ਨਕਲੀ ਸ਼ਰਾਬ ਬਣਾਉਣ ਦੇ ਦੋਸ਼ ’ਚ ਤਿੰਨ ਭਾਜਪਾ ਆਗੂ ਕਾਬੂ
Jun 18, 2021
0
ਅੰਮ੍ਰਿਤਸਰ ਟਾਈਮਜ਼ ਬਿਉਰੋ
ਆਦਮਪੁਰ :ਪੁਲੀਸ ਅਤੇ ਐਕਸਾਇਜ਼ ਵਿਭਾਗ ਵਲੋਂ ਸਾਂਝੇ ਤੌਰ ’ਤੇ ਵਡੀ ਕਾਰਵਾਈ ਕਰਦਿਆਂ ਪਿੰਡ ਧੋਗੜੀ ਨੇੜੇ ਨਕਲੀ ਸ਼ਰਾਬ ਬਣਾਉਣ ਦੀ ਫੈਕਟਰੀ ਨੂੰ ਸੀਲ ਕਰਕੇ ਤਿੰਨ ਭਾਜਪਾ ਆਗੂਆਂ ਨੂੰ ਨਾਮਜ਼ਦ ਕੀਤਾ ਹੈ। ਇਹ ਤਿੰਨੇ ਸਕੇ ਭਰਾ ਹਨ। ਆਦਮਪੁਰ ਪੁਲੀਸ ਅਧੀਨ ਪਿੰਡ ਸਮਸਤੀਪੁਰ ਵਿਚ ਸਥਿਤ ਨਕਲੀ ਸ਼ਰਾਬ ਬਣਾਉਣ ਵਾਲੀ ਫੈਕਟਰੀ ਵਿਚ ਪੁਲੀਸ ਅਤੇ ਐਕਸਾਇਜ਼ ਵਿਭਾਗ ਵਲੋਂ ਸਾਂਝੇ ਤੌਰ ’ਤੇ ਛਾਪਾ ਮਾਰ ਕੇ ਨਕਲੀ ਸ਼ਰਾਬ ਬਣਾਉਣ ਵਾਲੀ ਮਸ਼ੀਨ, ਸ਼ਰਾਬ ਬਣਾਉਣ ਦਾ ਮਸਾਲਾ, 11990 ਖਾਲੀ ਬੋਤਲਾਂ, 3840 ਖਾਲੀ ਗੱਤੇ ਦੇ ਡੱਬੇ ਤੇ ਹੋਰ ਸਾਮਾਨ ਬਰਾਮਦ ਕੀਤਾ। ਆਦਮਪੁਰ ਥਾਣੇ ਵਿਚ ਦਰਜ ਮਾਮਲੇ ਵਿੱਚ ਭਾਜਪਾ ਆਗੂ ਰਾਜਨ ਅੰਗੂਰਾਲ, ਸਨੀ ਅੰਗੂਰਾਲ, ਸ਼ੀਤਲ ਅੰਗੂਰਾਲ ਵਾਸੀ ਸ਼ੀਲਾ ਨਗਰ ਜਲੰਧਰ ਨੂੰ ਨਾਮਜ਼ਦ ਕੀਤਾ ਹੈ। ਪੁਲੀਸ ਵਲੋਂ ਜੱਦ ਫੈਕਟਰੀ ਵਿਚ ਛਾਪਾ ਮਾਰਿਆ ਤਾਂ ਸਨੀ ਅੰਗੂਰਾਲ ਅਤੇ ਉਸ ਦਾ ਬਾਊਂਸਰ ਸਾਥੀ ਚਿੱਟੀ ਅਲਟੋ ਕਾਰ ਵਿਚ ਫਰਾਰ ਹੋ ਗਏ ਤੇ ਪੁਲੀਸ ਪਾਰਟੀ ਵਲੋਂ ਇਨ੍ਹਾਂ ਦਾ ਪਿੱਛਾ ਕਰਕੇ ਫੈਕਟਰੀ ਤੋਂ ਥੋੜੀ ਦੂਰ ਇਨ੍ਹਾਂ ਨੂੰ ਰੋਕਿਆ ਤੇ ਵਾਪਸ ਫੈਕਟਰੀ ਲੈ ਕੇ ਆਏ। ਪੁਲੀਸ ਨੇ ਦੋਵਾਂ ਤੋਂ ਮੋਬਾਈਲ ਮੰਗੇ ਤਾਂ ਸਨੀ ਅੰਗੂਰਾਲ ਤੈਸ਼ ਵਿਚ ਆ ਗਿਆ ਤੇ ਚੈਕਿੰਗ ਟੀਮ ਨਾਲ ਕਥਿਤ ਹੱਥੋਪਾਈ ਕਰਨ ਲੱਗਿਆ। ਟੀਮ ਨੇ ਫੈਕਟਰੀ ਦੀ ਤਲਾਸ਼ੀ ਲੈਣੀ ਸ਼ੁਰੂ ਕੀਤੀ ਤਾਂ ਨਕਲੀ ਸ਼ਰਾਬ ਬਣਾਉਣ ਦਾ ਪਰਦਾਫਾਸ਼ ਹੋਇਆ।
Comments (0)