ਪਾਰਟੀ ਵਿਚ ਨਾ ਸੱਦਣ ਤੋਂ ਖਫਾ ਹੋ ਕੇ ਕੀਤੀ ਸੀ ਪ੍ਰੇਮੀ ਨੇ ਗੋਲੀਬਾਰੀ-ਪੁਲਿਸ ਮੁਖੀ

ਪਾਰਟੀ ਵਿਚ ਨਾ ਸੱਦਣ ਤੋਂ ਖਫਾ ਹੋ ਕੇ ਕੀਤੀ ਸੀ ਪ੍ਰੇਮੀ ਨੇ ਗੋਲੀਬਾਰੀ-ਪੁਲਿਸ ਮੁਖੀ
ਕੋਲੋਰਾਡੋ ਵਿਚ ਪ੍ਰੇਮੀ ਵੱਲੋਂ ਕੀਤੀ ਗੋਲੀਬਾਰੀ ਵਿਚ ਮਾਰੇ ਗਏ ਪਰਿਵਾਰ ਦੇ ਜੀਆਂ ਦੀਆਂ ਫਾਈਲ ਤਸਵੀਰਾਂ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ:  (ਹੁਸਨ ਲੜੋਆ ਬੰਗਾ)ਕੋਲੋਰਾਡੋ ਸਪਰਿੰਗਜ ਵਿਚ ਇਕ ਜਨਮ ਦਿਨ ਦੀ ਪਾਰਟੀ ਵਿਚ ਗੋਲੀਬਾਰੀ ਕਰਕੇ ਆਪਣੀ ਪ੍ਰੇਮਿਕਾ ਸਮੇਤ 6 ਜਣਿਆਂ ਦੀ ਹੱਤਿਆ ਕਰਨ ਵਾਲਾ ਪ੍ਰੇਮੀ ਪਾਰਟੀ ਵਿਚ ਨਾ ਸੱਦੇ ਜਾਣ ਤੋਂ ਖਫਾ ਸੀ। ਇਹ ਖੁਲਾਸਾ ਪੁਲਿਸ ਮੁਖੀ ਲੈਫਟੀਨੈਂਟ ਜੋਅ ਫਰਾਬੀਲੇ ਨੇ ਕਰਦਿਆਂ ਕਿਹਾ ਕਿ 28 ਸਾਲਾ ਪ੍ਰੇਮੀ ਟੀਓਡੋਰੋ ਮੈਕੀਅਸ ਮਾਰੇ ਗਏ 6 ਵਿਅਕਤੀਆਂ ਵਿਚ ਸ਼ਾਮਿਲ ਸਾਂਡਰਾ ਇਬਾਰਾ ਨਾਲ ਪਿਆਰ ਕਰਦਾ ਸੀ। ਦੋਨੋਂ ਤਕਰੀਬਨ ਇਕ ਸਾਲ ਤੋਂ ਇਕ ਦੂਸਰੇ ਨੂੰ ਮਿਲਦੇ ਆ ਰਹੇ ਸਨ।  ਪਾਰਟੀ ਵਿਚ ਨਾ ਸੱਦਣ 'ਤੇ ਉਹ ਤੈਸ਼ ਵਿਚ ਆ ਗਿਆ ਤੇ ਉਸ ਨੇ ਬਿਨਾਂ ਸੋਚੇ ਸਮਝੇ ਆਪਣੀ ਪ੍ਰੇਮਿਕਾ ਸਣੇ ਇਕੋ ਪਰਿਵਾਰ ਦੇ 6 ਜੀਆਂ ਦੀ ਗੋਲੀਆਂ ਮਾਰ ਕੇ ਹਤਿਆ ਕਰ ਦਿੱਤੀ ਉਪਰੰਤ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁੱਸ਼ੀ ਕਰ ਲਈ। ਪਾਰਟੀ ਵਿਚ ਸ਼ਾਮਿਲ 3 ਬੱਚੇ ਜਿਨਾਂ ਦੀ ਉਮਰ 2, 5 ਤੇ 11 ਸਾਲਾਂ ਦੀ ਸੀ, ਨੂੰ ਹਮਲਾਵਰ ਨੇ ਨਿਸ਼ਾਨਾ ਨਹੀਂ ਬਣਾਇਆ। ਪਾਰਟੀ ਵਿਚ ਸ਼ਾਮਿਲ ਇਕ ਹੋਰ ਵਿਅਕਤੀ ਬਚ ਗਿਆ ਸੀ। ਮਾਰੇ ਗਏ 6 ਪਰਿਵਾਰ ਦੇ ਜੀਆਂ ਵਿਚ ਜੋਆਨਾ ਕਰੂਜ਼, ਜੋਸ ਗੁਟੀਰੇਜ਼, ਜੋਸ ਇਬਾਰਾ, ਮੈਲਵਿਨ ਪਰੇਜ਼, ਮਾਇਰਾ ਪਰੇਜ਼ ਤੇ ਸਾਂਡਰਾ ਇਬਾਰਾ ਸ਼ਾਮਿਲ ਹਨ।