ਤੁਲਸੀ ਗਬਾਰਡ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਨ ਲਈ ਪਰ ਤੋਲਣ ਲੱਗੀ?

ਤੁਲਸੀ ਗਬਾਰਡ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਨ ਲਈ ਪਰ ਤੋਲਣ ਲੱਗੀ?

ਵਾਸ਼ਿੰਗਟਨ/ਬਿਊਰੋ ਨਿਊਜ਼ :
ਸੁਣਨ ਵਿਚ ਆਇਆ ਹੈ ਕਿ ਅਮਰੀਕੀ ਕਾਂਗਰਸ ਵਿਚ ਦਾਖ਼ਲਾ ਪਾਉਣ ਵਾਲੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ ਦੀ ਟੀਮ ਆਪਣੇ ਵਲੰਟੀਅਰਾਂ ਅਤੇ ਹਮਾਇਤੀਆਂ ਨਾਲ ਰਾਬਤਾ ਕਰ ਰਹੀ ਹੈ, ਤਾਂ ਕਿ ਸੰਨ 2020 ਵਿਚ ਦੇਸ਼ ਦੇ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਨ ਲਈ ਦਾਅਵੇਦਾਰੀ ਪੇਸ਼ ਕੀਤੀ ਜਾ ਸਕੇ।ਇਸ ਵਾਸਤੇ ਵਿੱਤੀ ਸਾਧਨ ਜੁਟਾਉਣ ਲਈ ਸੰਭਾਵੀ ਦਾਨੀਆਂ ਜਿਨ੍ਹਾਂ ਵਿਚ ਵੱਡੀ ਗਿਣਤੀ ਭਾਰਤੀ-ਅਮਰੀਕੀ ਹਨ, ਨਾਲ ਵੀ ਸੰਪਰਕ ਕਰਨ ਦੀ ਖਬਰ ਹੈ। ਇਸ ਤੋਂ ਜ਼ਾਹਰ ਹੈ ਕਿ ਗਬਾਰਡ ਸੰਨ 2020 ਵਿਚ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਲੜਨ ਬਾਰੇ ਸੋਚ ਵਿਚਾਰ ਕਰ ਰਹੀ ਹੈ।
ਲਾਸ ਏਂਜਲਸ ਵਿਚ ਮੈਡਟ੍ਰਾਨਿਕ ਕਾਨਫਰੰਸ ਵਿਚ ਉੱਘੀ ਭਾਰਤੀ-ਅਮਰੀਕੀ ਡਾ. ਸੰਪਤ ਸ਼ਿਵਾਂਗੀ ਨੇ ਵੀ ਹਵਾਈ ਸੀਟ ਤੋਂ ਕਾਂਗਰਸ ਮੈਂਬਰ 37 ਸਾਲਾ ਗਬਾਰਡ ਬਾਰੇ ਕਿਹਾ ਕਿ ਉਹ ਸੰਨ 2020 ਵਿਚ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਬਣ ਸਕਦੇ ਹਨ। ਉਂਜ, ਡੈਮੋਕਰੈਟਿਕ ਪਾਰਟੀ ਦੀ ਮੈਂਬਰ ਬੀਬੀ ਗਬਾਰਡ ਨੇ ਇਸੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਇਸ ਗੱਲ ਦਾ ਨਾ ਖੰਡਨ ਕੀਤਾ ਤੇ ਨਾ ਹੀ ਇਸ ਦੀ ਪੁਸ਼ਟੀ ਕੀਤੀ ਕਿ ਕੀ ਉਹ ਰਾਸ਼ਟਰਪਤੀ ਦੀ ਚੋਣ ਲੜਨਗੇ। ਉਨ੍ਹਾਂ ਦੇ ਕਰੀਬੀ ਲੋਕਾਂ ਨੇ ਦੱਸਿਆ ਕਿ ਕ੍ਰਿਸਮਸ ਤੋਂ ਪਹਿਲਾਂ ਪਹਿਲਾਂ ਇਸ ਬਾਰੇ ਫ਼ੈਸਲਾ ਹੋ ਜਾਵੇਗਾ ਪਰ ਬਾਕਾਇਦਾ ਐਲਾਨ ਸ਼ਾਇਦ ਅਗਲੇ ਸਾਲ ਹੀ ਹੋਵੇ।
ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਡੈਮੋਕਰੈਟਿਕ ਪਾਰਟੀ ਲਈ ਤੁਲਸੀ ਗਬਾਰਡ ਦੇ ਨਾਂ ਉਤੇ ਵਿਚਾਰ ਕਰਨਾ ਔਖਾ ਹੈ, ਕਿਉਂਕਿ ਤੁਲਸੀ ਉਤੇ ਭਾਰਤ ਦੇ ਹਿੰਦੂਤਵੀ ਵਿਚਾਰਧਾਰਾ ਵਾਲੇ ਆਗੂਆਂ ਦੀ ਹਮਾਇਤ ਕਰਨ ਦੇ ਗੰਭੀਰ ਦੋਸ਼ ਲੱਗੇ ਹਨ। ਅਮਰੀਕਾ ਦਾ ਸੱਭਿਆਚਾਰ ਤੇ ਕਾਨੂੰਨ ਸਭ ਲਈ ਬਰਾਬਰੀ ਤੇ ਸਭ ਲਈ ਆਜ਼ਾਦੀ ਦੇ ਸਿਧਾਂਤਾਂ ਉਤੇ ਟਿਕਿਆ ਹੋਇਆ ਹੈ। ਉਥੇ ਕਿਸੇ ਕੱਟੜ ਸੋਚ ਰੱਖਣ ਵਾਲੇ ਜਾਂ ਉਨ੍ਹਾਂ ਦੇ ਹਮਾਇਤੀਆਂ ਲਈ ਕੋਈ ਥਾਂ ਨਹੀਂ ਬਚਦੀ।