ਗੁਰੂੁ ਤੇਗ ਬਹਾਦੁਰ ਜੀ ਦੀ ਬਾਣੀ ਵਿਚ ਮੌਤ ਦਾ ਸੰਕਲਪ
ਪ੍ਰਕਾਸ਼ ਸ਼ਤਾਬਦੀ
ਰਾਮੁ ਗਾਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ
ਕਹੁ ਨਾਨਕ ਥਿਰੁ ਕੁਛ ਨਹੀ ਸੁਪਨੇ ਜਿਉ ਸੰਸਾਰੁ
ਗੁਰੁ ਤੇਗ ਬਹਾਦੁਰ ਜੀ ਦੀ ਬਾਣੀ ਵਿਚ ਮੌਤ ਦੀ ਦੋਹਰੀ ਦੁਪੱਖਤਾ ਸ਼ਾਮਿਲ ਹੈ। ਸਾਖੀ ਅੰਦਰ ਗੁਰੂੁ ਦੇਹ ਮੌਲਦੀ ਹੈ। ਗੁਰੂੁ ਦੇਹ ਮੌਲਦੀ ਨਿਸਚਿਤਤਾ ਦੀ ਸਾਖੀ ਹੈ। ਇਸ ਕੌਤਕੀ ਰਮਝ ਰਾਹੀਂ ਹੀ ਸ਼ਬਦ ਗੁਰੁੂ ਪ੍ਰਗਟ ਹੁੰਦਾ ਹੈ। ਗੁਰੁੂ ਜੀ ਦੀ ਸ਼ਹਾਦਤ ਦੀ ਸਾਖੀ ਵੀ ਇਸ ਵਿਚ ਸ਼ਾਮਿਲ ਹੈ। ਦੁਨੀਆ ਦਾ ਸਮੁੱਚਾ ਫ਼ਲਸਫ਼ਾ, ਵਿਗਿਆਨਕ ਪਹੁੰਚ, ਸਾਹਿਤਕ ਅਨੁਭਵ, ਬੌਧਿਕ ਅਭਿਆਸ ਮੌਤ ਦੇ ਵਿਵਹਾਰ ਨੂੰ ਲਗਾਤਾਰ ਪਰਿਭਾਸ਼ਿਤ ਕਰਦੇ ਆ ਰਹੇ ਹਨ। ਮੌਤ ਇਕ ਅਜਿਹਾ ਆਦ੍ਰਿਸ਼ ਯਥਾਰਥਕ ਵਰਤਾਰਾ ਹੈ, ਜਿਸ ਸਬੰਧੀ ਕਿਸੇ ਵੀ ਪ੍ਰਕਾਰ ਦੇ ਗਿਆਨ ਲਈ ਸੰਕੇਤਕ ਅਨੁਭਵ ਅਤੇ ਬੌਧਿਕ ਸੈਨਤਾਂ ਹੀ ਸਹਾਇਕ ਰੂਪ ਵਿਚ ਸਹਾਇਤਾ ਕਰ ਸਕਦੀਆਂ ਹਨ। ਮੌਤ ਦਾ ਸੱਚ ਦਿਖਦੇ ਸੱਚ ਤੋਂ ਜਿੰਨਾ ਜਿਆਦਾ ਵਿਰਾਟ ਹੈ, ਉਨੀ ਹੀ ਇਸ ਦੀ ਸਮਝ ਬਾਰੀਕ ਅਤੇ ਗੰਭੀਰ ਹੈ। ਇਸੇ ਹੀ ਗੰਭੀਰਤਾ ਨੂੰ ਕਾਲ ਅਤੇ ਸਥਿਤੀ ਨੇ ਆਪਣੇ ਕਲਾਵੇ ਵਿਚ ਛੁਪਾ ਰੱਖਿਆ ਹੈ। ਇਸਦੀ ਸੀਮਾ ਨੂੰ ਮਾਨਸਿਕ ਚੇਤਨ ਅਨੁਭਵ ਆਪਣੇ ਫੈਲਾਵਾਂ ਰਾਹੀਂ ਦੇਹ ਦੇ ਵਿਕਾਸ ਅਤੇ ਵਿਗਾਸ ਲਈ ਵਿਗਾਸ ਮਾਪਦਾ ਹੈ। ਅਤੇ ਇਸ ਦਾ ਭੇਦ ਅਨੰਤਤਾ ਦੇ ਰਹੱਸ ਨੂੰ ਰੂਪਮਾਨ ਕਰਦਾ ਹੈ। ਮੌਤ ਦੇਹ ਦਾ ਅੰਤ ਨਹੀ ਸਗੋਂ ਦੇਹ ਇਸ ਰਾਹੀਂ ਨਿਵੇਕਲੇ ਰੂਪ ਅੰਦਰ ਪੁਨਰ ਸੁਰਜੀਤ ਹੁੰਦੀ ਹੈ। ਦੇਹ ਪੰਚ ਤੱਤਾਂ ਵਿਚ ਮਿਲ ਆਪਣੇ ਸ਼ੁੱਧ ਰੂਪ ਵਿਚ ਮਾਣਦੀ ਹੈ। ਸਿਰਜਣਾ ਦੀ ਹੋਂਦ ਤੋਂ ਪਹਿਲਾਂ ਮੌਤ ਦਾ ਮੌਜੂਦ ਹੋਣਾ ਇਹ ਦਰਸਾਉਂਦਾ ਹੈ ਕਿ ਸਿਰਜਣਾ ਦੀ ਮੌਜੂਦਗੀ ਅਤੇ ਸੰਪੂਰਨਤਾ ਮੌਤ ਵਿਚ ਹੀ ਹੈ। ਕੁਮਾਰਾ ਸਵਾਮੀ ਆਪਣੀ ਪੁਸਤਕ ਮੈਟਾਫ਼ਿਜਿਕਸ ਵਿਚ ਸਿਰਜਣਾ ਦੀ ਮੌਜੂਦਗੀ 'ਮੈਂ' ਅਤੇ 'ਹੈ' ਰਾਹੀਂ ਪ੍ਰਗਟਾਉਂਦਾ ਹੈ ਅਤੇ ਇਸ ਦਾ ਰਹੱਸ 'ਮੌਤ ਤੋਂ ਬਾਅਦ ਮੌਤ' ਦੁਆਰਾ ਪ੍ਰਗਟ ਕਰਦਾ ਹੈ। ਮੌਤ ਤੋਂ ਬਾਅਦ ਮੌਤ ਦਾ ਰਹੱਸ ਪ੍ਰਗਟ ਹੋਣਾ ਜਾਂ ਮੌਤ ਦਾ ਪਰਦਾ ਮੌਤ ਤੋਂ ਬਾਅਦ ਚੁੱਕਿਆ ਜਾਣਾ ਇਹ ਦਰਸਾਉਂਦਾ ਹੈ ਕਿ ਮੌਤ ਤੋਂ ਬਾਅਦ ਦੀ ਜ਼ਿੰਦਗੀ ਕਿਹੜੇ ਰਹੱਸਾਂ ਤਹਿਤ ਮੌਤ ਤੋਂ ਪਹਿਲਾਂ ਦੀ ਜ਼ਿੰਦਗੀ ਦਾ ਸਾਥ ਲੈਂਦੀ ਹੈ। ਜ਼ਿੰਦਗੀ ਮੌਤ ਤੱਕ ਦਾ ਅਜਿਹਾ ਸਫ਼ਰ ਹੈ ਜਿਸ ਸਫ਼ਰ ਵਿਚ ਦੇਹ ਉੱਪਰ ਮੌਤ ਦਾ ਅਨੁਭਵ (ਕਾਲਗ੍ਰਸਤ ਭੈਅ) ਹਰ ਛਿਣ ਵਾਪਰਦਾ ਹੈ। ਇਸ ਅਨੁਭਵ ਵਿਚ ਜਿਹੜੀ ਦੇਹ ਇਸ ਵਿਚ ਰਹਿੰਦੀ ਹੈ ਉਸ ਦੇਹ ਦੀ ਅਭਿਆਸ ਸਾਧਨਾਂ ਕਰਮ ਦੀ ਮਰਿਆਦਾ ਨੂੰ ਆਪਣੇ ਸੰਪੂਰਨ ਵਰਤਾਰਿਆਂ ਵਿਚ ਸ਼ਾਮਿਲ ਰੱਖਦੀ ਹੈ। ਕਰਮ ਦੀ ਇਸ ਮਰਿਆਦਾ ਵਿਚ ਹੁਕਮ ਦੀ ਦਿੱਬਤਾ ਜਾਗਦੀ ਹੈ। ਦੇਹ ਦਾ ਸਫ਼ਰ ਇਸ ਦਿੱਬਤਾ ਨੂੰ ਸ਼ਬਦ ਅਤੇ ਸੇਵਾ ਦੇ ਰਾਹੀਂ ਸਵੀਕਾਰ ਕਰਦਾ ਹੈ। ਜਿਸ ਵਿਚ ਧੁਰ ਦਾ ਗਾਇਨ ਹੈ, ਇਸ ਗਾਇਨ ਰਾਹੀਂ ਮੌਲਦੀ ਦੇਹ ਕਰਮ ਦੀ ਦ੍ਰਿੜਤਾ ਨੂੰ ਪੈਦਾ ਕਰ ਮੌਤ ਦੇ ਹਵਾਲੇ ਹੁੰਦੀ ਹੈ। ਦੇਹ ਉੱਪਰ ਮੌਤ ਦਾ ਪ੍ਰਗਟਾਅ ਰੂਪ ਜ਼ਿੰਦਗੀ ਦੀ ਹੋਂਦ ਦੇ ਨਾਲ ਹੀ ਸ਼ੁਰੂ ਹੋ ਜਾਂਦਾ ਹੈ। ਜ਼ਿੰਦਗੀ ਮੌਤ ਦੇ ਉਸ ਛਿਣ ਤੱਕ ਪਹੁੰਚਣ ਦਾ ਰਾਹ ਹੈ, ਜਿਸ ਛਿਣ ਦੀ ਨਿਰੰਤਰਤਾ ਮਨੁੱਖ ਸਾਰੀ ਉਮਰ ਜਿਊਂਦਾ ਹੈ। ਮੌਤ ਜ਼ਿੰਦਗੀ (ਜੀਵਨ) ਦਾ ਅੰਤ ਨਹੀਂ ਸਗੋਂ ਮੌਤ ਰਾਹੀਂ ਹੀ ਜ਼ਿੰਦਗੀ ਆਪਣੇ ਸੰਪੂਰਨ ਅਸਤਿਤਵ ਦੀ ਥਾਹ ਪਾਉਂਦੀ ਹੈ। ਸਮੁੱਚੀ ਜ਼ਿੰਦਗੀ ਮੌਤ ਦੀ ਪਰਿਕਰਮਾ ਹੈ। ਇਸਦੇ ਵਾਪਰਨ ਦੀ ਅਨਿਸਚਿਤਤਾ ਹੀ ਜ਼ਿੰਦਗੀ ਦੀ ਨਿਸਚਿਤਤਾ ਦਾ ਸਰੂਪ ਹੈ। ਮੌਤ ਦੀ ਉਡੀਕ ਵਿਚ ਜੀਵੀ ਜ਼ਿੰਦਗੀ ਵਿਗਾਸ ਭਰਪੂਰ ਅਨੰਦ ਹੈ। ਜ਼ਿੰਦਗੀ ਨੇ ਮੌਤ ਦਾ ਭੈਅ ਪ੍ਰਗਟ ਕਰਨਾ ਹੁੰਦਾ ਹੈ। ਇਸ ਭੈਅ ਵਿਚ ਹੀ ਸੁਰਤਿ ਦਾ ਪ੍ਰਗਾਸੁ ਅਨੁਭਵ ਅਤੇ ਵਿਸ਼ਵਾਸ ਦੇ ਮੰਡਲਾਂ ਵਿਚ ਰਹਿੰਦਾ ਹੈ। ਰੀਲਾਈਜੇਸ਼ਨ (ਅਨੁਭਵ) ਨੂੰ ਇਸ ਸਾਥ ਵਿਚ ਆਪਾ ਮੁਕਾਉਣਾ ਪੈਂਦਾ ਹੈ।
ਜੀਵਨ ਅਤੇ ਮੌਤ ਸਮਾਂਨਤਰ ਚੱਲਣ ਵਾਲੇ ਵਰਤਾਰੇ ਹਨ। ਜ਼ਿੰਦਗੀ ਪਹਿਲਾ ਨਹੀਂ ਅਤੇ ਮੌਤ ਬਾਅਦ ਵਿਚ ਨਹੀਂ ਸਗੋਂ ਇਹ ਦੋਵੇਂ ਇਕ-ਦੂਸਰੇ ਵਿਚ ਅੰਤਰ-ਅਭੇਦ ਹਨ। ਜ਼ਿੰਦਗੀ ਵਿਚ ਮੌਤ ਟਿੱਕੀ ਹੋਈ ਅਤੇ ਗਤੀਸ਼ੀਲਧਾਰਾ ਵਾਂਗ ਹਰ ਸਮੇਂ ਵਹਿੰਦੀ ਹੈ। ਜਦ ਮਨੁੱਖ ਦਾ ਜਨਮ ਹੁੰਦਾ ਹੈ ਤਾਂ ਮੌਤ ਦਾ ਸਫ਼ਰ ਵੀ ਨਾਲ ਹੀ ਸ਼ੁਰੂ ਹੋ ਜਾਂਦਾ ਹੈ। ਮੌਤ ਸਮੇਂ ਅਤੇ ਸਥਾਨ ਦੇ ਪ੍ਰਭਾਵ ਤੋਂ ਮੁਕਤ ਹੁੰਦੀ ਹੋਈ ਵੀ, ਖ਼ਾਸ ਸਮੇਂ ਅਤੇ ਸਥਾਨ ਦੇ ਘੇਰੇ ਵਿਚ ਵਾਪਰਦੀ ਹੈ। ਪੱਛਮੀ ਜੀਵਨ ਦਰਸ਼ਨ ਨੇ ਮੌਤ ਨੂੰ ਦੂਰ ਮੰਨਦੇ ਹੋਏ, ਜੀਵਨ ਦੀ ਨੇੜਤਾ ਵਿਚ ਹੀ ਆਪਣੀ ਹੋਂਦ ਨੂੰ ਪਦਾਰਥਕ ਸੁਹਜ ਵਿਚ ਘੜਿਆ ਹੈ। ਉਹ ਹੋਂਦ ਦੀ ਪਦਾਰਥਕ ਨੇੜਤਾ ਵਿਚ ਹੀ ਜੀਵਨ ਸੰਘਰਸ਼ ਨੂੰ ਮੌਤ ਦੇ ਹਵਾਲੇ ਕਰਦਾ ਹੈ। ਪੱਛਮ ਦਾ ਅਧਿਆਤਮਿਕ ਅਤੇ ਸਭਿਆਚਾਰਕ ਰੂਪ ਮੌਤ ਨੂੰ ਪਦਾਰਥਕ ਸਹਿਮ ਅਤੇ ਵਿਕਾਸ ਦੇ ਮਨੋਰਥ ਤਹਿਤ ਹੀ ਘੜਦੇ ਹਨ। ਉਨ੍ਹਾਂ ਦੇ ਅਧਿਆਤਮਿਕ ਅਤੇ ਸਭਿਆਚਾਰਕ ਰੂਪਾਂ ਨੂੰ ਜੀਵਨ-ਸੁਚੇਤਨਾ ਰਾਹੀਂ ਹੀ ਮੌਤ ਦੀ ਘੜੀ ਨਸੀਬ ਹੋਈ ਹੈ।
ਭਾਰਤੀ ਜੀਵਨ ਨੇ ਮੌਤ ਦੀ ਸਵੀਕਾਰਤਾ ਨੂੰ ਪਾਰਦਰਸ਼ੀ ਨੇਮ ਰਾਹੀਂ ਸਵੀਕਾਰ ਕੀਤਾ ਹੈ। ਭਾਰਤੀ ਮਨ ਮੌਤ ਨੂੰ ਕਮਾਉਂਣ ਪ੍ਰਤੀ ਹਰ ਘੜੀ ਗੁਰੂ ਲਿਵ/ਨਾਮ ਸਿਮਰਨ ਦੀ ਕਮਾਈ ਕਰਦਾ ਹੈ। ਉਸ ਲਈ ਭਾਰਤ ਵਿਚ ਜੀਵਨ ਦੇ ਦੂਸਰੇੇ ਮਾਪਦੰਡ ਮੌਤ ਲਈ ਖਿੱਚੀ ਗਈ ਤਿਆਰੀ ਹੀ ਹਨ। ਭਾਰਤੀ ਮਨ ਆਪਣੇ ਸਾਥ ਵਿਚ ਹਜ਼ਾਰਾ ਦੈਵੀ ਰਾਹਾਂ ਦੀ ਬਰਕਤ ਨੂੰ ਤੋਰ ਲੈਂਦਾ ਹੈ। ਉਸ ਪਾਸ ਦੇਹ ਮਨ ਅਤੇ ਆਤਮਿਕ ਸੰਤੁਸ਼ਟੀ ਲਈ ਭਾਣਾ ਗੁਰੂ ਨਾਲ ਹੈ ਜਿਸ ਨੇ ਉਸਦੇ ਸਿਦਕ ਅਤੇ ਸੰਤੋਖ ਨੂੰ ਮੌਤ ਦੀ ਘੜੀ ਵਿਚ ਵੀ ਪੱਕਿਆ ਰੱਖਿਆ ਹੈ। ਭਾਰਤੀ ਮਨ ਲਈ ਆਪਾ (ਸਵੈ) ਪਾਉਂਣ ਦੀ ਇੱਛਾ ਮੌਤ ਤੋਂ ਪਾਰਲੇ ਦੇਸ਼ ਵਿਚ ਹੈ। ਪਾਰਲੇ ਦੇਸ਼ ਵਿਚ ਸਵੈ ਦੀ ਪਛਾਣ ਲਈ ਹੀ ਇਸ ਦੇਸ਼ ਵਿਚ ਜੀਵਨ ਦੀ ਤਿਆਰੀ ਮੁਕੰਮਲ ਮੰਨੀ ਗਈ ਹੈ। ਇਸ ਤਿਆਰੀ ਵਿਚ ਦੇਹ ਦੀ ਨਿਰਮਲ 'ਖੇਡ' ਅਤੇ 'ਰਾਸ' ਕਮਾਈ ਦੇ ਪ੍ਰਤੀਕ ਮੰਡਲ ਵਿਚ ਸਵੈਂ ਇੱਛਾ ਨੂੰ 'ਗੁਨਾਹ ਮੰਡਲ' ਤੇ 'ਬਖ਼ਸ਼ਿਸ਼ ਦਰ' ਤੱਕ ਧੜਕਦਿਆਂ ਸ਼ੁਧ ਕਮਾਈ ਲਈ ਪਰਵਾਨਿਆ ਜਾਂਦਾ ਹੈ। ਜੀਵਨ ਮੁਕਤੀ ਲਈ ਹਿਰਦੇ ਵਿਚ ਪ੍ਰੀਤਮ ਦਾ ਵਾਸ ਕਰ 'ਸੋ ਦਰ' ਦਾ ਗਾਇਨ ਹੈ। ਸਾਰੇ ਲੋਕ ਗੀਤਾ ਵਿਚ ਮੌਤ ਦਾ ਦਰਸ਼ਨ ਵਿਅਕਤੀ ਦੇ ਸਵੈ ਨੂੰ ਸਮੂਹਿਕ ਅਵਚੇਤਨ ਦੇ ਸਾਥ ਰਾਹੀਂ ਸਦੀਵਤਾ ਦਾ ਧਰਵਾਸ ਦਿੰਦਾ ਹੈ।ਪੰਜਾਬੀ ਕਿੱਸਿਆ ਰਾਹੀਂ ਇਹ ਜਸ਼ਨ ਸਿਦਕ ਦੀ ਵਿਸ਼ਾਲਤਾ ਨੂੰ ਰੁਮਾਂਟਿਕ ਅਹਿਸਾਸ ਦੀ ਪਰਪੱਕ ਮੰਜ਼ਿਲ ਦਿੰਦਾ ਹੈ। ਸੂਫ਼ੀਆਂ ਨੇ ਮੌਤ ਦੀ ਚਲਾਏਮਾਨ ਹਸਤੀ ਦਾ ਪ੍ਰਗਟਾਅ ਬਿੰਬ ਵਸਤੂ ਦੇ ਹਰ ਇਕ ਵੇਰਵੇ ਰਾਹੀਂ ਇਲਮ ਅਤੇ ਅਮਲ ਵਿਚ ਸਵੀਕਾਰਿਆ ਹੈ। ਟੁਕੜਿਆ ਵਿਚ ਵੰਡੀ ਹੋਈ ਜੀਵਨ-ਸ਼ੈਲੀ ਵੀ ਮੌਤ ਦੇ ਸੰਪੂਰਨ ਰਹੱਸ ਨੂੰਨਹੀਂ ਜਾਣ ਸਕਦੀ। ਸਾਡੇ ਅੰਦਰ (ਮਾਨਸਿਕ ਧਰਾਤਲ ਉੱਪਰ) ਵੱਖੋਂ-ਵੱਖਰੇ ਵਰਗ ਸੰਘਰਸ਼ ਚੱਲਦੇ ਹਨ। ਜੀਵਨ ਦੀ ਪਰਿਕਰਮਾ ਵਰਗਾਂ ਦੇ ਦੁੱਖ-ਸੁਖ ਅਤੇ ਪ੍ਰੇਰਿਤ ਝੁਕਾਵਾਂ ਅੰਦਰ ਹੀ ਸਵੈ ਨੂੰ ਸਥਾਪਿਤ ਕਰਨਾ ਚਾਹੁੰਦੀ ਹੈ। ਵਰਗਾਂ ਦੇ ਤਣਾਅ ਵਿਚ ਜੀਵਨ ਦੀ ਸਮੁੱਚੀ ਗਤੀਵਿਧੀ ਆਤਮਾ ਦੇ ਕੇਂਦਰਿਤ ਧਰਾਤਲ 'ਤੇ ਨਹੀਂ ਪਹੁੰਚਦੀ, ਜਿੱਥੇ ਉਸ ਦੀ ਹਰ ਘੜੀ ਉਡੀਕ ਰਹਿੰਦੀ ਹੈ।
ਸਮਾਂ ਅਤੇ ਵਿਚਾਰਾਂ ਦੀਆਂ ਲੜੀਆਂ ਮੌਤ ਦੇ ਰਹੱਸ ਨੂੰ ਸਮਝਣ ਵਿਚ ਵਿਸ਼ੇਸ਼ ਮਹੱਤਤਾ ਰੱਖਦੀਆਂ ਹਨ। ਸਮਾਂ ਵਿਚਾਰਾਂ ਦੀਆਂ ਲੜੀਆਂ ਨੂੰ ਬਣਾਉਂਦਾ ਹੈ ਤੇ ਮਨੁੱਖੀ ਜੀਵਨ ਪ੍ਰਕਿਰਿਆ ਇਸ ਵਿਚ ਨਿਰੰਤਰ ਗਤੀਸ਼ੀਲ ਰੱਖਦੀ ਹੈ। ਇਸ ਪ੍ਰਕਿਰਿਆ ਵਿਚ ਜੀਵਨ ਆਪਣੇ ਰੋਜ਼ਾਨਾ ਭਾਵ-ਬੋਧ ਨੂੰ ਹੀ ਦੁਹਰਾਉਂਦਾ ਹੈ, ਜਿਸ ਵਿਚ ਕੁਝ ਵੀ ਨਵਾਂ ਨਹੀਂ ਵਾਪਰਦਾ। ਕੁਝ ਵੀ ਵਾਪਰਨ ਲਈ ਸਮੇਂ ਦਾ ਅਭਾਵ ਚਾਹੀਦਾ ਹੈ, ਇਹ ਤਾਂ ਹੀ ਸੰਭਵ ਹੈ, ਜੇਕਰ ਜੀਵਨ ਅਤੇ ਮੌਤ ਦੋ ਅਲੱਗ-ਅਲੱਗ ਰੂਪ ਹਨ, ਤਾਂ ਵੀ ਸਮੇਂ ਇਹ ਇਕ ਹੀ ਸਰੂਪ ਦੀ ਅਨੁਰੂਪਤਾ ਹੈ ਅਤੇ ਇਸਦੀ ਸਮਝ ਵੀ ਅਲੱਗ-ਅਲੱਗ ਰੂਪ ਵਿਚ ਨਹੀਂ ਸਗੋਂ ਇਕੱਠੀ ਹੈ। ਕੁਲ ਜੋੜ ਵਿਚ ਅਸੀਂ ਜੀਵਨ ਵਿਚ ਸਮਝਦੇ ਇਹ ਹਾਂ ਕਿ ਮੌਤ ਕਿਤੇ ਦੂਰ ਉਡੀਕ ਰਹੀ ਹੈ। ਪਰ ਇਹ ਭੁਲ ਜਾਂਦੇ ਹਾਂ ਕਿ ਜੀਵਨ ਅਤੇ ਮੌਤ ਦੋਵੇਂ ਇਕਠੇ ਸਫ਼ਰ ਵਿਚ ਹਨ। ਜਿੱਥੇ ਜੀਵਨ ਧੜਕਦਾ ਹੈ, ਉੱਥੇ ਮੌਤ ਵੀ ਨਾਲ ਹੀ ਧੜਕਦੀ ਹੈ।
ਅਸੀਂ ਹਮੇੇਸ਼ਾ ਜੀਵਨ ਦੇ ਕਿਸੇ ਇਕ ਹਿੱਸੇ ਨੂੰ ਸਮਝਦੇ ਹਾਂ। ਜੀਵਨ ਦਾ ਇਕ ਹਿੱਸਾ ਸਾਨੂੰ ਮੌਤ ਦਾ ਅਨੁਭਵ ਨਹੀਂ ਕਰਵਾ ਸਕਦਾ। ਮੌਤ ਦਾ ਜੀਵੰਤ ਅਨੁਭਵ ਜੀਵਨ ਦੀ ਸਮੁੱਚੀ ਗਤੀਵਿਧੀ ਨੂੰ ਇਕੱਠਿਆ ਸਮਝਣਾ ਹੈ। ਇਹ ਇਕੱਠਿਆ ਸਮਝਣ ਦੀ ਜਾਗ੍ਰਿਤ ਕ੍ਰਾਂਤੀ ਦਾ ਰਾਹ ਕੇਵਲ ਪ੍ਰੇਮ ਹੈ। ਪ੍ਰੇਮ ਹੀ ਇਕ ਅਜਿਹਾ ਰਸਤਾ ਹੈ, ਜਿਸ ਰਾਹੀਂ ਅਸੀਂ ਆਪਣੇ ਹਿੱਸਿਆ ਨੂੰ ਸੰਗਠਿਤ ਕਰ ਸਕਦੇ ਹਾਂ। ਇਸ ਨਾਲ ਅਸੀਂ ਜੀਵਨ ਦੀ ਸੰਪੂਰਨ ਪ੍ਰੁੱਚਾਈ ਨੂੰ ਮਾਣ ਸਕਦੇ ਹਾਂ। ਜੀਵਨ ਦੀ ਸੰਪੂਰਨ ਉੱਚਾਈ ਦਾ ਗਿਆਨ ਹੀ ਮੌਤ ਦੀ ਦਿੱਬਤਾ ਨੂੰ ਉਜਾਗਰ ਕਰਦਾ ਹੈ। ਸਮੇਂ ਅਤੇ ਵਿਚਾਰਾਂ ਦੀ ਦਵੰਧ ਸਥਿਤੀ ਇੱਥੇ ਪਹੁੰਚ ਕੇ 'ਪਰਮ ਅਨੰਦ' ਵਿਚ ਰੂਪਾਂਤਰਿਤ ਹੁੰਦੀ ਹੈ। ਇਹ ਅਨੰਦ ਹੀ ਮੌਤ ਨੂੰ ਅਨੁਭਵ ਕਰਨ ਦਾ ਢੰਗ ਹੈ।
ਮੌਤ ਦੀ ਸਮਝ ਲਈ ਮਨ ਦੀ ਨਿਰਲੇਪਤਾ ਹੋਣੀ ਬਹੁਤ ਜ਼ਰੂਰੀ ਹੈ। ਮਨ ਨਿਰਲੇਪ ਕਿਵੇਂ ਹੋਵੇ? ਇਹ ਤਦ ਹੀ ਸੰਭਵ ਹੈ, ਜਦੋਂ ਅਸੀਂ ਮਨ ਦੇ ਉਸ ਡਰ ਨੂੰ ਖ਼ਤਮ ਕਰ ਦਿੰਦੇ ਹਾਂ, ਜਿਸ ਡਰ ਕਰਕੇ ਉਹ ਮੌਤ ਦੀ ਸਮਝ ਤੋਂ ਦੂਰ ਰਹਿੰਦਾ ਹੈ। ਇਹ ਡਰ ਇਕਲੇ ਹੋਣ ਦਾ ਹੈ, ਵਿਛੋੜੇ ਦਾ ਹੈ ਅਤੇ ਕੁਝ ਗੁਆਚਣ ਦਾ ਹੈ। ਜੇਕਰ ਮਨ ਇਸ ਡਰ ਵਿਚ ਨਾ ਰਹੇ ਤਾਂ ਉਹ ਦੁੱਖ, ਸਮੇਂ ਅਤੇ ਵਿਚਾਰ ਦੀ ਤਰਤੀਬ ਨੂੰ ਸਮਝ ਸਕੇਗਾ। ਮੌਤ ਨੂੰ ਸਮਝਣ ਲਈ ਇਹ ਮਨ ਹੀ ਮਨੁੱਖ ਦਾ ਪ੍ਰਵੇਸ਼-ਦੁਆਰ ਬਣਦਾ ਹੈ। ਮਨ ਨੂੰ ਖ਼ਾਲੀਪਣ ਵਿਚ ਸੰਗਠਿਤ ਕਰਨਾ ਅਤੇ ਇਸ ਦੇ ਭਰੇ ਹੋਏ ਹਿੱਸੇ ਨੂੰ ਵਰਤਮਾਨ ਵਿਚ ਮੌਤ ਦੇ ਆਰ-ਪਾਰ ਕਰਨਾ ਹੀ ਜੀਵਨ ਦੀ ਪ੍ਰਾਪਤੀ ਹੈ। ਮਨ ਦੀ ਇਕੱਠਾ ਕਰਨ ਦੀ ਬਿਰਤੀ ਨੂੰ ਭੰਗ ਕਰ ਕੇ, ਤਿਆਗ ਨੂੰ ਸਮਰਪਣ ਦੇ ਹਵਾਲੇ ਕਰ, ਦੇਹ ਵਿਚ ਪ੍ਰੇਮ ਦਾ ਪ੍ਰਗਾਸੁ ਕਰਨਾ ਹੈ।
ਮੌਤ ਅਸਲ ਵਿਚ ਇਕੱਲੇਪਨ (ਇਕਲਾਪੇ) ਦਾ ਹੀ ਬੋਧ/ਡਰ ਹੈ। ਮਨੁੱਖ ਕਦੋਂ ਇਕੱਲਾ ਮਹਿਸੂਸ ਕਰੇਗਾ ਤਾਂ ਉਹ ਆਪਣੇ ਇਕਲਾਪੇ ਨੂੰ ਖ਼ਤਮ ਕਰਨ ਵੱਲ ਗਤੀਸ਼ੀਲ ਹੋਵੇਗਾ? ਜਦੋਂ ਮਨੁੱਖ ਇਹ ਸਮਝ ਲਵੇਗਾ ਕਿ ਇਕਲਾਪਾ ਹੀ ਮੌਤ ਦਾ ਡਰ ਹੈ ਤਾਂ ਉਹ ਇਸ ਨੂੰ ਭਰਪੂਰ ਮਾਤਰਾ ਵਿਚ ਜੀਵੇਗਾ, ਇਸ ਦੀ ਸਮਝ ਇਕੱਠੀ ਕਰੇਗਾ ਅਤੇ ਸਮੇਂ ਦੇ ਭਾਵ ਵਿਚ ਉਸ ਨੂੰ ਖ਼ਤਮ ਕਰ ਦੇਵੇਗਾ। ਇੱਥੇ ਪਹੁੰਚ ਕੇ ਉਸ ਨੂੰ ਮਹਿਸੂਸ ਹੋਵੇਗਾ ਕਿ ਮੌਤ ਹੈ ਹੀ ਨਹੀਂ। ਇਹ ਤਾਂ ਕੇਵਲ ਉਸ ਦੇ ਇਕਲਾਪੇ ਦੀ ਹੀ ਖੋਜ/ਤਲਾਸ਼ ਸੀ। ਜਦੋਂ ਉਸ ਦੀ ਇਹ ਤਲਾਸ਼ ਖ਼ਤਮ ਹੋਈ ਤਾਂ ਉਹ ਆਪਣੇ-ਰੂ-ਬ-ਰੂ ਹੋਇਆ ਤੇ ਜ਼ਿੰਦਗੀ ਅਤੇ ਮੌਤ ਦਾ ਇਕ ਸਮਾਨ ਭੇਦ ਜਾਣ ਸਕਿਆ। ਮੌਤ ਦੀ ਸਵੀਕਾਰਤਾ ਲਈ ਸਿਰਜਨਸ਼ੀਲਤਾ ਵਿਚ ਰਹਿਣਾ ਵੀ ਜ਼ਰੂਰੀ ਹੈ ਕਿਉਂਕਿ ਜੋ ਸਿਰਜਸ਼ੀਲ ਹੋਵੇਗਾ, ਉਹ ਹੀ ਮੌਤ ਨੂੰ ਸਵੀਕਾਰ ਕਰ ਸਕੇਗਾ। ਸਿਰਜਨਸ਼ੀਲਤਾ ਵਿਚ ਹੀ ਅੰਤ ਦਾ ਅਨੁਭਵ ਹੈ, ਇਸ ਅਨੁਭਵ ਸਦਕਾ ਹੀ ਜੀਵਨ ਨਿਰੰਤਰਤਾ ਦਾ ਅਹਿਸਾਸ ਗੰਭੀਰਤਾ ਸਹਿਤ ਹੁੰਦਾ ਹੈ।
ਡਾਕਟਰ ਅਮਰਜੀਤ ਸਿੰਘ
Comments (0)