ਪੰਜਾਬ ਦੇ ਮਾਲਵਾ ਇਲਾਕੇ 'ਚ ਕੈਂਸਰ ਦੇ ਕਹਿਰ ਅੱਗੇ ਬੇਵੱਸ ਹੋਏ ਲੋਕ

ਪੰਜਾਬ ਦੇ ਮਾਲਵਾ ਇਲਾਕੇ 'ਚ ਕੈਂਸਰ ਦੇ ਕਹਿਰ ਅੱਗੇ ਬੇਵੱਸ ਹੋਏ ਲੋਕ

ਸੰਗਰੂਰ/ਏਟੀ ਨਿਊਜ਼ :
ਮਾਲਵਾ ਖਿੱਤੇ ਦੇ ਪੇਂਡੂ ਇਲਾਕਿਆਂ 'ਚ ਕੈਂਸਰ ਦੀ ਬਿਮਾਰੀ ਕਾਰਨ ਲੋਕਾਂ ਵਿੱਚ ਸਹਿਮ ਹੈ। ਲੋਕ ਇਸ ਦਾ ਨਾਮ ਲੈਣ ਤੋਂ ਵੀ ਕੰਨੀ ਕਤਰਾਉਣ ਲੱਗੇ ਹਨ। ਜੇ ਕਿਸੇ ਨੂੰ ਕੈਂਸਰ ਹੋ ਜਾਵੇ ਤਾਂ ਲੋਕ ਇਸ ਨੂੰ 'ਦੂਜਾ ਹੋ ਗਿਆ' ਸ਼ਬਦ ਕਹਿ ਕੇ ਪੁਕਾਰਨ ਲੱਗੇ ਹਨ। ਸਰਕਾਰਾਂ ਵੀ ਕੈਂਸਰ ਨੂੰ ਰੋਕਣ ਲਈ ਸਿਰਫ਼ ਖ਼ਾਨਾਪੂਰਤੀ ਤੱਕ ਹੀ ਸੀਮਤ ਰਹੀਆਂ ਹਨ। ਕੈਂਸਰ ਦੀ ਬਿਮਾਰੀ ਜਿਸ ਵੀ ਘਰ ਵਿੱਚ ਵੜੀ, ਉਸਨੇ ਪਰਿਵਾਰ ਦੀਆਂ ਆਰਥਿਕ ਚੂਲਾਂ ਹਿਲਾ ਕੇ ਰੱਖ ਦਿੱਤੀਆਂ।
ਜਾਣਕਾਰੀ ਅਨੁਸਾਰ ਪਿੰਡ ਭੋਤਨਾ ਦੇ ਕਿਸਾਨ ਪਿਆਰਾ ਸਿੰਘ ਦੀ ਪਤਨੀ ਨੂੰ ਛਾਤੀ ਦਾ ਕੈਂਸਰ ਹੋ ਗਿਆ, ਜਿਸ ਦਾ ਇਲਾਜ਼ ਫ਼ਰੀਦਕੋਟ, ਪਟਿਆਲਾ ਅਤੇ ਅੰਮ੍ਰਿਤਸਰ ਤੋਂ ਕਰਵਾਇਆ। ਪਰਿਵਾਰ ਸਿਰ 6 ਲੱਖ ਰੁਪਏ ਦਾ ਕਰਜ਼ਾ ਵੀ ਚੜ੍ਹ ਗਿਆ ਪਰ ਮਰੀਜ਼ ਠੀਕ ਨਹੀਂ ਹੋਇਆ। ਉਗੋਕੇ ਦੇ ਮਜ਼ਦੂਰ ਗੋਰਾ ਸਿੰਘ ਦੀ ਪਤਨੀ ਅਮਨਦੀਪ ਕੌਰ ਭਰ ਜਵਾਨੀ ਵਿੱਚ ਬੱਚੇਦਾਨੀ ਦੇ ਕੈਂਸਰ ਦੀ ਭੇਂਟ ਚੜ੍ਹ ਗਈ। ਪਰਿਵਾਰ ਕਰਜ਼ੇ ਦੇ ਬੋਝ ਥੱਲੇ ਦਬ ਗਿਆ। ਭੋਤਨਾ ਦੇ ਮਜ਼ਦੂਰ ਸਰਦਾਰਾ ਸਿੰਘ ਦੀ ਪਤਨੀ ਸਿੰਦਰ ਕੌਰ ਦੀ ਵੀ ਕੈਂਸਰ ਕਾਰਨ ਮੌਤ ਹੋ ਗਈ ਅਤੇ ਪਰਿਵਾਰ ਕਰਜ਼ਈ ਹੋ ਗਿਆ। ਕੈਰੇ ਪਿੰਡ ਦੇ ਦਲਿਤ ਪਰਿਵਾਰ ਨੂੰ ਬਲੱਡ ਕੈਂਸਰ ਪੀੜਤ ਨੌਜਵਾਨ ਪੁੱਤਰ ਮਨਦੀਪ ਸਿੰਘ ਲਈ ਵਿਆਜ਼ 'ਤੇ ਲਿਆ ਪੈਸਾ ਵੀ ਰਾਸ ਨਾ ਆਇਆ। ਬਰਨਾਲਾ ਜ਼ਿਲ੍ਹੇ ਵਿੱਚ ਮੁੱਖ ਮੰਤਰੀ ਕੈਂਸਰ ਰਾਹਤ ਫ਼ੰਡ ਅਨੁਸਾਰ 2012 ਤੋਂ ਲੈ ਕੇ 2018 ਤੱਕ 1388 ਕੈਂਸਰ ਪੀੜਤਾਂ ਨੂੰ ਮੱਦਦ ਦਿੱਤੀ ਗਈ ਹੈ। ਇਨ੍ਹਾਂ ਮਰੀਜ਼ਾਂ ਨੂੰ ਪ੍ਰਤੀ ਮਰੀਜ਼ ਡੇਢ ਲੱਖ ਰੁਪਏ ਇਲਾਜ ਲਈ ਦਿੱਤੇ ਗਏ। ਵਿਧਾਨ ਸਭਾ ਵਿੱਚ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਮਾਰਚ 2017 ਤੋਂ ਲੈ ਕੇ 2018 ਤੱਕ ਬਰਨਾਲਾ ਵਿੱਚ 145 ਮਰੀਜ਼ ਕੈਂਸਰ ਦੇ ਸਨ। ਇਸ ਸਾਲ ਜਨਵਰੀ ਮਹੀਨੇ ਵਿਚ 13 ਮਰੀਜ਼ਾਂ ਦੀ ਮੌਤ ਹੋ ਗਈ। ਬਰਨਾਲਾ ਦੇ ਕੈਂਸਰ ਪੀੜਤਾਂ ਨੂੰ ਸਰਕਾਰੀ ਜਾਂ ਪ੍ਰਾਈਵੇਟ ਪੱਧਰ 'ਤੇ ਸਹੂਲਤ ਨਾ ਮਿਲਣ ਕਾਰਨ ਉਹ ਇਲਾਜ ਲਈ ਪੀਜੀਆਈ ਚੰਡੀਗੜ੍ਹ, ਅੰਮ੍ਰਿਤਸਰ, ਡੀਐਮਸੀ, ਸੀਐਮਸੀ ਲੁਧਿਆਣਾ, ਫ਼ਰੀਦਕੋਟ ਮੈਡੀਕਲ ਕਾਲਜ ਤੇ ਬੀਕਾਨੇਰ ਜਾਂਦੇ ਹਨ। ਦੂਰ ਦੁਰਾਡੇ ਇਨ੍ਹਾਂ ਸ਼ਹਿਰਾਂ ਵਿੱਚ ਇਲਾਜ ਕਰਵਾਉਣ ਲਈ ਜਾਂਦੇ ਪਰਿਵਾਰਾਂ ਨੂੰ ਸਿਰਫ਼ ਟਰਾਂਸਪੋਰਟ ਦਾ ਖਰਚਾ ਹੀ ਆਰਥਿਕ ਪੱਖੋਂ ਹੌਲਾ ਕਰ ਦਿੰਦਾ ਹੈ। ਵੱਖਰੀ ਜਾਣਕਾਰੀ ਅਨੁਸਾਰ ਕੈਂਸਰ ਦਾ ਵੱਡਾ ਕਾਰਨ ਪੀਣ ਵਾਲਾ ਦੂਸ਼ਿਤ ਪਾਣੀ ਹੈ। ਖੇਤੀਬਾੜੀ ਵਿਭਾਗ ਵੱਲੋਂ ਜ਼ਿਲ੍ਹੇ ਵਿੱਚੋਂ ਲਏ ਗਏ ਪਾਣੀ ਦੇ 243 ਸੈਂਪਲਾਂ ਵਿੱਚੋਂ 82 ਫ਼ੀਸਦੀ ਫ਼ੇਲ੍ਹ ਹੋਏ ਹਨ। ਸ਼ਬਜ਼ੀਆਂ, ਫ਼ਸਲਾਂ ਆਦਿ ਵਿੱਚ ਅੰਨ੍ਹਵਾਹ ਰਸਾਇਣਕ ਖਾਦਾਂ ਦਾ ਪ੍ਰਯੋਗ ਵੀ ਕੈਂਸਰ ਨੂੰ ਜਨਮ ਦੇ ਰਿਹਾ ਹੈ। ਇਸਦੇ ਨਾਲ ਹੀ ਮਿਲਾਵਟੀ ਅਤੇ ਕੈਮੀਕਲ ਵਾਲਾ ਦੁੱਧ ਅਤੇ ਇਸ ਤੋਂ ਬਣੀਆਂ ਵਸਤਾਂ ਕੈਂਸਰ ਦਾ ਕਾਰਨ ਬਣ ਚੁੱਕੀਆਂ ਹਨ। ਕੈਮੀਕਲ ਵਾਲੇ ਦੁੱਧ ਨੂੰ ਰੋਕਣ ਵਿੱਚ ਪ੍ਰਸ਼ਾਸਨ ਫ਼ੇਲ੍ਹ ਰਿਹਾ ਹੈ। ਕੈਂਸਰ ਦੀ ਬਿਮਾਰੀ ਨੇ ਵੱਡੇ ਪੱਧਰ 'ਤੇ ਪਰਿਵਾਰਾਂ ਨੂੰ ਕਰਜ਼ਈ ਕਰ ਦਿੱਤਾ ਹੈ। ਕੈਂਸਰ ਦੇ ਇਲਾਜ 'ਤੇ ਵੱਡੀ ਰਕਮ ਖ਼ਰਚ ਹੋਣ ਕਾਰਨ ਪਰਿਵਾਰਾਂ ਨੂੰ ਆਰਥਿਕ ਤੰਗੀਆਂ ਦਾ ਸ਼ਿਕਾਰ ਹੋਣਾ ਪਿਆ ਹੈ। ਕਈ ਘਰਾਂ ਦੇ ਇਕਲੌਤੇ ਕਮਾਊ ਜੀਅ ਕੈਂਸਰ ਦੀ ਭੇਟ ਚੜ੍ਹ ਗਏ।