ਮੀ-ਟੂ : ਪੰਜਾਬ ਸਰਕਾਰ ਦਾ ”ਚੰਨ” ਨਿਕਲਿਆ ”ਦਾਗੀ”

ਮੀ-ਟੂ : ਪੰਜਾਬ ਸਰਕਾਰ ਦਾ ”ਚੰਨ” ਨਿਕਲਿਆ ”ਦਾਗੀ”

ਚੰਡੀਗੜ੍ਹ/ਬਿਊਰੋ ਨਿਊਜ਼ :
ਮੋਬਾਇਲ ਫੋਨ ਉਤੇ ਦਿਲਲਗੀ ਬਹੁਤਿਆਂ ਨੂੰ ਕਈ ਵਾਰ ਮਹਿੰਗੀ ਪੈਂਦੀ ਦੇਖੀ ਹੈ। ਇਹ ਕਈ ਵਾਰ ਤਖਤੋ-ਤਾਜ ਤਕ ਮਿੱਟੀ ਵਿਚ ਮਿਲਾ ਦਿੰਦੀ ਹੈ। ਅਜਿਹਾ ਇਤਿਹਾਸ ਵਿਚ ਅਕਸਰ ਵਾਪਰਦਾ ਰਿਹਾ ਹੈ। ਹੁਣ ”ਮੀ-ਟੂ” ਦਾ ਜ਼ਮਾਨਾ ਸ਼ੁਰੂ ਹੋ ਗਿਆ ਹੈ, ਜੋ ਜ਼ਿਆਦਾ ਹੀ ਖਤਰਨਾਕ ਹੈ।
ਪੰਜਾਬ ਦੇ ਇੱਕ ਮੰਤਰੀ ਵੱਲੋਂ ਅੱਧੀ ਰਾਤ ਸਮੇਂ ਮਹਿਲਾ ਆਈਏਐਸ ਅਫ਼ਸਰ ਨੂੰ ‘ਵਟਸ ਐਪ’ ਰਾਹੀਂ ਭੇਜੇ ਸ਼ੇਅਰ ਮਹਿੰਗੇ ਪੈਣ ਲੱਗੇ ਹਨ। ਇਹ ਘਟਨਾ ਵਾਪਰੇ ਨੂੰ ਭਾਵੇਂ ਕਾਫ਼ੀ ਸਮਾਂ ਹੋ ਗਿਆ ਹੈ ਪਰ ਕੌਮਾਂਤਰੀ ਪੱਧਰ ‘ਤੇ ”ਮੀ-ਟੂ” ਮੁਹਿੰਮ ਤਹਿਤ ਔਰਤਾਂ ਵੱਲੋਂ ਆਪਣੇ ਨਾਲ ਵਾਪਰੀਆਂ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਤੋਂ ਪਰਦਾ ਚੁੱਕੇ ਜਾਣ ਨਾਲ ਮੰਤਰੀ ਦੀ ਕੁਰਸੀ ਖ਼ਤਰੇ ਵਿੱਚ ਜਾਪਦੀ ਹੈ। ਇਸ ਘਟਨਾ ਨਾਲ ਕਾਂਗਰਸ ਦੀ ਅੰਦਰੂਨੀ ਖਾਨਾਜੰਗੀ ਵੀ ਸਾਹਮਣੇ ਆ ਗਈ ਹੈ।
ਭਰੋਸੇਯੋਗ ਸੂਤਰਾਂ ਦਾ ਦੱਸਣਾ ਹੈ ਕਿ ਮੰਤਰੀ ਵੱਲੋਂ ਮਹਿਲਾ ਅਧਿਕਾਰੀ ਨੂੰ ਅੱਧੀ ਰਾਤ ਸਮੇਂ ਸ਼ੇਅਰ ਭੇਜੇ ਗਏ ਤੇ ਮਹਿਲਾ ਨੇ ਤੁਰੰਤ ਮੋੜਵਾਂ ਜਵਾਬ ਦਿੰਦਿਆਂ ਕਿਹਾ, ”ਮੈਨੂੰ ਇਸ ਤਰ੍ਹਾਂ ਦੇ ਸੰਦੇਸ਼ ਨਾ ਭੇਜੇ ਜਾਣ ਕਿਉਂਕਿ ਮੈਂ ਅਸਹਿਜ ਮਹਿਸੂਸ ਕਰਦੀ ਹਾਂ।” ਇਸ ਤੋਂ ਬਾਅਦ ਮੰਤਰੀ ਚੁੱਪ ਹੋ ਗਿਆ ਤੇ ਅੱਗੋਂ ਕੋਈ ਹੋਰ ਸੰਦੇਸ਼ ਨਹੀਂ ਭੇਜਿਆ। ਇਸ ਮਹਿਲਾ ਅਧਿਕਾਰੀ ਨੇ ਆਪਣੇ ਸਾਥੀ ਅਧਿਕਾਰੀਆਂ ਨਾਲ ਘਟਨਾ ਸਾਂਝੀ ਕਰਦਿਆਂ ਕਿਹਾ ਕਿ ਜਦੋਂ ਕੋਈ ਵਿਅਕਤੀ, ਜਿਸ ਨੂੰ ਤੁਸੀਂ ਜਾਣਦੇ ਨਹੀਂ ਤੇ ਨਾ ਹੀ ਕੋਈ ਦੋਸਤੀ ਤੇ ਰਿਸ਼ਤਾ ਹੈ, ਜਦੋਂ ਇਸ ਤਰ੍ਹਾਂ ਦਾ ਸੰਦੇਸ਼ ਕਿਸੇ ਔਰਤ ਨੂੰ ਭੇਜੇਗਾ ਤਾਂ ਸੁਭਾਵਿਕ ਤੌਰ ‘ਤੇ ਬੁਰਾ ਲਗਦਾ ਹੈ, ਜੋ ਮੈਨੂੰ ਵੀ ਲੱਗਿਆ। ਮਗਰੋਂ ਇਸ ਮਹਿਲਾ ਅਧਿਕਾਰੀ ਨੇ ਸਾਰਾ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿੱਚ ਲਿਆਂਦਾ। ਇਥੇ ਅਹਿਮ ਗੱਲ ਇਹ ਹੈ ਕਿ ਮੁੱਖ ਮੰਤਰੀ ਨੇ ਮਾਮਲਾ ਧਿਆਨ ਵਿੱਚ ਆਉਣ ਤੋਂ ਬਾਅਦ ਵੀ ਕੁਝ ਨਹੀਂ ਕੀਤਾ। ਸੀਨੀਅਰ ਅਧਿਕਾਰੀਆਂ ਨੇ ਏਨਾ ਜ਼ਰੂਰ ਕਿਹਾ ਕਿ ਕਿਸੇ ਮਹਿਲਾ ਨੂੰ ਅੱਧੀ ਰਾਤ ਸਮੇਂ ਸੰਦੇਸ਼ ਭੇਜਣਾ ਜਾਂ ਫੋਨ ਕਰਨਾ ਚੰਗੀ ਗੱਲ ਨਹੀਂ। ਪ੍ਰਸ਼ਾਸਕੀ ਹਲਕਿਆਂ ਵਿਚ ਮੰਤਰੀ ਬਨਾਮ ਆਈਏਐਸ ਅਫ਼ਸਰ ਦਾ ਇਹ ਮਾਮਲਾ ਚਰਚਾ ਦਾ ਵਿਸ਼ਾ ਹੈ। ਇੱਕ ਸੀਨੀਅਰ ਆਈਏਐਸ ਅਧਿਕਾਰੀ ਨੇ ਦੱਸਿਆ ਕਿ ਇਸ ਮੰਤਰੀ ਦੇ ਵਿਧਾਨ ਸਭਾ ਹਲਕੇ ਨਾਲ ਹੀ ਸਬੰਧਤ ਮਹਿਲਾ ਮੁਲਾਜ਼ਮ ਨੇ ਕੁਝ ਦੇਰ ਪਹਿਲਾਂ ਇਸ ਮੰਤਰੀ ਕੋਲ ਆਪਣੀ ਹਲਕੇ ਤੋਂ ਬਾਹਰ ਤਬਦੀਲੀ ਦੀ ਮੰਗ ਕੀਤੀ ਸੀ। ਉਸ ਮਹਿਲਾ ਮੁਲਾਜ਼ਮ ਅਨੁਸਾਰ ਉਹ ਮੰਤਰੀ ਦੀਆਂ ਕੁਝ ਹਰਕਤਾਂ ਤੋਂ ਪ੍ਰੇਸ਼ਾਨ ਸੀ। ਇਨ੍ਹਾਂ ਘਟਨਾਵਾਂ ਤੋਂ ਇਹ ਪ੍ਰਭਾਵ ਜਾਂਦਾ ਹੈ ਕਿ ਇਹ ਮੰਤਰੀ ਰੰਗੀਨ ਮਿਜ਼ਾਜ ਹੈ। ਹਾਕਮ ਪਾਰਟੀ ਦੇ ਸੂਤਰਾਂ ਦਾ ਦੱਸਣਾ ਹੈ ਕਿ ਕਾਂਗਰਸ ਦੇ ਇੱਕ ਧੜੇ ਵੱਲੋਂ ਇਸ ਮਾਮਲੇ ‘ਤੇ ਮੰਤਰੀ ਨੂੰ ਘੇਰਿਆ ਜਾ ਰਿਹਾ ਹੈ। ਮੀਡੀਆ ਵਿੱਚ ਇਸ ਮਾਮਲੇ ਦਾ ਖੁਲਾਸਾ ਅਜਿਹੇ ਸਮੇਂ ਹੋਇਆ ਹੈ, ਜਦੋਂ ਮੁੱਖ ਮੰਤਰੀ ਵਿਦੇਸ਼ ਦੌਰੇ ‘ਤੇ ਹਨ।
ਪੰਜਾਬ ਸਰਕਾਰ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਵਿਵਾਦਾਂ ਵਿੱਚ ਘਿਰਿਆ ਮੰਤਰੀ ਅਕਸਰ ਮੁੱਖ ਮੰਤਰੀ ਦੀਆਂ ਅੱਖਾਂ ਵਿੱਚ ਰੜਕਦਾ ਹੈ ਤੇ ਇੱਕ ਵਾਰੀ ਤਾਂ ਬਹੁਗਿਣਤੀ ਮੰਤਰੀਆਂ ਨੇ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਵੀ ਇਸ ਮੰਤਰੀ ਦੇ ਵਿਹਾਰ ਦੀ ਆਲੋਚਨਾ ਕੀਤੀ ਸੀ। ਉਂਜ ਇਹ ਮੰਤਰੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਕਰੀਬੀ ਮੰਨਿਆ ਜਾਂਦਾ ਹੈ ਤੇ ਸ੍ਰੀ ਗਾਂਧੀ ਨੇ ਜ਼ੋਰ ਦੇ ਕੇ ਮੰਤਰੀ ਨੂੰ ਕੁਰਸੀ ਦਿਵਾਈ ਸੀ। ਸੂਤਰਾਂ ਦਾ ਦੱਸਣਾ ਹੈ ਕਿ ਇਹ ਮਹਿਲਾ ਅਧਿਕਾਰੀ ਜਦੋਂ ਮੰਤਰੀ ਦੇ ਇਲਾਕੇ ਵਿੱਚ ਤਾਇਨਾਤ ਸੀ ਤਾਂ ਉਦੋਂ ਵੀ ਇਸ ਮੰਤਰੀ (ਉਦੋਂ ਵਿਧਾਇਕ ਸੀ) ਦੀਆਂ ਹਰਕਤਾਂ ਇਸ ਮਹਿਲਾ ਲਈ ਬਰਦਾਸ਼ਤ ਤੋਂ ਬਾਹਰ ਸਨ। ਕਾਂਗਰਸ ਦੇ ਇੱਕ ਸੀਨੀਅਰ ਆਗੂ ਦਾ ਕਹਿਣਾ ਹੈ ਕਿ ਮਹਿਲਾ ਅਧਿਕਾਰੀ ਨਾਲ ਇਹ ਹਰਕਤ ਮੰਤਰੀ ਦੀ ਕੁਰਸੀ ਲਈ ਖ਼ਤਰਾ ਬਣ ਗਈ ਹੈ। ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਮੰਤਰੀ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਦੇ ਨਵੰਬਰ ਦੇ ਪਹਿਲੇ ਹਫ਼ਤੇ ਪਰਤਣ ਤੱਕ ਇਹ ਮਾਮਲਾ ਭਖਣ ਦੇ ਆਸਾਰ ਹਨ। ਦਬੀ ਜ਼ਬਾਨ ਵਿਚ ਤਾਂ ਮੰਤਰੀ ਦੀ ਅਹੁਦੇ ਤੋਂ ਛੁੱਟੀ ਤੈਅ ਮੰਨੀ ਜਾ ਰਹੀ ਹੈ।
ਉਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਜ਼ਰਾਈਲ ਦੀ ਰਾਜਧਾਨੀ ਤਲ ਅਵੀਵ ਤੋਂ ਜਾਰੀ ਕੀਤੇ ਬਿਆਨ ਵਿੱਚ ਕਿਹਾ ਕਿ ਮੰਤਰੀ ਵੱਲੋਂ ਮਹਿਲਾ ਸਰਕਾਰੀ ਅਫ਼ਸਰ ਨੂੰ ਇਤਰਾਜ਼ਯੋਗ ਸੰਦੇਸ਼ ਭੇਜਣ ਸਬੰਧੀ ਮਾਮਲੇ ਨੂੰ ਪਹਿਲਾਂ ਹੀ ਸੰਜੀਦਗੀ ਨਾਲ ਲਿਆ ਜਾ ਚੁੱਕਾ ਹੈ ਅਤੇ ਉਨ੍ਹਾਂ ਦੀ ਜਾਣਕਾਰੀ ਮੁਤਾਬਕ ਅਫ਼ਸਰ ਦੀ ਸੰਤੁਸ਼ਟੀ ਅਨੁਸਾਰ ਇਹ ਮਾਮਲਾ ਹੱਲ ਕੀਤਾ ਜਾ ਚੁੱਕਾ ਹੈ। ਮੁੱਖ ਮੰਤਰੀ ਨੇ ਇਸ ਘਟਨਾ ਬਾਰੇ ਮੀਡੀਆ ਵਿੱਚ ਆਈਆਂ ਰਿਪੋਰਟਾਂ ਬਾਰੇ ਕਿਹਾ, ”ਇਹ ਮਾਮਲਾ ਕੁਝ ਹਫਤੇ ਪਹਿਲਾਂ ਮੇਰੇ ਧਿਆਨ ਵਿੱਚ ਲਿਆਂਦਾ ਗਿਆ ਸੀ ਅਤੇ ਮੈਂ ਮੰਤਰੀ ਨੂੰ ਮੁਆਫੀ ਮੰਗਣ ਅਤੇ ਮਹਿਲਾ ਅਫ਼ਸਰ ਨਾਲ ਇਸ ਮਾਮਲੇ ਨੂੰ ਨਿਪਟਾਉਣ ਲਈ ਆਖਿਆ ਸੀ। ਮੈਂ ਸਮਝਦਾ ਹਾਂ ਕਿ ਅਫਸਰ ਦੀ ਸੰਤੁਸ਼ਟੀ ਮੁਤਾਬਕ ਮੰਤਰੀ ਨੇ ਅਜਿਹਾ ਹੀ ਕੀਤਾ ਜਿਸ ਕਰਕੇ ਮਾਮਲਾ ਸੁਲਝ ਗਿਆ ਹੈ।”