ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲ੍ਹਾ ਦੀ ਧੀ ਨੇ ਭਾਰਤ ਦੇ ਕਸ਼ਮੀਰ 'ਤੇ ਸਿੱਧੇ ਕਬਜ਼ੇ ਖਿਲਾਫ ਚੁੱਕਿਆ ਝੰਡਾ

ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲ੍ਹਾ ਦੀ ਧੀ ਨੇ ਭਾਰਤ ਦੇ ਕਸ਼ਮੀਰ 'ਤੇ ਸਿੱਧੇ ਕਬਜ਼ੇ ਖਿਲਾਫ ਚੁੱਕਿਆ ਝੰਡਾ
ਫਾਰੂਕ ਅਬਦੁੱਲਾ ਦੀ ਧੀ ਸਾਫੀਆ

ਸ਼੍ਰੀਨਗਰ: ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਦੀ ਧੀ ਸਾਫੀਆ ਅਤੇ ਭੈਣ ਸੁਰੈਆ ਸਮੇਤ 20 ਦੇ ਕਰੀਬ ਔਰਤਾਂ ਵੱਲੋਂ ਅੱਜ ਸ਼੍ਰੀਨਗਰ ਵਿੱਚ ਭਾਰਤ ਸਰਕਾਰ ਵੱਲੋਂ ਧਾਰਾ 370 ਹਟਾ ਕੇ ਕਸ਼ਮੀਰ 'ਤੇ ਸਿੱਧਾ ਕਬਜ਼ਾ ਕਰਨ ਦਾ ਵਿਰੋਧ ਕੀਤਾ ਗਿਆ ਜਿਸ ਦੌਰਾਨ ਇਹਨਾਂ ਸਾਰੀਆਂ ਔਰਤਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਭਾਰਤ ਸਰਕਾਰ ਖਿਲਾਫ ਵਿਰੋਧ ਦੀ ਸ਼ੁਰੂਆਤ ਕਰਦਿਆਂ ਫਾਰੂਕ ਅਬਦੁੱਲ੍ਹਾ ਦੀ ਧੀ ਵੱਲੋਂ ਕਾਲਾ ਝੰਡਾ ਲਹਿਰਾਇਆ ਗਿਆ।

ਇਹਨਾਂ ਨੇ ਆਪਣੇ ਹੱਥਾਂ ਵਿੱਚ ਚੁੱਕੀਆਂ ਤਖਤੀਆਂ 'ਤੇ ਧਾਰਾ 370 ਹਟਾਉਣ ਖਿਲਾਫ ਨਾਅਰੇ ਲਿਖੇ ਸੀ। ਵਿਰੋਧ ਕਰ ਰਹੀਆਂ ਔਰਤਾਂ ਨੇ ਕਿਹਾ ਕਿ ਉਹ ਭਾਰਤ ਸਰਕਾਰ ਵੱਲੋਂ ਗ੍ਰਿਫਤਾਰ ਕੀਤੇ ਗਏ ਲੋਕਾਂ ਬਾਰੇ ਜਾਣਨਾ ਚਾਹੁੰਦੀਆਂ ਹਨ। 



ਵਿਰੋਧ ਵਿੱਚ ਸ਼ਾਮਿਲ ਵਿਦਵਾਨ ਹਾਵਾ ਬਸ਼ੀਰ ਨੇ ਕਿਹਾ, "ਭਾਰਤ ਸਰਕਾਰ ਦੁਨੀਆ ਨੂੰ ਕਹਿ ਰਹੀ ਹੈ ਕਿ ਕਸ਼ਮੀਰੀ ਖੁਸ਼ ਹਨ, ਕੋਈ ਸਾਨੂੰ ਤਾਂ ਪੁੱਛ ਕੇ ਦੇਖੇ ਕਿ ਅਸੀਂ ਕੀ ਮਹਿਸੂਸ ਕਰ ਰਹੇ ਹਾਂ, ਅਸੀਂ ਖੁਸ਼ ਨਹੀਂ ਹਾਂ, ਕਸ਼ਮੀਰ ਵਿੱਚ ਪਾਬੰਦੀਆਂ ਲਾਈਆਂ ਗਈਆਂ ਹਨ, ਅਸੀਂ ਇਹਨਾਂ ਖਿਲਾਫ ਵਿਰੋਧ ਕਰ ਰਹੀਆਂ ਹਾਂ।"

ਉਹਨਾਂ ਕਿਹਾ, "ਕਸ਼ਮੀਰੀਆਂ ਨਾਲ ਧੋਖਾ ਕੀਤਾ ਗਿਆ, ਸਾਨੂੰ ਜ਼ਲੀਲ ਕੀਤਾ ਗਿਆ ਅਤੇ ਸਾਡਾ ਘਾਣ ਕੀਤਾ ਗਿਆ। ਸਾਡੀ ਮੰਗ ਹੈ ਕਿ ਕਸ਼ਮੀਰ ਵਿੱਚ ਕਸ਼ਮੀਰੀਆਂ ਦੇ ਮੌਲਿਕ ਹੱਕਾਂ ਨੂੰ ਬਹਾਲ ਕੀਤਾ ਜਾਵੇ ਤੇ ਕਸ਼ਮੀਰ ਵਿੱਚੋਂ ਫੌਜ ਹਟਾਈ ਜਾਵੇ। ਜੇਲ੍ਹਾਂ ਵਿਚ ਬੰਦ ਕੀਤੇ ਗਏ ਕਸ਼ਮੀਰੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਭਾਰਤੀ ਮੀਡੀਆ ਵੱਲੋਂ ਕਸ਼ਮੀਰ ਬਾਰੇ ਕੀਤੀ ਗਈ ਗਲਤ ਕਵਰੇਜ ਦਾ ਸਾਨੂੰ ਬਹੁਤ ਰੋਸ ਹੈ।"

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।