ਮਾਮਲਾ ਨੋਟਾਂ ਵਾਲੇ ਬਾਬੇ ਦੀ ਗਿ੍ਫ਼ਤਾਰੀ ਦਾ 

ਮਾਮਲਾ ਨੋਟਾਂ ਵਾਲੇ ਬਾਬੇ ਦੀ ਗਿ੍ਫ਼ਤਾਰੀ ਦਾ 

 *ਕਈ ਰਾਜ਼ਦਾਰ  ਸ਼ਰਧਾਲੂਆਂ ਦੇ ਸਾਹ ਸੁੱਕੇ

 *ਮੁੜ ਗੋਰਖਧੰਦਾ ਚਾਲੂ ਕਰਨ ਲਈ ਯਤਨਸ਼ੀਲ ਮੋਹਤਬਰਾਂ ਦੇ ਸੁਪਨੇ ਚਕਨਾਚੂਰ                                                 

  ਅੰਮ੍ਰਿਤਸਰ ਟਾਈਮਜ਼ ਬਿਊਰੋ               

  ਮਲੇਰਕੋਟਲਾ - ਇਥੋੋਂਂ ਨੇੜਲੇ ਪਿੰਡ ਕੁਠਾਲਾ ਵਿਖੇ ਭਗਤ ਰਵਿਦਾਸ ਦੀ ਯਾਦ 'ਚ ਬਣੇ ਗੁਰਦੁਆਰੇ ਵਿਚ ਅਖੰਡ ਪਾਠਾਂ ਦੀ ਭੇਟਾ ਦੇ ਨਾਂਅ ਹੇਠ ਜਮ੍ਹਾਂ ਕਰਵਾਈ ਮਾਇਆ ਕੁਝ ਦਿਨਾਂ ਅੰਦਰ ਹੀ ਅੱਠ ਗੁਣਾ ਰਕਮ ਵਾਪਸ ਕਰਨ ਦੇ ਨਾਮ ਹੇਠ ਲੋਕਾਂ ਨਾਲ ਕਥਿਤ ਤੌਰ 'ਤੇ ਕਰੋੜਾਂ ਰੁਪਏ ਦੀ ਠੱਗੀ ਮਾਰ ਕੇ ਫ਼ਰਾਰ ਹੋਏ ਬਾਬਾ ਗੁਰਮੇਲ ਸਿੰਘ ਦੀ  ਸੰਦੌੜ ਪੁਲਿਸ ਵਲੋਂ ਕੀਤੀ ਗਿ੍ਫ਼ਤਾਰੀ ਪਿੱਛੋਂ ਬਾਬੇ ਦੇ ਗੋਰਖ-ਧੰਦੇ ਨਾਲ ਨੇੜਿਉਂ ਜੁੜੇ ਰਹੇ ਰਾਜ਼ਦਾਰ ਸ਼ਰਧਾਲੂਆਂ ਦੇ ਸਾਹ ਸੁੱਕਣ ਲੱਗੇ ਹਨ । ਥਾਣਾ ਸੰਦੌੜ ਇੰਸਪੈਕਟਰ ਯਾਦਵਿੰਦਰ ਸਿੰਘ ਮੁਤਾਬਿਕ ਬਾਬਾ ਗੁਰਮੇਲ ਸਿੰਘ  ਤੋਂ ਉਸ ਦੇ ਮਾਇਆ ਗੋਰਖ-ਧੰਦੇ ਬਾਰੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ । ਥਾਣਾ ਮੁਖੀ ਨੇ ਦੱਸਿਆ ਕਿ ਗੁਰਮੇਲ ਸਿੰਘ ਹਾਲੇ ਵੀ ਆਪਣਾ ਪੁਰਾਣਾ ਧੰਦਾ ਫਿਰ ਸ਼ੁਰੂ ਕਰਨ ਲਈ ਲੋਕਾਂ ਨੂੰ ਆਨ ਲਾਈਨ ਰਕਮਾਂ ਜਮ੍ਹਾਂ ਕਰਵਾਉਣ ਲਈ ਪ੍ਰੇਰ ਰਿਹਾ ਸੀ ।ਕਰੀਬ ਛੇ ਮਹੀਨਿਆਂ ਤੋਂ ਫ਼ਰਾਰ ਬਾਬਾ ਗੁਰਮੇਲ ਸਿੰਘ ਦੀ ਗਿ੍ਫ਼ਤਾਰੀ ਦਾ ਪਤਾ ਲੱਗਦਿਆਂ ਹੀ ਬਾਬੇ ਦੀਆਂ ਸੱਜੀਆਂ ਖੱਬੀਆਂ ਬਾਂਹਾਂ ਰਹੇ ਸ਼ਰਧਾਲੂਆਂ ਨੂੰ ਵੀ ਅਣਕਿਆਸਾ ਡਰ ਸਤਾਉਣ ਲੱਗਿਆ ਹੈ । ਜਾਣਕਾਰੀ ਮੁਤਾਬਿਕ ਗ੍ਰੰਥੀ ਗੁਰਮੇਲ ਸਿੰਘ ਖ਼ਿਲਾਫ਼ ਸੰਦੌੜ ਪੁਲਿਸ ਨੇ 10 ਜਨਵਰੀ 2021 ਅਤੇ 16 ਜਨਵਰੀ 2021 ਨੂੰ ਵੱਖ-ਵੱਖ ਧਾਰਾਵਾਂ ਤਹਿਤ ਦੋ ਮਾਮਲੇ ਦਰਜ ਕੀਤੇ ਸਨ । ਇਨ੍ਹਾਂ ਵਿਚੋਂ 10 ਜਨਵਰੀ ਨੂੰ ਜਸਪ੍ਰੀਤ ਸਿੰਘ  ਪਿੰਡ ਕੁਠਾਲਾ ਵਲੋਂ ਗ੍ਰੰਥੀ ਗੁਰਮੇਲ ਸਿੰਘ ਤੇ ਗੁਰਦੁਆਰਾ ਕਮੇੇਟੀ ਦੇ ਖ਼ਜ਼ਾਨਚੀ ਦੱਸੇ ਜਾਂਦੇ ਹਾਕਮ ਸਿੰਘ  ਸਮੇਤ 25 ਵਿਅਕਤੀਆਂ ਖ਼ਿਲਾਫ਼ ਕਈ ਅਪਰਾਧਿਕ ਧਾਰਾਵਾਂ ਤਹਿਤ ਮਾਮਲਾ ਨੰਬਰ 4 ਦਰਜ ਕਰਵਾਇਆ ਗਿਆ ਸੀ ਜਦ ਕਿ 16 ਜਨਵਰੀ ਨੂੰ ਗ੍ਰੰਥੀ ਗੁਰਮੇਲ ਸਿੰਘ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਾਹਰ ਸਿੰਘ , ਸਕੱਤਰ ਅਜੈਬ ਸਿੰਘ ਤੇ ਖ਼ਜ਼ਾਨਚੀ ਹਾਕਮ ਸਿੰਘ  ਆਦਿ ਖ਼ਿਲਾਫ਼ ਠੱਗੀ ਅਤੇ ਪ੍ਰਾਈਜ਼ ਚਿੱਟਸ ਐਂਡ ਮਨੀ ਸਰਕੂਲੇਸ਼ਨ ਸਕੀਮ ਐਕਟ 1978 ਦੀਆਂ ਧਾਰਾਵਾਂ 4 ਤੇ 5 ਤਹਿਤ ਮੁਕੱਦਮਾ ਨੰਬਰ 9 ਦਰਜ ਕੀਤੇ ਗਏ ਸਨ । ਪੁਲਿਸ ਵਲੋਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ, ਸਕੱਤਰ ਤੇ ਖ਼ਜ਼ਾਨਚੀ ਪਹਿਲਾਂ ਹੀ ਗਿ੍ਫ਼ਤਾਰ ਕੀਤੇ ਜਾ ਚੁੱਕੇ ਹਨ ।

                                       ਕਈ ਥਾਵਾਂ 'ਤੇ ਚਲਾ ਰੱਖੇ ਸਨ  ਗੋਰਖ-ਧੰਦੇ

     ਬਰਨਾਲਾ ਨੇੜਲੇ ਪਿੰਡ ਜਲੂਰ ਦੇ ਵਾਸੀ ਗ੍ਰੰਥੀ ਗੁਰਮੇਲ ਸਿੰਘ ਨੇ ਪਿੰਡ ਕੁਠਾਲਾ ਦੇ ਗੁਰਦੁਆਰਾ ਸ੍ਰੀ ਰਵਿਦਾਸ ਭਗਤ ਦੇ ਪ੍ਰਬੰਧਕਾਂ ਨਾਲ ਮਿਲ ਕੇ ਅਖੰਡ ਪਾਠ ਦੀ ਭੇਟਾ ਦੇ ਨਾਂਅ ਹੇਠ ਤਿੰਨ ਹਜ਼ਾਰ ਦੀ ਰਾਸ਼ੀ ਜਮ੍ਹਾਂ ਕਰਵਾਉਣ ਵਾਲੇ ਨੂੰ 24 ਹਜ਼ਾਰ, 30 ਹਜ਼ਾਰ ਵਾਲੇ ਨੂੰ 2.40 ਲੱਖ ਅਤੇ ਤਿੰਨ ਲੱਖ ਵਾਲੇ ਨੂੰ 24 ਲੱਖ ਰੁਪਏ ਵਾਪਸ ਦੇਣ ਦਾ ਵਾਅਦਾ ਕਰਕੇ ਇਲਾਕੇ ਦੇ ਹਜ਼ਾਰਾਂ ਲੋਕਾਂ ਨੂੰ ਆਪਣੇ ਜਾਲ ਵਿਚ ਫਸਾਇਆ । ਮੁੱਢਲੇ ਦਿਨਾਂ ਦੌਰਾਨ ਇਸ ਯੋਜਨਾ ਦਾ ਲਾਭ ਲੈਣ ਵਾਲਿਆਂ 'ਚ ਸ਼ਾਮਿਲ ਬਹੁਤੇ ਨੌਜਵਾਨਾਂ ਨੇ ਗ੍ਰੰਥੀ ਤੇ ਪ੍ਰਬੰਧਕ ਕਮੇਟੀ ਦੇ ਸੁਰੱਖਿਆ ਦਸਤੇ ਵਜੋਂ ਡਿਊਟੀਆਂ ਸਾਂਭ ਲਈਆਂ । ਹੈਰਾਨੀ ਦੀ ਗੱਲ ਇਹ ਕਿ ਰਾਸ਼ੀ ਜਮ੍ਹਾ ਕਰਵਾਉਣ ਵਾਲੇ ਹਰ ਵਿਅਕਤੀ ਕੋਲੋਂ ਆਪਣੀ ਮਰਜ਼ੀ ਨਾਲ ਰਾਸ਼ੀ ਜਮ੍ਹਾ ਕਰਵਾਉਣ ਅਤੇ ਭਵਿੱਖ ਵਿਚ ਕੋਈ ਵੀ ਪੈਸਾ ਨਾ ਮੰਗਣ ਦੇ ਪਹਿਲਾਂ ਹੀ ਛਪਵਾਏ ਇਕ ਸਵੈ ਘੋਸ਼ਣਾ ਪੱਤਰ ਉੱਪਰ ਦਸਤਖ਼ਤ ਵੀ ਕਰਵਾ ਲਏ ਜਾਂਦੇ ਸਨ । ਰੋਜ਼ਾਨਾ ਕਰੋੜਾਂ ਰੁਪਏ ਦੀ ਜਮ੍ਹਾ ਹੁੰਦੀ ਰਹੀ ਨਕਦੀ ਦਾ ਸਬੰਧਤ ਗ੍ਰੰਥੀ ਅਤੇ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਉੱਪਰ ਵੀ ਅਸਰ ਵਿਖਾਈ ਦੇਣ ਲੱਗਿਆ ਸੀ । ਗ੍ਰੰਥੀ ਦੀ ਸੁਰੱਖਿਆ ਲਈ ਬਾਕਾਇਦਾ ਹਥਿਆਰਬੰਦ ਅਮਲਾ ਭਰਤੀ ਕਰ ਲਿਆ ਗਿਆ ।ਆਪਣੇ ਕਰੋੜਾਂ ਦੇ ਗੋਰਖ-ਧੰਦੇ ਨੂੰ ਸਮਾਜ ਸੇਵਾ ਦਾ ਮੁਲੱਮਾਂ ਚਾੜ੍ਹਦਿਆਂ ਗ੍ਰੰਥੀ ਅਤੇ ਪ੍ਰਬੰਧਕਾਂ ਨੇ ਨੌਜਵਾਨਾਂ ਨੂੰ ਬੁਲਟ ਮੋਟਰਸਾਇਕਲ, ਕੁਝ ਧਾਰਮਿਕ ਅਸਥਾਨਾਂ ਨੂੰ ਬਿਜਲੀ ਜਨਰੇਟਰ ਤੇ ਟਰੈਕਟਰ ਆਦਿ ਭੇਟ ਕਰਨ ਸਮੇਤ ਕਈ ਸਮਾਜ ਸੇਵੀ ਸਰਗਰਮੀਆਂ ਦੀਆਂ ਤਸਵੀਰਾਂ ਗੁਰਦੁਆਰਾ ਸਾਹਿਬ ਦੇ ਨਾਂਅ ਹੇਠ ਬਣਾਏ ਫੇਸਬੁੱਕ ਪੰਨੇ ਉੱਪਰ ਅੱਪ ਲੋਡ ਕਰਨੀਆਂ ਸ਼ੁਰੂ ਕਰ ਦਿੱਤੀਆਂ ।ਪ੍ਰਬੰਧਕਾਂ ਵਲੋਂ ਇਸ ਕਾਰੋਬਾਰ ਦੀ ਨਵੀਂ ਬਰਾਂਚ ਪਿੰਡ ਕੁੱਪ ਖ਼ੁਰਦ ਤੇ ਬਰਨਾਲਾ ਜਿਲ੍ਹੇ ਦੇ ਪਿੰਡ ਰੰਗੀਆਂ ਵਿਖੇ ਵੀ ਖੋਹਲ ਦਿਤੀ ਗਈ । ਪਿੰਡ ਕੁਠਾਲਾ ਤੇ ਕੁੱਪ ਖ਼ੁਰਦ ਵਿਖੇ ਹਜ਼ਾਰਾਂ ਲੋਕਾਂ ਤੋਂ ਕਰੋੜਾਂ ਰੁਪਏ ਇਕੱਠੇ ਕਰਨ ਵਾਲੇ ਪ੍ਰਬੰਧਕਾਂ ਵਲੋਂ ਬਾਕਾਇਦਾ ਇਕ ਵੈੱਬਸਾਈਟ ਜਾਰੀ ਕਰਕੇ ਆਨ ਲਾਈਨ ਅਦਾਇਗੀਆਂ ਕਰਨ ਦੇ ਦਿਖਾਏ ਜਾ ਰਹੇ 'ਲਾਲੀਪਾਪ' ਨੇ ਵਗਦੀ ਗੰਗਾ 'ਚ ਹੱਥ ਧੋਣ ਆਏ ਲੋਕਾਂ ਦੀਆਂ ਧੜਕਣਾਂ ਵਧਾ ਦਿੱਤੀਆਂ ।ਮੁੱਢਲੇ ਦਿਨਾਂ ਵਿਚ ਲੋਕਾਂ ਨੂੰ ਵਾਅਦੇ ਮੁਤਾਬਿਕ ਰਕਮ ਵਾਪਸ ਵੀ ਕੀਤੀ ਜਾਂਦੀ ਰਹੀ ਪਰੰਤੂ ਅਖੀਰ ਕੁਝ ਸਮੇਂ ਪਿੱਛੋਂ ਗ੍ਰੰਥੀ ਲੋਕਾਂ ਦੇ ਕਰੋੜਾਂ ਰੁਪਏ ਲੈ ਕੇ ਫ਼ਰਾਰ ਹੋ ਗਿਆ ।

ਪੁਲਿਸ ਥਾਣਾ ਸੰਦੌੜ ਵਿਖੇ ਦਰਜ ਦੋ ਮਾਮਲਿਆਂ 'ਚ ਫ਼ਰਾਰ ਹੋਣ ਦੇ ਬਾਵਜੂਦ ਬਾਬਾ ਗੁਰਮੇਲ ਸਿੰਘ ਨੂੰ ਪਿੰਡ ਕੁਠਾਲਾ ਦਾ ਮੋਹ ਬੇਚੈਨ ਕਰਦਾ ਰਿਹਾ ਹੈ ਅਤੇ ਉਸ ਦੇ ਅਕਸਰ ਪਿੰਡ ਵਿਚ ਕੁਝ ਮੋਹਤਬਰਾਂ ਦੇ ਘਰੀਂ ਆਉਣ ਦੀਆਂ ਕਨਸੋਆਂ ਆਉਂਦੀਆਂ ਰਹੀਆਂ ਹਨ |।ਬਾਬੇ ਦੀ ਪ੍ਰੇਰਨਾ ਸਦਕਾ ਪਿੰਡ ਦੇ ਕੁਝ ਮੋਹਤਬਰਾਂ ਵਲੋਂ ਪਿਛਲੇ ਮਹੀਨੇ ਬਾਕਾਇਦਾ ਪਿੰਡ ਵਾਸੀਆਂ ਦਾ ਇਕੱਠ ਕਰਕੇ ਬਾਬੇ ਨੂੰ ਪਿੰਡ ਵਾਪਸ ਲਿਆਉਣ ਅਤੇ ਮਾਇਆ ਦਾ ਲੰਗਰ ਮੁੜ ਸ਼ੁਰੂ ਕਰਨ ਦਾ ਪ੍ਰਸਤਾਵ ਵੀ ਰੱਖਿਆ ਗਿਆ ਪਰੰਤੂ ਪਿੰਡ ਦਾ ਕੋਈ ਵੀ ਵਿਅਕਤੀ ਬਿੱਲੀ ਦੇ ਗਲ ਟੱਲੀ ਬੰਨ੍ਹਣ ਲਈ ਤਿਆਰ ਨਹੀਂ।