ਰਿਲਾਇੰਸ ਦੇ ਸਾਥੀ ਫੇਸਬੁੱਕ ਦੇ ਦਫਤਰ ਪਹੁੰਚਿਆ ਕਿਸਾਨੀ ਸੰਘਰਸ਼ ਦਾ ਸੇਕ

ਰਿਲਾਇੰਸ ਦੇ ਸਾਥੀ ਫੇਸਬੁੱਕ ਦੇ ਦਫਤਰ ਪਹੁੰਚਿਆ ਕਿਸਾਨੀ ਸੰਘਰਸ਼ ਦਾ ਸੇਕ

ਅੰਮ੍ਰਿਤਸਰ ਟਾਈਮਜ਼ ਬਿਊਰੋ

ਭਾਰਤ ਦੀ ਰਾਜਧਾਨੀ ਦਿੱਲੀ ਨੂੰ ਘੇਰ ਕੇ ਬੈਠੇ ਕਿਸਾਨਾਂ ਦੇ ਸੰਘਰਸ਼ ਦਾ ਸੇਕ ਅਮਰੀਕਾ ਵਿਚ ਫੇਸਬੁੱਕ ਦੇ ਦਫਤਰ ਤਕ ਵੀ ਜਾ ਪਹੁੰਚਿਆ ਹੈ। ਕਿਸਾਨੀ ਵਿਰੋਧੀ ਭਾਰਤੀ ਕਾਨੂੰਨਾਂ ਨੂੰ ਲਿਆਉਣ ਪਿੱਛੇ ਵਪਾਰਕ ਸਮੂਹ ਅੰਬਾਨੀ ਦਾ ਵੱਡਾ ਹੱਥ ਮੰਨਿਆ ਜਾ ਰਿਹਾ ਹੈ ਅਤੇ ਫੇਸਬੁੱਕ ਅੰਬਾਨੀ ਸਮੂਹ ਦਾ ਵੱਡਾ ਹਿੱਸੇਦਾਰ ਹੈ। ਪਿਛਲੇ ਇਕ ਸਾਲ ਵਿਚ ਫੇਸਬੁੱਕ ਨੇ ਅੰਬਾਨੀ ਸਮੂਹ ਦੀ ਵੱਡੀ ਹਿੱਸੇਦਾਰੀ ਖਰੀਦੀ ਹੈ। 

ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੀ ਸਿਲੀਕਨ ਵੈਲੀ ਵਿਚ ਸਥਿਤ ਫੇਸਬੁੱਕ ਦੇ ਮੁੱਖ ਦਫਤਰ ਬਾਹਰ ਅੱਜ ਪ੍ਰਦਰਸ਼ਨਕਾਰੀਆਂ ਦਾ ਵੱਡਾ ਇਕੱਠ ਹੋਇਆ। ਪ੍ਰਦਰਸ਼ਨ ਕਰਨ ਵਾਲਿਆਂ ਵਿਚ ਬਹੁਤਾਤ ਪੰਜਾਬ ਤੋਂ ਅਮਰੀਕਾ ਆ ਕੇ ਵਸੇ ਸਿੱਖ ਸਨ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਫੇਸਬੁੱਕ ਅਤੇ ਇਸਟਾਗ੍ਰਾਮ ਤੋਂ ਕਿਸਾਨ ਸੰਘਰਸ਼ ਨਾਲ ਸਬੰਧਿਤ ਸਮਗਰੀ ਹਟਾਈ ਜਾ ਰਹੀ ਹੈ ਜਾਂ ਇਸ ਤਰ੍ਹਾਂ ਦੀ ਸਮਗਰੀ 'ਤੇ ਰੋਕਾਂ ਲਾਈਆਂ ਜਾ ਰਹੀਆਂ ਹਨ। 

ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਕਿਸਾਨ ਸੰਘਰਸ਼ ਨਾਲ ਸਬੰਧਿਤ ਸਮਗਰੀ ਜਿਵੇਂ ਵੀਡੀਓ ਆਦਿ ਦੀ ਪਹੁੰਚ 'ਤੇ ਫੇਸਬੁੱਕ ਰੋਕਾਂ ਲਾ ਰਹੀ ਹੈ ਤਾਂ ਕਿ ਸੰਘਰਸ਼ ਦੀ ਹਮਾਇਤ ਵਿਚ ਵਿਚਾਰਾਂ ਦੇ ਪ੍ਰਵਾਹ ਨੂੰ ਰੋਕਿਆ ਜਾ ਸਕੇ। ਉਹਨਾਂ ਕਿਹਾ ਕਿ ਫੇਸਬੁੱਕ ਕਿਸਾਨ ਸੰਘਰਸ਼ 'ਤੇ ਅਣਐਲਾਨੀ ਸੈਂਸਰਸ਼ਿਪ ਲਾ ਰਹੀ ਹੈ ਜੋ ਵਿਚਾਰਾਂ ਦੀ ਅਜ਼ਾਦੀ 'ਤੇ ਵੱਡਾ ਹਮਲਾ ਹੈ।

ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਫੇਸਬੁੱਕ 'ਤੇ ਅਜਿਹੇ ਦੋਸ਼ ਲੱਗ ਰਹੇ ਹਨ। ਇਸ ਤੋਂ ਪਹਿਲਾਂ ਫੇਸਬੁੱਕ ਨੇ #Sikh ਨੂੰ ਬਲਾਕ ਕਰ ਦਿੱਤਾ ਸੀ, ਜਿਸ ਦਾ ਵੱਡੇ ਪੱਧਰ 'ਤੇ ਵਿਰੋਧ ਹੋਣ ਮਗਰੋਂ ਇਸ ਨੂੰ ਮੁੜ ਚਾਲੂ ਕੀਤਾ ਗਿਆ ਸੀ।