ਕੀ ਮੋਦੀ ਨੇ ਭਾਰਤ ਦੀਆਂ ਚੀਨ ਅੱਗੇ ਗੋਡਣੀਆਂ ਲਵਾਈਆਂ?

ਕੀ ਮੋਦੀ ਨੇ ਭਾਰਤ ਦੀਆਂ ਚੀਨ ਅੱਗੇ ਗੋਡਣੀਆਂ ਲਵਾਈਆਂ?

ਅੰਮ੍ਰਿਤਸਰ ਟਾਈਮਜ਼ ਬਿਊਰੋ

ਬੀਤੇ ਦੋ ਦਿਨਾਂ ਤੋਂ ਖਬਰਾਂ ਆ ਰਹੀਆਂ ਹਨ ਕਿ ਲੱਦਾਖ ਵਿਚ ਐਲਏਸੀ (ਭਾਰਤ-ਚੀਨ ਦਰਮਿਆਨ ਵਿਵਾਦਤ ਸਰਹੱਦ) 'ਤੇ ਕਈ ਮਹੀਨਿਆਂ ਤੋਂ ਆਹਮੋ-ਸਾਹਮਣੇ ਖੜ੍ਹੀਆਂ ਦੋਵਾਂ ਮੁਲਕਾਂ ਦੀਆਂ ਫੌਜਾਂ ਨੇ ਪੈਰ ਪਿਛਾਂਹ ਪੁੱਟਣੇ ਸ਼ੁਰੂ ਕਰ ਦਿੱਤੇ ਹਨ। ਭਾਰਤੀ ਮੀਡੀਆ ਤੋਂ ਲੈ ਕੇ ਕੌਮਾਂਤਰੀ ਮੀਡੀਆ ਤਕ ਇਸ ਕਾਰਵਾਈ ਦੇ ਚਰਚੇ ਹਨ। ਹਰ ਰਿਪੋਰਟ ਦੋਵਾਂ ਮੁਲਕਾਂ ਦਰਮਿਆਨ ਹੋਏ ਇਸ ਸਮਝੌਤੇ ਬਾਰੇ ਵੱਖ-ਵੱਖ ਵਿਸ਼ਲੇਸ਼ਣ ਕਰ ਰਹੀ ਹੈ। ਕੌਮਾਂਤਰੀ ਪੱਧਰ 'ਤੇ ਪਰ ਬਹੁਤੇ ਭਰਵੀਂ ਸੁਰ ਇਸ ਗੱਲ ਦੀ ਹੈ ਕਿ ਭਾਰਤ ਨੇ ਚੀਨ ਦਾ ਦਾਬਾ ਕਬੂਲ ਕਰ ਲਿਆ ਹੈ ਤੇ ਉਸ ਮਗਰੋਂ ਹੀ ਦੋਵਾਂ ਦਰਮਿਆਨ ਸਮਝੌਤੇ ਸਿਰੇ ਚੜ੍ਹਿਆ ਹੈ। 

ਮੋਦੀ ਨੇ ਭਾਰਤ ਦੀ ਜ਼ਮੀਨ 'ਤੇ ਚੀਨ ਦਾ ਕਬਜਾ ਕਰਵਾਇਆ: ਰਾਹੁਲ ਗਾਂਧੀ
ਜੇ ਭਾਰਤੀ ਰਾਜਨੀਤੀ ਦੀ ਗੱਲ ਕਰੀਏ ਤਾਂ ਭਾਰਤ ਦੀ ਵਿਰੋਧੀ ਧਿਰ ਦੇ ਪ੍ਰਮੁੱਖ ਆਗੂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਹੈ ਕਿ ਮੋਦੀ ਸਰਕਾਰ ਨੇ ਚੀਨ ਦਾ ਭਾਰਤੀ ਜ਼ਮੀਨ ਦੇ ਵੱਡੇ ਹਿੱਸੇ 'ਤੇ ਕਬਜ਼ਾ ਕਰਵਾ ਦਿੱਤਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਸਰਕਾਰ ਨੇ ਫਿੰਗਰ 3 ਅਤੇ ਫਿੰਗਰ ਚਾਰ ਵਿਚਕਾਰਲੀ ਭਾਰਤੀ ਜ਼ਮੀਨ ਚੀਨ ਨੂੰ ਦੇ ਦਿੱਤੀ ਹੈ। 

ਰਾਹੁਲ ਗਾਂਧੀ ਨੇ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਦਿੱਤੇ ਬਿਆਨ ਦੇ ਅਧਾਰ 'ਤੇ ਕਿਹਾ ਕਿ ਭਾਰਤੀ ਫੌਜ ਪਿੱਛੇ ਹੱਟ ਕੇ ਫਿੰਗਰ 4 'ਤੇ ਬਿਠਾ ਦਿੱਤੀ ਗਈ ਹੈ। ਉਹਨਾਂ ਸਵਾਲ ਚੁੱਕਿਆ ਕਿ ਕੀ ਭਾਰਤ ਨੇ ਫਿੰਗਰ 3 ਅਤੇ ਫਿੰਗਰ 4 ਵਿਚਕਾਰਲੇ ਇਲਾਕੇ ਤੋਂ ਕਬਜ਼ਾ ਛੱਡ ਦਿੱਤਾ ਹੈ। ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਨੂੰ ਡਰਪੋਕ ਕਹਿੰਦਿਆਂ ਕਿਹਾ ਕਿ ਉਹਨਾਂ ਵਿਚ ਚੀਨ ਅੱਗੇ ਅੜਨ ਦੀ ਹਿੰਮਤ ਨਹੀਂ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਭਾਰਤੀ ਫੌਜੀਆਂ ਦੀਆਂ ਕੁਰਬਾਨੀਆਂ ਦਾ ਅਪਮਾਨ ਕਰ ਰਹੀ ਹੈ। 

ਭਾਰਤੀ ਰੱਖਿਆ ਮੰਤਰੀ ਨੇ ਫੌਜਾਂ ਦੀ ਵਾਪਸੀ ਸਬੰਧੀ ਕੀ ਦੱਸਿਆ
ਰਾਜਨਾਥ ਸਿੰਘ ਨੇ ਰਾਜ ਸਭਾ 'ਚ ਬੋਲਦਿਆਂ ਕਿਹਾ ਸੀ ਕਿ ਪੂਰਬੀ ਲੱਦਾਖ ’ਚ ਪੈਂਗੌਗ ਝੀਲ ਦੇ ਉੱਤਰੀ ਅਤੇ ਦੱਖਣੀ ਕੰਢਿਆਂ ਤੋਂ ਫ਼ੌਜਾਂ ਪਿੱਛੇ ਹਟਾਉਣ ਲਈ ਭਾਰਤ ਅਤੇ ਚੀਨ ਸਮਝੌਤੇ ’ਤੇ ਪਹੁੰਚ ਗਏ ਹਨ। ਸਮਝੌਤੇ ਤਹਿਤ ਦੋਵੇਂ ਮੁਲਕ ਆਪਣੀਆਂ ਫ਼ੌਜਾਂ ਤਾਇਨਾਤ ਕਰਨਾ ਬੰਦ ਕਰ ਦੇਣਗੇ ਅਤੇ ਪੜਾਅਵਾਰ ਫ਼ੌਜਾਂ ਨੂੰ ਪਿੱਛੇ ਹਟਾਉਣਾ ਸ਼ੁਰੂ ਕਰਨਗੇ ਜਿਸ ਦੀ ਤਸਦੀਕ ਵੀ ਕੀਤੀ ਜਾਵੇਗੀ।

ਦੱਸ ਦਈਏ ਕਿ ਭਾਰਤ-ਚੀਨ ਦਰਮਿਆਨ ਟਕਰਾਅ ਦੀਆਂ ਰਿਪੋਰਟਾਂ ਵਿਚ ਇਹ ਖੁਲਾਸੇ ਹੋਏ ਸਨ ਕਿ ਚੀਨ ਦੀਆਂ ਫੌਜਾਂ ਕਈ ਕਿਲੋਮੀਟਰ ਭਾਰਤੀ ਖੇਤਰ ਦੇ ਅੰਦਰ ਤਕ ਆਣ ਵੜੀਆਂ ਸੀ। ਉਸ ਤੋਂ ਬਾਅਦ ਉਹਨਾਂ ਉਸ ਇਲਾਕੇ ਵਿਚ ਆਪਣੇ ਪੱਕੇ ਟਿਕਾਣੇ ਬਣਾ ਲਏ ਸਨ। ਹਲਾਂਕਿ ਰਾਜਨਾਥ ਸਿੰਘ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਭਾਰਤ ਨੇ ਚੀਨ ਨਾਲ ਵਾਰਤਾ ਦੌਰਾਨ ਕੁਝ ਵੀ ਨਹੀਂ ਗੁਆਇਆ ਹੈ। ਉਨ੍ਹਾਂ ਕਿਹਾ,‘‘ਭਾਰਤ ਕਿਸੇ ਨੂੰ ਵੀ ਆਪਣੀ ਇਕ ਇੰਚ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਈ ਖੁੱਲ੍ਹ ਨਹੀਂ ਦੇਵੇਗਾ।’’ ਰੱਖਿਆ ਮੰਤਰੀ ਨੇ ਕਿਹਾ ਕਿ ਸਮਝੌਤਾ ਲਾਗੂ ਹੋਣ ਨਾਲ ਪਿਛਲੇ ਸਾਲ 5 ਮਈ ਤੋਂ ਪਹਿਲਾਂ ਵਾਲੇ ਹਾਲਾਤ ਬਹਾਲ ਹੋ ਜਾਣਗੇ। 

ਰਾਜਨਾਥ ਸਿੰਘ ਨੇ ਕਿਹਾ ਕਿ ਦੋਵੇਂ ਮੁਲਕ ਉੱਤਰੀ ਅਤੇ ਦੱਖਣੀ ਕੰਢਿਆਂ ’ਤੇ ਪਿਛਲੇ ਸਾਲ ਅਪਰੈਲ ਤੋਂ ਬਣਾਏ ਗਏ ਢਾਂਚਿਆਂ ਨੂੰ ਹਟਾਉਣ ਲਈ ਵੀ ਸਹਿਮਤ ਹੋ ਗਏ ਹਨ। ਇਸ ਤੋਂ ਇਲਾਵਾ ਆਪਣੇ ਇਲਾਕਿਆਂ ’ਚ ਗਸ਼ਤ ਸਮੇਤ ਹੋਰ ਫ਼ੌਜੀ ਸਰਗਰਮੀਆਂ ਨੂੰ ਆਰਜ਼ੀ ਤੌਰ ’ਤੇ ਰੋਕਣ ਦਾ ਵੀ ਫ਼ੈਸਲਾ ਲਿਆ ਗਿਆ ਹੈ।

ਚੀਨੀ ਫੌਜਾਂ ਨੀਤੀ ਪੱਖੋਂ ਅਹਿਮ ਇਲਾਕਿਆਂ ਤੋਂ ਪਿੱਛੇ ਨਹੀਂ ਹਟ ਰਹੀਆਂ
ਚੀਨੀ ਫੌਜ ਨੇ ਸਪਸ਼ਟ ਕੀਤਾ ਹੈ ਕਿ ਉਹ ਡੇਪਸਾਂਗ ਪਲੇਨਸ ਅਤੇ ਗੋਗਰਾ ਤਟ ਹੋਟ ਸਪਰਿੰਗ ਨਾਮੀਂ ਇਲਾਕਿਆਂ ਤੋਂ ਪਿੱਛੇ ਨਹੀਂ ਹਟਣਗੇ। ਇਹ ਇਲਾਕੇ ਫੌਜੀ ਨੀਤੀ ਪੱਖੋਂ ਬੜੇ ਅਹਿਮ ਮੰਨੇ ਜਾਂਦੇ ਹਨ। ਰਾਹੁਲ ਗਾਂਧੀ ਨੁ ਕਿਹਾ ਕਿ ਚੀਨੀ ਫੌਜਾਂ ਇਹਨਾਂ ਇਲਾਕਿਆਂ ਤੋਂ ਪਿੱਛੇ ਕਿਉਂ ਨਹੀਂ ਹਟ ਰਹੀਆਂ। ਉਹਨਾਂ ਸਵਾਲ ਕੀਤਾ ਕਿ ਭਾਰਤੀ ਫੌਜੀਆਂ ਵੱਲੋਂ ਸਖਤ ਮਿਹਨਤ ਨਾਲ ਆਪਣੇ ਕਬਜ਼ੇ ਹੇਠ ਕੀਤੀਆਂ ਗਈਆਂ ਕੈਲਾਸ਼ ਘਾਟੀਆਂ ਤੋਂ ਉਹਨਾਂ ਨੂੰ ਪਿੱਛੇ ਕਿਉਂ ਹਟਾਇਆ ਜਾ ਰਿਹਾ ਹੈ।