ਮੁਸਲਿਮ ਵਿਦਿਆਰਥੀਆਂ 'ਤੇ ਹੋਏ ਪੁਲਸੀਆ ਜ਼ੁਲਮ ਖਿਲਾਫ ਉੱਠੀ ਪੰਜਾਬ ਦੀਆਂ ਯੂਨੀਵਰਸਿਟੀਆਂ ਤੋਂ ਅਵਾਜ਼

ਮੁਸਲਿਮ ਵਿਦਿਆਰਥੀਆਂ 'ਤੇ ਹੋਏ ਪੁਲਸੀਆ ਜ਼ੁਲਮ ਖਿਲਾਫ ਉੱਠੀ ਪੰਜਾਬ ਦੀਆਂ ਯੂਨੀਵਰਸਿਟੀਆਂ ਤੋਂ ਅਵਾਜ਼

ਚੰਡੀਗੜ੍ਹ: ਦਿੱਲੀ ਦੀ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਪੁਲਿਸ ਵੱਲੋਂ ਜ਼ਬਰਨ ਦਾਖਲ ਹੋ ਕੇ ਵਿਦਿਆਰਥੀਆਂ ਦੀ ਕੀਤੀ ਗਈ ਕੁੱਟਮਾਰ ਖਿਲਾਫ ਪੰਜਾਬ ਦੀਆਂ ਯੂਨੀਵਰਸਿਟੀਆਂ ਵਿੱਚ ਕਾਰਜਸ਼ੀਲ ਸਿੱਖ ਵਿਦਿਆਰਥੀ ਜਥੇਬੰਦੀ 'ਸੱਥ' ਵੱਲੋਂ ਦਿੱਤੇ ਸੱਦੇ 'ਤੇ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਨੇ ਮਿਲ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤੇ। 

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਹੋਏ ਇਹਨਾਂ ਵਿਰੋਧ ਪ੍ਰਦਰਸ਼ਨਾਂ ਬਾਰੇ ਗੱਲ ਕਰਦਿਆਂ ਸੱਥ ਦੇ ਮੈਂਬਰ ਸੁਖਮਿੰਦਰ ਸਿੰਘ ਨੇ ਕਿਹਾ ਕਿ ਹੁਣ ਜਦੋਂ ਭਾਰਤ ਦੀ ਰਾਜ ਸੱਤਾ 'ਤੇ ਕਾਬਜ਼ ਹਿੰਦੁਤਵੀ ਹਕੂਮਤ ਘੱਟਗਿਣਤੀਆਂ ਦੇ ਕਤਲੇਆਮ ਦੇ ਰਾਹ ਤੁਰ ਪਈ ਹੈ ਤਾਂ ਜ਼ਰੂਰੀ ਹੈ ਕਿ ਸਿੱਖ ਅਤੇ ਮੁਸਲਮਾਨ ਘੱਟਗਿਣਤੀਆਂ ਦੇ ਲੋਕ ਇਸ ਜ਼ੁਲਮ ਖਿਲਾਫ ਇਕੱਠੇ ਅਵਾਜ਼ ਚੁੱਕਣ। ਉਹਨਾਂ ਕਿਹਾ ਕਿ ਸਿੱਖ ਵਿਦਿਆਰਥੀ ਜਥੇਬੰਦੀ ਬਤੌਰ ਅਸੀਂ ਇਹਨਾਂ ਵਿਰੋਧ ਪ੍ਰਦਰਸ਼ਨਾਂ ਨਾਲ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਜਿਵੇਂ 17ਵੀ, 18ਵੀਂ ਸਦੀ ਵਿੱਚ ਮੁਗਲ ਰਾਜ ਦੇ ਜ਼ੁਲਮ ਦੇ ਸ਼ਿਕਾਰ ਹਿੰਦੂ ਭਾਈਚਾਰੇ ਦੀ ਰਾਖੀ ਲਈ ਸਿੱਖ ਲੜੇ ਸਨ ਉਸੇ ਤਰ੍ਹਾਂ ਅੱਜ ਜਦੋਂ ਹਿੰਦੁਤਵ ਹਕੂਮਤ ਮੁਸਲਮਾਨ ਭਾਈਚਾਰੇ 'ਤੇ ਜ਼ੁਲਮ ਕਰ ਰਹੀ ਹੈ ਤਾਂ ਸਿੱਖ ਮੁਸਲਮਾਨ ਭਾਈਚਾਰੇ ਨਾਲ ਵੀ ਖੜ੍ਹਨਗੇ।

ਪੰਜਾਬ ਯੂਨੀਵਰਸਿਟੀ ਵਿੱਚ ਮੋਦੀ-ਸ਼ਾਹ ਦਾ ਪੁਤਲਾ ਫੂਕਿਆ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਵਿਦਿਆਰਥੀ ਕੇਂਦਰ 'ਤੇ ਸ਼ੁਰੂ ਹੋਏ ਇਸ ਪ੍ਰਦਰਸ਼ਨ ਵਿੱਚ ਸਟੇਜ ਸਕੱਤਰ ਦੀ ਸੇਵਾ ਨਿਭਾ ਰਹੇ ਸੱਥ ਦੀ ਪੰਜਾਬ ਯੂਨੀਵਰਸਿਟੀ ਇਕਾਈ ਦੇ ਮੁੱਖ ਸੇਵਾਦਾਰ ਜੁਝਾਰ ਸਿੰਘ ਨੇ ਕਿਹਾ ਕਿ ਭਾਰਤ ਦੀ ਰਾਜ ਸੱਤਾ 1947 ਤੋਂ ਹੀ ਹਿੰਦੀ ਅਤੇ ਹਿੰਦੂ ਦੀ ਪੁਸ਼ਤਪਨਾਹੀ ਦੇ ਰਾਹ ਚਲਦਿਆਂ ਭਾਰਤੀ ਉਪਮਹਾਂਦੀਪ ਵਿੱਚ ਰਹਿੰਦੀਆਂ ਹੋਰ ਕੌਮੀ ਪਛਾਣਾਂ ਨੂੰ ਖਤਮ ਕਰਨ ਦੇ ਰਾਹ ਤੁਰੀ ਹੋਈ ਹੈ ਜਿਸ ਖਿਲਾਫ ਇਹਨਾਂ ਕੌਮੀਅਤਾਂ ਵੱਲੋਂ ਲੜੇ ਸੰਘਰਸ਼ਾਂ 'ਚ ਇਹਨਾਂ ਕੌਮਾਂ ਦੇ ਵਿਦਿਆਰਥੀਆਂ ਦਾ ਹਮੇਸ਼ਾ ਅਹਿਮ ਯੋਗਦਾਨ ਰਿਹਾ ਹੈ। ਉਹਨਾਂ ਕਿਹਾ ਕਿ ਅੱਜ ਜਦੋਂ ਮੁਸਲਿਮ ਭਾਈਚਾਰੇ ਨੂੰ ਨਾਗਰਿਕਤਾ ਸੋਧ ਕਾਨੂੰਨ ਰਾਹੀਂ ਕਾਨੂੰਨੀ ਤੌਰ 'ਤੇ ਦੂਜੇ ਦਰਜੇ ਦਾ ਸ਼ਹਿਰੀ ਬਣਾਇਆ ਜਾ ਰਿਹਾ ਹੈ ਤਾਂ ਮੁਸਲਿਮ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਵਿਦਿਆਰਥੀਆਂ ਵੱਲੋਂ ਹਿੰਦੁਤਵੀ ਹਕੂਮਤ ਖਿਲਾਫ ਜ਼ਬਰਦਸਤ ਅਵਾਜ਼ ਚੁੱਕੀ ਜਾ ਰਹੀ ਹੈ ਜਿਸ ਨੂੰ ਦਬਾਉਣ ਲਈ ਸਰਕਾਰ ਨੇ ਪੁਲਿਸ ਦੀ ਦਹਿਸ਼ਤ ਦੀ ਵਰਤੋਂ ਕੀਤੀ ਤੇ ਲਾਇਬਰੇਰੀ ਵਿੱਚ ਵੀ ਅੱਥਰੂ ਗੈਸ ਦੇ ਗੋਲੇ ਸੁੱਟੇ ਤੇ ਇੱਕ ਵਹਿਸ਼ੀ ਭੀੜ ਵਾਂਗ ਵਿਦਿਆਰਥੀਆਂ ਨੂੰ ਘੇਰ-ਘੇਰ ਕੇ ਕੁੱਟਿਆ। 

ਸੱਥ ਵੱਲੋਂ ਸੁਖਵਿੰਦਰ ਸਿੰਘ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਭਾਰਤੀ ਸਟੇਟ ਆਪਣੇ ਮੁੱਢਲੇ ਸਮੇਂ ਤੋਂ ਹੀ ਹਿੰਦੁਤਵੀ ਰਹੀ ਹੈ ਤੇ ਧਰਮ ਨਿਰਪੱਖਤਾ ਦਾ ਚੋਲਾ ਮਹਿਜ਼ ਦਿਖਾਵੇ ਲਈ ਸੀ ਜਿਸਨੂੰ ਹੁਣ ਦੀ ਸਰਕਾਰ ਨੇ ਪੂਰੀ ਤਰ੍ਹਾਂ ਨੰਗਾ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਭਾਰਤੀ ਸਟੇਟ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਅੱਜ ਤੱਕ ਇੱਥੇ ਰਹਿੰਦੀਆਂ ਘੱਟਗਿਣਤੀਆਂ ਸਿੱਖਾਂ ਅਤੇ ਮੁਸਲਮਾਨਾਂ ਦੇ ਕਈ ਵਾਰ ਕਤਲੇਆਮ ਕੀਤੇ ਜਾ ਚੁੱਕੇ ਹਨ ਤੇ ਹੁਣ ਮੁਸਲਮਾਨਾਂ ਦੇ ਇਕ ਹੋਰ ਕਤਲੇਆਮ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਸਦਾ ਇੱਕ ਰੂਪ ਕੱਲ੍ਹ ਮੁਸਲਿਮ ਯੂਨੀਵਰਸਿਟੀਆਂ ਵਿੱਚ ਦੇਖਣ ਨੂੰ ਮਿਲਿਆ ਹੈ।  

ਇਸ ਮੌਕੇ ਏਐਫਐਸਐਸ ਤੋਂ ਮਹਿਤਾਬ ਸਿੰਘ, ਐਸਐਫਐਸ ਤੋਂ ਹਰਮਨ, ਅੰਬੇਦਕਰ ਸਟੂਡੈਂਟ ਐਸੋਸੀਏਸ਼ਨ ਵੱਲੋਂ ਜਰਨੈਲ ਸਿੰਘ, ਏਆਈਐਸਐਫ ਵੱਲੋਂ ਮਹੇਸ਼ਵਰੀ, ਜੰਮੂ ਕਸ਼ਮੀਰ ਸਟੂਡੈਂਟ ਐਸੋਸੀਏਸ਼ਨ ਵੱਲੋਂ ਮੂਰਸਲ, ਲੱਦਾਖ ਸਟੂਡੈਂਟ ਐਸੋਸੀਏਸ਼ਨ ਵੱਲੋਂ ਅੰਸਾਰੀ, ਪੀਐਸਯੂ ਲਲਕਾਰ ਵੱਲੋਂ ਅਮਨ, ਆਈਸਾ ਵੱਲੋਂ ਵਿਜੇ ਨੇ ਆਪਣੇ ਵਿਚਾਰ ਰੱਖਦਿਆਂ ਪੁਲਿਸ ਕਾਰਵਾਈ ਦੀ ਨਿਖੇਧੀ ਕੀਤੀ ਤੇ ਸਾਰੀਆਂ ਜਥੇਬੰਦੀਆਂ ਨੇ ਨਾਗਰਿਕਤਾ ਸੋਧ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕੀਤੀ। 

ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਕੇਂਦਰ 'ਤੇ ਸ਼ੁਰੂ ਹੋਏ ਇਸ ਵਿਰੋਧ ਪ੍ਰਦਰਸ਼ਨ ਨੂੰ ਫੇਰ ਮਾਰਚ ਦੇ ਰੂਪ ਵਿੱਚ ਯੂਨੀਵਰਸਿਟੀ ਮਾਰਕੀਟ ਤੱਕ ਲਿਜਾਇਆ ਗਿਆ। 700 ਦੇ ਕਰੀਬ ਵਿਦਿਆਰਥੀਆਂ ਦਾ ਇਹ ਭਰਵਾਂ ਮਾਰਚ ਹਿੰਦੁਤਵੀ ਹਕੂਮਤ ਮੁਰਦਾਬਾਦ, ਮੋਦੀ-ਸ਼ਾਹ ਮੁਰਦਾਬਾਦ, ਦਿੱਲੀ ਪੁਲਿਸ ਮੁਰਦਾਬਾਦ, ਵਿਦਿਆਰਥੀ ਏਕਾ ਜ਼ਿੰਦਾਬਾਦ, ਨਾਗਿਰਕਤਾ ਸੋਧ ਕਾਨੂੰਨ ਰੱਦ ਕਰੋ ਦੇ ਨਾਅਰੇ ਲਾਉਂਦਾ ਅੱਗੇ ਵਧਿਆ। ਯੂਨੀਵਰਸਿਟੀ ਮਾਰਕੀਟ ਵਿਖੇ ਪਹੁੰਚ ਕੇ ਮੋਦੀ-ਸ਼ਾਹ ਦਾ ਪੁਤਲ ਫੂਕਿਆ ਗਿਆ।

ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਜ਼ਬਰਦਸਤ ਵਿਰੋਧ ਪ੍ਰਦਰਸ਼ਨ
ਸਿੱਖ ਵਿਦਿਆਰਥੀ ਜਥੇਬੰਦੀ ਸੱਥ ਦੇ ਸੱਦੇ 'ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵੀ ਮੁਸਲਿਮ ਵਿਦਿਆਰਥੀਆਂ ਖਿਲਾਫ ਪੁਲਿਸ ਦੀ ਜ਼ਾਲਮਾਨਾ ਕਾਰਵਾਈ ਖਿਲਾਫ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਵਿੱਚ ਕਸ਼ਮੀਰੀ ਵਿਦਿਆਰਥੀ ਅਤੇ ਹੋਰ ਮੁਸਲਮਾਨ ਵਿਦਿਆਰਥੀਆਂ ਨੇ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਦੇ ਸਾਹਮਣੇ ਖੜ੍ਹ ਕੇ ਰੋਸਮਈ ਤਖਤੀਆਂ ਫੜ੍ਹ ਕੇ ਪ੍ਰਦਰਸ਼ਨ ਕੀਤਾ। ਇਸ ਮੌਕੇ ਹੋਰ ਵਿਦਿਆਰਥੀਆਂ ਨੇ ਵੀ ਵੱਡੀ ਗਿਣਤੀ ਵਿਚ ਹਿੱਸਾ ਲਿਆ। ਇਸ ਤੋਂ ਬਾਅਦ ਵਿਦਿਆਰਥੀ ਜਥੇਬੰਦੀਆਂ ਵਲੋਂ ਸਾਂਝਾ ਰੋਸ ਪ੍ਰਦਰਸ਼ਨ ਕੀਤਾ ਗਿਆ। 

ਇਸ ਪ੍ਰਦਰਸ਼ਨ ਦੇ ਮੰਚ ਦਾ ਸੰਚਾਲਨ ਸੱਥ ਜਥੇਬੰਦੀ ਦੇ ਮੁੱਖ ਸੇਵਾਦਾਰ ਜਗਸੀਰ ਸਿੰਘ ਮੱਤਾ ਨੇ ਕੀਤਾ ਅਤੇ ਐਸਐਫਆਈ, ਡੀਐਸਓ, ਪੀਐਸਯੂ, ਪੀਆਰਐਸਯੂ, ਪੀਐਸਯੂ ਲਲਕਾਰ, ਏਆਈਆਰਐਸਏ, ਐਨਐਸਯੂਆਈ, ਸੀਵਾਈਐਸਐਸ, ਏਐਫਐਸਐਸ ਦੇ  ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ।

 ਵਿਦਿਆਰਥੀ ਆਗੂਆਂ ਵੱਲੋਂ ਪੁਲੀਸ ਦੇ ਇਸ ਅਣਮਨੁੱਖੀ ਤਸ਼ੱਦਦ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਗਿਆ ਕਿ ਜੇਕਰ ਅੱਜ ਇਹ ਤਸ਼ੱਦਦ ਦਿੱਲੀ ਵਿਚ ਹੋ ਰਿਹਾ ਹੈ ਤਾਂ ਕੱਲ੍ਹ ਨੂੰ ਸਾਡੀ ਯੂਨੀਵਰਸਿਟੀ ਵਿਚ ਵੀ ਹੋ ਸਕਦਾ ਹੈ। 

ਸ. ਕਸ਼ਮੀਰ ਸਿੰਘ ਨੇ ਕਿਹਾ ਕਿ ਗੁਰੂ ਤੇਗਬਹਾਦਰ ਜੀ ਨੇ ਸਾਨੂੰ ਇਹੀ ਸਿਖਾਇਆ ਹੈ ਕਿ ਨਾ ਕਿਸੇ ਤੋਂ ਡਰਨਾ ਹੈ ਤੇ ਨਾ ਡਰਾਉਣਾ ਹੈ ਇਸ ਲਈ ਅਜਿਹੇ ਸਮੇਂ ਸਾਨੂੰ ਨਿਰਭਉ ਹੋ ਕੇ ਸਾਹਮਣਾ ਕਰਨਾ ਚਾਹੀਦਾ ਹੈ। 

ਡਾ ਜੋਗਾ ਸਿੰਘ ਨੇ ਕਿਹਾ ਕਿ ਸਰਕਾਰ ਘੱਟ ਗਿਣਤੀ ਕੌਮਾਂ ਨਾਲ ਹਮੇਸ਼ਾ ਧੱਕਾ ਕਰਦੀ, ਵਿਦਿਅਕ ਅਦਾਰਿਆਂ ਵਿਚ ਅਜਿਹਾ ਹੋਣਾ ਹੋਰ ਵੀ ਨਿੰਦਣਯੋਗ ਹੈ। ਇਸ ਪ੍ਰਦਰਸ਼ਨ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਰੋਸ ਮਾਰਚ ਕੱਢਿਆ ਗਿਆ।

ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕੀਤਾ ਜਾਵੇਗਾ ਪ੍ਰਦਰਸ਼ਨ
ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਜ਼ਬਰਨ ਦਾਖਲ ਹੋ ਕੇ ਪੁਲਿਸ ਵੱਲੋਂ ਵਿਦਿਆਰਥੀਆਂ ਦੀ ਕੀਤੀ ਗਈ ਕੁੱਟਮਾਰ ਦਾ ਸਿੱਖ ਨੌਜਵਾਨ ਜਥੇਬੰਦੀ ਸਿੱਖ ਯੂਥ ਆਫ ਪੰਜਾਬ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਵਿਰੋਧ ਕਰਦਿਆਂ ਪੁਲਿਸ ਦੀ ਦਹਿਸ਼ਤਗਰਦੀ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ। 

ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਏ ਵਿਦਿਆਰਥੀਆਂ ਦੇ ਸਮਰਥਨ ਵਿੱਚ ਅਤੇ ਭਾਰਤ ਸਰਕਾਰ ਵੱਲੋਂ ਬਣਾਏ ਗਏ ਨਵੇਂ ਨਾਗਰਿਕਤਾ ਕਾਨੂੰਨ ਖਿਲਾਫ 17 ਦਸੰਬਰ ਨੂੰ ਦੁਪਹਿਰ 1 ਵਜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪ੍ਰਦਰਸ਼ਨ ਕੀਤਾ ਜਾਵੇਗਾ। 

ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਆਪਣੀ ਮਾਸਟਰ ਡਿਗਰੀ ਕਰਨ ਵਾਲੇ ਮੰਡ ਨੇ ਕਿਹਾ ਕਿ ਭਾਰਤ ਵਿੱਚ ਅੱਜ ਜਿਹੜਾ ਮਾਹੌਲ ਹੈ, ਵਿਦਿਆਰਥੀ ਉੱਥੇ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਹਨਾਂ ਕਿਹਾ, "ਵਿਦਿਆਰਥੀਆਂ ਨੂੰ ਲਗਦਾ ਹੈ ਕਿ ਕਿਸੇ ਵੀ ਥਾਂ ਉਹਨਾਂ 'ਤੇ ਹਮਲਾ ਹੋ ਸਕਦਾ ਹੈ। ਜੇ ਅਸੀਂ ਆਪਣੇ ਹੱਕਾਂ ਲਈ ਖੜ੍ਹੇ ਨਾ ਹੋਏ ਤਾਂ ਸਾਡੀ ਪੜ੍ਹਾਈ ਦਾ ਕੀ ਫਾਇਦਾ।"

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।