ਖੇਤੀ ਮੰਤਰੀ ਤੋਮਰ ਦਾ ਕਿਸਾਨਾਂ ਵਿਰੁੱਧ ਚਿੱਠੀ ਪ੍ਰਾਪੇਗੰਢਾ

ਖੇਤੀ ਮੰਤਰੀ ਤੋਮਰ ਦਾ ਕਿਸਾਨਾਂ ਵਿਰੁੱਧ ਚਿੱਠੀ ਪ੍ਰਾਪੇਗੰਢਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਭਾਰਤ ਦੇ ਖੇਤੀ ਮੰਤਰੀ ਨਰਿੰਦਰ ਤੋਮਰ ਨੇ ਬੀਤੇ ਕੱਲ੍ਹ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਸੰਬੋਧਨ ਹੁੰਦਿਆਂ ਇਕ 8 ਸਫਿਆਂ ਦਾ ਪਰਚਾ ਜਾਰੀ ਕੀਤਾ। ਇਹ ਪਰਚਾ ਭਾਜਪਾ ਵੱਲੋਂ ਚਲਾਈ ਜਾ ਰਹੀ ਪ੍ਰਾਪੇਗੰਢਾ ਮੁਹਿੰਮ ਦਾ ਹੀ ਹਿੱਸਾ ਹੈ ਜਿਸ ਰਾਹੀਂ ਉਹ ਕਿਸਾਨਾਂ ਨੂੰ ਸੰਘਰਸ਼ ਨਾਲੋਂ ਤੋੜਨ ਅਤੇ ਸੰਘਰਸ਼ ਦੀ ਹਮਾਇਤ ਕਰ ਰਹੇ ਨੌਕਰੀਪੇਸ਼ਾ ਮੱਧ ਵਰਗ ਦੇ ਮਨਾਂ ਵਿਚ ਦੁਵਿਧਾ ਪੈਦਾ ਕਰਕੇ ਉਹਨਾਂ ਦੀ ਹਮਾਇਤ ਖਤਮ ਕਰਨਾ ਚਾਹੁੰਦੀ ਹੈ। ਭਾਵੇਂ ਕਿ ਭਾਜਪਾ ਦੀ ਪ੍ਰਾਪੇਗੰਢਾ ਮਸ਼ੀਨਰੀ ਨੂੰ ਬਹੁਤ ਮਜ਼ਬੂਤ ਮੰਨਿਆ ਜਾਂਦਾ ਹੈ ਅਤੇ 2014 ਤੋਂ ਬਾਅਦ ਹੁਣ ਤਕ ਭਾਜਪਾ ਸਰਕਾਰਾਂ ਬਣਾਉਣ ਵਿਚ ਇਸ ਪ੍ਰਾਪੇਗੰਢਾ ਮਸ਼ੀਨਰੀ ਦਾ ਵੱਡਾ ਹੱਥ ਰਿਹਾ ਹੈ ਪਰ ਇਸ ਵਾਰ ਪੰਜਾਬ ਦੇ ਕਿਸਾਨਾਂ ਅੱਗੇ ਭਾਜਪਾ ਦੀ ਇਹ ਪ੍ਰਾਪੇਗੰਢਾ ਮਸ਼ੀਨਰੀ ਵੀ ਨਾਕਾਮ ਹੋ ਗਈ ਹੈ। 

ਆਪਣੇ ਪੱਤਰ ਵਿਚ ਨਰਿੰਦਰ ਤੋਮਰ ਨੇ ਕਿਸਾਨ ਸੰਘਰਸ਼ ਨੂੰ ਬਦਨਾਮ ਕਰਨ ਲਈ ਲਿਖਿਆ ਕਿ ਸੰਘਰਸ਼ ਕਰ ਰਹੇ ਲੋਕਾਂ ਨੇ ਸਰਹੱਦਾਂ ਦੀ ਰਾਖੀ ਕਰ ਰਹੀ ਫੌਜ ਨੂੰ ਸਪਲਾਈ ਲੈ ਕੇ ਜਾਂਦੀਆਂ ਰੇਲਾਂ ਰੋਕੀਆਂ ਤੇ ਅਜਿਹਾ ਕਰਨ ਵਾਲੇ ਕਿਸਾਨ ਨਹੀਂ ਹੋ ਸਕਦੇ। ਜ਼ਿਕਰਯੋਗ ਹੈ ਕਿ ਕਿਸਾਨਾਂ ਨੇ ਸੰਘਰਸ਼ ਦੇ ਮੁੱਢਲੇ ਪੜਾਅ ਵਿਚ ਰੇਲਾਂ ਰੋਕੀਆਂ ਸਨ ਪਰ ਬਾਅਦ ਵਿਚ ਕਿਸਾਨਾਂ ਨੇ ਮਾਲ ਗੱਡੀਆਂ ਲਈ ਰਸਤੇ ਸਾਫ ਕਰ ਦਿੱਤੇ ਸਨ। ਇਸ ਦੇ ਬਾਵਜੂਦ ਭਾਰਤ ਸਰਕਾਰ ਨੇ ਜ਼ਿੱਦੀ ਰਵੱਈਆ ਵਖਾਉਂਦਿਆਂ ਇਹ ਕਹਿੰਦਿਆਂ ਮਾਲ ਗੱਡੀਆਂ ਚਲਾਉਣ ਤੋਂ ਨਾਹ ਕਰ ਦਿੱਤੀ ਸੀ ਕਿ ਜਦੋਂ ਤਕ ਸਵਾਰੀ ਗੱਡੀਆਂ ਨਹੀਂ ਚੱਲਣ ਦਿੱਤੀਆਂ ਜਾਣਗੀਆਂ ਮਾਲ ਗੱਡੀਆਂ ਵੀ ਨਹੀਂ ਚਲਾਈਆਂ ਜਾਣਗੀਆਂ। ਲੋਕਾਂ ਦੀ ਤਕਲੀਫ ਅਤੇ ਫੌਜ ਦੀ ਜ਼ਰੂਰਤ ਨੂੰ ਮੁੱਖ ਰਖਦਿਆਂ ਆਖਰ ਕਿਸਾਨ ਜਥੇਬੰਦੀਆਂ ਨੇ ਰੇਲ ਪਟੜੀਆਂ ਤੋਂ ਪੂਰਨ ਤੌਰ 'ਤੇ ਧਰਨੇ ਚੁੱਕ ਲਏ ਸਨ। ਇਸ ਮਾਮਲੇ 'ਚ ਵੀ ਸਰਕਾਰ ਦੀ ਲੋਕਾਂ ਪ੍ਰਤੀ ਅਸੰਵੇਦਨਸ਼ੀਲਤਾ ਦੁਨੀਆ ਸਾਹਮਣੇ ਆਈ ਸੀ। 

ਕਿਸਾਨਾਂ ਵੱਲੋਂ ਅੰਬਾਨੀ ਅਤੇ ਅਡਾਨੀ ਦੇ ਸਮਾਨ ਦੇ ਬਾਈਕਾਟ ਕੀਤੇ ਜਾਣ ਦੀ ਤਕਲੀਫ ਵੀ ਮੰਤਰੀ ਦੀ ਚਿੱਠੀ ਵਿਚ ਸਾਫ ਝਲਕੀ। ਮੰਤਰੀ ਤੋਮਰ ਨੇ ਕਿਹਾ ਕਿ ਕਿਸਾਨ ਯੂਨੀਅਨ ਭਾਰਤ ਦੇ ਵਪਾਰੀਆਂ ਦੇ ਸਮਾਨ ਦਾ ਬਾਈਕਾਟ ਕਰਵਾ ਕੇ 'ਆਤਮਨਿਰਭਰ ਭਾਰਤ' ਦੀ ਮੁਹਿੰਮ ਨੂੰ ਸੱਟ ਮਾਰ ਰਹੀਆਂ ਹਨ। ਜ਼ਿਕਰਯੋਗ ਹੈ ਕਿ ਕਿਸਾਨਾਂ ਨੇ ਸਿਰਫ ਅੰਬਾਨੀ ਅਤੇ ਅਡਾਨੀ ਸਮੂਹ ਦੇ ਸਮਾਨ ਦੇ ਬਾਈਕਾਟ ਦਾ ਹੀ ਸੱਦਾ ਦਿੱਤਾ ਹੈ ਕਿਉਂਕਿ ਇਹ ਦੋਵੇਂ ਸਮੂਹ ਸਰਕਾਰ ਦੇ ਨਵੇਂ ਕਾਨੂੰਨਾਂ ਰਾਹੀਂ ਖੇਤੀ ਖੇਤਰ ਵਿਚ ਖੁੱਲ੍ਹਣ ਵਾਲੇ ਸਰਮਾਏਦਾਰੀ ਦੇ ਰਾਹ ਦੇ ਮੁੱਖ ਕਾਰਨ ਹਨ। ਇਹਨਾਂ ਸਮੂਹਾਂ ਵਿਚ ਵੱਡੇ ਪੱਧਰ 'ਤੇ ਵਿਦੇਸ਼ੀ ਕੰਪਨੀਆਂ ਦਾ ਨਿਵੇਸ਼ ਹੈ ਜਿਸ ਨਾਲ ਇਹ ਇਹਨਾਂ ਕਾਨੂੰਨਾਂ ਦੀ ਮਦਦ ਸਦਕਾ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ। 

ਤੋਮਰ ਦੀ ਇਸ ਚਿੱਠੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਪਣੇ ਟਵਿੱਟਰ ਖਾਤੇ ਤੋਂ ਸਾਂਝਾ ਕੀਤਾ। ਤੋਮਰ ਨੇ ਇਸ ਚਿੱਠੀ ਵਿਚ ਵਿਰੋਧੀ ਸਿਆਸੀ ਪਾਰਟੀਆਂ 'ਤੇ ਵੀ ਕਿਸਾਨਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ।