ਸੁਖਬੀਰ ਬ੍ਰਿਗੇਡ ਵੱਲੋਂ ਇਯਾਲੀ ਦੀ ਕਿਰਦਾਰਕੁਸ਼ੀ ਹੋਈ ਠੁੱਸ

ਸੁਖਬੀਰ ਬ੍ਰਿਗੇਡ ਵੱਲੋਂ ਇਯਾਲੀ ਦੀ ਕਿਰਦਾਰਕੁਸ਼ੀ ਹੋਈ ਠੁੱਸ

ਅੰਮ੍ਰਿਤਸਰ ਟਾਈਮਜ਼ 

ਲੁਧਿਆਣਾ (ਦੀਪ ਸਿੰਘ ਸਰਾਂ): 1920 ਵਿੱਚ ਸਥਾਪਿਤ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਪੂਰੀ ਇੱਕ ਸਦੀ ਬਾਅਦ ਗਰਦਿਸ਼ ਵਿੱਚ ਹੈ।ਅਜਿਹੀ ਸਥਿਤੀ 'ਚ ਵੀਂ ਸਿਧਾਂਤਾਂ ਦੀ ਲੜਾਈ ਨੂੰ ਲੈ ਕੇ ਬਾਦਲ ਪਰਿਵਾਰ ਖਿਲਾਫ ਮੋਰਚਾ ਖੋਲ੍ਹਣ ਵਾਲੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਜਿੱਥੇ ਸਿੱਖ ਭਾਈਚਾਰੇ ਅਤੇ ਪੰਜਾਬ ਹਿਤੈਸ਼ੀ ਵਰਗ ਵਿਚ ਚੋਖੀ ਥਾਂ ਬਣਾ ਚੁੱਕੇ ਹਨ। ਇਸ ਸਮੇਂ ਉਨ੍ਹਾਂ ਦਾ ਅਸੂਲਪ੍ਰਸਤ ਬੇਬਾਕ ਪ੍ਰਚਾਰ ਸੁਖਬੀਰ ਬਾਦਲ ਬ੍ਰਿਗੇਡ ਲਈ ਸਿਰ ਦਰਦ ਬਣਿਆ ਹੋਇਆ ਹੈ।

ਇਸ ਲਈ ਬਾਦਲ ਬ੍ਰਿਗੇਡ ਵੱਲੋਂ ਲੰਘੇ ਦਿਨ ਵਿਧਾਇਕ ਇਯਾਲੀ ਦੀ ਭਾਜਪਾ ਲੀਡਰ ਮਨਜਿੰਦਰ ਸਿੰਘ ਸਿਰਸਾ ਦੇ ਨਾਲ ਮੀਟਿੰਗ ਕੀਤੇ ਜਾਣ ਦੀਆਂ ਝੂਠੀਆਂ ਅਫਵਾਹਾਂ ਫੈਲਾਅ ਕੇ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਆਪਣੇ ਖਿਲਾਫ਼ ਫੈਲਾਈਆਂ ਜਾ ਰਹੀਆਂ ਝੂਠੀਆਂ ਅਫਵਾਵਾਂ ਦਾ ਵਿਧਾਇਕ ਇਯਾਲੀ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਖੰਡਨ ਹੀ ਨਹੀਂ ਕੀਤਾ ਸਗੋਂ ਅਕਾਲੀ ਬ੍ਰਿਗੇਡ ਦੇ ਕੂੜ ਪ੍ਰਚਾਰ ਦਾ ਜਨਾਜ਼ਾ ਕੱਢ ਕੇ ਰੱਖ ਦਿੱਤਾ।ਅਕਾਲੀ ਦਲ ਦੀ ਅਜਿਹੀ ਸਿਆਸਤ ਕਰਕੇ ਉਨ੍ਹਾਂ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਵੀਂ ਆਪਣੇ ਬੁਣੇ ਜਾਲ ਵਿਚ ਉਦੋਂ ਉਲਝ ਗਏ ਜਦੋਂ ਉਨ੍ਹਾਂ ਵੱਲੋਂ ਇਯਾਲੀ -ਸਿਰਸਾ ਮੀਟਿੰਗ ਨੂੰ ਅਧਾਰ ਬਣਾ ਕੇ ਜਨਤਕ ਰੂਪ ਵਿੱਚ ਇਯਾਲੀ ਦੀ ਕਿਰਦਾਰਕੁਸ਼ੀ ਕਰਨ ਲਈ ਦਾਗਿਆ ਜ਼ੁਬਾਨੀ ਤੀਰ ਉਨ੍ਹਾਂ ਲਈ ਨੁਕਸਾਨਦੇਹ ਸਾਬਤ ਹੋ ਗਿਆ ਜਦੋਂ ਵਿਧਾਇਕ ਇਯਾਲੀ ਦਾ ਲਾਈਵ ਸਪਸ਼ਟੀਕਰਨ ਸੁਣ ਸੂਬੇ ਦੀ ਅਵਾਮ ਨੇ ਸੋਸ਼ਲ ਮੀਡੀਆ ਤੇ ਵਿਰਸਾ ਸਿੰਘ ਵਲਟੋਹਾ ਦੀ ਰੇਲ ਬਣਾਉਣੀ ਸ਼ੁਰੂ ਕਰ ਦਿੱਤੀ।ਇਸ ਸਬੰਧੀ ਇੱਕ ਸੀਨੀਅਰ ਅਕਾਲੀ ਆਗੂ ਨੇ ਆਪਣਾ ਨਾਂ ਗੁਪਤ ਰੱਖਣ ਸ਼ਰਤ ਰੱਖਦਿਆਂ ਕਿਹਾ ਕਿ ਰਾਸ਼ਟਰਪਤੀ ਨੂੰ ਵੋਟ ਪਾਉਣ ਦੇ ਮੁੱਦੇ 'ਤੇ ਬਾਦਲ ਪਰਿਵਾਰ ਨਾਲੋਂ ਵੱਖਰੀ ਸੁਰ ਰੱਖਣ ਕਾਰਨ ਵਿਧਾਇਕ ਇਯਾਲੀ ਬਾਦਲ ਪਰਿਵਾਰ ਦੀਆਂ ਅੱਖਾਂ ਵਿੱਚ ਰੜਕਣ ਲੱਗ ਪਿਆ ਸੀ । ਪਰ ਆਪਣੀ ਡਾਵਾਂਡੋਲ ਸਥਿਤੀ ਕਾਰਨ ਬਾਦਲਾਂ ਨੇ ਜਨਤਕ ਤੌਰ 'ਤੇ ਇਯਾਲੀ ਨਾਲ ਟਕਰਾਅ ਦੀ ਰਾਜਨੀਤੀ ਵਿੱਚ ਪੈਣਾ ਮੁਨਾਸਬ ਨਾ ਸਮਝਿਆ ਪਰ ਉਨ੍ਹਾਂ ਆਪਣੀ ਰਵਾਇਤੀ ਅਨੁਸਾਰ ਹਲਕੇ ਦਾਖਾ ਤੋਂ ਦੂਜੇ ਦਰਜੇ ਦੇ ਕਈ ਅਕਾਲੀ ਆਗੂਆਂ ਤੋਂ ਵਿਧਾਇਕ ਇਯਾਲੀ ਦਾ ਵਿਰੋਧ ਕਰਵਾਉਣ ਲਈ ਪੂਰੀ ਟਿੱਲ ਦਾ ਜੋਰ ਲਾਇਆ ਜਿਵੇਂ ਕਦੇ ਸਵਰਗਵਾਸੀ ਜਥੇਦਾਰ ਟੌਹੜਾ ਦੇ ਖਿਲਾਫ ਲਾਇਆ ਸੀ ਜਾਂ ਹੁਣ ਜਗਮੀਤ ਸਿੰਘ ਬਰਾੜ ਦੇ ਖ਼ਿਲਾਫ਼ ਕਰ ਰਹੇ ਹਨ ਪਰ ਜਦੋਂ ਉਨ੍ਹਾਂ ਦੀ ਇਹ ਰਣਨੀਤੀ ਹਲਕਾ ਦਾਖਾ ਵਿੱਚ ਠੁੱਸ ਹੋ ਗਈ ਤਾਂ ਸੁਖਬੀਰ ਬ੍ਰਿਗੇਡ ਨੇ ਅਗਲੀ ਚਾਲ ਚੱਲਦਿਆਂ ਜਨਤਕ ਤੌਰ ਤੇ ਇਯਾਲੀ ਦੀ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ । ਅਕਾਲੀ ਦਲ ਦੇ ਇਸ ਨੌਜਵਾਨ ਆਗੂ ਨੇਆਪਣੇ ਖ਼ਿਲਾਫ਼ ਹੋ ਰਹੇ ਝੂਠੇ ਪ੍ਰਚਾਰ ਦਾ ਸਪੱਸ਼ਟ ਚਿਹਰਾ ਲੋਕਾਂ ਸਾਹਮਣੇ ਲਿਆ ਕੇ  ਪਾਰਟੀ ਦੇ ਸੀਨੀਅਰ ਆਗੂਆਂ ਨੂੰ ਧੋਬੀ ਪਟਕਾ ਦਿੰਦੇ ਹੋਏ ਚਾਰੇ ਖਾਨੇ ਚਿੱਤ ਕਰ ਦਿੱਤਾ। ਹੁਣ ਵੇਖਣਾ ਇਹ ਹੈ ਕਿ ਸੁਖਬੀਰ ਬਾਦਲ ਅਤੇ ਮਨਪ੍ਰੀਤ ਇਯਾਲੀ ਵਿੱਚ ਛਿੜੀ ਸਿਆਸੀ ਜੰਗ ਭਵਿੱਖ ਵਿਚ ਕਿਹੜਾ ਨਵਾਂ ਰੰਗ ਦਿਖਾਉਂਦੀ ਹੈ।