ਕਵਿਤਾ- 'ਆਜ਼ਾਦੀ' ਗੁਲਾਮ ਹੈ...?

ਕਵਿਤਾ- 'ਆਜ਼ਾਦੀ' ਗੁਲਾਮ ਹੈ...?

ਮੈਂ 47 ਤੋਂ ਪਹਿਲਾਂ ਦੀ ਗੁਲਾਮੀ
ਦੇਖੀ ਨਹੀਂ ਮਹਿਸੂਸੀ ਨਹੀਂ
ਗੋਰਿਆਂ ਦੀਆਂ ਡਾਂਗਾਂ ਹੇਠ
ਪੱਕਦੇ ਆਜ਼ਾਦੀ ਦੇ ਸੁਪਨੇ
ਮੈਂ ਕਿਤਾਬਾਂ ਤੋਂ ਸੁਣੇ
ਕਿਤਾਬਾਂ ਜਿਨ੍ਹਾਂ ਚੋਂ ਲਹੂ ਵਗਦਾ
ਕਿਤਾਬਾਂ ਜਿਨ੍ਹਾਂ ਚੋਂ ਆਜ਼ਾਦੀ ਗੂੰਜੇ...

ਪੀੜੀ ਦਰ ਪੀੜੀ ਖੂਨ ਵਹਾਅ
ਦੂਜੀ ਪੀੜੀ ਦੀ ਆਬਰੂ ਖ਼ਾਤਿਰ
ਸਾਂਝੇ ਬੋਲ ਜਦੋਂ ਖਿੱਝ ਬੈਠੇ
ਇਕੋ ਰਾਤ  ਪਲ  ਉਸੇ ਵੇਲੇ
ਜਲਦੀ ਰਹੀ ਬਦਨਸੀਬ ਤ੍ਰਿਵੈਣੀ
ਸਾਰੀ ਰਾਤ ਕਈ ਸਾਲ ਹੁਣ ਤੱਕ
ਮੈਂ ਵੰਡ ਵੀ ਨਹੀਂ ਦੇਖੀ
ਪਰ ਸੇਕ ਹੁਣ ਤੱਕ ਲੱਗਦਾ
ਮੈਂ ਵੰਡ ਨਹੀਂ ਦੇਖੀ
ਪਰ ਵੰਡੀ ਚੀਜ ਦੂਰੋਂ ਤੱਕਦਾ...

ਸਭ ਪਾਸੇ ਜਸ਼ਨ ਗੀਤ ਬਹਾਰਾਂ
ਇਕ ਪਾਸੇ ਰਾਗ ਵੈਣਾਂ ਦਾ
ਉਹਨਾਂ ਬੋਲਾਂ ਦਾ ਹਿਸਾਬ ਵੀ ਕੀਤਾ
ਇਥੇ ਲਾਸ਼ਾਂ ,ਪੱਤਾਂ ਬੇਹਿਸਾਬੀਆਂ
ਮਿੱਟੀ ਚੋਂ ਖੂਨ ਦੀਆਂ ਤਤੀਰੀਆਂ
ਪੱਕ ਕੇ ਸੁੱਕੀਆਂ ਖੜੀਆਂ ਫਸਲਾਂ
ਕਈ ਸਾਲ ਖੇਤਾਂ ਵਿੱਚ ਬਸ
ਮੁਕਾਬਲੇ ਹੀ ਉੱਗੇ ਕੰਡੇ ਬਣ
ਕਕਾਰਾਂ ਦੀ ਵੈਰੀ ਸਿੱਖੀ ਲਈ ਜ਼ਹਿਰੀ
ਮੈਂ ਚੰਦਰੀ 84 ਵੀ ਨਹੀਂ ਦੇਖੀ...

ਸਮਝ ਨਹੀਂ ਆ ਰਹੀ
ਭਾਗਾਂ ਹਾਂ ਕਿ ਅਭਾਗਾ ?
ਗੋਰੇ ਦੀ ਡਾਂਗ ਤੋਂ ਝੂਠੇ ਮੁਕਾਬਲੇ ਤੀਕ
ਵਖ਼ਤ ਨੇ ਜਿਹੜਾ ਚੋਲਾ ਸੀਤਾ
ਮੈਂ ਸਾਹਮਣੇ ਕੀਲੀ ਤੇ ਟੰਗਿਆ
ਸੁਣਦਾ ਹਾਂ ਚੀਕਾਂ ਬੇਵੱਸ ਲੋਕਾਂ ਦੀਆਂ
ਕਦੇ ਲੱਗਦਾ ਚੋਲਾ ਚੀਕੇ
ਕਦੇ ਸ਼ਹਿਰੋਂ ਆਉਂਦੀਆਂ ਜਾਪਦੀਆਂ
ਮੈਂਨੂੰ ਸਮਝ ਨਹੀਂ ਆਉਂਦੀ
ਚੋਲਾ ਪਾਵਾਂ ਕਿ ਸਜਾਵਾਂ?

ਮੈਂ ਅਜ਼ਾਦ ਤਾਂ ਹਾਂ
ਪਰ ਮੇਰੇ ਸੁਪਨਿਆਂ ਵਿੱਚਲਾ ਸਰਾਭਾ ਅੱਜ ਵੀ ਲੜਣ ਦੀ ਦੁਹਾਈ ਦਿੰਦਾ
ਮੈਂ ਅਜ਼ਾਦ ਤਾਂ ਹਾਂ
ਪਰ ਮੇਰੇ ਸਾਹ ਬੁੱਲਾਂ ਤੋਂ ਅੱਗੇ ਆ
ਪਤਾ ਨਹੀਂ ਕਿਵੇਂ ਗੁਲਾਮ ਹੋ ਜਾਂਦੇ?
ਸੱਚੀ-ਮੁੱਚੀ ਮੈਂ ਅਜ਼ਾਦ ਤਾਂ ਹਾਂ
ਪਰ ਪਤਾ ਨਹੀਂ ਕਿਉਂ ਕਿਵੇਂ ਕਿੱਧਰ?
ਹਕੂਮਤ ਦੀ ਕਿਤਾਬ ਤੋਂ ਇਲਾਵਾ
ਸਭ ਕਿਤਾਬਾਂ ਆਪਣੇ ਪਾਸੇ ਖਿੱਚਣ..

ਜਦੋਂ ਕਲਮ ਮਾਰਕੇ ਕੱਢਦਾ ਹਾਂ
ਆਪਣੀ ਹੀ ਦੇਹ ਦਾ ਰੱਤ
ਹਜਾਰਾਂ ਖੰਜਰ ਲਹੂ ਨਾਲ ਵਹਿੰਦੇ
ਸਮਝ ਨਹੀਂ ਆਉਂਦੀ
ਕਿਹੜਾ ਅਜਾਦੀ ਤੋਂ ਪਹਿਲਾਂ ਦਾ
ਕਿਹੜਾ ਅਜਾਦੀ ਤੋਂ ਬਾਅਦ ਦਾ?
ਦੇਹ ਤਾਂ ਹੁਣ ਵੀ ਸਾਊ ਜਿਹੀ ਜਾਪੈ
ਲਹੂ ਬਾਗੀ ਹੋ ਦੇਹ ਤੋਂ ਦੂਰ ਜਾਵੇ
ਦੇਸ਼- ਭਗਤ ਤੇ ਦੇਸ਼-ਧ੍ਰੋਹ ਵਿੱਚ
ਫਰਕ ਦੱਸਣ ਵਾਲੇ ਅੱਜ ਵੀ ਹਨ
ਕਾਤਿਲ,ਚੋਰ,ਲੁਟੇਰੇ,ਜ਼ਾਬਰ....

ਹੁਣ ਜੇ ਚੋਲਾ ਨਹੀਂ ਪਾਉਂਦਾ
ਦੇਸ਼ ਭਗਤ ਮੇਰੀ ਰੂਹ ਨਾਲ ਰੁੱਸਣ
ਜੇ ਪਾਉਂਦਾ ਹਾਂ ਤਾਂ ਤੈਅ ਹੈ
ਚੋਲੇ ਤੇ ਦਾਗ ਲੱਗੂ ਦੇਸ਼- ਧ੍ਰੋਹੀ ਦਾ
ਹੁਣ ਸਮਝ ਨਹੀਂ ਆ ਰਹੀ
ਅਜ਼ਾਦੀ ਦਾ ਚੋਲਾ ਵੀ
ਅਜ਼ਾਦੀ ਨਾਲ ਨਹੀਂ ਪਾ ਸਕਦਾ
ਇਕ ਡਰ ਹੈ ਇਕ ਭੈ ਹੈ
ਅਜ਼ਾਦੀ ਵੀ ਗੁਲਾਮ ਹੈ
ਦੇਸ਼-ਧ੍ਰੋਹਾਂ ਦੀ, ਚੋਰਾਂ ਦੀ ਜਾਂ
ਸਵੈ ਦੀ?


ਕਿਰਨਪ੍ਰੀਤ ਸਿੰਘ
ਖੋਜਾਰਥੀ
ਪੀ-ਐਚ ਡੀ ਪੰਜਾਬੀ
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ
ਫਤਹਿਗੜ੍ਹ ਸਾਹਿਬ