ਦੀਪ ਸਿੱਧੂ ਸਮੇਤ ਗ੍ਰਿਫਤਾਰ ਕਿਸਾਨਾਂ ਦੀ ਰਿਹਾਈ ਲਈ ਲੋਕਾਂ ਨੇ ਚੁੱਕੀ ਅਵਾਜ਼, ਆਗੂਆਂ ਦੀ ਚੁੱਪ 'ਤੇ ਸਵਾਲ

ਦੀਪ ਸਿੱਧੂ ਸਮੇਤ ਗ੍ਰਿਫਤਾਰ ਕਿਸਾਨਾਂ ਦੀ ਰਿਹਾਈ ਲਈ ਲੋਕਾਂ ਨੇ ਚੁੱਕੀ ਅਵਾਜ਼, ਆਗੂਆਂ ਦੀ ਚੁੱਪ 'ਤੇ ਸਵਾਲ

ਅੰਮ੍ਰਿਤਸਰ ਟਾਈਮਜ਼ ਬਿਊਰੋ

ਕਿਸਾਨ ਯੂਨੀਅਨਾਂ ਦੇ ਸੱਦੇ 'ਤੇ 26 ਜਨਵਰੀ ਨੂੰ ਕਿਸਾਨ ਪਰੇਡ ਵਿਚ ਸ਼ਾਮਲ ਹੋਣ ਲਈ ਦਿੱਲੀ ਗਏ ਪੰਜਾਬ, ਹਰਿਆਣਾ, ਯੂਪੀ ਦੇ ਕਿਸਾਨਾਂ ਨੂੰ ਦਿੱਲੀ ਪੁਲਸ ਨੇ ਜੇਲ੍ਹਾਂ ਵਿਚ ਬੰਦ ਕੀਤਾ ਹੋਇਆ ਹੈ ਪਰ ਕਿਸਾਨ ਯੂਨੀਅਨਾਂ ਦੇ ਆਗੂਆਂ ਦਾ ਇਹਨਾਂ ਗ੍ਰਿਫਤਾਰੀਆਂ ਖਿਲਾਫ ਢਿੱਲਾ ਰਵੱਈਆ ਲੋਕਾਂ ਵਿਚ ਯੂਨੀਅਨ ਆਗੂਆਂ ਪ੍ਰਤੀ ਸ਼ੰਕੇ ਪੈਦਾ ਕਰ ਰਿਹਾ ਹੈ। ਭਾਵੇਂ ਕਿ ਕਿਸਾਨ ਯੂਨੀਅਨਾਂ ਦੇ ਆਗੂਆਂ ਨੇ ਲਗਭਗ ਗ੍ਰਿਫਤਾਰੀਆਂ ਵਾਲੇ ਮਸਲੇ 'ਤੇ ਮੁਕੰਮਲ ਚੁੱਪੀ ਧਾਰੀ ਹੋਈ ਹੈ ਪਰ ਲੋਕ ਹੁਣ ਇਹਨਾਂ ਗ੍ਰਿਫਤਾਰ ਕਿਸਾਨਾਂ ਨੂੰ ਰਿਹਾਅ ਕਰਾਉਣ ਲਈ ਲਾਮਬੰਦ ਹੋਣਾ ਸ਼ੁਰੂ ਹੋ ਗਏ ਹਨ। ਬੀਤੇ ਕੱਲ੍ਹ ਸਿੰਘੂ ਬਾਰਡਰ 'ਤੇ ਦੀਪ ਸਿੱਧੂ, ਨੌਦੀਪ ਕੌਰ ਅਤੇ ਹੋਰ ਗ੍ਰਿਫਤਾਰ ਕਿਸਾਨਾਂ ਦੀ ਰਿਹਾਈ ਲਈ ਮਾਰਚ ਕੱਢਿਆ ਗਿਆ। ਇਸ ਮਾਰਚ ਵਿਚ ਸੈਂਕੜਿਆਂ ਦੀ ਗਿਣਤੀ 'ਚ ਲੋਕ ਸ਼ਾਮਲ ਹੋਏ ਅਤੇ ਉਹਨਾਂ ਨਾਅਰੇਬਾਜ਼ੀ ਕਰਦਿਆਂ ਗ੍ਰਿਫਤਾਰ ਕਿਸਾਨਾਂ ਦੀ ਰਿਹਾਈ, ਖੇਤੀ ਵਿਰੋਧੀ ਕਾਨੂੰਨ ਰੱਦ ਕਰਨ ਅਤੇ ਕਿਸਾਨਾਂ 'ਤੇ ਦਰਜ ਪਰਚੇ ਰੱਦ ਕਰਨ ਦੀ ਮੰਗ ਕੀਤੀ। ਇਸ ਇਕੱਠ ਵਿਚ ਸਿਰਫ ਲੋਕ ਹੀ ਸ਼ਾਮਲ ਸਨ ਪਰ ਕੋਈ ਵੀ ਆਗੂ ਇਸ ਵਿਚ ਨਜ਼ਰ ਨਹੀਂ ਆਇਆ। 

ਦੱਸ ਦਈਏ ਕਿ ਕਿਸਾਨ ਜਥੇਬੰਦੀਆਂ 26 ਜਨਵਰੀ ਦੇ ਵੱਡੇ ਇਕੱਠ ਨੂੰ ਸਾਂਭਣ ਅਤੇ ਉਸਦੀ ਅਗਵਾਈ ਕਰਨ ਤੋਂ ਅਸਮਰੱਥ ਹੋ ਗਈਆਂ ਸਨ। ਆਪਮੁਹਾਰੇ ਨੌਜਵਾਨਾਂ ਨੇ ਬਿਨ੍ਹਾਂ ਕਿਸੇ ਅਗਵਾਈ ਤੋਂ ਲਾਲ ਕਿਲ੍ਹੇ 'ਤੇ ਪਹੁੰਚ ਕੇ ਕੇਸਰੀ ਨਿਸ਼ਾਨ ਸਾਹਿਬ ਅਤੇ ਕਿਸਾਨੀ ਦਾ ਝੰਡਾ ਝੁਲਾ ਦਿੱਤਾ ਸੀ। ਅਹਿਮ ਗੱਲ ਇਹ ਹੈ ਕਿ 26 ਜਨਵਰੀ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਕਈ ਆਗੂ ਇਹ ਪ੍ਰਚਾਰ ਚੁੱਕੇ ਸਨ ਕਿ 26 ਜਨਵਰੀ ਨੂੰ ਲਾਲ ਕਿਲ੍ਹੇ 'ਤੇ ਝੰਡਾ ਝੁਲਾਇਆ ਜਾਵੇਗਾ। ਪਰ ਜਦੋਂ ਕਿਸਾਨਾਂ ਨੇ ਆਪਣੇ ਰੋਹ ਦਾ ਪ੍ਰਗਟਾਵਾ ਕਰਦਿਆਂ ਝੰਡਾ ਝੁਲਾ ਦਿੱਤਾ ਤਾਂ ਕਿਸਾਨ ਆਗੂਆਂ ਨੇ ਗੋਦੀ ਮੀਡੀਆ ਦੇ ਪ੍ਰਚਾਰ ਦੇ ਜਾਲ ਵਿਚ ਫਸਦਿਆਂ ਸਰਕਾਰੀ ਬੋਲੀ ਬੋਲਣੀ ਸ਼ੁਰੂ ਕਰ ਦਿੱਤੀ ਅਤੇ ਲਾਲ ਕਿਲ੍ਹੇ ਵੱਲ ਜਾਣ ਵਾਲੇ ਕਿਸਾਨਾਂ ਨੂੰ ਸ਼ਰਾਰਤੀ ਅਤੇ ਗੱਦਾਰ ਕਹਿਣਾ ਸ਼ੁਰੂ ਕਰ ਦਿੱਤਾ। ਇਸ ਸਭ ਵਿਚਾਲੇ ਕੇਂਦਰ ਦੀਪ ਸਿੱਧੂ ਬਣ ਗਿਆ। ਦੀਪ ਸਿੱਧੂ ਨੇ ਕਿਸਾਨੀ ਸੰਘਰਸ਼ ਵਿਚ ਵੱਡਾ ਯੋਗਦਾਨ ਪਾਉਂਦਿਆਂ ਲਗਾਤਾਰ ਕਈ ਮਹੀਨੇ ਕਾਨੂੰਨਾਂ ਵਿਰੁੱਧ ਅਤੇ ਨੌਜਵਾਨੀ ਨੂੰ ਲਾਮਬੰਦ ਕਰਨ ਲਈ ਪ੍ਰਚਾਰ ਕੀਤਾ। ਪਰ ਕਿਸਾਨ ਜਥੇਬੰਦੀਆਂ ਦੀਆਂ ਗਲਤੀਆਂ ਨੂੰ ਜਨਤਕ ਰੂਪ ਵਿਚ ਸਾਹਮਣੇ ਲਿਆਉਣ ਕਰਕੇ ਕਿਸਾਨ ਜਥੇਬੰਦੀਆਂ ਦੇ ਪ੍ਰਭਾਵਸ਼ਾਲੀ ਧੜੇ ਦੀਪ ਨੂੰ ਪਹਿਲੇ ਦਿਨ ਤੋਂ ਹੀ ਮਾੜਾ ਬੋਲਦੇ ਰਹੇ। ਇਸ ਲਈ ਦੀਪ 'ਤੇ ਕਈ ਤਰ੍ਹਾਂ ਦੀਆਂ ਇਲਜ਼ਾਮ ਬਾਜ਼ੀਆਂ ਕੀਤੀਆਂ ਗਈਆਂ। 26 ਜਨਵਰੀ ਵਾਲੇ ਦਿਨ ਹੋਈਆਂ ਘਟਨਾਵਾਂ ਦਾ ਵੀ ਸਾਰਾ ਭਾਂਡਾ ਦੀਪ ਸਿੱਧੂ ਸਿਰ ਭੰਨਿਆ ਗਿਆ। ਦੀਪ ਸਿੱਧੂ ਦੀ ਗ੍ਰਿਫਤਾਰੀ ਦੀ ਮੰਗ ਵੀ ਕਈ ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਗਈ ਅਤੇ ਗ੍ਰਿਫਤਾਰੀ ਹੋਣ 'ਤੇ ਕਈ ਕਿਸਾਨ ਜਥੇਬੰਦੀਆਂ ਨੇ ਖੁਸ਼ੀ ਵੀ ਮਨਾਈ। ਪਰ ਅਹਿਮ ਗੱਲ ਇਹ ਹੈ ਕਿ ਦੀਪ ਸਿੱਧੂ ਖਿਲਾਫ ਵੀ ਉਹ ਹੀ ਪਰਚਾ ਦਰਜ ਹੈ ਜਿਹੜਾ ਗ੍ਰਿਫਤਾਰੀ ਦੀ ਮੰਗ ਕਰਨ ਵਾਲੀਆਂ ਕਿਸਾਨ ਜਥੇਬੰਦੀਆਂ ਖਿਲਾਫ ਦਰਜ ਹੈ ਅਤੇ ਜੇਲ੍ਹਾਂ ਵਿਚ ਬੰਦ ਸਾਰੇ ਆਮ ਕਿਸਾਨਾਂ ਉੱਤੇ ਦਰਜ ਹੈ। 

ਭਾਵੇਂ ਕਿ ਕਿਸਾਨ ਜਥੇਬੰਦੀਆਂ ਨੇ ਦੀਪ ਸਿੱਧੂ ਨਾਲ ਆਪਣੇ ਵਿਰੋਧ ਦੇ ਚਲਦਿਆਂ ਬਾਕੀ ਗ੍ਰਿਫਤਾਰੀਆਂ ਖਿਲਾਫ ਵੀ ਕੋਈ ਵੱਡਾ ਮੁਹਾਜ ਨਹੀਂ ਖੋਲ੍ਹਿਆ ਹੈ ਪਰ ਆਮ ਲੋਕ ਹੁਣ ਇਹਨਾਂ ਗ੍ਰਿਫਤਾਰੀਆਂ ਖਿਲਾਫ ਵਿਰੋਧ ਕਰਨ ਲੱਗੇ ਹਨ। ਸਿੰਘੂ ਬਾਰਡਰ ਤੋਂ ਬਾਅਦ ਪੰਜਾਬ ਦੇ ਅੰਮ੍ਰਿਤਸਰ ਸਾਹਿਬ ਵਿਚ 13 ਜਨਵਰੀ ਨੂੰ ਗ੍ਰਿਫਤਾਰੀਆਂ ਖਿਲਾਫ ਪ੍ਰਦਰਸ਼ਨ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਫਰੀਦਕੋਟ ਅਤੇ ਬਠਿੰਡਾ ਵਿਚ ਗ੍ਰਿਫਤਾਰੀਆਂ ਖਿਲਾਫ ਪ੍ਰਦਰਸ਼ਨ ਹੋ ਚੁੱਕੇ ਹਨ। 14 ਜਨਵਰੀ ਨੂੰ ਚੰਡੀਗੜ੍ਹ ਦੇ 17 ਸੈਕਟਰ ਪਲਾਜ਼ੇ ਵਿਚ ਗ੍ਰਿਫਤਾਰ ਕਿਸਾਨਾਂ ਦੀ ਰਿਹਾਈ ਲਈ, ਦਰਜ ਪਰਚੇ ਰੱਦ ਕਰਾਉਣ ਲਈ ਅਤੇ ਖੇਤੀ ਕਾਨੂੰਨ ਰੱਦ ਕਰਾਉਣ ਲਈ ਪ੍ਰਦਰਸ਼ਨ ਦਾ ਸੱਦਾ ਦਿੱਤਾ ਗਿਆ ਹੈ।