ਭਾਰਤ ਦੇ ਅਜ਼ਾਦੀ ਦਿਹਾੜੇ 'ਤੇ ਪੂਰੇ ਪੰਜਾਬ ਵਿਚੋਂ ਉੱਠੀ ਪੰਜਾਬ ਦੀ ਅਜ਼ਾਦੀ ਲਈ ਅਵਾਜ਼

ਭਾਰਤ ਦੇ ਅਜ਼ਾਦੀ ਦਿਹਾੜੇ 'ਤੇ ਪੂਰੇ ਪੰਜਾਬ ਵਿਚੋਂ ਉੱਠੀ ਪੰਜਾਬ ਦੀ ਅਜ਼ਾਦੀ ਲਈ ਅਵਾਜ਼

15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਇਆ
ਸਵੈ-ਨਿਰਣੇ ਅਤੇ ਯੂ.ਐਨ.ਓ ਅਧੀਨ ਰੈਫਰੇਂਡਮ ਦੀ ਮੰਗ ਕੀਤੀ

ਅੰਮ੍ਰਿਤਸਰ: ਦਲ ਖ਼ਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਯੂਨਾਈਟਿਡ ਅਕਾਲੀ ਦਲ ਵੱਲੋਂ ਭਾਰਤ ਦੇ ਅਜ਼ਾਦੀ ਦਿਹਾੜੇ ਨੂੰ ਕਾਲ਼ੇ ਦਿਨ ਵਜੋਂ ਮਨਾਉਂਦਿਆਂ ਪੰਜਾਬ ਭਰ ਅੰਦਰ ਰੋਹ-ਭਰਪੂਰ ਮੁਜ਼ਾਹਰੇ ਕੀਤੇ ਅਤੇ ਪੰਜਾਬ ਦੇ ਲੋਕਾਂ ਲਈ ਸਵੈ-ਨਿਰਣੇ ਦੇ ਹੱਕ ਅਤੇ ਯੂ.ਐਨ.ਓ ਅਧੀਨ ਰੈਫਰੇਂਡਮ ਦੀ ਮੰਗ ਕੀਤੀ।

ਪੰਜਾਬ ਦੀ ਅਜ਼ਾਦੀ ਦਾ ਹੋਕਾ ਦੇਣ ਲਈ ਅੰਮ੍ਰਿਤਸਰ ਦੇ ਭੰਡਾਰੀ ਪੁਲ ’ਤੇ ਦੋ ਘੰਟੇ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਅਕਾਲ ਫੈਡਰੇਸ਼ਨ ਅਤੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਮੁੱਖ ਆਗੂ ਵੀ ਮੌਜੂਦ ਸਨ।

ਮੁਜ਼ਾਹਰੇ ’ਚ ਸਿੱਖ ਨੌਜਵਾਨਾਂ ਨੇ ਵੱਡੀ ਗਿਣਤੀ ’ਚ ਹਿੱਸਾ ਲਿਆ ਤੇ ਉਹਨਾਂ ਨੇ ਖ਼ਾਲਿਸਤਾਨ-ਪੱਖੀ ਅਤੇ ਕਾਲ਼ੇ ਕਾਨੂੰਨ ਰੱਦ ਕਰੋ ਆਦਿ ਨਾਅਰੇ ਵੀ ਲਾਏ। ਉਹਨਾਂ ਨੇ ਹੱਥਾਂ ’ਚ ਰੋਸ ਜਤਾਉਂਦੇ ਕਾਲ਼ੇ ਝੰਡੇ ਅਤੇ ਵੱਖ-ਵੱਖ ਤਰ੍ਹਾਂ ਦੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ਉੱਤੇ ਲਿਖਿਆ ਸੀ ਕਿ 15 ਅਗਸਤ ਕਾਲ਼ਾ ਦਿਨ, ਯੂ.ਏ.ਪੀ.ਏ. ਤਹਿਤ ਅਸੀਂ ਅੱਤਵਾਦੀ ਹਾਂ, ਖੇਤੀ ਆਰਡੀਨੈਂਸ ਕਿਸਾਨਾਂ ਲਈ ਛਲਾਵਾ, ਬੰਦੀ ਸਿੰਘ ਰਿਹਾਅ ਕਰੋ ਆਦਿ। 

ਤਖ਼ਤੀਆਂ ਉੱਤੇ ਬੰਦੀ ਸਿੰਘਾਂ ਅਤੇ ਯੂ.ਏ.ਪੀ.ਏ ਦੇ ਸ਼ਿਕਾਰ ਸਿੱਖ ਨੌਜਵਾਨਾਂ, ਸੀ.ਏ.ਏ. ਦਾ ਵਿਰੋਧ ਕਰਦੀਆਂ ਪਿੰਜਰਾਤੋੜ ਸੰਸਥਾ ਦੀਆਂ ਨਜ਼ਰਬੰਦ ਲੜਕੀਆਂ, ਬਾਗੀ ਕਵੀ
ਵਾਰਾਵਾਰਾ ਰਾਉ, ਸਾਂਈਬਾਬਾ, ਜੱਗੀ ਜੌਹਲ, ਜਗਤਾਰ ਸਿੰਘ ਹਵਾਰਾ, ਜਗਤਾਰ ਸਿੰਘ ਤਾਰਾ, ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀਆਂ ਤਸਵੀਰਾਂ ਵੀ ਛਪੀਆਂ ਹੋਈਆਂ ਸਨ।

ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਦਲ ਖ਼ਾਲਸਾ ਦੇ ਬੁਲਾਰੇ ਸ. ਕੰਵਰਪਾਲ ਸਿੰਘ ਨੇ ਕਿਹਾ ਕਿ 15 ਅਗਸਤ 1947 ਨੂੰ ਹਿੰਦੁਸਤਾਨ ਦੇ ਸ਼ਹਿਰੀਆਂ ਨੂੰ ਅਜ਼ਾਦੀ
ਮਿਲ਼ੀ ਸੀ ਪਰ ਇਸ ਅਜ਼ਾਦੀ ਦਾ ਨਿੱਘ ਪੰਜਾਬੀਆਂ ਨੂੰ ਨਹੀਂ ਮਿਲਿਆ। ਹਿੰਦੂ ਹਾਕਮਾਂ ਨੇ ਜਿਨ੍ਹਾਂ ਵਾਅਦਿਆਂ ਨਾਲ ਸਿੱਖਾਂ ਨੂੰ ਭਾਰਤ ਨਾਲ ਰਲਣ ਲਈ ਰਾਜ਼ੀ ਕੀਤਾ ਸੀ ਉਹ ਵਾਅਦੇ ਅੱਜ ਤਕ ਵਫ਼ਾ ਨਹੀਂ ਹੋਏ ਪਰ ਇਸ ਦੇ ਉਲ਼ਟ ਜਦ ਅਸੀਂ ਪੰਜਾਬ ਦੇ ਹੱਕਾਂ-ਹਿੱਤਾਂ ਦੀ ਗੱਲ ਕੀਤੀ ਤਾਂ ਸਾਡੇ ਹਿੱਸੇ ਤਸ਼ੱਦਦ, ਜੇਲ਼੍ਹਾਂ ਅਤੇ ਫਾਂਸੀਆਂ ਆਈਆਂ। 

ਉਹਨਾਂ ਕਿਹਾ ਕਿ ਕਾਲ਼ੇ ਕਾਨੂੰਨਾਂ ਅਤੇ ਫਾਸੀਵਾਦੀ ਤੇ ਦਮਨਕਾਰੀ ਨੀਤੀਆਂ ਰਾਹੀਂ ਇਸ ਗ਼ੁਲਾਮੀ ਨੂੰ ਹੋਰ ਪੱਕਿਆਂ ਕੀਤਾ ਜਾ ਰਿਹਾ ਹੈ ਜੋ ਸਾਨੂੰ ਮਨਜ਼ੂਰ ਨਹੀਂ ਤੇ ਅਸੀਂ ਇਸ ਦੇ ਵਿਰੋਧ ਵਿੱਚ ਸੜਕਾਂ ਉਤੇ ਉਤਰੇ ਹਾਂ। ਉਹਨਾਂ ਕਿਹਾ ਕਿ ਅਸੀਂ ਅਜ਼ਾਦੀ ਦਾ ਦਿਹਾੜਾ ਉਸ ਦਿਨ ਮਨਾਵਾਂਗੇ ਜਦ ਪੰਜਾਬ ਆਜ਼ਾਦ ਹੋਵੇਗਾ। 

ਉਹਨਾਂ ਕਿਹਾ ਕਿ ਯੂ.ਏ.ਪੀ.ਏ. ਦੀ ਦਹਿਸ਼ਤ ਫੈਲਾ ਕੇ ਸਾਡੇ ਲਿਖਣ-ਬੋਲਣ ਦਾ ਹੱਕ ਵੀ ਖੋਹਿਆ ਜਾ ਰਿਹਾ। ਉਹਨਾਂ ਯੂ.ਏ.ਪੀ.ਏ ਨੂੰ ਮੋਦੀ-ਸ਼ਾਹ ਦਾ ਦਹਿਸ਼ਤੀ ਸੰਦ ਦਸਿਆ।

ਭਾਈ ਨਰਾਇਣ ਸਿੰਘ ਚੌੜਾ ਨੇ ਕਿਹਾ ਕਿ ਭਾਰਤ ਸਰਕਾਰ ਨੇ ਯੂ.ਏ.ਪੀ.ਏ. ਇੱਕ ਐਸਾ ਕਾਲ਼ਾ ਕਾਨੂੰਨ ਹੋਂਦ ’ਚ ਲਿਆਂਦਾ ਹੈ ਜਿਸ ਨਾਲ ਹੱਕ, ਸੱਚ, ਇਨਸਾਫ਼ ਅਤੇ ਅਜ਼ਾਦੀ ਦੀ ਗੱਲ ਕਰਨ ਵਾਲ਼ੇ ਹੁਣ ਕਿਸੇ ਵੀ ਵਿਅਕਤੀ ਨੂੰ ਸਰਕਾਰ ਅੱਤਵਾਦੀ ਐਲਾਨ ਸਕਦੀ ਹੈ।

ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਆਗੂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ 1947 ’ਚ ਸਿੱਖ ਇੱਕ ਗ਼ੁਲਾਮੀ ਤੋਂ ਬਾਅਦ ਦੂਜੀ ਗ਼ੁਲਾਮੀ ’ਚ ਜਕੜੇ ਗਏ। ਪੰਜਾਬ ਨਾਲ਼ ਹੋਏ ਧੱਕਿਆਂ, ਵਿਤਕਰਿਆਂ, ਜ਼ੁਲਮਾਂ ਤੇ ਬੇਇਨਸਾਫ਼ੀਆਂ ਦੀ ਦਾਸਤਾਨ ਬੜੀ ਲੰਮੀ ਹੈ।

ਇਸ ਮੌਕੇ ਦਲ ਖਾਲਸਾ ਦੇ ਸੀਨੀਅਰ ਆਗੂ ਬਲਦੇਵ ਸਿੰਘ ਸਿਰਸਾ, ਮਾਸਟਰ ਕੁਲਵੰਤ ਸਿੰਘ, ਸੂਬੇਦਾਰ ਬਲਦੇਵ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਸ. ਹਰਬੀਰ ਸਿੰਘ ਸੰਧੂ, ਭੁਪਿੰਦਰ ਸਿੰਘ ਛੇ ਜੂਨ, ਪੰਜਾਬ ਸਿੰਘ ਸੁਲਤਾਨਵਿੰਡ ਆਦਿ ਸ਼ਾਮਲ ਸਨ।

ਜਲੰਧਰ 
ਅਕਾਲੀ ਦਲ ਮਾਨ, ਦਲ ਖਾਲਸਾ ਅਤੇ ਬਹੁਜਨ ਕ੍ਰਾਂਤੀ ਮੋਰਚਾ ਦੇ ਦਰਜਨਾਂ ਕਾਰਕੁੰਨਾਂ ਨੂੰ ਸਥਾਨਕ ਪੁਲਿਸ ਪ੍ਰਦਰਸ਼ਨ ਦੇ ਚਲਦਿਆਂ ਗ੍ਰਿਫਤਾਰ ਕਰਕੇ ਥਾਣੇ ਲੈ ਗਈ ਜਿਥੇ ਆਗੂਆਂ ਖਿਲ਼ਾਫ 188 ਅਤੇ ਡੀਸਾਸਟਰ ਮੈਨੇਜਮੈਂਟ ਐਕਟ 2005 ਤਹਿਤ 16 ਵਿਅਕਤੀਆਂ ਖਿਲਾਫ ਥਾਣਾ ਡਵੀਜ਼ਨ ਨੰਬਰ 4 ਵਿਖੇ ਕੇਸ ਦਰਜ ਕਰ ਲਿਆ ਅਤੇ ਸ਼ਾਮ ਨੂੰ ਸਾਰਿਆਂ ਨੂੰ ਜਮਾਨਤ ‘ਤੇ ਰਿਹਾ ਕਰ ਦਿੱਤਾ ਗਿਆ। 

ਜਲੰਧਰ ਪ੍ਰਦਰਸ਼ਨਕਾਰੀਆਂ ਦੀ ਅਗਵਾਈ ਸੁਖਜੀਤ ਸਿੰਘ ਡਰੋਲੀ, ਪਰਮਜੀਤ ਸਿੰਘ ਮੰਡ ਅਤੇ ਰਜਿੰਦਰ ਰਾਣਾ ਕਰ ਰਹੇ ਸੀ। ਗ੍ਰਿਫਤਾਰੀ ਸਮੇ ਪ੍ਰਦਰਸ਼ਨਕਾਰੀਆਂ ਨੇ ਖਾਲਿਸਤਾਨ ਜਿੰਦਾਬਾਦ ਅਤੇ ਪੁਲਿਸ ਮੁਰਦਾਬਾਦ ਦੇ ਨਾਅਰੇ ਲਾਏ।

ਨਵਾਂਸ਼ਹਿਰ 
ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ, ਸ਼੍ਰੋਮਣੀ ਕਮੇਟੀ ਮੈਂਬਰ ਸੁਖਦੇਵ ਸਿੰਘ ਭੌਰ, ਕਰਨੈਲ ਸਿੰਘ ਪੰਜੋਲੀ ਨੇ ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕੀਤੀ ਅਤੇ ਮੋਦੀ ਸਰਕਾਰ ਦੀਆਂ ਦਮਨਕਾਰੀ ਅਤੇ ਫਾਸੀਵਾਦੀ ਨੀਤੀਆਂ ਦੀ ਤਿੱਖੀ ਆਲੋਚਨਾ ਕੀਤੀ। ਉਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਜੋਰਦਾਰ ਵਕਾਲਤ ਕੀਤੀ ਅਤੇ ਸਿੱਖ ਨੌਜਵਾਨਾਂ ਦਾ ਸ਼ਿਕਾਰ ਕਰਨ ਵਾਲੀ ਕੇਂਦਰੀ ਏਜੰਸੀ ਐਨ.ਆਈ.ਏ ਨੂੰ ਸੀ.ਬੀ.ਆਈ ਵਾਂਗ ਸੱਤਾ ‘ਤੇ ਕਾਬਜ ਸਰਕਾਰ ਦਾ ਹੱਥਠੋਕਾ ਦਸਿਆ।

ਗੁਰਦਾਸਪੁਰ 
ਦਲ ਖਾਲਸਾ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਦੀ ਅਗਵਾਈ ਹੇਠ ਪ੍ਰਦਰਸ਼ਨਕਾਰੀਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਉਠਾਈ ਅਤੇ ਭਾਰਤ ਅੰਦਰ ਲੜ ਰਹੀਆਂ ਦੂਜੀਆਂ ਕੌਮਾਂ ਨਾਲ ਇੱਕਜੁਟਤਾ ਪ੍ਰਗਟਾਈ।

ਪਟਿਆਲਾ 
ਅਕਾਲੀ ਦਲ (ਅੰਮ੍ਰਿਤਸਰ) ਦੇ ਸੀਨੀਅਰ ਆਗੂ ਪ੍ਰੋ ਮਹਿੰਦਰਪਾਲ ਸਿੰਘ ਨੇ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਸਟੇਟ ਆਪਣੀਆਂ ਦਮਨਕਾਰੀ ਨੀਤੀਆਂ ਨੂੰ ਛੱਡ ਕੇ ਪੰਜਾਬ ਦੇ ਲੋਕਾਂ ਨੂੰ ਸਵੈ-ਨਿਰਣੇ ਦਾ ਹੱਕ ਦੇਵੇ ਤਾਂ ਹੀ ਇਸ ਖਿਤੇ ਵਿੱਚ ਸਦੀਵੀ ਸ਼ਾਂਤੀ ਬਣੀ ਰਹਿ ਸਕਦੀ ਹੈ। ਉਹਨਾਂ ਯੂ.ਏ.ਪੀ.ਏ ਨੂੰ ਘੱਟ-ਗਿਣਤੀਆਂ ਉਤੇ ਜਬਰ ਤੇ ਜ਼ੁਲਮ ਕਰਨ ਦਾ ਸਰਕਾਰੀ ਹਥਿਆਰ ਦਸਿਆ।

ਮੋਹਾਲੀ 
ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ ਅਤੇ ਦਲ ਖਾਲਸਾ ਦੇ ਆਗੂ ਸਤਿਨਾਮ ਸਿੰਘ ਪਾਉਂਟਾ ਸਾਹਿਬ ਦੀ ਅਗਵਾਈ ਹੇਠ ਰੋਸ ਮੁਜ਼ਾਹਰਾ ਕੀਤਾ ਗਿਆ। ਜਿਵੇਂ ਹੀ ਪ੍ਰਦਰਸ਼ਨਕਾਰੀ ਹੱਥਾਂ ਵਿੱਚ ਤਖਤੀਆਂ ਅਤੇ ਕਾਲੇ ਝੰਡੇ ਲੈ ਕੇ ਗੁਰਦੁਆਰਾ ਅੰਬ ਸਾਹਿਬ ਤੋਂ ਬਾਹਰ ਨਿਕਲੇ ਪੁਲਿਸ ਨੇ ਉਹਨਾਂ ਨੂੰ ਰੋਕ ਲਿਆ ਜਿਸ ਤੇ ਉਹਨਾਂ ਉਤੇ ਹੀ ਧਰਨਾ ਲਾ ਦਿੱਤਾ। 

ਉਹਨਾਂ ਚੇਤੇ ਕਰਵਾਇਆ ਕਿ ਕਿਵੇਂ ਖੌਫਜ਼ਾਦਾ ਹੋ ਕੇ ਕੁਝ ਦਿਨ ਪਹਿਲਾਂ ਇਸੇ ਹੀ ਗੁਰਦੁਆਰਾ ਸਾਹਿਬ ਅੰਦਰ ਨੌਜਵਾਨ ਲਵਪ੍ਰੀਤ ਸਿੰਘ ਨੇ ਖੁਦਕੁਸ਼ੀ ਕੀਤੀ ਸੀ ਕਿਉਕਿ ਉਸ ਨੂੰ ਐਨ.ਆਈ.ਏ ਨੇ ਕਾਲੇ ਕਾਨੂੰਨ ਯੂ.ਏ.ਪੀ.ਏ ਤਹਿਤ ਇੱਕ ਕੇਸ ਵਿੱਚ ਜਾਂਚ ਲਈ ਆਪਣੇ ਦਫਤਰ ਬੁਲਇਆ ਸੀ। ਉਹਨਾਂ ਅਫਸੋਸ ਜਿਤਾਇਆ ਕਿ ਪੰਥਕ ਜਥੇਬੰਦੀਆਂ ਵਲੋਂ ਮੁੱਖ ਮੰਤਰੀ ਨੂੰ ਲਵਪ੍ਰੀਤ ਸਿੰਘ ਦੀ ਭੇਦਭਰੀ ਖੁਦਕੁਸ਼ੀ ਲਈ ਨਿਆਇਕ ਜਾਂਚ ਲਈ ਸੌਪੇ ਗਏ ਪੱਤਰ ‘ਤੇ ਅੱਜ ਤੱਕ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।

ਇਸ ਤੋਂ ਇਲਾਵਾ ਹੁਸ਼ਿਆਰਪੁਰ, ਤਰਨਤਾਰਨ, ਮੋਗਾ, ਬਠਿੰਡਾ, ਲੁਧਿਆਣਾ, ਪਟਿਆਲਾ, ਬਰਨਾਲਾ, ਸੰਗਰੂਰ, ਫਿਰੋਜ਼ਪੁਰ, ਰੋਪੜ, ਫਰੀਦਕੋਟ ਅਤੇ ਹੋਰ ਕਈ ਸ਼ਹਿਰਾਂ ਵਿਚ ਵੀ ਪ੍ਰਦਰਸ਼ਨ ਕੀਤੇ ਗਏ।

ਪੰਥਕ ਜਥੇਬੰਦੀਆਂ ਵੱਲੋਂ ਪੰਜਾਬ ਦੇ ਸਾਰੇ ਜ਼ਿਲਿਆਂ ਵਿੱਚ ਕੀਤੇ ਗਏ ਇਹਨਾਂ ਮੁਜ਼ਾਹਰਿਆਂ ’ਚ ਚਾਰ ਪ੍ਰਮੁੱਖ ਮੁੱਦੇ ਉਠਾਏ ਗਏ ਜਿਨ੍ਹਾਂ ਵਿੱਚ ਯੂ.ਏ.ਪੀ.ਏ. ਤਹਿਤ ਸਿੱਖ ਨੌਜਵਾਨਾˆ ਦੀਆˆ ਅੰਨ੍ਹੇਵਾਹ ਗ੍ਰਿਫਤਾਰੀਆਂ ਤੇ ਰੈਫ਼ਰੰਡਮ 2020 ਦੀ ਆੜ ਹੇਠ ਪੰਜਾਬ ਦੇ ਨੌਜਵਾਨਾਂ ਦੀਆਂ ਥਾਣਿਆˆ ਵਿੱਚ ਖੱਜਲ-ਖੁਆਰੀਆਂ ਅਤੇ 9 ਖ਼ਾਲਿਸਤਾਨੀ ਸਿੱਖਾˆ ਨੂੰ ਭਾਰਤੀ ਕਾਲ਼ੇ ਕਾਨੂੰਨ ਤਹਿਤ ਅੱਤਵਾਦੀ ਗਰਦਾਨਣ ਅਤੇ ਰਾਜਨੀਤਿਕ ਕੈਦੀਆˆ ਨੂੰ ਰਿਹਾਅ ਨਾ ਕਰਨ ਅਤੇ ਮੋਦੀ ਹਕੂਮਤ ਦੇ ਕਿਸਾਨ-ਵਿਰੋਧੀ ਖੇਤੀ ਆਰਡੀਨੈਂਸਾਂ ਦਾ ਵਿਰੋਧ ਕਰਨਾ ਆਦਿ ਸ਼ਾਮਲ ਸੀ।