550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਲਈ ਗਾਇਕ ਦਲੇਰ ਮਹਿੰਦੀ ਦੀ ਆਵਾਜ਼ 'ਚ ਸ਼ਬਦ ਰਿਕਾਰਡ

550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਲਈ ਗਾਇਕ ਦਲੇਰ ਮਹਿੰਦੀ ਦੀ ਆਵਾਜ਼ 'ਚ ਸ਼ਬਦ ਰਿਕਾਰਡ

ਅੰਮ੍ਰਿਤਸਰ/ਏਟੀ ਨਿਊਜ਼ :
ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸਮਾਗਮਾਂ ਅਤੇ ਨਗਰ ਕੀਰਤਨਾਂ ਮੌਕੇ ਇਸ ਵਾਰ ਬੌਲੀਵੁੱਡ ਗਾਇਕ ਦਲੇਰ ਮਹਿੰਦੀ ਦੀ ਆਵਾਜ਼ ਵਿਚ ਗਾਇਆ ਗਿਆ ਸ਼ਬਦ 'ਕਲਿ ਤਾਰਣ ਗੁਰੂ ਨਾਨਕ ਆਇਆ' ਗੂੰਜੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇੱਥੇ ਇਸ ਸ਼ਬਦ ਦੀ ਸੀਡੀ ਰਿਲੀਜ਼ ਕੀਤੀ। ਇਸ ਮੌਕੇ ਦਲੇਰ ਮਹਿੰਦੀ ਨੇ ਆਖਿਆ ਕਿ ਗੁਰੂ ਦੀ ਕ੍ਰਿਪਾ ਸਦਕਾ ਹੀ ਉਨ੍ਹਾਂ ਨੂੰ ਇਸ ਸ਼ਬਦ ਦੀ ਸੀਡੀ ਤਿਆਰ ਕਰਨ ਦਾ ਮੌਕਾ ਮਿਲਿਆ ਹੈ। ਇਸ ਕਾਰਜ ਦੀ ਸੇਵਾ ਸੌਂਪਣ ਲਈ ਉਨ੍ਹਾਂ ਐੱਸਜੀਪੀਸੀ ਦੇ ਪ੍ਰਧਾਨ ਦਾ ਧੰਨਵਾਦ ਕੀਤਾ। ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਚ ਇਸ ਸ਼ਬਦ ਦੀ ਸੀਡੀ ਰਿਲੀਜ਼ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸਿੱਖ ਜਗਤ ਵੱਲੋਂ 550 ਸਾਲਾ ਪ੍ਰਕਾਸ਼ ਪੁਰਬ ਕੌਮਾਂਤਰੀ ਪੱਧਰ 'ਤੇ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਐੱਸਜੀਪੀਸੀ ਵੱਲੋਂ ਕਰਵਾਏ ਜਾ ਰਹੇ ਸਾਰੇ ਸਮਾਗਮਾਂ ਤੇ ਨਗਰ ਕੀਰਤਨਾਂ ਵਿਚ ਦਲੇਰ ਮਹਿੰਦੀ ਵੱਲੋਂ ਗਾਇਆ ਗਿਆ ਭਾਈ ਗੁਰਦਾਸ ਜੀ ਦੀ ਵਾਰ 'ਤੇ ਆਧਾਰਤ ਸ਼ਬਦ ਚਲਾਇਆ ਜਾਵੇਗਾ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਦੇ 300 ਸਾਲਾ ਗੁਰਤਾਗੱਦੀ ਦਿਵਸ ਮੌਕੇ ਗਾਈ ਧੁਨ '300 ਸਾਲ ਗੁਰੂ ਦੇ ਨਾਲ' ਵਾਂਗ ਇਹ ਸ਼ਬਦ ਵੀ ਸ਼ਤਾਬਦੀ ਸਮਾਗਮ ਵੇਲੇ ਹਰ ਇਕ ਦੀ ਜ਼ੁਬਾਨ 'ਤੇ ਹੋਵੇਗਾ।
ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਇਸ ਸ਼ਬਦ ਦੀ ਰਿਕਾਰਡਿੰਗ 'ਤੇ ਹੋਣ ਵਾਲਾ ਸਾਰਾ ਖ਼ਰਚਾ ਦਲੇਰ ਮਹਿੰਦੀ ਵੱਲੋਂ ਹੀ ਕੀਤਾ ਗਿਆ ਹੈ। ਉਨ੍ਹਾਂ ਆਪਣੀ ਕੰਪਨੀ 'ਡੀ.ਐਮ. ਰਿਕਾਰਡਜ਼' ਰਾਹੀਂ ਇਸ ਨੂੰ ਤਿਆਰ ਕਰਵਾ ਕੇ ਸੀਡੀ ਸ਼੍ਰੋਮਣੀ ਕਮੇਟੀ ਨੂੰ ਸੌਂਪ ਦਿੱਤੀ ਹੈ।