ਹਿੰਦੁਤਵੀ ਹਕੂਮਤ ਵੱਲੋਂ ਮੁਸਲਮਾਨ ਯੂਨੀਵਰਸਿਟੀਆਂ 'ਤੇ ਹਮਲਾ; ਸੈਂਕੜੇ ਵਿਦਿਆਰਥੀ ਜ਼ਖਮੀ

ਹਿੰਦੁਤਵੀ ਹਕੂਮਤ ਵੱਲੋਂ ਮੁਸਲਮਾਨ ਯੂਨੀਵਰਸਿਟੀਆਂ 'ਤੇ ਹਮਲਾ; ਸੈਂਕੜੇ ਵਿਦਿਆਰਥੀ ਜ਼ਖਮੀ

ਨਵੀਂ ਦਿੱਲੀ, (ਸੁਖਵਿੰਦਰ ਸਿੰਘ): ਹਿੰਦੂ ਰਾਸ਼ਟਰ ਦੀ ਕਾਨੂੰਨੀ ਸਥਾਪਨਾ ਵੱਲ ਵਧ ਰਹੀ ਭਾਰਤੀ ਰਾਜਸੱਤਾ ਵੱਲੋਂ ਨਿਸ਼ਾਨੇ 'ਤੇ ਲਏ ਜਾ ਰਹੇ ਮੁਸਲਿਮ ਭਾਈਚਾਰੇ ਦੀਆਂ ਵਿਰੋਧ ਦੀਆਂ ਅਵਾਜ਼ਾਂ ਨੂੰ ਦਬਾਉਣ ਲਈ ਬੀਤੇ ਕੱਲ੍ਹ ਦਹਿਸ਼ਤੀ ਕਾਰਵਾਈ ਦੇ ਸਾਰੇ ਹੱਦ ਬੰਨ੍ਹੇ ਪਾਰ ਕਰਦਿਆਂ ਆਪਣੀ ਪੁਲਿਸ ਰਾਹੀਂ ਮੁਸਲਿਮ ਭਾਈਚਾਰੇ ਨਾਲ ਸਬੰਧਿਤ ਦੋ ਵੱਡੀਆਂ ਯੂਨੀਵਰਸਿਟੀਆਂ 'ਤੇ ਹਮਲੇ ਕੀਤੇ। ਦਿੱਲੀ ਸਥਿਤੀ ਜਾਮੀਆ ਇਸਲਾਮੀਆ ਯੂਨੀਵਰਸਿਟੀ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਪੁਲਿਸ ਧੱਕੇ ਨਾਲ ਦਾਖਲ ਹੋਈ ਤੇ ਮੁਸਲਿਮ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੂੰ ਚੁਣ-ਚੁਣ ਕੇ ਕੁੱਟਿਆ। ਇਸ ਕੁੱਟ ਮਾਰ ਵਿੱਚ ਕਈ ਵਿਦਿਆਰਥੀ ਜ਼ਖਮੀ ਹੋਏ ਹਨ। ਪੁਲਿਸ ਵੱਲੋਂ ਵੱਡੀ ਗਿਣਤੀ 'ਚ ਵਿਦਿਆਰਥੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ। ਪੁਲਿਸ ਦੀ ਇਸ ਦਹਿਸ਼ਤੀ ਕਾਰਵਾਈ ਖਿਲਾਫ ਦਿੱਲੀ ਪੁਲਿਸ ਹੈਡਕੁਆਰਟਰ ਦੇ ਬਾਹਰ ਦੇਰ ਰਾਤ ਤੱਕ ਰੋਸ ਪ੍ਰਦਰਸ਼ਨ ਜਾਰੀ ਸੀ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਭਾਰਤ ਵਿੱਚ ਸਭ ਤੋਂ ਵੱਡੀ ਘੱਟਗਿਣਤੀ ਮੁਸਲਿਮ ਭਾਈਚਾਰੇ ਨੂੰ ਨਵੇਂ ਬਣਾਏ ਨਾਗਰਿਕਤਾ ਕਾਨੂੰਨ ਵਿੱਚੋਂ ਬਾਹਰ ਰੱਖਿਆ ਹੈ ਜਿਸ ਕਾਰਨ ਮੁਸਲਿਮ ਭਾਈਚਾਰੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। 

ਜਾਮੀਆ ਮਿਲੀਆ ਯੂਨੀਵਰਸਿਟੀ ਵਿੱਚ ਕੀ ਵਾਪਰਿਆ?
ਦਿੱਲੀ ਵਿੱਚ ਭਾਰਤ ਦੇ ਮੁਸਲਿਮ ਵਿਰੋਧੀ ਨਾਗਰਿਕਤਾ ਕਾਨੂੰਨ ਖਿਲਾਫ ਚੱਲ ਰਹੇ ਸੰਘਰਸ਼ 'ਚ ਵਿਦਿਆਰਥੀਆਂ ਦਾ ਅਹਿਮ ਰੋਲ ਹੈ ਜੋ ਕਿ ਹਮੇਸ਼ਾ ਹਰ ਸੰਘਰਸ਼ ਵਿੱਚ ਹਰ ਧਰਮ ਦੇ ਵਿਦਿਆਰਥੀ ਵਰਗ ਦਾ ਹੁੰਦਾ ਹੈ। ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਵਿੱਚ ਮੁਸਲਿਮ ਵਿਦਿਆਰਥੀਆਂ ਲਈ ਖਾਸ ਰਾਖਵਾਂ ਕੋਟਾ ਹੋਣ ਕਾਰਨ ਉੱਥੇ ਜ਼ਿਆਦਾ ਵਿਦਿਆਰਥੀ ਮੁਸਲਿਮ ਹੀ ਪੜ੍ਹਦੇ ਹਨ ਤੇ ਆਪਣੇ ਭਾਈਚਾਰੇ ਨਾਲ ਹੋ ਰਹੇ ਧੱਕੇ ਖਿਲਾਫ ਉਹ ਅਵਾਜ਼ ਚੁੱਕ ਰਹੇ ਸਨ। ਪਰ ਗੈਰ-ਲੋਕਤੰਤਰਿਕ ਧਾਰਨਾ 'ਤੇ ਚੱਲ ਰਹੇ ਭਾਰਤ ਦੀ ਹਿੰਦੁਤਵ ਸਰਕਾਰ ਨੇ ਇਸ ਹੱਕੀ ਅਵਾਜ਼ ਨੂੰ ਦਬਾਉਣ ਲਈ ਆਪਣੀ ਪੁਲਿਸ ਦੀ ਵਰਤੋਂ ਕੀਤੀ। ਪੁਲਿਸ ਨੇ ਬਿਨ੍ਹਾ ਪ੍ਰਸ਼ਾਸਨ ਦੀ ਪ੍ਰਵਾਨਗੀ ਤੋਂ ਯੂਨੀਵਰਸਿਟੀ ਵਿੱਚ ਦਾਖਲ ਹੋ ਕੇ ਵਿਦਿਆਰਥੀਆਂ 'ਤੇ ਲਾਠੀਚਾਰਜ ਕੀਤਾ। ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲੇ ਲਾਇਬਰੇਰੀ ਵਿੱਚ ਵੀ ਸੁੱਟੇ ਗਏ ਤੇ ਪੜ੍ਹਦੇ ਵਿਦਿਆਰਥੀਆਂ ਨੂੰ ਲਾਇਬਰੇਰੀ ਤੋਂ ਬਾਹਰ ਆਉਣ ਲਈ ਮਜ਼ਬੂਰ ਕੀਤਾ, ਜਿੱਥੇ ਉਹਨਾਂ ਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਵਿਦਿਆਰਥੀਆਂ ਨੂੰ ਹੱਥ ਖੜ੍ਹੇ ਕਰਕੇ ਯੂਨੀਵਰਸਿਟੀ ਤੋਂ ਬਾਹਰ ਕੱਢਿਆ ਤੇ ਜ਼ਲੀਲ ਕੀਤਾ। 

ਬੱਸਾਂ ਨੂੰ ਅੱਗ ਲਾਉਂਦੀ ਪੁਲਿਸ ਦੀਆਂ ਤਸਵੀਰਾਂ ਵਾਇਰਲ
ਇਸ ਦੌਰਾਨ ਸੋਸ਼ਲ ਮੀਡੀਆ 'ਤੇ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਪੁਲਿਸ ਖੁਦ ਮੋਟਰਸਾਈਕਲਾਂ ਨੂੰ ਭੰਨ੍ਹ ਰਹੀ ਹੈ ਅਤੇ ਬੱਸ ਵਿੱਚ ਤੇਲ ਪਾ ਕੇ ਉਸ ਨੂੰ ਅੱਗ ਲਾ ਰਹੀ ਹੈ। 

ਬੱਸ ਨੂੰ ਅੱਗ ਲਾਉਂਦੀ ਪੁਲਿਸ ਦੀ ਤਸਵੀਰ

ਕੱਲ੍ਹ ਬਣੇ ਇਹਨਾਂ ਹਾਲਾਤਾਂ 'ਚ 6 ਦੇ ਕਰੀਬ ਬੱਸਾਂ ਅਤੇ 50 ਦੇ ਕਰੀਬ ਹੋਰ ਗੱਡੀਆਂ ਨੂੰ ਅੱਗ ਲੱਗਣ ਦੀ ਖਬਰ ਹੈ। 

ਯੂਨੀਵਰਸਿਟੀ ਵੀਸੀ ਨੇ ਪੁਲਿਸ 'ਤੇ ਜ਼ਬਰਦਸਤੀ ਦਾ ਦੋਸ਼ ਲਾਇਆ
ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਨਜਮਾ ਅਖਤਰ ਨੇ ਪੁਲਿਸ ਦੀ ਕਾਰਵਾਈ ਨੂੰ ਗਲਤ ਦਸਦਿਆਂ ਕਿਹਾ ਕਿ ਪੁਲਿਸ ਨੂੰ ਅੱਥਰੂ ਗੈਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਸੀ ਅਤੇ ਪੁਲਿਸ ਦੀ ਇਸ ਕਾਰਵਾਈ ਨਾਲ ਵਿਦਿਆਰਥੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ। 

ਵਿਦਿਆਰਥੀਆਂ ਦੀ ਹੱਡ-ਬੀਤੀ
ਕੇਰਲਾ ਨਾਲ ਸਬੰਧਿਤ ਵਿਦਿਆਰਥੀ ਮੁਬਾਸ਼ੀਰ ਨੇ ਕਿਹਾ ਕਿ ਉਹ ਯੂਨੀਵਰਸਿਟੀ ਦੀ ਮਸਜਿਦ ਵਿੱਚ ਇਬਾਦਤ ਕਰ ਰਹੇ ਸਨ ਜਦੋਂ ਪੁਲਿਸ ਨੇ ਉੱਥੇ ਆ ਕੇ ਉਹਨਾਂ ਨੂੰ ਧੂਹ ਕੇ ਬਾਹਰ ਕੱਢਿਆ। ਉਹਨਾਂ ਦੱਸਿਆ ਕਿ ਪੁਲਿਸ ਨੇ ਉੱਥੇ ਉਹਨਾਂ ਨਾਲ ਕੁੱਟਮਾਰ ਕੀਤੀ। ਉਹਨਾਂ ਕਿਹਾ, "ਮੈਂ ਆਪਣਾ ਸ਼ਨਾਖਤੀ ਕਾਰਡ ਵੀ ਵਖਾਇਆ ਪਰ ਉਹਨਾਂ 'ਤੇ ਇਸ ਦਾ ਕੋਈ ਅਸਰ ਨਹੀਂ ਸੀ।"

ਵਿਦਿਆਰਥੀ ਤਹਿਰੀਨ ਨੇ ਦੱਸਿਆ, "ਅਸੀਂ 150 ਦੇ ਕਰੀਬ ਵਿਦਿਆਰਥੀ ਰੀਡਿੰਗ ਰੂਮ ਵਿੱਚ ਬੈਠੇ ਪੜ੍ਹ ਰਹੇ ਸਨ ਜਦੋਂ ਪੁਲਿਸ ਉੱਥੇ ਦਾਖਲ ਹੋਈ। ਉਹ ਉੱਥੇ ਵਿਦਿਆਰਥੀਆਂ ਨੂੰ ਕੁੱਟਣ ਲੱਗੇ। ਸਾਨੂੰ ਆਪਣੀਆਂ ਬਾਹਾਂ ਉੱਤੇ ਕਰਨ ਲਈ ਕਿਹਾ ਗਿਆ।"

ਸੈਂਕੜੇ ਵਿਦਿਆਰਥੀ ਜ਼ਖਮੀ ਹੋਏ
ਪੁਲਿਸ ਦੀ ਇਸ ਕਾਰਵਾਈ 'ਚ 100 ਦੇ ਕਰੀਬ ਵਿਦਿਆਰਥੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਇਹਨਾਂ ਵਿਦਿਆਰਥੀਆਂ ਨੂੰ ਹੋਲੀ ਫੈਮਲੀ ਹਸਪਤਾਲ ਅਤੇ ਅਲ ਸ਼ੀਫਾ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। 

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਨਹੀਂ ਆ ਰਹੀ ਖਬਰ
ਅਲੀਗੜ੍ਹ ਵਿੱਚ ਵੀ ਪੁਲਿਸ ਨੇ ਅਜਿਹੀ ਕਾਰਵਾਈ ਕੀਤੀ ਹੈ। ਪਰ ਅਲੀਗੜ੍ਹ ਵਿੱਚ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ ਜਿਸ ਕਾਰਨ ਉੱਥੋਂ ਦੀਆਂ ਜਾਣਕਾਰੀਆਂ ਬਾਹਰ ਨਹੀਂ ਆ ਰਹੀਆਂ। 

ਪੰਜਾਬ ਯੂਨੀਵਰਸਿਟੀ ਵਿੱਚ ਵੀ ਅੱਜ ਹੋਵੇਗਾ ਵਿਰੋਧ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਅੱਜ ਪੁਲਿਸ ਦੀ ਇਸ ਦਹਿਸ਼ਤੀ ਕਾਰਵਾਈ ਖਿਲਾਫ ਸਿੱਖ ਵਿਦਿਆਰਥੀ ਜਥੇਬੰਦੀ ਸੱਥ, ਅੰਬੇਦਕਰਵਾਦੀ ਏਐਸਏ, ਖੱਬੇਪੱਖੀ ਧਿਰਾਂ ਐਸਐਫਐਸ, ਪੀਐਸਯੂ (ਲਲਕਾਰ), ਆਈਸਾ ਅਤੇ ਲੱਦਾਖ ਵਿਦਿਆਰਥੀ ਜਥੇਬੰਦੀ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅੱਜ ਸ਼ਾਮ 5 ਵਜੇ ਵਿਦਿਆਰਥੀ ਕੇਂਦਰ 'ਤੇ ਇਹ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।