱਕਿਆਂ ਕਰਨ ਦੇ ਮਨਸੂਬੇ ਬਣਾਉਂਦੇ ਰਹੇ। ਹਾਲਾਤ ਇਹ ਹੋ ਗਏ ਕਿ ਪੰਜਾਬ ਪੂਰੀ ਦੁਨੀਆਂ ਵਿੱਚ ਨਸ਼ਿਆਂ ਦੀ ਮੰਡੀ ਵਜੋਂ ਜਾਣਿਆ ਜਾਣ ਲੱਗਾ ਹੈ। ਇਹ ਸਾਰਾ ਕੁੱਝ ਰੋਕਿਆ ਕਿਉਂ ਨਹੀ ਜਾ ਸਕਿਆ? ਪੰਜਾਬ ਦੇ ਗੁਆਂਢੀ ਸੂਬਿਆਂ ਚ ਇਹ ਬਿਮਾਰੀ ਕਿਉਂ ਨਾ ਫੈਲੀ ? ਹਰਿਆਣਾ ਪਾਰ ਕਰਕੇ ਦਿੱਲੀ ਤੋ ਪੰਜਾਬ ਵਿਚ ਨਸ਼ਿਆਂ ਦੀ ਸਪਲਾਈ ਕਿਵੇਂ ਹੁੰਦੀ ਰਹੀ ਤੇ ਗੁਆਂਢੀ ਮੁਲਕ ਤੋ ਸਰਹੱਦ ਪਾਰ ਕਰਕੇ ਗੁਜਰਾਤ ਜਾਂ ਰਾਜਸਥਾਨ ਵਿਚ ਇਹ ਸਪਲਾਈ ਕਿਉਂ ਨਹੀ ਹੁੰਦੀ? ਕਿਉਂ ਇਹ ਸਾਰਾ ਕੁੱਝ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਵਰਤਿਆ ਜਾ ਰਿਹਾ ਹੈ, ਇਹ ਸੁਆਲ ਵੀ ਪੰਜਾਬ ਦੇ ਦਰਦਮੰਦਾਂ ਦੇ ਸਾਹਮਣੇ ਖੜੇ ਹਨ। ਪੰਜਾਬ ਦੇ ਲੋਕਾਂ ਨੇ ਕੈਪਟਨ ਵੱਲੋਂ ਕੀਤੇ ਵਾਅਦਿਆਂ ਤੇ ਭਰੋਸਾ ਕਰਕੇ ਉਹਨਾਂ ਨੂੰ ਵੋਟਾਂ ਪਾਈਆਂ ਸਨ ਤਾਂ ਕਿ ਨਸ਼ਿਆਂ ਦੇ ਰਾਹ ਪੈ ਕੇ ਮਰ ਰਹੀ ਪੰਜਾਬ ਦੀ ਜੁਆਨੀ ਨੂੰ ਬਚਾਇਆ ਜਾ ਸਕੇ,ਪਰ ਅਫਸੋਸ ! ਕਿ ਕੈਪਟਨ ਦੇ ਵਾਅਦੇ ਵੀ ਵਫਾ ਨਾ ਹੋਏ, ਪੰਜਾਬ ਸਰਕਾਰ ਵੀ ਨਸ਼ਿਆਂ ਨੂੰ ਰੋਕਣ ਵਿੱਚ ਸਫਲ ਨਾ ਹੋ ਸਕੀ। 

ਹੁਣ ਜੇਕਰ ਗੱਲ ਤਾਜ਼ਾ ਹਾਲਾਤਾਂ ਦੀ ਕੀਤੀ ਜਾਵੇ ਤਾਂ ਇੱਕ ਪਾਸੇ ਕਰੋਨਾ ਮਹਾਂਮਾਰੀ ਨੇ ਸਮੁੱਚੇ ਜੀਵਨ ਨੂੰ ਹਾਲੋਂ ਬੇਹਾਲ ਕੀਤਾ ਹੋਇਆ ਹੈ, ਆਰਥਿਕ ਹਲਾਤ ਵਿਗੜੇ ਹੋਏ ਹਨ, ਜਦੋ ਕਿ ਦੂਜੇ ਪਾਸੇ ਪੰਜਾਬ ਅੰਦਰ ਨਸ਼ਿਆਂ ਦਾ ਦੈਂਤ ਅੱਜ ਵੀ ਮੌਤ ਦਾ ਤਾਂਡਵ ਨਾਚ ਨੱਚ ਰਿਹਾ ਹੈ।