ਬਜਟ ਇਜਲਾਸ ਦੇ ਪਹਿਲੇ ਦਿਨ ਵਿਧਾਨ ਸਭਾ ਵਿਚ ਗੂੰਜੇ "ਰਾਜਪਾਲ ਗੋ ਬੈਕ" ਦੇ ਨਾਅਰੇ

ਬਜਟ ਇਜਲਾਸ ਦੇ ਪਹਿਲੇ ਦਿਨ ਵਿਧਾਨ ਸਭਾ ਵਿਚ ਗੂੰਜੇ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਸ਼ੁਰੂਆਤੀ ਦਿਨ ਪਏ ਰੌਲੇ ਰੱਪੇ ਨੇ ਸਪਸ਼ਟ ਕਰ ਦਿੱਤਾ ਹੈ ਕਿ ਇਸ ਵਾਰ ਦਾ ਸੈਸ਼ਨ ਗਰਮਾ-ਗਰਮੀ ਵਾਲਾ ਰਹੇਗਾ। ਗਰਨਵਰ ਵੀਪੀ ਸਿੰਘ ਬਦਨੌਰ ਦੇ ਸ਼ੁਰੂਆਤੀ ਭਾਸ਼ਣ ਦੌਰਾਨ ਖੇਤੀ ਕਾਨੂੰਨਾਂ ਦਾ ਮਸਲਾ ਗਰਮਾਇਆ ਰਿਹਾ। ਗਵਰਨਰ ਨੂੰ ਆਪਣਾ ਭਾਸ਼ਣ ਵਿਰੋਧ ਦੀਆਂ ਅਵਾਜ਼ਾਂ ਵਿਚ ਹੀ ਸਿਰੇ ਚੜ੍ਹਾਉਣਾ ਪਿਆ। 

ਰਾਜਾਪਾਲ ਦੇ ਵਿਧਾਨ ਸਭਾ ਵਿਚ ਵੜ੍ਹਦਿਆਂ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿਧਾਇਕਾਂ ਨੇ "ਰਾਜਪਾਲ ਗੋ ਬੈਕ" ਦੇ ਨਾਅਰੇ ਮਾਰਨੇ ਸ਼ੁਰੂ ਕਰ ਦਿੱਤੇ। ਆਮ ਆਦਮੀ ਪਾਰਟੀ ਨੇ ਵੀ ਰਾਜਪਾਲ ਦੇ ਭਾਸ਼ਣ ਦਾ ਵਿਰੋਧ ਕੀਤਾ ਅਤੇ ਲੋਕ ਇਨਸਾਫ ਪਾਰਟੀ ਦੇ ਵਿਧਾਇਕਾਂ ਨੇ ਭਾਸ਼ਣ ਦੌਰਾਨ ਹੀ ਰਾਜਪਾਲ ਦੇ ਭਾਸ਼ਣ ਦੀਆਂ ਕਾਪੀਆਂ ਪਾੜ੍ਹ ਕੇ ਸਪੀਕਰ ਵੱਲ ਵਗਾਹ ਮਾਰੀਆਂ। 

ਵਿਧਾਨ ਸਭਾ ਦੇ ਸ਼ੁਰੂਆਤੀ ਦਿਨ ਰਾਜਪਾਲ ਨੂੰ ਖੇਤੀ ਬਿੱਲਾਂ ਦੇ ਵਿਰੋਧ ਦੇ ਚਲਦਿਆਂ ਖਰੀਆਂ-ਖਰੀਆਂ ਸੁਣ ਕੇ ਮੁੜਨਾ ਪਿਆ। ਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਨਾਅਰੇਬਾਜ਼ੀ ਦੌਰਾਨ ਰਾਜਪਾਲ ਲਈ ‘ਗੱਦਾਰ’ ਵਰਗੇ ਲਫਜ਼ ਵਰਤੇ ਜਦਕਿ ‘ਆਪ’ ਵਿਧਾਇਕਾਂ ਨੇ ਰਾਜਪਾਲ ਨੂੰ ਤਖ਼ਤੀਆਂ ਦਿਖਾਈਆਂ। ‘ਆਪ’ ਵਿਧਾਇਕ ਕੁਲਤਾਰ ਸੰਧਵਾਂ ਤਾਂ ਆਪਣੀ ਸੀਟ ’ਤੇ ਹੀ ਖੜ੍ਹੇ ਹੋ ਕੇ ਵਿਰੋਧ ਕਰਨ ਲੱਗੇ। 

ਵਿਰੋਧੀ ਵਿਧਾਇਕਾਂ ਦਾ ਵੱਡਾ ਗਿਲਾ ਇਹੋ ਸੀ ਕਿ ਵਿਧਾਨ ਸਭਾ ਦੇ ਪਿਛਲੇ ਵਿਸ਼ੇਸ਼ ਸੈਸ਼ਨ ’ਚ ਪਾਸ ਕੀਤੇ ਖੇਤੀ ਸੋਧ ਬਿੱਲਾਂ ਨੂੰ ਰਾਜਪਾਲ ਨੇ ਸਹਿਮਤੀ ਦੇਣ ਮਗਰੋਂ ਰਾਸ਼ਟਰਪਤੀ ਕੋਲ ਨਹੀਂ ਭੇਜਿਆ। ਅਜਿਹਾ ਕਰਕੇ ਕਿਸਾਨਾਂ ਦਾ ਅਪਮਾਨ ਅਤੇ ਸਦਨ ਦੀ ਤੌਹੀਨ ਕੀਤੀ ਗਈ ਹੈ।

ਉੱਧਰ ਰਾਜਪਾਲ ਦੇ ਭਾਸ਼ਣ ’ਚ ਕਿਹਾ ਕਿ ਭਾਰਤ ਸਰਕਾਰ ਦੇ ਤਿੰਨ ਨਵੇਂ ਖੇਤੀ ਕਾਨੂੰਨ ਫਿਕਰਮੰਦੀ ਵਾਲੇ ਹਨ ਅਤੇ ਇਹ ਕਾਨੂੰਨ ਸਥਿਰ ਆਮਦਨੀ ਤੇ ਕਿਸਾਨੀ ਚਿੰਤਾਵਾਂ ਦਾ ਹੱਲ ਨਹੀਂ ਕਰਦੇ ਹਨ। ਉਨ੍ਹਾਂ ਨੂੰ ਖਦਸ਼ਾ ਹੈ ਕਿ ਇਹ ਕਾਨੂੰਨ ਏਪੀਐੱਸ ਐਕਟ-1961 ਅਧੀਨ ਲੰਮੇ ਅਰਸੇ ਤੋਂ ਸਥਾਪਤ ਖੇਤੀਬਾੜੀ ਮਾਰਕੀਟਿੰਗ ਪ੍ਰਣਾਲੀਆਂ ਨੂੰ ਭੰਗ ਕਰ ਦੇਣਗੇ। ਉਨ੍ਹਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਤੇ ਅਨਾਜ ਦੀ ਸਰਕਾਰੀ ਖਰੀਦ ਨੂੰ ਖਤਮ ਕਰਨ ਬਾਰੇ ਵੀ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਨ੍ਹਾਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਦਨ ’ਚ 18 ਅਗਸਤ ਤੇ 19 ਅਕਤੂਬਰ 2020 ਨੂੰ ਦੋ ਵਾਰ ਮਤੇ ਪਾਸ ਕੀਤੇ ਅਤੇ ਭਾਰਤ ਸਰਕਾਰ ਨੂੰ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਸਰਕਾਰੀ ਖਰੀਦ ਜਾਰੀ ਰੱਖਣ ਦੀ ਅਪੀਲ ਵੀ ਕੀਤੀ। ਰਾਜਪਾਲ ਨੇ ਖੁਲਾਸਾ ਕੀਤਾ ਕਿ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਤਿੰਨ ਸੋਧ ਕਾਨੂੰਨ ਰਾਸ਼ਟਰਪਤੀ ਦੀ ਸਹਿਮਤੀ ਲਈ ਵਿਚਾਰ ਅਧੀਨ ਹਨ।

ਦੱਸ ਦਈਏ ਕਿ ਰਾਜਪਾਲ ਦਾ ਇਹ ਭਾਸ਼ਣ ਮਹਿਜ਼ ਇਕ ਰਸਮੀ ਕਾਰਵਾਈ ਹੁੰਦੀ ਹੈ ਅਤੇ ਇਹ ਭਾਸ਼ਣ ਸੂਬਾ ਸਰਕਾਰ ਵੱਲੋਂ ਹੀ ਤਿਆਰ ਕਰਕੇ ਦਿੱਤਾ ਜਾਂਦਾ ਹੈ।